*ਇਲਤੀ ਨਾਮਾ*

ਬੁੱਧ ਸਿੰਘ ਨੀਲੋਂ

*ਪਰਲੋਂ ਆਉਣ ਵਾਲੀ ਹੈ!*

(ਸਮਾਜ ਵੀਕਲੀ) ਮੀਂਹ ਹਨੇਰੀ ਆਉਣ ਤੋਂ ਪਹਿਲਾਂ ਕਹਿਰ ਦੀ ਗਰਮੀਂ ਹੁੰਦੀ ਹੈ। ਪੁਰਾ ਚੱਲਦਾ ਹੈ, ਹੁੰਮਸ ਵੱਧਦੀ ਹੈ। ਪੁਰਾ ਰੁਕਦਾ, ਕਾਲੀਆਂ ਘਟਾਵਾਂ ਚੜ੍ਹ ਆਉਂਦੀਆਂ ਹਨ। ਹਨੇਰੀ ਆਉਂਦੀ ਹੈ। ਲੋਕ ਆਪੋ ਆਪਣਾ ਸਮਾਨ ਸੰਭਾਲਣ ਲੱਗਦੇ। ਅਸਮਾਨ ਵਿੱਚ ਚਿੱਟੇ ਬਗਲੇ ਗੇੜੀਆਂ ਮਾਰਦੇ ਨੇ ਮੋਰ ਚੀਕ ਚਿਹਾੜਾ ਪਾਉਣ ਲੱਗਦੇ ਹਨ। ਬਜ਼ੁਰਗ ਵਿਚਾਰਾ ਕਰਦੇ, ਸੁੱਖ ਹੋਵੇ। ਮਾਵਾਂ ਜੁਆਕਾਂ ਨੂੰ ਟਿੱਕ ਕੇ ਬਹਿ ਜਾਣ ਲਈ ਆਖਦੀਆਂ ਨੇ, ਡੰਗਰ ਵੱਛਾ ਅੰਦਰ ਬੰਨ੍ਹ ਕੇ ਰੱਖਿਆ ਜਾਂਦਾ ਐ। ਜ਼ੋਰਦਾਰ ਝੱਖੜ੍ਹ ਆਉਂਦਾ ਹੈ। ਹਵਾ ਗੂੰਜ ਦੀ ਹੈ। ਬੱਦਲ ਗਰਜਦਾ ਹੈ। ਬਿਜਲੀ ਲਿਸ਼ਕਦੀ ਹੈ। ਜ਼ੋਰਦਾਰ ਮੀਂਹ ਪੈਣ ਲੱਗਦਾ ਹੈ। ਬਿਜਲੀ ਲਿਸ਼ਕਣ ਤੇ ਬੱਦਲਾਂ ਦੀ ਗੜਗੜਾਹਟ ਕਾਲਜੇ ਲੂੰਹਦੀ ਐ।*
ਹਾਲਾਤ ਹੁਣ ਵੀ ਇਹੋ ਜਿਹੇ ਬਣ ਗਏ ਹਨ। ਉਲਟੀ ਗੰਗਾ ਪਹੇਵੇ ਨੂੰ ਤੁਰ ਪਈ ਹੈ। ਬਘਿਆੜ ਨੇ ਭੇਡ ਦੀਆਂ ਖੱਲ ਪਾ ਲਈ ਐ। ਉਸਨੇ ਐਲਾਨ ਕਰ ਦਿੱਤਾ ਹੈ ਕਿ ਉਸਨੇ ਮਾਸ ਖਾਣਾ ਛੱਡ ਦਿੱਤਾ ਹੈ। ਉਹ ਸ਼ਾਕਾਹਾਰੀ ਹੋ ਗਿਆ ਹੈ। ਉਸਨੇ ਖੂੰਖਾਰ ਜਾਨਵਰਾਂ ਨਾਲ ਮੇਲ ਮਿਲਾਪ ਕਰਨੀ ਸ਼ੁਰੂ ਕਰ ਦਿੱਤੀ ਹੈ। ਉਹਨੇ ਜ਼ਿੰਦਗੀ ਲਈ ਪਿਛਲੇ ਦੁੱਖ ਦਰਦ ਭੁੱਲਾ ਦਿੱਤੇ ਹਨ। ਉਸਨੇ ਜੰਗਲ ਵਿੱਚ ਅਮਨ ਸ਼ਾਂਤੀ ਲਈ ਹਵਨ, ਪੂਜਾ, ਪਾਠ ਤੇ ਅਰਦਾਸਾਂ ਕਰਨ ਲਈ ਪੁਜਾਰੀਆਂ ਨੂੰ ਹੁਕਮ ਕਰ ਦਿੱਤਾ ਹੈ। ਪਿਆਰ ਮੁਹੱਬਤ ਤੇ ਆਪਸੀ ਭਾਈਚਾਰਕ ਸਾਂਝ ਵਧਾਉਣ ਲਈ ਮੇਲ਼ ਮਿਲਾਪ ਕਰਨਾ ਸ਼ੁਰੂ ਕਰ ਦਿੱਤਾ। ਜੰਗਲ ਨੂੰ ਹਰਿਆ ਭਰਿਆ ਬਣਾਉਣ ਲਈ ਫੁੱਲ ਬੂਟੇ ਲਗਾਏ ਜਾ ਰਹੇ ਹਨ। ਨਰਸਰੀਆਂ ਦੇ ਹਰ ਤਰ੍ਹਾਂ ਬੂਟੇ ਖਰੀਦ ਕੇ ਲਗਾਉਣੇ ਸ਼ੁਰੂ ਕਰ ਦਿੱਤੇ। ਇੰਝ ਲੱਗਦਾ ਐ ਹੁਣ ਸ਼ਾਂਤੀ ਆਵੇਗੀ। ਪਿਆਰ ਮੁਹੱਬਤ ਦਾ ਜਾਲ਼ ਵਿਛਾਇਆ ਹੋਇਆ ਹੈ। ਕੋਈ ਆਪ ਤੇ ਕੋਈ ਫਸਾਇਆ ਜਾ ਰਿਹਾ ਹੈ। ਹਰ ਤਰੀਕਾ ਵਰਤਿਆ ਜਾ ਰਿਹਾ ਹੈ। ਸਪੇਰੇ ਬੀਨ ਵਜਾਉਣ ਲੱਗੇ ਹਨ। ਖੁੰਡਾਂ ਵਿੱਚੋਂ ਨਾਗ ਬਾਹਰ ਆਉਣ ਲੱਗੇ ਹਨ। ਸੱਪਾਂ ਨੂੰ ਫੜਨ ਫੜ ਕੇ ਪਟਾਰੀ ਵਿੱਚ ਪਾਇਆ ਜਾਣ ਲੱਗਾ ਹੈ। ਸਪੇਰੇ ਵਾਂਗੂੰ ਬੀਨ ਵਜਾਈ ਜਾਂਦੀ ਹੈ। ਘਰ ਵਾਲਿਆਂ ਨੂੰ ਉਹ ਦੱਸਦਾ ਹੈ ਕਿ ਤੁਹਾਡੇ ਘਰ ਸੱਪਾਂ ਦੀ ਆਵਾਜ਼ ਆਉਂਦੀ ਹੈ। ਘਰਵਾਲੇ ਡਰਦੇ ਹਨ ਤੇ ਸੱਪਾਂ ਨੂੰ ਫੜਨ ਲਈ ਮਿੰਨਤਾਂ ਕਰਦੇ ਹਨ। ਸੱਪ ਪਹਿਲਾਂ ਹੀ ਛੱਡੇ ਗਏ ਹਨ, ਫੇਰ ਸੱਪਾਂ ਨੂੰ ਦੁੱਧ ਪਿਲਾਇਆ ਜਾਂਦਾ ਹੈ। ਫੇਰ ਫ਼ੜਨ ਦਾ ਢੌਂਗ ਹੁੰਦਾ ਹੈ। ਸੱਪਾਂ ਫ਼ੜ ਕੇ ਉਹਨਾਂ ਦੇ ਦੰਦ ਕੱਢੇ ਜਾਂਦੇ ਹਨ। ਇਹ ਕਿਹਾ ਜਾਂਦਾ ਹੈ ਕਿ ਸੱਪ ਹੁਣ ਡੰਗ ਨਹੀਂ ਮਾਰਦਾ। ਜਿਹੜਾ ਕੋਈ ਸੱਪ ਫਰਾਟੇ ਮਾਰਦਾ ਉਸਦੇ ਲੱਕ ਨੂੰ ਭੰਨ ਦਿੱਤਾ ਜਾਂਦਾ। ਉਹ ਹੌਲੀ ਹੌਲੀ ਰੀਂਗਣ ਲੱਗਦਾ ਹੈ। ਸਪੇਰੇ ਨੂੰ ਪਤਾ ਸੱਪ ਮਾਰਿਆ ਗਿਆ ਤਾਂ ਚੀਕ ਚਿਹਾੜਾ ਪਵੇਗਾ। ਉਹਨਾਂ ਨੇ ਸੱਪਾਂ ਦੇ ਦੰਦ ਖੱਟੇ ਕਰ ਦਿੱਤੇ ਤੇ ਲੱਕ ਭੰਨ ਦਿੱਤਾ ਹੈ।
ਜੰਗਲ ਹੁਣ ਮੁਰਦਾ ਸ਼ਾਂਤੀ ਨਾਲ ਭਰ ਗਿਆ ਹੈ। ਉੱਡਣ ਵਾਲੇ ਪੰਛੀਆਂ ਨੇ ਦੂਜੇ ਜੰਗਲਾਂ ਵਿੱਚ ਪਨਾਹ ਲਈ ਐ। ਜੰਗਲ ਵਿੱਚ ਆਲ੍ਹਣੇ ਦਿਨੋਂ ਦਿਨ ਖ਼ਾਲੀ ਹੋ ਰਹੇ ਹਨ। ਚਿੜੀਆਂ ਤੇ ਕਬੂਤਰਾਂ ਨੇ ਉਡਾਰੀਆਂ ਮਾਰ ਦਿਤੀਆਂ ਹਨ। ਹੁੰਮਸ ਵੱਧਦੀ ਜਾ ਰਹੀ ਹੈ। ਹਨੇਰੀ ਆਉਂਦੀ ਦਿਖਦੀ ਹੈ। ਝੱਖੜ ਝੁਲਣ ਵਾਲਾ ਹੈ। ਬਗਲੇ ਉਂਡਦੇ ਹਵਾ ਵਿੱਚ ਤਾਰੀਆਂ ਲਾਉਂਦੇ ਹਨ। ਜੰਗਲ ਦੇ ਰਾਜੇ ਨੇ ਗੁਫ਼ਾ ਬਦਲ ਦਿੱਤੀ ਹੈ। ਹੁਣ ਅਗਲੇ ਸਮਿਆਂ ਵਿੱਚ ਸਿਆਸੀ ਹਨੇਰੀ ਆਵੇਗੀ। ਤੂਫ਼ਾਨ ਤੋਂ ਪਹਿਲਾਂ ਵਰਗੀ ਸ਼ਾਂਤੀ ਐ। ਮਾਹੌਲ ਬਣਦਾ ਜਾ ਰਿਹਾ ਹੈ ਤੇ ਬਣਾਇਆ ਜਾ ਰਿਹਾ ਹੈ। ਹੁਣ ਪਰਲੋਂ ਕਦੋਂ ਆਵੇਗੀ ਤੇ ਕੀ ਰੰਗ ਵਿਖਾਵੇਗੀ ਪਤਾ ਨਹੀਂ। ਆਉਣ ਵਾਲੇ ਭੂਚਾਲ ਤੇ ਤੂਫ਼ਾਨ ਦੀ ਗੂੰਜ ਆ ਰਹੀ ਹੈ। ਕੀ ਤੁਹਾਨੂੰ ਆਵਾਜ਼ ਸੁਣਾਈ ਦੇ ਰਹੀ ਹੈ। ਤੁਹਾਨੂੰ ਕੁੱਝ ਦਿਖਦਾ ਤੇ ਸੁਣਦਾ ਹੈ? ਪਰਲੋਂ ਆਉਣ ਵਾਲੀ ਹੈ। ਸਾਵਧਾਨ ਤੇ ਹੁਸ਼ਿਆਰ ਰਹੋ।
ਪਰਲੋਂ ਆਉਣ ਵਾਲੀ ਹੈ।

ਬੁੱਧ ਸਿੰਘ ਨੀਲੋਂ

9464370823 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਸਰੱਬਤ ਦਾ ਭਲਾ ਟਰੱਸਟ’ ਵੱਲੋਂ 276 ਲੋੜਵੰਦ ਪਰਿਵਾਰਾਂ ਨੂੰ ਚੈੱਕ ਵੰਡੇ
Next article*ਬੁੱਧ ਚਿੰਤਨ*