(ਸਮਾਜ ਵੀਕਲੀ)
ਅਸਾਂ ਵੀ ਅਜ਼ਾਦੀ ਦਾ ਦਿਵਸ ਮਨਾਇਆ
ਝੰਡਾ ਲਹਿਰਾਕੇ ਕੌਮੀ ਤਰਾਨਾ ਸੀ ਗਾਇਆ।
ਬੱਚਿਆਂ ਨੂੰ ਦੱਸਿਆ ਦੇ ਦੇਕੇ ਮਿਸਾਲਾਂ
ਮਿਲੀ ਸੀ ਅਜ਼ਾਦੀ ਬੜੇ ਬੁਰੇ ਹਾਲਾਂ
ਅੱਜ ਉਹ ਮਹਾਨ ਕਿੱਸਾ ਫੇਰ ਸੁਣਾਇਆ
ਅਸਾਂ ਵੀ ਅਜ਼ਾਦੀ ਦਾ ਦਿਵਸ ਮਨਾਇਆ।
ਲੱਖਾਂ ਹੀ ਸੂਰਿਆਂ ਨੇ ਵਾਰੀਆਂ ਸੀ ਜਾਨਾਂ
ਲਹੂ ਡੋਲ੍ਹ ਆਪਣਾ ਨਾਲ਼ ਜੂਝੇ ਸੀ ਤੂਫ਼ਾਨਾਂ
ਦੇਕੇ ਸ਼ਹਾਦਤਾਂ ਸੀ ਵੈਰੀ ਨੂੰ ਭਜਾਇਆ
ਅਸਾਂ ਵੀ ਅਜ਼ਾਦੀ ਦਾ ਦਿਵਸ ਮਨਾਇਆ।
ਕਿੰਝ ਹੋਈ ਵੰਡ ਕਿੰਝ ਵੱਢ-ਟੁੱਕ ਹੋਈ ਸੀ
ਧਰਤ ਹੋਈ ਲਾਲ ਪੂਰੀ ਕਾਇਨਾਤ ਰੋਈ ਸੀ
ਪੁਰਖਿਆਂ ਨੇ ਸੀ ਬੜਾ ਸੰਤਾਪ ਹੰਢਾਇਆ
ਅਸਾਂ ਵੀ ਅਜ਼ਾਦੀ ਦਾ ਦਿਵਸ ਮਨਾਇਆ।
ਇੱਕੀਵੀਂ ਸਦੀ ਵਿੱਚ ਕਿੱਧਰ ਗਈ ਅਜ਼ਾਦੀ
ਲੋਕਤੰਤਰ ਦਾ ਘਾਣ ਵੇਖਕੇ ਸ਼ੁਰੂ ਹੋਈ ਬਰਬਾਦੀ
ਵਾੜ ਨੇ ਹੋਕੇ ਉਲਟੀ ਖੇਤ ਨੂੰ ਵਾਢਾ ਲਾਇਆ
ਅਸਾਂ ਵੀ ਅਜ਼ਾਦੀ ਦਾ ਦਿਵਸ ਮਨਾਇਆ।
ਹੋ ਰਹੀਆਂ ਨੇ ਲੁੱਟਾਂ-ਖੋਹਾਂ ਠੱਗੀ ਕਤਲੇਆਮ
ਹੱਕ ਮਾਰਕੇ ਜਨਤਾ ਦਾ ਲੁੱਟ ਰਹੇ ਸ਼ਰੇਆਮ
ਅੰਗਰੇਜ਼ੀ ਮੁਗ਼ਲਈ ਰਾਜ ਫੇਰ ਹੈ ਆਇਆ
ਅਸਾਂ ਵੀ ਅਜ਼ਾਦੀ ਦਾ ਦਿਵਸ ਮਨਾਇਆ।
ਲਾਕੇ ਡੇਰੇ ਸੜਕਾਂ ‘ਤੇ ਬੈਠਾ ਹੈ ਕਿਸਾਨ
ਰੁਜ਼ਗਾਰ ਲਈ ਧੱਕੇ ਖਾਂਦੇ ਫਿਰਨ ਜਵਾਨ
ਸ਼ਾਸਕ ਨੇ ਗ਼ੁਲਾਮੀ ਨੂੰ ਅੱਜ ਫਿਰ ਦੁਹਰਾਇਆ
ਅਸਾਂ ਵੀ ਅਜ਼ਾਦੀ ਦਾ ਦਿਵਸ ਮਨਾਇਆ।
ਝੰਡਾ ਲਹਿਰਾਕੇ ਕੌਮੀ ਤਰਾਨਾ ਸੀ ਗਾਇਆ।
ਜਸਪ੍ਰੀਤ ਕੌਰ ਪੰਧੇਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly