(ਸਮਾਜ ਵੀਕਲੀ)
ਸਰਦਾਰਨੀ:-
ਗੇਟ ਖੜਕਿਆ ਖੜਕਾ ਹੋਇਆ
ਵੇਖੀਂ ਜਾਕੇ ਕੌਣ ਖਲੋਇਆ
ਅੱਧੀ ਰਾਤੀ ਬੱਦਲ ਘੋਰੇ ਦਿਸਦਾ ਨਾ ਕੋਈ ਤਾਰਾ
ਵੇਖੀਂ ਸਰਦਾਰਾ ਪਿੰਡ ਸੁੱਤਾ ਏ ਸਾਰਾ ਵੇਖੀਂ ਸਰਦਾਰਾ
ਸਰਦਾਰ:-
ਅੰਨ੍ਹੀ ਝੱਖੜ ਲਗਦੈ ਆਇਆ
ਮਸਾਂ ਈ ਰੱਬ ਨੇ ਮੀਂਹ ਵਰਸਾਇਆ
ਡੱਡੂਆਂ ਨੇ ਵੀ ਟਰ ਟ੍ਰ ਲਾਈ ਅੰਬਰੀ ਬਿਜਲੀ ਗੜਕੇ
ਐਵੇਂ ਘਬਰਾ ਨਾ ਚੰਗੀ ਤਰ੍ਹਾਂ ਵੇਖ ਆਇਆ ਮੈਂ ਗੇਟ ਦੇ ਕੋਲ਼ੇ ਖੜ੍ਹਕੇ
ਐਵੇਂ ਘਬਰਾ ਨਾ
ਸਰਦਾਰਨੀ:-
ਵੇਹਲੜ ਘੁੰਮਣ ਪਿੰਡ ਚ ਭੰਗੀ
ਨਾਲ਼ ਰਲ਼ਾਏ ਦੋ ਤਿੰਨ ਸੰਗੀ
ਵੇਖੀਂ ਕਿਤੇ ਅੱਜ ਰਾਤ ਨੂੰ ਕਰ ਨਾ ਦੇਣ ਹਾਏ ਕਾਰਾ
ਵੇਖੀਂ ਸਰਦਾਰਾ ਪਿੰਡ ਸੁੱਤਾ ਏ ਸਾਰਾ ਵੇਖੀਂ ਸਰਦਾਰਾ
ਸਰਦਾਰ:-
ਅੱਖ ਚਮਕਦੀ ਮੈਨੂੰ ਨੀਲੀ
ਤੂੜੀ ਆਲ਼ੇ ਵਿੱਚ ਵੜਗੀ ਬਿੱਲੀ
ਫੜਨ ਲਈ ਚੂਹਾ ਕੰਧ ਦੇ ਉੱਤੇ ਬੈਠੀ ਮਾਣੋ ਚੜ੍ਹਕੇ
ਐਵੇਂ ਘਬਰਾ ਨਾ ਚੰਗੀ ਤਰ੍ਹਾਂ ਵੇਖ ਆਇਆ ਮੈਂ ਗੇਟ ਦੇ ਕੋਲ਼ੇ ਖੜ੍ਹਕੇ
ਐਵੇਂ ਘਬਰਾ ਨਾ
ਸਰਦਾਰਨੀ:-
ਛੱਤ ਦੇ ਉੱਤੇ ਵੀ ਕੋਈ ਜਾਪੇ
ਡਿੱਗਕੇ ਲੱਤ ਤੜਾ ਲਉ ਆਪੇ
ਕੋਠੇ ਵੱਲ ਨੂੰ ਭੌਂਕੇ ਕੁੱਤਾ ਧੰਨਿਆਂ ਵੇ ਦਿਲਦਾਰਾ
ਵੇਖੀਂ ਸਰਦਾਰਾ ਪਿੰਡ ਸੁੱਤਾ ਏ ਸਾਰਾ ਵੇਖੀਂ ਸਰਦਾਰਾ
ਸਰਦਾਰ:-
ਵਹਿਮ ਦਾ ਇਲਾਜ ਨਾ ਕੋਈ
ਭਟਕੁ ਮਨ ਤੂੰ ਜੇ ਨਾ ਸੋਈ
ਥੱਕਿਆ ਟੁੱਟਿਆ ਹੋਇਆ ਮੁਸਾਫ਼ਿਰ ਟੁਰਜੂ ਸੜਕੇ ਸੜਕੇ
ਐਵੇਂ ਘਬਰਾ ਨਾ ਚੰਗੀ ਤਰ੍ਹਾਂ ਵੇਖ ਆਇਆ ਮੈਂ ਕੰਧ ਦੇ ਓਹਲੇ ਖੜ੍ਹਕੇ
ਐਵੇਂ ਘਬਰਾ ਨਾ
ਧੰਨਾ ਧਾਲੀਵਾਲ
9878235714
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly