ਮਜੀਠੀਆ ਖ਼ਿਲਾਫ਼ ਕੋਈ ਸਬੂਤ ਮਿਲਿਆ ਤਾਂ ਸਿਆਸਤ ਛੱਡ ਦਿਆਂਗਾ: ਸੁਖਬੀਰ

ਲੁਧਿਆਣਾ (ਸਮਾਜ ਵੀਕਲੀ):  ਪੰਜਾਬ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਕਰਨ ਲੁਧਿਆਣਾ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਨਸ਼ਿਆਂ ਦੇ ਕੇਸ ਵਿੱਚ ਕੋਈ ਸਬੂਤ ਮਿਲਦਾ ਹੈ ਤਾਂ ਉਹ ਸਿਆਸਤ ਛੱਡ ਦੇਣਗੇ। ਸੁਖਬੀਰ ਨੇ ਇਸ ਸਾਰੇ ਮਾਮਲੇ ਪਿੱਛੇ ਡੀਜੀਪੀ ਸਿਧਾਰਥ ਚਟੋਪਾਧਿਆਏ ਨੂੰ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਪੈਸੇ ਲੈਣ ਸਬੰਧੀ ਇੱਕ ਆਡੀਓ ਲੀਕ ਹੋਈ ਹੈ। ਉਨ੍ਹਾਂ ਨੂੰ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਸੱਚ ਸਾਹਮਣੇ ਆ ਸਕੇ। ਉਨ੍ਹਾਂ ਦਾਅਵਾ ਕੀਤਾ ਕਿ ਡੀਜੀਪੀ ਸਿਧਾਰਥ ਚਟੋਪਾਧਿਆਏ ਦਾ ਨਾਂ ਡਰੱਗ ਮਾਮਲੇ ’ਚ ਵੀ ਸ਼ਾਮਲ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਚਟੋਪਾਧਿਆਏ ਦੀ ਗ੍ਰਿਫ਼ਤਾਰੀ ਹੁੰਦੀ ਹੈ ਤਾਂ ਸਾਰੀਆਂ ਗੱਲਾਂ ਸਾਹਮਣੇ ਆ ਜਾਣਗੀਆਂ ਕਿ ਕਿਵੇਂ ਡੀਜੀਪੀ, ਚਰਨਜੀਤ ਚੰਨੀ ਨੂੰ ਰੇਤ ਮਾਫ਼ੀਆ ਤੋਂ ਕੰਮ ਕਰਵਾ ਕੇ ਦਿੰਦੇ ਰਹੇ ਹਨ।

ਸੁਖਬੀਰ ਨੇ ਕਿਹਾ ਕਿ ਚੰਨੀ ਦੇ ਰੇਤ ਮਾਫ਼ੀਆ ਨਾਲ ਸਬੰਧਾਂ ਦੇ ਸਟਿੰਗ ਸਾਹਮਣੇ ਆਏ ਹਨ ਤੇ ਅੱਗੇ ਵੀ ਆਉਂਦੇ ਹੀ ਰਹਿਣਗੇ। ਉਨ੍ਹਾਂ ਕਿਹਾ ਕਿ ਚੰਨੀ ਦੇ ਰਿਸ਼ਤੇਦਾਰ ਘਰੋਂ ਪੈਸੇ ਮਿਲੇ ਹਨ। ਉਨ੍ਹਾਂ ’ਤੇ ਅਪਰਾਧਿਕ ਕੇਸ ਦਰਜ ਹੈ ਪਰ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਇਸੇ ਤਰ੍ਹਾਂ ਮਾਨਸਾ ਤੋਂ ਕਾਂਗਰਸੀ ਉਮੀਦਵਾਰ ਸਿੱਧੂ ਮੂਸੇਵਾਲਾ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਵੀ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਹਨ ਪਰ ਉਨ੍ਹਾਂ ਦੀ ਵੀ ਗ੍ਰਿਫ਼ਤਾਰੀ ਨਹੀਂ ਹੋਈ। ਕਾਰਨ ਇਹ ਹੈ ਕਿ ਇਹ ਸਾਰੇ ਇੱਕ-ਦੂਸਰੇ ਨਾਲ ਮਿਲੇ ਹੋਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਆਗੂ ਮਜੀਠੀਆ ਖ਼ਿਲਾਫ਼ ਯੋਜਨਾ ਬਣਾ ਕੇ ਰਾਜਸੀ ਬਦਲਾਖੋਰੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਅਕਾਲੀ ਦਲ-ਬਸਪਾ ਦੀ ਸਰਕਾਰ ਆਉਣ ’ਤੇ ਹਾਈ ਕੋਰਟ ਦੇ ਜੱਜ ਦੀ ਅਗਵਾਈ ਹੇਠ ਕਮਿਸ਼ਨ ਬਿਠਾਇਆ ਜਾਵੇਗਾ ਤੇ ਸਾਰੇ ਮਾਮਲੇ ਰੱਦ ਕੀਤੇ ਜਾਣਗੇ। ਪਾਰਟੀ ਪ੍ਰਧਾਨ ਨੇ ਕਿਹਾ ਕਿ ਪੰਜਾਬ ਵਿੱਚ ਹੋ ਰਹੀਆਂ ਬੇਅਦਬੀਆਂ ਦਾ ਸਿੱਧਾ ਫਾਇਦਾ ਕਾਂਗਰਸ ਨੂੰ ਹੋਇਆ ਹੈ।

ਸੁਖਬੀਰ ਹੀ ਹੋਣਗੇ ਅਕਾਲੀ-ਬਸਪਾ ਲਈ ਮੁੱਖ ਮੰਤਰੀ ਦਾ ਚਿਹਰਾ: ਗਰੇਵਾਲ

ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਬੁਲਾਰੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਮੁੱਖ ਮੰਤਰੀ ਦੇ ਚਿਹਰੇ ਲਈ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਵਿੱਚ ਬਸਪਾ ਪੰਜਾਬ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਵੀ ਸ਼ਾਮਲ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੇਅਦਬੀ ਮਾਮਲਾ: ਕਾਲੀ ਮਾਤਾ ਮੰਦਰ ਪਹੁੰਚੇ ਭਗਵੰਤ ਮਾਨ
Next articleCouple behind India’s indigenous Covid vaccine gets Padma Bhushan