ਮੈਂ ਦੇਖ ਰਿਹਾਂ…….

ਗੁਰਦੀਪ ਕੌਰੇਆਣਾ 
(ਸਮਾਜ ਵੀਕਲੀ)
ਕਿਵੇਂ ਰਿਸ਼ਤਿਆਂ ਦੇ ਰੰਗ ਨਿਕਲ ਜਾਂਦੇ ਹਨ।
ਰੰਗ ਲਹੂ ਦਾ ਫਿੱਕਾ ਪੈ ਜਾਵੇ,
ਜਦੋਂ ਪਿਲੱਤਣ ਸਾਹਵੇਂ।
ਕਿਸੇ ਤਸਵੀਰ ਚੋਂ,
ਜਿਵੇਂ ਕੋਈ ਚਿਹਰਾ ਗਾਇਬ ਹੋ ਜਾਵੇ।
ਚੰਦ ਸਿੱਕਿਆਂ ਦੀ ਖਾਤਿਰ,
ਅਸੀਂ ਭੁੱਲਦੇ ਹਾਂ,
ਆਪਣੀਆਂ ਹੀ ਰੂਹਾਂ ਨੂੰ,
ਕੁਚਲਦੇ ਹਾਂ।
ਵੱਡੇ ਹੋਣ ਦਾ ਪਾਖੰਡ ਰਚਦੇ ਹਾਂ।
ਆਪਣੇ ਹੱਕ ਦਰਸਾਉਂਦੇ ਹਾਂ।
ਪਰ ਹਾਰ ਜਾਂਦੇ ਹਾਂ,
ਜਦੋਂ ਕੋਈ ਤੋੜਦਾ ਹੈ,
ਸਾਡਾ ਗਰੂਰ।
ਸਾਡਾ ਪਾਖੰਡ ਵਿੱਚ ਵਧਾਇਆ ਹੱਥ,
ਝਟਕ ਦਿੰਦਾ ਹੈ।
ਤੇ ਲਾਹ ਕੇ ਪਾਖੰਡ ਦਾ ਲਬਾਦਾ,
ਨੰਗਾ ਕਰ ਦਿੰਦਾ ਹੈ,
ਉਹਨਾਂ ਸਾਹਮਣੇ।
ਜਿੰਨਾ ਨੂੰ ਵੱਡਾ ਦਿਖਣ ਲਈ,
ਅਸੀਂ ਵੱਡੇ ਬਣੇ ਸੀ ਕਦੇ।
ਬੌਣੇ ਹੋ ਜਾਂਦੇ ਹਾਂ ਅਸੀਂ,
ਤੇ ਨਜ਼ਰਾਂ ਮਿਲਾਉਣ ਦਾ ਹੌਸਲਾ,
ਖੋ ਲੈਂਦੇ ਹਾਂ।
ਕਿਉਂਕਿ ਵੱਡੇ ਬਨਣ ਲਈ ਮੰਗਿਆ ਨਹੀਂ ਜਾਂਦਾ,
ਸਗੋਂ ਤਿਆਗਿਆ ਜਾਂਦਾ ਹੈ,
ਆਪਣਾ ਅਹੰ।
ਗੁਰਦੀਪ ਕੌਰੇਆਣਾ 
Previous articleਚਾਣਕਿਆ ਇੰਟਰਨੈਸ਼ਨਲ ਸਕੂਲ ਵਿਖੇ ਕਰਵਾਈ ਗਈ ਸਲਾਨਾ ਸਪੋਰਟਸ ਮੀਟ
Next articleਅਰਜ਼