ਸੱਤਵੀਂ ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ ਦੇ ਐਂਟਰੀ ਫਾਰਮ 31 ਜੁਲਾਈ ਤੱਕ ਜਮਾਂ ਹੋਣਗੇ
ਸੰਗਰੂਰ (ਸਮਾਜ ਵੀਕਲੀ) ਲੋਕਾਂ ਦਾ ਸੋਚਣਢੰਗ ਵਿਗਿਆਨਕ ਬਣਾਉਣ ਲਈ ਯਤਨਸ਼ੀਲ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੇ ਆਗੂਆਂ ਮਾਸਟਰ ਗੁਰਜੰਟ ਸਿੰਘ ,ਗੁਰਦੀਪ ਸਿੰਘ ਲਹਿਰਾ,ਮਨਧੀਰ ਸਿੰਘ ਤੇ ਦਵਿੰਦਰ ਕੌਰ ਆਧਾਰਿਤ ਤਰਕਸ਼ੀਲ ਟੀਮ ਵੱਲੋਂ ਵਿਦਿਆਰਥੀਆਂ ਅੰਦਰ ਵਿਗਿਆਨਕ ਚੇਤਨਾ ਵਿਕਸਤ ਕਰਨ ਹਿੱਤ ਚਲਾਈ ਮੁਹਿੰਮ ਦੀ ਲੜੀ ਵਿੱਚ ਅਜ ਸਥਾਨਕ ਆਦਰਸ਼ (ਮਾਡਲ) ਸੀਨੀਅਰ ਸੈਕੰਡਰੀ ਸਕੂਲ ਵਿਖੇ ਇਕ ਸਿਖਿਆਦਾਇਕ , ਤਰਕਸ਼ੀਲ ਪਰੋਗਰਾਮ ਦਿੱਤਾ । ਸ਼ੁਭ ਲਤਾ ਮੈਡਮ ਨੇ ਤਰਕਸ਼ੀਲ ਟੀਮ ਦਾ ਸਵਾਗਤ ਕਰਦਿਆਂ, ਤਰਕਸ਼ੀਲਤਾ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਤਰਕਸ਼ੀਲ ਆਗੂਆਂ ਨੇ ਹਾਜ਼ਰੀਨ ਨੂੰ ਅੰਧਵਿਸ਼ਵਾਸ਼ਾਂ,ਵਹਿਮਾਂ ਭਰਮਾਂ, ਲਾਈਲਗਤਾ ਤੇ ਰੂੜੀਵਾਦੀ ਵਿਚਾਰਾਂ ਦੇ ਹਨੇਰੇ ਵਿਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੀ ਰੋਸ਼ਨੀ ਵਿੱਚ ਆਉਣ ਦਾ ਸੁਨੇਹਾ ਦਿੱਤਾ।ਉਨ੍ਹਾਂ ਵਿਦਿਆਰਥੀਆਂ ਨੂੰ ਹਿੰਮਤ, ਲਗਨ ,ਲਗਾਤਾਰਤਾ ਦੇ ਨਾਲ ਕੀ,ਕਿਉਂ ਕਿਵੇਂ ਆਦਿ ਗੁਣ ਜਿਹੜੇ ਹਰ ਵਰਤਾਰੇ ਦੀ ਸਚਾਈ ਦੀ ਤਹਿ ਤੱਕ ਜਾਣ ਲਈ ਜਰੂਰੀ ਹੁੰਦੇ ਹਨ, ਅਪਨਾਉਣ ਦਾ ਭਾਵਪੂਰਤ ਸੁਨੇਹਾ ਦਿੱਤਾ। ਇਸ ਮੌਕੇ ਉਨ੍ਹਾਂ ਸੱਤਵੀਂ ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਪ੍ਰੀਖਿਆ ਸਾਰੇ ਪੰਜਾਬ ਵਿੱਚ 29 ਤੇ 31 ਅਗਸਤ ਨੂੰ ਹੋਵੇਗੀ ਤੇ ਇਸ ਪ੍ਰੀਖਿਆ ਵਿੱਚ ਛੇਵੀਂ ਤੋਂ ਬਾਰ੍ਹਵੀਂ ਤਕ ਦੇ ਵਿਦਿਆਰਥੀ ਸ਼ਾਮਿਲ ਹੋਣਗੇ। ਸੂਬਾ,ਜੋਨ ਤੇ ਇਕਾਈ ਪੱਧਰੀ ਕਲਾਸ ਵਾਇਜ਼ ਮੈਰਿਟ ਬਣੇਗੀ। ਹਰ ਕਲਾਸ ਵਿੱਚ ਪਹਿਲੇ ਤਿੰਨ ਸਥਾਨਾਂ ਤੇ ਆਉਣ ਵਾਲੇ ਵਿਦਿਆਰਥੀ ਸੂਬਾ ਪੱਧਰੀ ਮੈਰਿਟ ਵਿੱਚ ਹੋਣਗੇ, ਤੇ ਉਨ੍ਹਾਂ ਨੂੰ 1500/- ਰੁਪਏ ਨਕਦ ਇਨਾਮ, ਵਿਗਿਆਨਕ ਵਿਚਾਰਾਂ ਦੀ ਪੁਸਤਕਾਂ,ਪੜ੍ਹਨ ਸਮੱਗਰੀ ਤੇ ਮੈਰਿਟ ਸਰਟੀਫਿਕੇਟ ਨਾਲ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਕਰਕੇ ਸਨਮਾਨਿਤ ਕੀਤਾ ਜਾਵੇਗਾ। ਇਸੇ ਤਰ੍ਹਾਂ ਜੋਨ ਤੇ ਇਕਾਈ ਪੱਧਰੀ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਵਧੀਆ ਪੜ੍ਹਨ ਸਮੱਗਰੀ ਤੇ ਮੈਰਿਟ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਸਮੇਂ ਤਰਕਸ਼ੀਲਾਂ ਵੱਲੋਂ ਵਿਦਿਆਰਥੀਆਂ ਨੂੰ ਪ੍ਰੀਖਿਆ ਸਿਲੇਬਸ ਪੁਸਤਕਾਂ ਵੰਡੀਆਂ ਗਈਆਂ। ਆਗੂਆਂ ਦੱਸਿਆ ਕਿ ਐਂਟਰੀ ਫਾਰਮ ਪ੍ਰਾਪਤ ਕਰਨ ਦੀ ਅੰਤਮ ਮਿਤੀ 31 ਜੁਲਾਈ ਹੈ ਪ੍ਰਿੰਸੀਪਲ ਜੋਗਾ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਆਪਣੀ ਸੋਚ ਵਿਗਿਆਨਕ ਬਣਾਉਣ ਦਾ ਸੁਨੇਹਾ ਦਿੰਦਿਆਂ ਤਰਕਸ਼ੀਲ ਸੁਸਾਇਟੀ ਦੇ ਆਗੂਆਂ ਦਾ ਧੰਨਵਾਦ ਕੀਤਾ ਤੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਚੇਤਨਾ ਪਰਖ਼ ਪ੍ਰੀਖਿਆ ਵਿੱਚ ਸ਼ਮੂਲੀਅਤ ਕਰਵਾਉਣ ਦਾ ਵਿਸ਼ਵਾਸ ਦਵਾਇਆ । ਇਸ ਸਮਾਗਮ ਵਿੱਚ ਉਪਰੋਕਤ ਤੋਂ ਇਲਾਵਾ ਕੁਲਬੀਰ ਸਿੰਘ, , ਸ਼ੁਭ ਲਤਾ, ਰੁੱਚੀ ਡੋਗਰਾ, ਮਨਜੀਤ ਕੌਰ, ਪਰਵਿੰਦਰ ਕੌਰ,ਗੁਰਵੀਰ ਸਿੰਘ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ।ਮਾਸਟਰ ਪਰਮਵੇਦ
ਜੋਨ ਜਥੇਬੰਦਕ ਮੁਖੀ ਤਰਕਸ਼ੀਲ ਸੁਸਾਇਟੀ ਪੰਜਾਬ
9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



