ਮੇਰਾ ਪੰਜਾਬ ’ਚ ਚੋਣਾਂ ਲੜਨ ਦਾ ਕੋਈ ਇਰਾਦਾ ਨਹੀਂ: ਚੜੂਨੀ

ਡੇਰਾ ਬਾਬਾ ਨਾਨਕ/ਬਟਾਲਾ (ਸਮਾਜ ਵੀਕਲੀ): ਸੰਯੁਕਤ ਕਿਸਾਨ ਮੋਰਚਾ ਦੇ ਆਗੂ ਅਤੇ ਮਾਝਾ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਹੇਠ ਅੱਜ ਕਿਸਾਨਾਂ ਦਾ ਵੱਡਾ ਕਾਫਲਾ ਡੇਰਾ ਬਾਬਾ ਨਾਨਕ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਅਤੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਮਗਰੋਂ ਕੱਢੀ ਗਈ ਜਾਗੋ ਰੈਲੀ ਤਹਿਤ ਦਿੱਲੀ ਦੇ ਕੁੰਡਲੀ ਬਾਰਡਰ ਲਈ ਰਵਾਨਾ ਹੋਇਆ| ਇਸ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਦੇ ਵੱਡੀ ਗਿਣਤੀ ਨੌਜਵਾਨਾਂ ਤੇ ਕਿਸਾਨਾਂ ਨੇ ਆਪਣੇ ਵਾਹਨਾਂ ਰਾਹੀਂ ਸ੍ਰੀ ਚੜੂਨੀ ਦੀ ਅਗਵਾਈ ਹੇਠ ਦਿੱਲੀ ਵੱਲ ਚਾਲੇ ਪਾਏ|

ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਚੜੂਨੀ ਨੇ ਕਿਹਾ ਕਿ ਉਨ੍ਹਾਂ ਦਾ ਪੰਜਾਬ ਵਿੱਚ ਚੋਣਾਂ ਲੜਨ ਦਾ ਕੋਈ ਇਰਾਦਾ ਨਹੀਂ ਹੈ, ਸਗੋਂ ਉਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਆਖਿਆ ਕਿ ਉਹ ਅੱਗੇ ਲੱਗਣ ਕਿਉਂਕਿ  ਪੰਜਾਬ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਿਵਸਥਾ ਬਦਲਣ ਦੀ ਲੋੜ ਹੈ। ਉਨ੍ਹਾਂ ਸਪੱਸ਼ਟ ਕੀਤਾ, ‘‘ਨਾ ਤਾਂ ਮੈਂ ਕੋਈ ਸਿਆਸੀ ਪਾਰਟੀ ਬਣਾ ਰਿਹਾ ਹਾਂ ਤੇ ਨਾ ਹੀ ਚੋਣ ਲੜ ਰਿਹਾ ਹਾਂ। ਪਿਛਲੇ ਦਿਨੀਂ ਮੈਂ ਜੋ ਵੀ ਕਿਹਾ ਉਹ ਸਿਰਫ ਮੇਰੇ ਵਿਚਾਰ ਸਨ ਨਾ ਕਿ ਫੈਸਲਾ।’’ ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਸਿਰਫ ਇਹ ਕਿਹਾ ਸੀ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਲੋਕਾਂ ਨੂੰ ਮਿਲ ਕੇ ਸੋਚਣਾ ਚਾਹੀਦਾ ਹੈ ਕਿ ਕੀ ਉਨ੍ਹਾਂ ਕੋਲ ਕੋਈ ਹੋਰ ਬਦਲ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਇਕੱਠਾ ਹੋ ਕੇ ਮੌਜੂਦਾ ਹਾਲਾਤ ਨੂੰ ਬਦਲਣਾ ਚਾਹੀਦਾ ਹੈ।

ਇਸ ਮੌਕੇ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੇ ਜਨਰਲ ਸਕੱਤਰ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਬਾਜਵਾ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸ੍ਰੀ ਚੜੂਨੀ ਨੂੰ ਗੁਰਦੁਆਰਾ ਡੇਰਾ ਸਾਹਿਬ ਵਿਖੇ ਸਨਮਾਨਿਤ ਕੀਤਾ ਗਿਆ। ਸ੍ਰੀ ਚੜੂਨੀ ਨੇ ਆਖਿਆ ਕਿ ਕੇਂਦਰ ਸਰਕਾਰ ਕਿਸਾਨਾਂ ’ਤੇ ਮਾਨਸਿਕ ਤੇ ਆਰਥਿਕ ਤੌਰ ’ਤੇ ਜਿੰਨਾ ਮਰਜੀ ਤਸ਼ੱਦਦ ਕਰ ਲਵੇ ਪਰ ਕਿਸਾਨ ਤਿੰਨੋਂ ਨਵੇਂ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਘਰਾਂ ਨੂੰ ਪਰਤਣਗੇ। ਉਨ੍ਹਾਂ ਕਿਹਾ ਕਿ ਵੱਖ-ਵੱਖ ਥਾਵਾਂ ਤੋਂ ਕਾਫ਼ਲੇ ਲਿਜਾਣ ਦਾ ਮਕਸਦ ਕੇਂਦਰ ਸਰਕਾਰ ਨੂੰ ਇਹ ਦੱਸਣਾ ਹੈ ਕਿ ਕਿਸਾਨ ਅੰਦੋਲਨ ਵਿੱਚ ਕੋਈ ਕਮੀ ਨਹੀਂ ਆਈ ਹੈ ਤੇ ਨਾ ਹੀ ਕਿਸਾਨਾਂ ਦਾ ਜੋਸ਼ ਘਟਿਆ ਹੈ। ਉਨ੍ਹਾਂ ਕਿਹਾ ਕਿ ਇਹ ਜਥਾ ਕੁੰਡਲੀ ਬਾਰਡਰ ਤੱਕ ਜਾਵੇਗਾ ਤੇ ਅੱਜ ਰਾਤ ਦਾ ਪੜਾਅ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ-ਮਜ਼ਦੂਰਾਂ ਦਾ ਦਿੱਲੀ ਬਾਰਡਰ ਤੱਕ ਜਾਣ ਦਾ ਜੋਸ਼ ਆਉਂਦੇ ਦਿਨਾਂ ਵਿੱਚ ਹੋਰ ਵਧੇਗਾ।

ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਬਾਰੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਸ੍ਰੀ ਚੜੂਨੀ ਨੇ ਕਿਹਾ ਕਿ ਸ੍ਰੀ ਰਾਜੇਵਾਲ ਤੇ ਪੰਜਾਬ ਉਨ੍ਹਾਂ ਦੇ ਵੱਡੇ ਭਰਾ ਹਨ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਕਾਰਜਕਾਲ ਵਿੱਚ ਕਿਸਾਨ, ਮਜ਼ਦੂਰ, ਵਪਾਰੀ ਤੇ ਮੁਲਾਜ਼ਮ ਵਰਗ ਸਾਰੇ ਦੁੱਖੀ ਹਨ। ਉਨ੍ਹਾਂ ਦੱਸਿਆ ਕਿ ਆਉਂਦੇ ਸਮੇਂ ਵਿੱਚ ਭਾਜਪਾ ਨੂੰ ਸ਼ੀਸ਼ਾ ਜ਼ਰੂਰ ਦਿਖਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਜਾਗੋ ਰੈਲੀ ਵਿੱਚ ਪੰਜਾਬੀਆਂ ਨੂੰ ਵਧ-ਚੜ੍ਹ ਕੇ ਸ਼ਮੂਲੀਅਤ ਕਰਨੀ ਚਾਹੀਦੀ ਹੈ ਤਾਂ ਜੋ ਕੇਂਦਰ ਦੀ ਅੰਨ੍ਹੀ ਤੇ ਬੋਲੀ ਸਰਕਾਰ ਨੂੰ ਜਗਾਇਆ ਜਾ ਸਕੇ ਅਤੇ ਮੋਦੀ ਦੀ ਤਾਨਾਸ਼ਾਹੀ ਸਰਕਾਰ ਕਿਸਾਨ ਵਿਰੋਧੀ ਤਿੰਨੋਂ ਕਾਨੂੰਨਾਂ ਨੂੰ ਵਾਪਸ ਲੈਣ ਲਈ ਮਜਬੂਰ ਹੋਵੇ। ਇਸ ਮੌਕੇ ਜਸਬੀਰ ਸਿੰਘ ਘੁੰਮਣ, ਕਿਸਾਨ ਆਗੂ ਬਾਬਾ ਗੁਰਮੇਜ ਸਿੰਘ ਦਾਬਾਂਵਾਲ, ਇੰਜਨੀਅਰ ਸੁਖਦੇਵ ਸਿੰਘ ਧਾਲੀਵਾਲ, ਕਿਸਾਨ ਆਗੂ ਅਜਾਇਬ ਸਿੰਘ ਦਿਓਲ ਆਦਿ ਵੀ ਹਾਜ਼ਰ ਸਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਟੈਨ ਸਵਾਮੀ ਦੀ ਮੌਤ ਲਈ ਕੋਈ ਸਫ਼ਾਈ ਨਹੀਂ ਦਿੱਤੀ ਜਾ ਸਕਦੀ: ਸੰਜੈ ਰਾਊਤ
Next article‘ਤੁਸੀਂ ਆਪਣੇ ਵਿੱਚੋਂ ਚੰਗੇ, ਸਾਫ਼-ਸੁਥਰੇ ਉਮੀਦਵਾਰ ਚੁਣੋ’