ਟੋਕੀਓ (ਸਮਾਜ ਵੀਕਲੀ):ਭਾਰਤੀ ਮਹਿਲਾ ਹਾਕੀ ਟੀਮ ਪੂਲ ‘ਏ’ ਦੇ ਅਗਲੇ ਮੈਚ ਵਿੱਚ ਬੁੱਧਵਾਰ ਨੂੰ ਮੌਜੂਦਾ ਚੈਂਪੀਅਨ ਬਰਤਾਨੀਆ ਨਾਲ ਦੋ ਦੋ ਹੱਥ ਕਰੇਗੀ। ਬਰਤਾਨਵੀ ਟੀਮ ਖਿਲਾਫ਼ ਜਿੱਤ ਲਈ ਭਾਰਤੀ ਟੀਮ ਨੂੰ ਮੌਕੇ ਬਣਾ ਕੇ ਇਨ੍ਹਾਂ ਨੂੰ ਗੋਲ ਵਿੱਚ ਬਦਲਣਾ ਹੋਵੇਗਾ। ਭਾਰਤ ਨੂੰ ਆਪਣੇ ਸ਼ੁਰੂਆਤੀ ਮੈਚ ਵਿੱਚ ਵਿਸ਼ਵ ਦੀ ਅੱਵਲ ਨੰਬਰ ਟੀਮ ਨੀਦਰਲੈਂਡ ਤੋਂ 1-5 ਨਾਲ ਕਰਾਰੀ ਹਾਰ ਝੱਲਣ ਪਈ ਸੀ। ਹਾਲਾਂਕਿ ਟੀਮ ਨੇ ਵਿਸ਼ਵ ਦੀ ਤੀਜੇ ਨੰਬਰ ਦੀ ਮਜ਼ਬੂਤ ਟੀਮ ਜਰਮਨੀ ਖ਼ਿਲਾਫ਼ ਆਪਣੀ ਖੇਡ ਵਿੱਚ ਸੁਧਾਰ ਕੀਤਾ ਸੀ, ਪਰ ਇਸ ਦੇ ਬਾਵਜੂਦ 0-2 ਨਾਲ ਸ਼ਿਕਸਤ ਝੱਲਣੀ ਪਈ।
ਜਰਮਨੀ ਖ਼ਿਲਾਫ਼ ਭਾਰਤ ਨੇ ਗੋਲ ਦੇ ਮੌਕੇ ਬਣਾਏ, ਪਰ ਮੂਹਰਲੀ ਕਤਾਰ ਦੇ ਖਿਡਾਰੀਆਂ ਵਿੱਚ ਫੁਰਤੀ ਨਜ਼ਰ ਨਹੀਂ ਆਈ। ਟੀਮ ਨੂੰ ਸਭ ਤੋਂ ਵੱਧ ਖਮਿਆਜ਼ਾ ਪੈਨਲਟੀ ਸਟ੍ਰੋਕ ’ਤੇ ਗੋਲ ਨਾ ਕਰਨ ਦਾ ਭੁਗਤਨਾ ਪਿਆ ਸੀ। ਪਹਿਲੇ ਦੋਵੇਂ ਮੈਚ ਹਾਰਨ ਨਾਲ ਭਾਰਤ ਛੇ ਟੀਮਾਂ ਦੇ ਪੂਲ ‘ਏ’ ਵਿੱਚ ਸਭ ਤੋਂ ਹੇਠਲੇ ਸਥਾਨ ’ਤੇ ਹੈ ਜਦਕਿ ਨੀਦਰਲੈਂਡ ਸਭ ਤੋਂ ਉਪਰ ਹੈ। ਭਾਰਤੀ ਕੋਚ ਸੋਰਡ ਮਾਰਿਨ ਨੇ ਵੀ ਮੰਨਿਆ ਕਿ ਟੀਮ ਵਿੱਚ ਸੁਧਾਰ ਹੋਇਆ ਹੈ, ਪਰ ਉਨ੍ਹਾਂ ਕਿਹਾ ਕਿ ਜੇ ਟੀਮ ਨੂੰ ਕੁਆਰਟਰ ਫਾਈਨਲ ਵਿੱਚ ਥਾਂ ਬਣਾਉਣੀ ਹੈ ਤਾਂ ਇਸ ਨੂੰ ਲੈਅ ਜਾਰੀ ਰੱਖਣੀ ਹੋਵੇਗੀ। ਉਧਰ, ਬਰਤਾਨੀਆ ਦੀ ਟੀਮ ਜਰਮਨੀ ਤੋਂ 1-2 ਨਾਲ ਹਾਰ ਗਈ ਸੀ, ਪਰ ਉਸ ਨੇ ਦੱਖਣੀ ਅਫਰੀਕਾ ਨੂੰ 4-1 ਨਾਲ ਸ਼ਿਕਸਤ ਦਿੱਤੀ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly