ਭਾਰਤ ਨੂੰ ਮਨੁੱਖੀ ਅਧਿਕਾਰਾਂ ਬਾਰੇ ਕਿਸੇ ਤੋਂ ਮਾਨਤਾ ਦੀ ਲੋੜ ਨਹੀਂ: ਵਿਦੇਸ਼ ਮੰਤਰਾਲਾ

ਨਵੀਂ ਦਿੱਲੀ (ਸਮਾਜ ਵੀਕਲੀ):  ਭਾਰਤ ਦੇ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਤੇ ਅਮਰੀਕੀ ਸੰਸਦ ਮੈਂਬਰਾਂ ਵੱਲੋਂ ਭਾਰਤ ਵਿਚ ਮਨੁੱਖੀ ਹੱਕਾਂ ਦੀ ਸਥਿਤੀ ਬਾਰੇ ਚਿੰਤਾ ਜ਼ਾਹਿਰ ਕਰਨ ਤੋਂ ਇਕ ਦਿਨ ਬਾਅਦ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਇਕ ਰੌਸ਼ਨ ਲੋਕਤੰਤਰ ਹੈ, ਇਸ ਨੂੰ ਕਿਸੇ ਹੋਰ ਤੋਂ ਮਾਨਤਾ ਲੈਣ ਦੀ ਲੋੜ ਨਹੀਂ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਮਰੀਕਾ ਵਿਚ ਜਿਸ ਸਮਾਗਮ ’ਚ ਇਹ ਟਿੱਪਣੀਆਂ ਕੀਤੀਆਂ ਗਈਆਂ ਹਨ, ਉਸ ਸਮਾਰੋਹ ਦੇ ਪ੍ਰਬੰਧਕਾਂ ਦਾ ਰਿਕਾਰਡ ਤੇ ਪਿਛੋਕੜ ਸਾਰੇ ਜਾਣਦੇ ਹਨ ਤੇ ਉਹ ਪੱਖਪਾਤੀ ਹਨ। ਉਨ੍ਹਾਂ ਦੇ ਸਿਆਸੀ ਹਿੱਤ ਵੀ ਜੱਗ ਜ਼ਾਹਿਰ ਹਨ। ਜ਼ਿਕਰਯੋਗ ਹੈ ਕਿ ਬੁੱਧਵਾਰ ਇਕ ਵਰਚੁਅਲ ਵਿਚਾਰ-ਚਰਚਾ ਇੰਡੀਅਨ ਅਮੈਰੀਕਨ ਮੁਸਲਿਮ ਕੌਂਸਲ ਵੱਲੋਂ ਕਰਵਾਈ ਗਈ ਸੀ। ਇਸ ਵਿਚ ਅੰਸਾਰੀ ਤੇ ਹੋਰਨਾਂ ਅਮਰੀਕੀ ਸੰਸਦ ਮੈਂਬਰਾਂ ਨੇ ਭਾਰਤ ਵਿਚ ਵਰਤਮਾਨ ਮਨੁੱਖੀ ਹੱਕਾਂ ਦੀ ਸਥਿਤੀ ਨੂੰ ਮਾੜਾ ਦੱਸਿਆ ਸੀ ਤੇ ਚਿੰਤਾ ਜ਼ਾਹਿਰ ਕੀਤੀ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਉਨ੍ਹਾਂ ਇਸ ਸਮਾਰੋਹ ਬਾਰੇ ਰਿਪੋਰਟਾਂ ਪੜ੍ਹੀਆਂ ਹਨ ਤੇ ਇਹ ਦਾਅਵਾ ਕਿ ਦੂਜਿਆਂ ਨੂੰ ਸਾਡਾ ਸੰਵਿਧਾਨ ਬਚਾਉਣ ਦੀ ਲੋੜ ਖੜ੍ਹੀ ਹੋ ਗਈ ਹੈ, ‘ਬਿਲਕੁਲ ਬੇਤੁਕਾ ਤੇ ਢੀਠਪੁਣੇ ਦਾ ਪ੍ਰਤੀਕ ਹੈ।’

ਕੇਂਦਰੀ ਮੰਤਰੀ ਤੇ ਭਾਜਪਾ ਆਗੂ ਮੁਖਤਾਰ ਅੱਬਾਸ ਨਕਵੀ ਨੇ ਵੀ ਅੰਸਾਰੀ ਉਤੇ ਵਿਅੰਗ ਕਸਿਆ। ਨਕਵੀ ਨੇ ਕਿਹਾ ਕਿ ‘ਭਾਰਤ ਨੂੰ ਕੋਸਣ ਵਾਲੀ ਬ੍ਰਿਗੇਡ’ ਦੇਸ਼ ਦੇ ਸਭਿਆਚਾਰ, ਵਚਨਬੱਧਤਾ ਤੇ ਸੰਵਿਧਾਨ ਦੀ ‘ਹਜੂਮੀ ਹੱਤਿਆ’ ਕਰਨ ਲਈ ਮੁਕਾਬਲੇ ਕਰ ਰਹੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਨਕਵੀ ਨੇ ਕਿਹਾ, ‘ਕੁਝ ਲੋਕ ਪਾਕਿਸਤਾਨ ਵੱਲੋਂ ਚਲਾਏ ਜਾਂਦੇ ਸੰਗਠਨਾਂ ਦੀ ਭਾਰਤ ਵਿਰੋਧੀ ਸਾਜ਼ਿਸ਼ ਦਾ ਹਿੱਸਾ ਬਣ ਰਹੇ ਹਨ।’ ਨਕਵੀ ਨੇ ਕਿਹਾ ਕਿ ਅਜਿਹੇ ਸੰਗਠਨ ਭਾਰਤ ਦੇ ਸਭਿਆਚਾਰ ਤੇ ਇਕਜੁੱਟਤਾ ਉਤੇ ਸਵਾਲ ਖੜ੍ਹੇ ਕਰਨ ਲਈ ਸਾਜ਼ਿਸ਼ ਰਚਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਪਾਕਿਸਤਾਨ ਦੇ ਕੂੜ ਪ੍ਰਚਾਰ ਵਿਚ ਹਿੱਸੇਦਾਰ ਬਣਦੇ ਹਨ। ਨਕਵੀ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਜਿਵੇਂ ਕੁਝ ਲੋਕ ਤੇ ਸੰਗਠਨ ਭਾਰਤ ਦੀ ਸਾਖ਼ ਖਰਾਬ ਕਰਨ ਲਈ ਸੁਪਾਰੀ ਲੈਂਦੇ ਹੋਣ। ਉਨ੍ਹਾਂ ਕਿਹਾ ਕਿ ਭਾਰਤ ਵਿਚ ਘੱਟਗਿਣਤੀਆਂ ਦੀ ਸਥਿਤੀ ਬਾਰੇ ਸੰਸਾਰ ਵਿਚ ਝੂਠ ਫੈਲਾਇਆ ਜਾ ਰਿਹਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ। ਭਾਜਪਾ ਨੇਤਾ ਸ਼ਾਹਨਵਾਜ਼ ਹੁਸੈਨ ਨੇ ਵੀ ਅੰਸਾਰੀ ਉਤੇ ਨਿਸ਼ਾਨਾ ਸੇਧਿਆ ਹੈ। ਬਿਹਾਰ ਸਰਕਾਰ ਵਿਚ ਮੰਤਰੀ ਹੁਸੈਨ ਨੇ ਕਿਹਾ ਕਿ ਅੰਸਾਰੀ ਨੇ ਉਪ ਰਾਸ਼ਟਰਪਤੀ ਹੁੰਦਿਆਂ ਵੀ ਕੁਝ ਅਜਿਹੇ ਵਿਵਾਦ ਖੜ੍ਹੇ ਕੀਤੇ, ਜਿਨ੍ਹਾਂ ਲਈ ਦੇਸ਼ ਉਨ੍ਹਾਂ ਨੂੰ ਮੁਆਫ਼ ਨਹੀਂ ਕਰ ਸਕਦਾ। -ਪੀਟੀਆਈ

ਅੰਸਾਰੀ ਦੀਆਂ ਟਿੱਪਣੀਆਂ ਬਿਲਕੁਲ ਗਲਤ: ਰਿਜਿਜੂ

ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਹੈ ਕਿ ਹਿੰਦੂ ਰਾਸ਼ਟਰਵਾਦ ਬਾਰੇ ਹਾਮਿਦ ਅੰਸਾਰੀ ਦੀਆਂ ਟਿੱਪਣੀਆਂ ਬਿਲਕੁਲ ਗਲਤ ਹਨ। ਉਨ੍ਹਾਂ ਕਿਹਾ ਕਿ ਘੱਟਗਿਣਤੀ ਹੋਣ ਦੇ ਬਾਵਜੂਦ ਉਹ ਭਾਰਤ ਵਿਚ ਪੂਰੀ ਤਰ੍ਹਾਂ ਸੁਰੱਖਿਅਤ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਗੁਆਂਢੀ ਮੁਲਕਾਂ ਵਿਚ ਤਕਲੀਫ਼ ਝੱਲ ਰਹੀਆਂ ਘੱਟਗਿਣਤੀਆਂ ਵੀ ਭਾਰਤ ਵਿਚ ਸ਼ਰਨ ਲੈਂਦੀਆਂ ਹਨ ਕਿਉਂਕਿ ਇਹ ਸੁਰੱਖਿਅਤ ਹੈ। ਰਿਜਿਜੂ ਨੇ ਕਿਹਾ ਕਿ ਸਾਨੂੰ ਆਪਣੇ ਮੁਲਕ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਭਾਰਤ ਵੱਲੋਂ ਚਰਚਾ ਵਿਚ ਹਿੱਸਾ ਲੈਂਦਿਆਂ ਅੰਸਾਰੀ ਨੇ ਕਿਹਾ ਸੀ ਕਿ ਹਿੰਦੂ ਰਾਸ਼ਟਰਵਾਦ ਵੱਧ ਰਿਹਾ ਹੈ ਤੇ ਸਥਾਪਿਤ ਨਾਗਰਿਕ ਰਾਸ਼ਟਰਵਾਦ ਨੂੰ ਢਹਿ-ਢੇਰੀ ਕਰ ਰਿਹਾ ਹੈ। ਇਹ ਨਾਗਰਿਕਾਂ ਨੂੰ ਉਨ੍ਹਾਂ ਦੇ ਧਰਮ ਦੇ ਅਧਾਰ ਉਤੇ ਵੰਡ ਰਿਹਾ ਹੈ। ਰਿਜਿਜੂ ਨੇ ਕਿਹਾ ਕਿ ਕੁਝ ਘਟਨਾਵਾਂ ਸਮਾਜਿਕ ਪੱਧਰ ਉਤੇ ਵਾਪਰੀਆਂ ਹੋ ਸਕਦੀਆਂ ਹਨ ਪਰ ਭਾਰਤੀ ਸਭਿਆਚਾਰ ਵਿਚ ਹਮੇਸ਼ਾ ਸਾਰਿਆਂ ਨੂੰ ਥਾਂ ਮਿਲੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੇਸ਼ ’ਚ ਕਰੋਨਾ ਦੇ 235532 ਨਵੇਂ ਮਰੀਜ਼ ਤੇ 871 ਮੌਤਾਂ
Next articleਸਰਹੱਦ ਉਤੇ ਪਾਕਿ ਨਸ਼ਾ ਤਸਕਰਾਂ ਨਾਲ ਮੁਕਾਬਲੇ ’ਚ ਬੀਐੱਸਐੱਫ ਜਵਾਨ ਜ਼ਖ਼ਮੀ