HOME ਜੇਕਰ ਨੌਜਵਾਨ ਆਪਣਾ ਪਸੀਨਾ ਵਹਾਉਣਗੇ ਤਾਂ ਮਾੜੀਆਂ ਅਲਾਮਤਾਂ ਤੋਂ ਦੂਰ ਰਹਿਣਗੇ: ਸਪੀਕਰ...

ਜੇਕਰ ਨੌਜਵਾਨ ਆਪਣਾ ਪਸੀਨਾ ਵਹਾਉਣਗੇ ਤਾਂ ਮਾੜੀਆਂ ਅਲਾਮਤਾਂ ਤੋਂ ਦੂਰ ਰਹਿਣਗੇ: ਸਪੀਕਰ ਸੰਧਵਾਂ

4

ਬੈਲ ਗੱਡੀਆਂ ਦੀਆਂ ਦੌੜਾਂ ਦੀ ਮੁੜ ਸ਼ੁਰੂਆਤ ਨੇ ਪੰਜਾਬ ਵਿੱਚ ਖੇਡ ਭਾਵਨਾ ਭਰੀ ਹੈ : ਪੰਨੂੰ

ਪੇਂਡੂ ਉਲੰਪਿਕ ਕਿਲਾ ਰਾਏਪੁਰ ਦੀਆਂ ਖੇਡਾਂ ਦੇ ਦੂਜੇ ਦਿਨ ਵੱਖ ਵੱਖ ਖੇਡਾਂ ਦੇ ਹੋਏ ਰੌਚਕ ਮੁਕਾਬਲੇ

ਕਿਲਾ ਰਾਏਪੁਰ,  (ਸਮਾਜ ਵੀਕਲੀ)   (ਗੁਰਭਿੰਦਰ ਗੁਰੀ) : ਪੇਂਡੂ ਉਲੰਪਿਕ ਵਜੋਂ ਦੁਨੀਆ ਭਰ ਵਿੱਚ ਮਸ਼ਹੂਰ ਕਿਲਾ ਰਾਏਪੁਰ ਦੀਆਂ ਖੇਡਾਂ 2026 ਦੇ ਅੱਜ ਦੂਸਰੇ ਦਿਨ ਬੈਲਗੱਡੀਆਂ ਦੀਆਂ ਦੌੜਾ, ਲੜਕੀਆਂ ਦੀ ਲੰਬੀ ਛਾਲ ਮੁਕਾਬਲੇ, ਮੁੰਡਿਆਂ ਦੀਆਂ ਦੌੜਾ, ਲੜਕੀਆਂ ਦੇ ਕਬੱਡੀ ਮੁਕਾਬਲੇ, ਸ਼ਾਟਪੁੱਟ ਵੱਖ ਵੱਖ ਵਿਅਕਤੀਆਂ ਵੱਲੋਂ ਕਰਤੱਵ ਦਿਖਾਏ ਗਏ।ਖੇਡ ਮੈਦਾਨ ਪਰਿਵਾਰਾਂ, ਕਿਸਾਨਾਂ, ਨੌਜਵਾਨਾਂ ਸਮੂਹਾਂ, ਰਾਜ ਅਤੇ ਇਸ ਤੋਂ ਬਾਹਰ ਦੇ ਦਰਸ਼ਕਾਂ ਦੇ ਨਾਲ ਖਚਾਖਚ ਭਰਿਆ ਹੋਇਆ ਸੀ ਜਿਸ ਨਾਲ ਏਕਤਾ, ਉਤਸ਼ਾਹ ਅਤੇ ਭਾਈਚਾਰਕ ਭਾਵਨਾ ਦਾ ਇੱਕ ਵੱਖਰਾ ਹੀ ਮਾਹੌਲ ਪੈਦਾ ਹੋਇਆ। ਖੇਡ ਮੇਲੇ ‘ਚ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨਾਂ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਬਲਤੇਜ ਪੰਨੂ ਨੇ ਵੀ ਖੇਡ ਮੇਲੇ ਵਿੱਚ ਹਾਜ਼ਰੀ ਭਰੀ। ਇਸ ਮੌਕੇ ਸੰਬੋਧਨ ਕਰਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਾਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਗਲੀਆਂ ਪੀੜੀਆਂ ਤੱਕ ਸਾਡੇ ਵਿਰਸੇ ਨੂੰ ਪਹੁੰਚਣ ਦਾ ਮਾਣ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੈਲਗੱਡੀਆਂ ਦੀਆਂ ਦੌੜਾ ਅਤੇ ਪੇਂਡੂ ਖੇਡਾਂ ਬਚਾਉਣ ਦਾ ਸਿਹਰਾ ਕਿਲਾ ਰਾਏਪੁਰ ਦੀ ਖੇਡ ਕਮੇਟੀ ਨੂੰ ਵੀ ਜਾਂਦਾ ਹੈ। ਸਪੀਕਰ ਸੰਧਵਾਂ ਨੇ ਕਿਹਾ ਕਿ ਮਿੰਨੀ ਉਲੰਪਿਕ ਖੇਡਾ ਇੱਕ ਮੇਲਾ ਹੀ ਨਹੀਂ ਸਗੋਂ ਪੰਜਾਬ ਦੀ ਅਣਖ, ਸਾਡੇ ਪੁਰਖਿਆਂ ਦੀ ਵਿਰਾਸਤ, ਸਾਡੀ ਸੰਸਕ੍ਰਿਤੀ ਦਾ ਜਿਉਂਦਾ ਜਾਗਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਬੈਲਗੱਡੀਆਂ ਦੀ ਦੌੜ ਬੰਦ ਹੋਣ ਕਾਰਨ ਪਿੰਡਾਂ ਦੀਆਂ ਖੇਡਾਂ ਦੀ ਰੌਣਕ ਖ਼ਤਮ ਹੋ ਗਈ ਸੀ। ਉਨ੍ਹਾਂ ਕਮੇਟੀ ਨੂੰ ਮੁਬਾਰਕਵਾਦ ਦਿੰਦਿਆਂ ਕਿਹਾ ਕਿ ਇਹ ਖੇਡਾਂ ਉਨ੍ਹਾਂ ਦੇ ਸਦਕਾ ਖੇਡ ਗਰਾਉਂਡ ਵਿੱਚ ਰੌਣਕਾਂ ਪਰਤੀਆਂ ਹਨ।

ਸਪੀਕਰ ਸੰਧਵਾਂ ਨੇ ਕਿਹਾ ਕਿ ਕਿਲਾ ਰਾਏਪੁਰ ਸਿਰਫ ਇੱਕ ਪਿੰਡ ਦਾ ਨਾਮ ਨਹੀਂ, ਸਗੋਂ ਪੰਜਾਬੀਆਂ ਲਈ ਖੇਡਾਂ ਦਾ ਇੱਕ ਮੌਕਾ ਹੈ। ਕਿਉਂਕਿ ਇੰਨਾ ਖੇਡਾਂ ਨੂੰ ਦੁਨੀਆਂ ਵਿੱਚ ਮਿੰਨੀ ਉਲੰਪਿਕ ਵਜੋ ਜਾਣਿਆਂ ਜਾਂਦਾ ਹੈ। ਇਸ ਖੇਡ ਮੇਲੇ ਵਿੱਚ ਵੱਖ ਵੱਖ ਦੇਸ਼ਾਂ ਤੋਂ ਖਿਡਾਰੀ ਹਿੱਸਾ ਲੈਂਦੇ ਰਹੇ। ਇਹ ਖੇਡਾਂ ਸਾਡੇ ਪੇਂਡੂ ਜੀਵਨ ਦੀ ਸਾਦਗੀ ਅਤੇ ਪੰਜਾਬੀਆਂ ਦੀ ਚੜਦੀ ਕਲਾ ਦਾ ਪ੍ਰਤੀਕ ਹੈ। ਇਸ ਖੇਡ ਮੇਲੇ ਨੇ ਹਾਕੀ ਉਲੰਪੀਅਨ ਤੋਂ ਲੈ ਕੇ ਕਬੱਡੀ ਦੇ ਹੀਰੇ ਦਿੱਤੇ ਹਨ। ਖੇਡ ਮੇਲੇ ਸਾਡੇ ਲਈ ਮੰਨੋਰੰਜਨ ਨਹੀਂ ਸਗੋਂ ਸਾਡੇ ਗੱਭਰੂਆਂ ਦੇ ਜੋਸ ਤੇ ਜਜ਼ਬੇ ਨੂੰ ਤਿੱਖਾ ਕਰਦੇ ਹਨ। ਖੇਡ ਮੇਲੇ ਜਾਤ ਪਾਤ ਅਤੇ ਧਰਮਾਂ ਤੋਂ ਉੱਪਰ ਉੱਠ ਕੇ ਪੰਜਾਬ ਪ੍ਰਗਟਾਵਾ ਕਰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਪੰਜਾਬ ਦੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਖੇਡ ਮੈਦਾਨਾਂ ਨਾਲ ਜੁੜੇ। ਉਨ੍ਹਾਂ ਕਿਹਾ ਕਿ ਇਹ ਮੇਲਾ ਸਾਂਝੀਵਾਲਤਾ ਦਾ ਪ੍ਰਤੀਕ ਹੈ, ਕੋਈ ਵੈਰ ਵਿਰੋਧ ਨਹੀਂ, ਕੋਈ ਪਾਰਟੀਬਾਜ਼ੀ ਨਹੀਂ ਸਿਰਫ ਪੰਜਾਬੀਅਤ ਲਈ ਪਿਆਰ ਹੈ, ਪਿੰਡਾਂ ਦਾ ਪਿਆਰ ਹੈ, ਸਾਡੇ ਵਿਰਸੇ ਲਈ ਪਿਆਰ ਹੈ। ਉਨ੍ਹਾਂ ਕਿਹਾ ਕਿ ਅਗਰ ਅਸੀਂ ਰਲਕੇ ਹੰਭਲਾ ਮਾਰਾਂਗੇ ਤਾਂ ਪੰਜਾਬ ਨੂੰ ਮੁੜ ਤੋਂ ਸੋਨੇ ਦੀ ਚਿੜੀ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਸਪੀਕਰ ਸੰਧਵਾਂ ਨੇ ਕਿਹਾ ਕਿ ਸਰਕਾਰ ਵੱਲੋਂ ਵਿਸ਼ੇਸ਼ ਫੰਡ ਅਤੇ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਵਿਰਸੇ ਤੇ ਮਾਣ ਕਰਦੀਆਂ ਰਹਿਣ। ਉਨ੍ਹਾਂ ਕਿਹਾ ਕਿ ਨਸਿਆਂ ਦੇ ਕੋਹੜ ਨੂੰ ਖ਼ਤਮ ਕਰਨ ਦਾ ਸਭ ਤੋਂ ਕਾਰਗਰ ਤਰੀਕਾ ਖੇਡ ਮੈਦਾਨ ਹਨ, ਜੇਕਰ ਨੌਜਵਾਨ ਆਪਣਾ ਪਸੀਨਾ ਵਹਾਉਣਗੇ ਤਾਂ ਮਾੜੀਆਂ ਅਲਾਮਤਾਂ ਤੋਂ ਦੂਰ ਰਹਿਣਗੇ। ਉਨ੍ਹਾਂ ਕਿਹਾ ਕਿ ਖੇਡ ਮੇਲੇ ਦੀ ਇੱਕ ਹੋਰ ਖੂਬਸੂਰਤੀ ਲੋਕ ਗਾਇਕੀ ਤੇ ਖੁੱਲੇ ਅਖਾੜੇ ਵੀ ਸਾਡੇ ਸੱਭਿਆਚਾਰ, ਲੋਕ ਗਥਾਵਾਂ, ਕਿੱਸੇ, ਸਾਡੇ ਸੰਘਰਸ਼ਾਂ ਦੀ ਜਿਉਂਦੀ ਜਾਗਦੀ ਤਸਵੀਰ ਹੈ। ਉਨ੍ਹਾਂ ਕਿਹਾ ਜਿੰਨ੍ਹਾਂ ਦੀ ਬੋਲੀ ਜਾਗਦੀ ਰਹਿੰਦੀ ਹੈ, ਉਨ੍ਹਾਂ ਦੀਆਂ ਵਿਰਾਸਤਾਂ ਜਿਉਂਦੀਆਂ ਰਹਿੰਦੀਆਂ ਹਨ। ਸਪੀਕਰ ਸੰਧਵਾਂ ਨੇ ਕਿਹਾ ਕਿ ਅੱਜ ਜਦੋਂ ਪੱਛਮੀ ਸੱਭਿਆਚਾਰ ਦੀ ਹਨੇਰੀ ਚੱਲ ਰਹੀ ਹੈ ਤਾਂ ਸਾਨੂੰ ਆਪਣੀਆਂ ਜੜ੍ਹਾਂ ਮਜ਼ਬੂਤ ਕਰਨ ਦੀ ਲੋੜ ਹੈ। ਜੇਕਰ ਅਸੀਂ ਆਪਣੀ ਰਿਵਾਇਤੀ ਖੇਡਾਂ, ਆਪਣੀ ਮਾਂ ਬੋਲੀ ਅਤੇ ਆਪਣੇ ਵਿਰਸੇ ਨੂੰ ਭੁਲਾ ਦਿੱਤਾ ਤਾਂ ਸਾਡੀ ਪੀੜ੍ਹੀ ਕੋਲ ਆਪਣੀ ਪਛਾਣ ਦੱਸਣ ਲਈ ਕੁੱਝ ਨਹੀਂ ਰਹਿਣਾ। ਉਨ੍ਹਾਂ ਕਿਹਾ ਕਿ ਸਰਕਾਰ ਨੀਤੀਆਂ ਬਣਾ ਸਕਦੀ ਹੈ ਤੇ ਮੈਦਾਨਾਂ ਦੀਆਂ ਰੌਣਕਾਂ ਤੁਸੀਂ ਲਗਾਉਣੀਆਂ ਹਨ। ਉਨ੍ਹਾਂ ਕਿਹਾ ਸਾਨੂੰ ਆਪਣੇ ਬੱਚਿਆਂ ਨੂੰ ਰੀਲਾਂ ਤੇ ਸਟੋਰੀਆਂ ਤੋਂ ਦੂਰ ਕਰਕੇ ਮੈਦਾਨਾਂ ਤੱਕ ਲੈ ਕੇ ਆਉਣਾ ਪਵੇਗਾ।  ਪੰਜਾਬ ਸਰਕਾਰ ਦੇ ਸਟੇਟ ਮੀਡੀਆ ਹੈੱਡ ਸ੍ਰੀ ਬਲਤੇਜ ਪੰਨੂ ਨੇ ਪ੍ਰਬੰਧਕਾਂ ਅਤੇ ਦਰਸ਼ਕਾਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਦੀ ਸ਼ਲਾਘਾ ਕੀਤੀ ਜਿਸ ਨਾਲ ਇਹਨਾਂ ਖੇਡਾਂ ਨੂੰ ਇੱਕ ਸ਼ਾਨਦਾਰ ਸਫਲਤਾ ਵਿੱਚ ਬਦਲਿਆ ਗਿਆ। ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਕਿਵੇਂ ਬੈਲ ਗੱਡੀਆਂ ਦੀਆਂ ਦੌੜਾਂ ਦੀ ਮੁੜ ਸ਼ੁਰੂਆਤ ਨੇ ਪੰਜਾਬ ਭਰ ਵਿੱਚ ਇੱਕ ਤਾਜ਼ਾ ਖੇਡ ਭਾਵਨਾ ਭਰੀ ਹੈ ਜਿਸ ਨਾਲ ਪੇਂਡੂ ਜੋਸ਼ ਅਤੇ ਸੱਭਿਆਚਾਰਕ ਪਛਾਣ ਦੇ ਪ੍ਰਤੀਕ ਵਜੋਂ ਪੇਂਡੂ ਓਲੰਪਿਕ ਕਿਲਾ ਰਾਏਪੁਰ ਦੀ ਸ਼ਾਨ ਨੂੰ ਬਹਾਲ ਕੀਤਾ ਗਿਆ ਹੈ। ਉਨ੍ਹਾਂ ਕਿਹਾ, “ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਜ਼ਨ ਦੇ ਤਹਿਤ, ਅਸੀਂ ਪਿਛਲੀਆਂ ਚੁਣੌਤੀਆਂ ਨੂੰ ਪਾਰ ਕਰਕੇ ਇਸ ਸ਼ਾਨਦਾਰ ਖੇਡਾਂ ਨੂੰ ਸਹੀ ਸੁਰੱਖਿਆ ਪ੍ਰਬੰਧਾਂ ਨਾਲ ਵਾਪਸ ਲਿਆਂਦਾ ਹੈ ਅਤੇ ਅੱਜ ਲੋਕਾਂ ਦੇ ਚਿਹਰਿਆਂ ‘ਤੇ ਖੁਸ਼ੀ ਦੇਖ ਕੇ ਪਤਾ ਲੱਗਦਾ ਹੈ ਕਿ ਇਹ ਕੋਸ਼ਿਸ਼ ਦੇ ਸ਼ਲਾਘਾਯੋਗ ਹੈ।

ਅੱਜ ਹੋਏ ਹਾਕੀ (ਲੜਕੇ) ਦੇ ਸੈਮੀਫਾਈਨਲ ਦੇ ਮੁਬਕਾਬਲਿਆਂ ਵਿੱਚ ਅਮਰਗੜ੍ਹ ਨੇ ਕਿਲਾ ਰਾਏਪੁਰ ਨੂੰ 1-0 ਦੇ ਫਰਕ ਨਾਲ ਹਰਾਇਆ। ਦੂਜੇ ਸੈਮੀਫਾਈਨਲ ਵਿੱਚ ਕੁਰੂਕਸੇਤਰ ਨੇ ਰਾਏਕੋਟ ਨੂੰ 1-0 ਨਾਲ ਹਰਾਇਆ। ਹਾਕੀ (ਲੜਕੀਆਂ) ਦੇ ਪਹਿਲੇ ਸੈਮੀਫਾਈਨਲ ਮੁਕਾਬਲੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਦਿੱਲੀ ਨੂੰ 3-2 ਨਾਲ ਹਰਾਇਆ।ਦੂਜੇ ਸੈਮੀਫਾਈਨਲ ਵਿੱਚ ਅੰਮ੍ਰਿਤਸਰ ਨੇ ਅਮਰਗੜ੍ਹ ਨੂੰ 2-1 ਨਾਲ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ। ਕਬੱਡੀ ਨੈਸ਼ਨਲ ਸਟਾਈਲ ਅੰਡਰ-17 (ਲੜਕੀਆਂ) ਦੇ ਫਾਈਨਲ ਮੁਕਾਬਲੇ ਵਿੱਚ ਮੋਗਾ ਨੇ ਇਆਲੀ ਕਲਾਂ ਨੂੰ 14-13 ਦੇ ਫਰਕ ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਕਬੱਡੀ ਸਰਕਲ ਸਟਾਈਲ ਓਪਨ (ਲੜਕਿਆਂ) ਦੇ ਮੁਕਾਬਲਿਆਂ ਵਿੱਚ ਜਗਤਪੁਰ ਦੀ ਟੀਮ ਨੇ ਰੋਪੜ ਦੀ ਟੀਮ ਨੂੰ 15-11 ਦੇ ਫਰਕ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ। ਦੂਜੇ ਮੁਕਾਬਲੇ ਵਿੱਚ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੂੰ ਪਠਾਨਕੋਟ ਨੇ 12-06 ਦੇ ਵੱਡੇ ਫਰਕ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਤੀਜੇ ਮੁਕਾਬਲੇ ਵਿੱਚ ਮੋਗਾ ਦੀ ਟੀਮ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਟੀਮ ਨੂੰ 17-06 ਦੇ ਫਰਕ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਬਣਾਈ। ਲੰਮੀ ਛਾਲ ਓਪਨ (ਲੜਕੇ) ਦੇ ਮੁਕਾਬਲਿਆਂ ‘ਚ ਅਭਿਨਾਸ ਨੇ ਪਹਿਲਾ, ਜਗਰੂਪ ਸਿੰਘ ਨੇ ਦੂਜਾ, ਨਰਿੰਦਰ ਨੇ ਤੀਜਾ ਸਥਾਨ ਹਾਸਲ ਕੀਤਾ। ਲੰਮੀ ਛਾਲ ਓਪਨ (ਲੜਕੀਆਂ) ‘ਚ ਸਿਮਰਨ ਨੇ ਪਹਿਲਾ, ਹਰਲੀਨ ਨੇ ਦੂਜਾ, ਡੌਲੀ ਨੇ ਤੀਜਾ ਸਥਾਨ ਲਿਆ। ਸਾਟਪੁੱਟ ਓਪਨ (ਲੜਕੇ) ਦੇ ਮੁਕਾਬਲਿਆਂ ‘ਚ ਧਨਵੀਰ ਸਿੰਘ ਨੇ ਪਹਿਲਾ, ਵਤਨਪ੍ਰੀਤ ਸਿੰਘ ਨੇ ਦੂਜਾ, ਦਿਲਜਾਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਾਰਪੁੱਟ ਓਪਨ (ਲੜਕੀਆਂ) ਜੈਸਮੀਨ ਕੌਰ ਨੇ ਪਹਿਲਾ, ਹਰਮਨਦੀਪ ਕੌਰ ਨੇ ਦੂਜਾ, ਕ੍ਰਿਤਿਕਾ ਗੋਰ ਨੇ ਤੀਜਾ ਸਥਾਨ ਲਿਆ। 100 ਮੀਟਰ ਲੜਕਿਆਂ ਦੀਆਂ ਦੌੜਾਂ ਵਿੱਚ ਹਰਜੀਤ ਸਿੰਘ ਨੇ ਪਹਿਲਾ, ਆਦੇਸ ਗਰਸਾ ਨੇ ਦੂਜਾ, ਰਮਨਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਲੜਕੀਆਂ ਦੀਆਂ ਦੌੜਾਂ ਵਿੱਚ ਸਿਮਰਨਜੀਤ ਕੌਰ ਨੇ ਪਹਿਲਾ, ਸੁਖਵੀਰ ਕੌਰ ਨੇ ਦੂਜਾ ਅਤੇ ਸਿਮਰਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਅੱਜ ਇਸ ਤੋਂ ਇਲਾਵਾ ਬੈਲਗੱਡੀਆਂ ਦੀਆਂ ਦੌੜਾਂ, ਬੁਲੇਟ ਮੋਟਰਸਾਈਕਲ ਤੇ ਕਰਤੱਵ ਅਤੇ ਵੱਖ ਵੱਖ ਖੇਡਾਂ ਦੇ ਕਰਤੱਵ ਕੀਤੇ ਗਏ। ਅੱਜ ਦੀਆਂ ਖੇਡਾਂ ਸਮਾਪਤ ਹੋਣ ਤੋਂ ਬਾਅਦ ਪੰਜਾਬ ਦੇ ਉੱਘੇ ਗਾਇਕ ਹਰਜੀਤ ਹਰਮਨ ਵੱਲੋਂ ਆਪਣੀ ਗਾਇਕੀ ਰਾਹੀਂ ਖੇਡ ਪ੍ਰੇਮੀਆਂ ਦਾ ਮੰਨੋਰੰਜਨ ਕੀਤਾ ਗਿਆ। ਇਸ ਮੌਕੇ ‘ਤੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਮਰਜੀਤ ਬੈਂਸ, ਐਸ.ਡੀ.ਐਮ ਲੁਧਿਆਣਾ ਪੂਰਬੀ ਜਸਲੀਨ ਕੌਰ ਭੁੱਲਰ, ਐਸ.ਡੀ.ਐਮ ਉਪਿੰਦਰਜੀਤ ਕੌਰ ਬਰਾੜ, ਸਹਾਇਕ ਕਮਿਸ਼ਨਰ ਡਾ. ਪ੍ਰਗਤੀ ਵਰਮਾ, ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ, ਐਸਡੀਐਮ ਉਪਿੰਦਰਜੀਤ ਕੌਰ, ਨਵਨੀਤ ਜੋਸ਼ੀ ਅਤੇ ਹੋਰ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਵਿੱਚ ਦਰਸ਼ਕ ਸ਼ਾਮਲ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ
Next articleਕੇਸੀ ਸਕੂਲ ਦੇ 31 ਵਿਦਿਆਰਥੀ ਟੀਚਰਾਂ ਦਾ ਅਸ਼ੀਰਵਾਦ ਲੈ ਕੇ ਪੇਪਰ ਪਾਉਣ ਗਏ