ਹਾਸ ਵਿਅੰਗ

ਅਮਰਜੀਤ ਸਿੰਘ ਫ਼ੌਜੀ
ਤਾਏ ਦੇ ਇੰਡੀਕੇਟਰ 
(ਸਮਾਜ ਵੀਕਲੀ) ਨੱਬਿਆਂ ਬੰਨਵਿਆਂ ਨੂੰ ਢੁੱਕੇ ਤਾਏ ਬਚਨ ਸਿਉਂ ਨੂੰ ਅਚਾਨਕ ਸਾਹ ਲੈਣ ਵਿੱਚ ਮੁਸ਼ਕਲ ਆਉਣ ਲੱਗੀ” ਸਾਰਾ ਪਰਿਵਾਰ ਫਿਕਰਾਂ ਵਿੱਚ ਪੈ ਗਿਆ”  ਜਲਦੀ ਜਲਦੀ ਉਨ੍ਹਾਂ ਦੇ ਬੇਟੇ ਸੀਤੇ ਸੁਰਜੀਤ ਸਿਹੁੰ ਨੂੰ ਖੇਤੋਂ ਫ਼ੋਨ ਕਰਕੇ ਸੱਦਿਆ ਕਿ ਬਾਪੂ ਨੂੰ ਸਾਹ ਲੈਣ ਵਿੱਚ ਤਕਲੀਫ ਹੈ ਜਲਦੀ ਘਰ ਆਓ ਅਤੇ ਸਕੂਲ ਵਿੱਚ ਮਾਸਟਰ ਲੱਗਿਆ ਛੋਟਾ ਬੇਟਾ ਹਰਜੀਤ ਵੀ ਸਕੂਲੋਂ ਛੁੱਟੀ ਲੈ ਕੇ ਛੇਤੀ ਛੇਤੀ ਘਰ ਆ ਗਿਆ ਅਤੇ ਦੋਵੇਂ ਭਰਾ ਬਚਨ ਸਿਉਂ  ਨੂੰ ਹਸਪਤਾਲ ਲੈ ਗਏ।, ਉਨ੍ਹਾਂ ਦੇ ਗਵਾਂਢੀ ਬਿੰਦਰ ਨੂੰ ਜਦੋਂ ਆਥਣੇ ਜਿਹੇ ਪਤਾ ਲੱਗਾ ਕਿ ਤਾਏ ਬਚਨੇ ਨੂੰ ਜ਼ਿਆਦਾ ਢਿੱਲਾ ਹੋਣ ਕਰਕੇ ਹਸਪਤਾਲ ਲੈ ਕੇ ਗਏ ਹਨ ਤਾਂ ਬਿੰਦਰ ਉਸੇ ਵੇਲੇ ਹੀ ਤਾਏ ਕੇ ਘਰ ਵੱਲ ਨੂੰ ਹੋ ਤੁਰਿਆ ਅਤੇ ਗੇਟ ਵਿੱਚ ਜਾ ਕੇ ਅਵਾਜ ਮਾਰੀ” ਓ ਭਾਈ ਹੈ ਕੋਈ ਘਰੇ?” ਤਾਂ ਅੱਗਿਓਂ ਤਾਈ ਹਰ ਕੁਰ ਨੇ ਅਵਾਜ਼ ਦਿੱਤੀ “ਆਜੋ ਆਜੋ ਭਾਈ ਕੌਣ ਐਂ” ਮੈਂ ਬਿੰਦਰ ਐਂ ਤਾਈ “ਆ ਜਾ ਪੁੱਤ ਬਹਿ ਜਾ ਤਾਈ ਨੇ ਮੰਜੇ ਦੇ ਪੈਂਦ ਵਾਲੇ ਪਾਸੇ ਤੋਂ ਕੱਪੜਾ ਜਿਹਾ ਚੱਕਦੀ ਨੇ ਕਿਹਾ” ਬਿੰਦਰ ਨੇ ਮੰਜੇ ਦੀ ਬਾਹੀ ਤੇ ਬਹਿਣ ਸਾਰ ਹੀ ਪੁੱਛਿਆ”ਤਾਈ ਕੀ ਗੱਲ ਹੋ ਗਈ ਤਾਏ ਨੂੰ ਮੈਂ ਸੁਣਿਐ ਅਚਾਨਕ ਈ ਬੀਮਾਰ ਹੋ ਗਿਆ”ਹਾਂ ਭਾਈ ਕੀ ਦੱਸਾਂ ਚੰਗਾ ਭਲਾ ਸਵੇਰੇ ਰੋਟੀ ਖਾ ਕੇ ਹੱਟਿਐ ਫੇਰ ਕਹਿੰਦਾ ਘੁੱਟ ਚਾਹ ਕਰ ਦਿਓ ਸਿਰ ਜਾ ਦੁੱਖੀ ਜਾਂਦੈ ਨਾਲ਼ੇ ਸਾਹ ਜਾ ਔਖਾ ਆਉਂਦੈ, ਭਾਈ ਓਸੇ ਵੇਲੇ ਬਹੂ ਚਾਹ ਕਰਕੇ ਫੜਾਉਣ ਗਈ ਤਾਂ ਉਹਨੇ ਦੇਖਿਆ ਤੇਰਾ ਤਾਇਆ ਤਾਂ ਭਾਈ ਬਾਹਲ਼ਾ ਔਖਾ ਹੋਈ ਜਾਵੇ ਸਾਹ ਨਾ ਆਵੇ ਫੇਰ ਦਵਾ ਦਵ ਬਹੂ ਨੇ ਫ਼ੋਨ ਲਾਇਆ ਸੀਤੇ ਨੂੰ ਨਾਲ਼ੇ ਹਰਜੀਤ ਨੂੰ ਉਹ ਆ ਕੇ ਛੇਤੀ ਛੇਤੀ ਹਸਪਤਾਲ ਲੈ ਗਏ ਤਾਈ ਨੇ ਇਕੋ ਸਾਹੇ ਹੀ ਸਾਰੀ ਵਿਥਿਆ ਸੁਣਾ ਛੱਡੀ “ਤੇ ਤਾਈ ਹੁਣ ਕਿਵੇਂ ਐਂ ਤਾਇਆ ਬਿੰਦਰ ਨੇ ਫੇਰ ਪੁੱਛਿਆ ਕੋਈ ਫ਼ੋਨ ਫਾਨ ਆਇਐ ਹਸਪਤਾਲੋਂ” ਹੁਣ ਤਾਂ ਭਾਈ ਬਿੰਦਰਾ ਫਰਕ ਐ ਤੇਰੇ ਤਾਏ ਨੂੰ” ਹਸਪਤਾਲ ਵਾਲਿਆਂ ਨੇ ਜਾਣ ਸਾਰ ਤੇਰੇ ਤਾਏ ਦੇ ਇੰਡੀਕੇਟਰ ਲਾ ਤਾ ਸੀ ਉਹਦੇ ਨਾਲ ਜਾਨ ਬਚ ਗਈ ਨਹੀਂ ਤਾਂ ਜਾਹ ਜਾਂਦੀ ਹੋ ਜਾਣੀ ਸੀ। ਬਿੰਦਰ ਹੈਰਾਨ ਜਿਹਾ ਹੋ ਕੇ ਪੁੱਛਣ ਹੀ ਲੱਗਾ ਸੀ ਕਿ ਇੰਡੀਕੇਟਰ ਦਾ ਕੀ ਸਬੰਧ ਹੈ ਬੀਮਾਰੀ ਨਾਲ ਇੰਡੀਕੇਟਰ ਤਾਂ ਗੱਡੀਆਂ ਮੋਟਰਾਂ, ਮੋਟਰਸਾਈਕਲਾਂ ਤੇ ਲਾਏ ਜਾਂਦੇ ਹਨ ਇਸ਼ਾਰਾ ਕਰਨ ਲਈ”ਏਨੇ ਨੂੰ ਤਾਈ ਹਰ ਕੁਰ ਦੀ ਛੋਟੀ ਨੂੰਹ ਸੁਖਵੀਰ  ਬਿੰਦਰ ਵਾਸਤੇ ਪਾਣੀ ਦਾ ਗਲਾਸ ਅਤੇ ਗੜਵੀ ਵਿੱਚ ਚਾਹ ਲੈ ਕੇ ਆ ਗਈ ਉਹ ਦੂਰੋਂ ਹੀ ਬੋਲੀ” ਬਾਈ ਜੀ ਬਾਪੂ ਜੀ ਦੇ ਇੰਡੀਕੇਟਰ ਨਹੀਂ ਉਨ੍ਹਾਂ ਨੂੰ ਵੈਂਟੀਲੇਟਰ ਲਾਇਐ ਅਤੇ ਬਿੰਦਰ ਨੂੰ ਪਾਣੀ ਦਾ ਗਿਲਾਸ ਫੜਾਉਦੀ ਹੋਈ ਆਪਣੀ ਸੱਸ ਹਰ ਕੁਰ ਨੂੰ ਸੰਬੋਧਨ ਹੋ ਕੇ ਕਹਿਣ ਲੱਗੀ” ਬੇਬੇ ਜੀ ਇੰਡੀਕੇਟਰ ਨਹੀਂ ਵੈਂਟੀਲੇਟਰ ਹੁੰਦੈ ਜਿਹਦੇ ਨਾਲ ਮਰੀਜ਼ ਨੂੰ ਸਾਹ ਸੌਖਾ ਆਉਂਣ ਲੱਗ ਜਾਂਦੈ”ਅਤੇ ਸੁਖਵੀਰ ਤੇ ਬਿੰਦਰ ਹੱਸਣ ਲੱਗ ਪਏ ਤਾਂ ਤਾਈ ਕਹਿੰਦੀ”ਓ ਭਾਈ ਜਿਹੜਾ ਮਰਜ਼ੀ ਵਲੇਟਰ ਹੋਵੇ ਕੇਰਾਂ ਤੇਰੇ ਬਾਪੂ ਨੂੰ ਤੰਦਰੁਸਤ ਕਰਕੇ ਘਰ ਭੇਜ ਦੇਵੇ ਮੈਨੂੰ ਤਾਂ ਚਿੰਤਾ ਵੱਢ ਵੱਢ ਖਾਈ ਜਾਂਦੀ ਐ।
ਅਮਰਜੀਤ ਸਿੰਘ ਫ਼ੌਜੀ
ਪਿੰਡ ਦੀਨਾ ਸਾਹਿਬ
ਜ਼ਿਲ੍ਹਾ ਮੋਗਾ ਪੰਜਾਬ
95011-27033
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
Previous articleलोहे की कलम से पत्थरों पर लिखा हुआ महान सम्राट अशोक का गौरवशाली इतिहास
Next articleਜਾਦੂਗਰ ਤੇ ਨਗਰੀ – ਡਾ਼ ਮੇਹਰ ਮਾਣਕ