ਕਿਸਾਨੀ ਸੰਘਰਸ਼ ਦੀ ਫ਼ਤਹਿ;

ਸੰਜੀਵ ਸਿੰਘ ਸੈਣੀ

(ਸਮਾਜ ਵੀਕਲੀ) ਜੂਨ 2020 ਵਿੱਚ ਕੇਂਦਰ ਸਰਕਾਰ ਰਾਹੀਂ ਖੇਤੀਬਾੜੀ ਆਰਡੀਨੈਂਸ ਜਾਰੀ ਕੀਤੇ ਗਏ। ਕਿਸਾਨਾਂ ਨੂੰ ਡਰ ਸਤਾਉਣ ਲੱਗਾ ਕਿ ਇਹ ਬਿੱਲ ਉਨ੍ਹਾਂ ਨੂੰ ਬਰਬਾਦ ਕਰ ਦੇਣਗੇ। ਪਹਿਲਾਂ ਤਾਂ ਕਿਸਾਨਾਂ ਨੇ ਪੰਜਾਬ ਸੂਬੇ ਭਰ ਵਿਚ ਪ੍ਰਦਰਸ਼ਨ ਕੀਤਾ। ਪੰਜਾਬ ਵਿੱਚ ਕਾਰਪੋਰੇਟ ਅਦਾਰਿਆਂ, ਰਿਲਾਇੰਸ ਅਦਾਰਿਆਂ, ਭਾਜਪਾ ਆਗੂਆਂ ਦੇ ਦਫ਼ਤਰਾਂ ਤੇ ਲਗਾਤਾਰ ਧਰਨੇ ਦਿੱਤੇ ਗਏ। ਔਰਤਾਂ, ਨੌਜਵਾਨਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ । ਹਰ ਇੱਕ ਤਬਕੇ ਨੇ ਆਪਣੀ ਸ਼ਿਰਕਤ ਕੀਤੀ। ਨੌਜਵਾਨਾਂ ਵਿੱਚ ਉਤਸ਼ਾਹ ਦੇਖਣ ਵਾਲਾ ਸੀ।ਪੰਜਾਬ ਵਿੱਚ ਰੇਲ ਚੱਕਾ ਜਾਮ ਕੀਤਾ ਗਿਆ ਸੀ। ਜਦੋਂ ਗੱਲ ਕਿਸੇ ਤਣ-ਪੱਤਣ ਨਾ ਲੱਗ ਸਕੀ ਤਾਂ 26 27 ਨਵੰਬਰ 2020ਨੂੰ ਦਿੱਲੀ ਵੱਲ ਕੂਚ ਕੀਤਾ ਗਿਆ। ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਦੇ ਰਸਤੇ ਵਿੱਚ ਕਈ ਤਰ੍ਹਾਂ ਦੇ ਰੋੜੇ ਅਟਕਾਏ ਗਏ। ਅੱਥਰੂ ਗੈਸ ਦੇ ਗੋਲੇ ,ਪਾਣੀ ਦੀਆਂ ਬੁਛਾੜਾਂ ਦੀ ਪ੍ਰਵਾਹ ਕੀਤੇ ਬਿਨਾਂ ਹੀ ਕਿਸਾਨਾਂ ਨੇ ਹਰਿਆਣਾ ਦੀਆਂ ਸਰਹੱਦਾਂ ਨੂੰ ਪਾਰ ਕੀਤਾ। ਤੇ ਦਿੱਲੀ ਦੀ ਬਰੂਹਾਂ ਤੇ ਡੇਰੇ ਲਗਾ ਲਏ। ਦੇਖਾ- ਦੇਖੀ ਵਿੱਚ ਹੋਰ ਸੂਬਿਆਂ ਦੇ ਕਿਸਾਨਾਂ ਨੇ ਵੀ ਦਿੱਲੀ ਵੱਲ ਵਹੀਰਾਂ ਘੱਤੀਆਂ। ਫਿਰ ਇਹ ਅੰਦੋਲਨ ਜਨ-ਅੰਦੋਲਨ ਬਣ ਗਿਆ । ਜਿਸ ਨੂੰ ਵਿਦੇਸ਼ਾਂ ਵੱਲੋਂ ਵੀ ਭਰਪੂਰ ਸਮਰਥਨ ਮਿਲਿਆ। ਕਿਸਾਨਾਂ ਦੇ ਸਿਦਕ ,ਸਿਰੜ ਸਦਕਾ ਇਹ ਅੰਦੋਲਨ ਹੁਣ ਤੱਕ ਬਹੁਤ ਹੀ ਸ਼ਾਂਤਮਈ ਢੰਗ ਨਾਲ ਚੱਲਿਆ।ਖੇਤੀ ਵਿਸ਼ਾ ਜੋ ਸੂਬਿਆਂ ਦਾ ਵਿਸ਼ਾ ਹੈ, ਫਿਰ ਕੇਂਦਰ ਸਰਕਾਰ ਨੇ ਸੂਬਿਆਂ ਤੋਂ ਉਲਟ ਚੱਲ ਕੇ , ਬਿਨਾਂ ਸਲਾਹ ਮਸ਼ਵਰਾ ਕੀਤੇ ਖੇਤੀ ਬਿੱਲ ਕਿਉਂ ਬਣਾਏ।ਤਕਰੀਬਨ ਖੇਤੀ ਮੰਤਰੀ ਨਾਲ ਕਿਸਾਨਾਂ ਦੀਆਂ 11 ਮੀਟਿੰਗਾਂ ਹੋਈਆਂ, ਜੋ ਕਿਸੇ ਤਣ ਪੱਤਣ ਨਾ ਲੱਗ ਸਕੀਆਂ। ਪਹਿਲੇ ਹੀ ਦਿਨ ਤੋਂ ਕੇਂਦਰੀ ਖੇਤੀਬਾੜੀ ਮੰਤਰੀ ਇਨ੍ਹਾਂ ਬਿੱਲਾਂ ਦੀ ਵਕਾਲਤ ਕਰਦੇ ਆ ਰਹੇ ਸਨ। ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਹਾ ਹੈ ਕਿ ਸਰਕਾਰ ਬਿੱਲਾਂ ਵਿੱਚ ਸੋਧਾਂ ਕਰਨ ਲਈ ਤਿਆਰ ਹੈ, ਪਰ ਇਹ ਕਾਨੂੰਨਾਂ ਵਿੱਚ ਕੁੱਝ ਵੀ ਗਲਤ ਨਹੀਂ ਹੈ। ਸਰਕਾਰ ਇਹਨਾਂ ਕਾਨੂੰਨਾਂ ਨੂੰ ਰੱਦ ਨਹੀ ਕਰੇਗੀ।ਐਮ ਐਸ ਪੀ ਖ਼ਤਮ ਨਹੀਂ ਹੋਵੇਗੀ।ਕੇਂਦਰ ਸਰਕਾਰ ਵਾਰ-ਵਾਰ ਕਹਿੰਦੀ ਹੈ ਕਿ ਇਹ ਬਿੱਲ ਕਿਸਾਨਾਂ ਲਈ ਲਾਹੇਵੰਦ ਹਨ। ਜੇ ਇਹ ਬਿੱਲ ਕਿਸਾਨਾਂ ਲਈ ਲਾਹੇਵੰਦ ਹਨ ਤਾਂ ਸਰਕਾਰ ਕਾਨੂੰਨਾਂ ਵਿੱਚ ਸੋਧਾਂ ਕਰਨ ਲਈ ਕਿਉਂ ਤਿਆਰ ਹੋਈ?ਜਦੋਂ ਕਿਸਾਨ ਆਪਣਾ ਫ਼ਾਇਦਾ ਕਰਵਾਉਣਾ ਹੀ ਨਹੀਂ ਚਾਹੁੰਦੇ ਸਨ, ਤਾਂ ਸਰਕਾਰ ਧੱਕੇ ਨਾਲ ਕਿਸਾਨਾਂ ਦੇ ਗਲ਼ ਇਹ ਕਾਨੂੰਨ ਕਿਉਂ ਮੱੜ ਰਹੀ ਸੀ?ਕਿਸਾਨਾਂ ਨੂੰ ਮੰਡੀਆਂ ਖਤਮ ਹੋਣ ਦਾ ਵੀ ਡਰ ਸੀ। ਕੇਂਦਰ ਦੇ ਵਜ਼ੀਰ ਕਹਿੰਦੇ ਸਨ ਕਿ ਕਿਸਾਨਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ।

ਦਿੱਲੀ ਦੀ ਬਰੂਹਾਂ ਤੇ ਟਰੈਕਟਰ ਮਾਰਚ ਕੱਢਿਆ ਗਿਆ।ਪਗੜੀ ਸੰਭਾਲ ਜੱਟਾ ਦਿਵਸ , ਕਿਸਾਨਾਂ ਦੇ ਮਸੀਹਾ ਛੋਟੂ ਰਾਮ ਦੀ ਜਯੰਤੀ ਵੀ ਬਰੂਹਾਂ ਤੇ ਮਨਾਈ ਗਈ। 700 ਦੇ ਕਰੀਬ ਕਿਸਾਨਾਂ ਨੇ ਸ਼ਹੀਦੀ ਵੀ ਦਿੱਤੀ ਹੈ। ਕਿਸਾਨ ਸਮਝਦਾਰ ਹਨ। ਭੋਲੇ-ਭਾਲੇ ਹਨ।ਖੇਤੀ ਕਾਨੂੰਨਾਂ ਵਿੱਚ ਸਾਫ਼ ਸਾਫ਼ ਲਿਖਿਆ ਸੀ, ਕਿ ਇਹ ਕਾਨੂੰਨ ਕਾਰਪੋਰੇਟ ਅਦਾਰੇ ਦੇ ਹੱਕ ਵਿੱਚ ਹਨ।ਆਖਿਰ ਪ੍ਰਧਾਨ ਮੰਤਰੀ ਮੋਦੀ ਜੀ ਨੇ ਗੁਰੂ ਨਾਨਕ ਦੇਵ ਜੀ ਦੇ 552ਵੇ ਪ੍ਰਕਾਸ਼ ਪੁਰਬ ਤੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਕਿਹਾ। ਕਿਸਾਨਾਂ ਦੀਆਂ ਸਾਰੀਆਂ ਮੰਗਾਂ ਨੂੰ ਮੰਨਣ ਲਈ ਕਿਹਾ। ਤੇ ਕਿਸਾਨਾਂ ਤੋਂ ਮਾਫ਼ੀ ਵੀ ਮੰਗੀ। ਕੇਂਦਰੀ ਖੇਤੀਬਾੜੀ ਸਕੱਤਰ ਵਲੋਂ ਮਿਲੀ ਚਿੱਠੀ ਪ੍ਰਾਪਤ ਹੋਣ ਤੋਂ ਬਾਅਦ ਜਥੇਬੰਦੀਆਂ ਵੱਲੋਂ ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਗਿਆ। ਕਿਸਾਨਾਂ ਨੇ 11 ਦਸੰਬਰ ਨੂੰ ਆਪਣੇ ਘਰ ਪੁੱਜ ਜਾਣਾ ਹੈ, ਤੇ 13 ਦਸੰਬਰ ਨੂੰ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ। ਕਿਸਾਨ ਆਗੂਆਂ ਨੇ ਇਹ ਵੀ ਕਿਹਾ ਹੈ ਕਿ ਇਹ ਅੰਦੋਲਨ ਦੀ ਸਮਾਪਤੀ ਨਹੀਂ ਹੈ ,ਬਲਕਿ ਇਸ ਨੂੰ ਮੁਲਤਵੀ ਕੀਤਾ ਗਿਆ ਹੈ 15 ਜਨਵਰੀ ਨੂੰ ਮੁੜ ਬੈਠਕ ਕਰਨਗੇ।ਸਰਕਾਰਾਂ ਨੂੰ ਇਤਿਹਾਸ ਵੱਲ ਝਾਤੀ ਮਾਰ ਲੈਣੀ ਚਾਹੀਦੀ ਸੀ ਕਿ ਜਦੋਂ 1960 ਵਿੱਚ ਦੇਸ਼ ਨੂੰ ਅਨਾਜ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ, ਤਾਂ ਸਾਨੂੰ ਵਿਦੇਸ਼ਾਂ ਦੇ ਮੂਹਰੇ ਹੱਥ ਫੈਲਾਉਣੇ ਪਏ ਸਨ , ਤਾਂ ਓਹ ਸਾਡੇ ਮੂਹਰੇ ਕਈ ਤਰ੍ਹਾਂ ਦੀਆਂ ਸ਼ਰਤਾਂ ਰੱਖ ਦਿੰਦੇ ਸਨ। ਫਿ਼ਰ ਸਾਡੇ ਪੰਜਾਬ , ਹਰਿਆਣਾ ਦੇ ਕਿਸਾਨ ਵੀਰਾਂ ਨੇ ਆਪਣੀ ਮਿਹਨਤ ਸਦਕਾ ਵਧੀਆ ਖਾਦਾਂ ਬੀਜ਼ਾਂ ਦੀ ਵਰਤੋਂ ਕਰਕੇ ਝੋਨੇ, ਕਣਕ ਦੀ ਰਿਕਾਰਡ ਤੋੜ ਪੈਦਾ ਕੀਤੀ। ਇਹ ਕਿਸਾਨਾਂ ਦੀ ਸਭ ਤੋਂ ਵੱਡੀ ਜਿੱਤ ਹੈ ,ਖਾਸ ਕਰਕੇ ਪੰਜਾਬੀਆਂ ਦਾ ਇਸ ਵਿਚ ਅਹਿਮ ਯੋਗਦਾਨ ਰਿਹਾ ਹੈ। ਕਿਸਾਨ ਅੰਦੋਲਨ ਨੇ ਇੱਕ ਤਰ੍ਹਾਂ ਨਾਲ ਅੱਜ ਦੇ ਯੂਥ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰ ਦਿੱਤਾ ਹੈ।

ਸੰਜੀਵ ਸਿੰਘ ਸੈਣੀ, ਮੋਹਾਲੀ।

 

 

                                                                                     ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

 

Previous articleVirtual Nobel Prize award ceremony for 2nd time due to Covid
Next articleਸਾਨੂੰ ਤੇਰੇ (ਹਾਕਮਾ) ਸ਼ਹਿਰ ਦਿਆਂ ਗੇੜਿਆਂ ਨੇ ਖਾ ਲਿਆ