ਨਵਜੋਤ ਸਿੱਧੂ ਨੇ ਪੰਜਾਬ ਲਈ ਕੈਪਟਨ ਅੱਗੇ ਰੱਖੇ ਪੰਜ ਨੁਕਤੇ

 

  • ਕਾਂਗਰਸ ਪ੍ਰਧਾਨ ਨੇ ਬੇਅਦਬੀ, ਨਸ਼ਾ ਤਸਕਰੀ, ਖੇਤੀ ਕਾਨੂੰਨਾਂ ਤੇ ਮੁਲਾਜ਼ਮਾਂ ਦੇ ਮੁੱਦੇ ਉਭਾਰੇ
  • ਮੁੱਖ ਮੰਤਰੀ ਵੱਲੋਂ ਜਲਦੀ ਹੱਲ ਦਾ ਭਰੋਸਾ
  • ਪੰਜ ਨੁਕਤੇ ਕਾਂਗਰਸ ਹਾਈ ਕਮਾਨ ਦੇ 18 ਨੁਕਾਤੀ ਏਜੰਡੇ ਦਾ ਹਿੱਸਾ

ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਰਮਿਆਨ ਅੱਜ ਸੁਖਾਵੇਂ ਮਾਹੌਲ ’ਚ ਹੋਈ ਪਲੇਠੀ ਮੀਟਿੰਗ ਨੇ ਅੰਦਰੂਨੀ ਖਿੱਚੋਤਾਣ ਨੂੰ ਨਰਮ ਪਾ ਦਿੱਤਾ ਹੈ। ਤਾਜਪੋਸ਼ੀ ਸਮਾਰੋਹਾਂ ਮਗਰੋਂ ਬਤੌਰ ਪ੍ਰਧਾਨ ਨਵਜੋਤ ਸਿੱਧੂ ਨੇ ਪਹਿਲੀ ਕੜੀ ਵਜੋਂ ਪੰਜਾਬ ਦੇ ਪੰਜ ਭਖ਼ਦੇ ਮੁੱਦਿਆਂ ਨੂੰ ਮੁੱਖ ਮੰਤਰੀ ਅੱਗੇ ਰੱਖਿਆ ਹੈ ਜਿਨ੍ਹਾਂ ਦੇ ਜਲਦੀ ਹੱਲ ਹੋਣ ਦਾ ਅਮਰਿੰਦਰ ਸਿੰਘ ਨੇ ਭਰੋਸਾ ਦਿੱਤਾ ਹੈ। ਕਾਂਗਰਸ ਦੀ ਨਵੀਂ ਸੂਬਾਈ ਟੀਮ ਵੱਲੋਂ ਪੰਜ ਨੁਕਤੇ ਮੁੱਖ ਮੰਤਰੀ ਅੱਗੇ ਰੱਖੇ ਗਏ। ਇਨ੍ਹਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਕੋਟਕਪੂਰਾ ਤੇ ਬਹਿਬਲ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਜਲਦ ਸਜ਼ਾ ਦਿਵਾਉਣਾ ਵੀ ਸ਼ਾਮਲ ਸੀ।

ਸਪੈਸ਼ਲ ਟਾਸਕ ਫੋਰਸ ਦੀ ਰਿਪੋਰਟ ਵਿਚ ਦਰਜ ਨਸ਼ਾ ਤਸਕਰੀ ਪਿਛਲੀਆਂ ਵੱਡੀਆਂ ਹਸਤੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਮਿਸਾਲੀ ਸਜ਼ਾ ਦਿੱਤੇ ਜਾਣ ਦਾ ਨੁਕਤਾ ਵੀ ਰੱਖਿਆ ਗਿਆ। ਇਸੇ ਤਰ੍ਹਾਂ ਇਕ ਨੁਕਤਾ ਸਤਲੁਜ-ਯਮੁਨਾ ਲਿੰਕ ਨਹਿਰ ਵਾਲੇ ਸਮਝੌਤੇ ਨੂੰ ਰੱਦ ਕੀਤੇ ਜਾਣ ਵਾਂਗ ਕੇਂਦਰ ਦੇ ਤਿੰਨਾਂ ਖੇਤੀ ਕਾਨੂੰਨਾਂ ਨੂੰ ਵਿਧਾਨ ਸਭਾ ਵਿਚ ਰੱਦ ਕੀਤੇ ਜਾਣ ਬਾਰੇ ਵੀ ਹੈ ਜਿਸ ਵਾਸਤੇ ਵਿਧਾਇਕ ਤਿਆਰ ਹਨ। ਨੁਕਸਦਾਰ ਬਿਜਲੀ ਖ਼ਰੀਦ ਸਮਝੌਤੇ ਰੱਦ ਕਰਨਾ ਵੀ ਇਸ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਵਿਚ ਰੋਸ ਮੁਜ਼ਾਹਰੇ ਕਰ ਰਹੀਆਂ ਅਧਿਆਪਕਾਂ, ਡਾਕਟਰਾਂ, ਨਰਸਾਂ, ਲਾਇਨਮੈਨਾਂ, ਸਫਾਈ ਕਰਮਚਾਰੀਆਂ ਦੀਆਂ ਜਥੇਬੰਦੀਆਂ ਨੂੰ ਫੌਰੀ ਸੁਣਨ ਵੱਲ ਵੀ ਧਿਆਨ ਦਿਵਾਇਆ ਗਿਆ ਹੈ। ਸਰਕਾਰ ਵੱਲੋਂ ਗੱਲਬਾਤ ਦਾ ਦਰ ਖੋਲ੍ਹਣ ਦੀ ਗੱਲ ਕੀਤੀ ਗਈ ਹੈ।

ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ ’ਚ ਹੋਈ ਮੀਟਿੰਗ ’ਚ ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਇੱਕ-ਦੂਸਰੇ ਪ੍ਰਤੀ ਗਰਮਜੋਸ਼ੀ ਦਿਖਾਈ ਗਈ ਜਿਸ ਤੋਂ ਮੁੱਦਿਆਂ ਦੇ ਹੱਲ ਹੋਣ ਦੇ ਆਸਾਰ ਬਣਨ ਲੱਗੇ ਹਨ। ਵੇਰਵਿਆਂ ਅਨੁਸਾਰ ਮੀਟਿੰਗ ’ਚ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ, ਸੰਗਤ ਸਿੰਘ ਗਿਲਜ਼ੀਆਂ, ਸੁਖਵਿੰਦਰ ਡੈਨੀ ਅਤੇ ਪਵਨ ਗੋਇਲ ਤੋਂ ਇਲਾਵਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਵੀ ਮੌਜੂਦ ਸਨ। ਚੇਤੇ ਰਹੇ ਕਿ ਤਾਜਪੋਸ਼ੀ ਸਮਾਰੋਹਾਂ ਮਗਰੋਂ ਚਰਚੇ ਛਿੜੇ ਸਨ ਕਿ ਅਮਰਿੰਦਰ ਤੇ ਨਵਜੋਤ ਸਿੱਧੂ ਦਰਮਿਆਨ ਸਿਆਸੀ ਕੁੜੱਤਣ ਬਣੀ ਰਹੇਗੀ। ਅੱਜ ਨਵਜੋਤ ਸਿੱਧੂ ਵੱਲੋਂ ਮੁੱਖ ਮੰਤਰੀ ਨਾਲ ਮੀਟਿੰਗ ਕਰਕੇ ਪੰਜਾਬ ਦੇ ਮੁੱਦਿਆਂ ਪ੍ਰਤੀ ਆਪਣੀ ਸੁਹਿਰਦਤਾ ਦਾ ਪ੍ਰਗਟਾਵਾ ਕੀਤਾ ਗਿਆ। ਨਵਜੋਤ ਸਿੱਧੂ ਨੇ ਵੀ ਅੱਜ ਆਪਣੇ ਰੁਖ਼ ਵਿਚ ਨਰਮੀ ਲਿਆਂਦੀ ਹੋਈ ਸੀ ਪਰ ਉਨ੍ਹਾਂ ਨੇ ਮੁੱਖ ਮੰਤਰੀ ਅੱਗੇ ਉਹ ਮੁੱਦੇ ਰੱਖੇ ਹਨ ਜਿਨ੍ਹਾਂ ਬਾਰੇ ਸਰਕਾਰੀ ਚਾਲ ਮੱਠੀ ਸੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleMaharashtra flood toll climbs to 209, 8 untraced so far
Next articleUK reports another 23,511 coronavirus cases