“ਬੇਟੀ ਬਚਾਓ, ਬੇਟੀ ਪੜ੍ਹਓ”

ਪ੍ਰਭਜੋਤ ਕੌਰ ਢਿੱਲੋਂ ਮੁਹਾਲੀ

ਇਸ ਸਲੋਗਨ ਨੂੰ ਸਿਆਸਤਦਾਨਾਂ ਨੇ ਬਹੁਤ ਵਰਤਿਆ ਹੈ।ਵਰਤਿਆ ਮੈਂ ਇਸ ਕਰਕੇ ਕਹਿ ਰਹੀ ਹਾਂ ਕਿਉਂਕਿ ਬੇਟੀਆਂ ਕਿੱਧਰੇ ਵੀ ਸੁਰੱਖਿਅਤ ਨਹੀਂ ਹਨ।ਬਹੁਤ ਖਬਰਾਂ ਪੜ੍ਹਨ ਅਤੇ ਸੁਣਨ ਨੂੰ ਮਿਲਦੀਆ ਹਨ।ਅਸਲ ਵਿੱਚ ਕਾਨੂੰਨਾਂ ਨੂੰ ਸਹੀ ਢੰਗ ਨਾਲ ਲਾਗੂ ਹੀ ਨਹੀਂ ਕੀਤਾ ਜਾਂਦਾ।ਕਾਨੂੰਨਾਂ ਨੂੰ ਰਬੜ ਵਾਂਗ ਆਪਣੀ ਸੁਵਿਧਾ ਮੁਤਾਬਿਕ ਮਰੋੜ ਲਿਆ ਜਾਂਦਾ ਹੈ।ਕਾਨੂੰਨਾਂ ਵਿੱਚ ਬਹੁਤ ਸਾਰੀਆਂ ਚੋਰ ਮੋਰੀਆਂ (ਸਮਾਜ ਵੀਕਲੀ)

ਹੁੰਦੀਆਂ ਹਨ,ਜਿੰਨਾ ਵਿੱਚੋਂ ਪੈਸੇ ਦੇ ਜ਼ੋਰ ਨਾਲ ਸ਼ਕਤੀਸ਼ਾਲੀ ਲੋਕ ਨਿਕਲ ਜਾਂਦੇ ਹਨ।ਪਿੱਛਲੇ ਦਿਨੀਂ ਅੰਤਰਰਾਸ਼ਟਰੀ ਪੱਧਰ ਦੀਆਂ ਪਹਿਲਵਾਨ ਖਿਡਾਰਨਾਂ ਇਨਸਾਫ਼ ਲਈ ਦਿੱਲੀ ਜੰਤਰ ਮੰਤਰ ਤੇ ਧਰਨੇ ਤੇ ਬੈਠੀਆਂ ਸਨ।ਹੈਰਾਨੀ ਦੀ ਗੱਲ ਹੈ ਕਿ ਕਿਸੇ ਨੇ ਆਕੇ ਉਨ੍ਹਾਂ ਦੀ ਸਮੱਸਿਆ ਸੁਣਨ ਦੀ ਜ਼ਰੂਰਤ ਹੀ ਨਹੀਂ ਸਮਝੀ।ਸਿਆਸਤਦਾਨ ਬਹੁਤ ਸਾਰੀਆਂ ਮਹਿਲਾਵਾਂ ਹਨ,ਜਿੰਨ੍ਹਾਂ ਨੇ ਇਕ ਸ਼ਬਦ ਵੀ ਬੋਲਣ ਦੀ ਜ਼ਰੂਰਤ ਮਹਿਸੂਸ ਨਹੀਂ ਕੀਤੀ।ਇਹ ਉਹ ਲੜਕੀਆਂ ਹਨ ਜਿੰਨ੍ਹਾਂ ਨੇ ਦੇਸ਼ ਲਈ ਤਗਮੇ ਲਿਆਂਦੇ ਹਨ।ਜੇਕਰ ਇਸ ਪੱਧਰ ਦੀਆਂ ਖਿਡਾਰਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਤਾਂ ਹੋਰ ਲੜਕੀਆਂ ਨੂੰ ਕੌਣ ਸੁਣਦਾ ਹੋਏਗਾ।

ਅਸਲ ਵਿੱਚ ਜਦੋਂ ਕਾਨੂੰਨਾਂ ਦੀ ਦੁਰਵਰਤੋਂ ਹੋਣ ਲੱਗ ਜਾਂਦੀ ਹੈ ਤਾਂ ਅਸਲੀ ਪੀੜ੍ਹਤਾਂ ਨੂੰ ਇਨਸਾਫ਼ ਮਿਲ ਹੀ ਨਹੀਂ ਸਕਦਾ।ਪਹਿਲਵਾਨ ਲੜਕੀਆਂ ਨਾਲ ਜਿਵੇਂ ਦੀ ਖਿੱਚ ਧੂਹ ਕੀਤੀ ਗਈ, ਉਹ ਦੇਸ਼ ਦੇ ਸੰਵੇਦਨਸ਼ੀਲ ਲੋਕਾਂ ਨੂੰ ਹਜ਼ਮ ਨਹੀਂ ਹੋਈ।ਬੇਹੱਦ ਸ਼ਰਮਨਾਕ ਹੈ।ਆਪਣੀ ਗੱਲ ਕਹਿਣ ਦਾ ਹੱਕ ਹਰ ਕਿਸੇ ਨੂੰ ਹੈ,ਜੇਕਰ ਕੋਈ ਨਹੀਂ ਸੁਣਦਾ ਤਾਂ ਧਰਨਾ ਲਗਾਉਣ ਦਾ ਹੱਕ ਵੀ ਦੇਸ਼ ਦੇ ਹਰ ਨਾਗਰਿਕ ਨੂੰ ਹੈ।ਖਿਡਾਰੀ ਬਣਨ ਲਈ ਮਿਹਨਤ ਕਰਨੀ ਪੈਂਦੀ ਹੈ।ਇਸ ਪੱਧਰ ਦਾ ਖਿਡਾਰੀ ਬਣਨਾ ਖਾਲਾ ਜੀ ਦਾ ਵਾੜਾ ਨਹੀਂ ਹੈ। ਸਿਆਸਤਦਾਨਾਂ ਵਿੱਚ ਕਦਰ ਕਰਨ ਵਾਲੀ ਸੋਚ ਹੀ ਖਤਮ ਹੋ ਗਈ ਹੈ।ਸਾਬਕਾ ਸੈਨਿਕ ਆਪਣੇ ਹੱਕਾਂ ਲਈ ਬੜੇ ਸਾਂਤਪੂਰਨ ਢੰਗ ਨਾਲ ਧਰਨੇ ਤੇ ਇੱਥੇ ਹੀ ਜੰਤਰ ਮੰਤਰ ਤੇ ਬੈਠੇ ਸਨ।ਉਨ੍ਹਾਂ ਨੂੰ ਉੱਥੋਂ ਉਠਾਉਣ ਲਈ ਵੀ ਇਵੇਂ ਹੀ ਕੀਤਾ ਗਿਆ ਸੀ।

ਮੇਜਰ ਜਨਰਲ ਰੈਂਕ ਦੇ ਰਿਟਾਇਰਡ ਅਫਸਰ ਦੀ ਖਿੱਚ ਧੂਹ ਕੀਤੀ ਗਈ,ਮੈਡਲ ਖਿੱਚੇ ਗਏ।ਇਥੋਂ ਤੱਕ ਕਿ ਸ਼ਹੀਦਾਂ ਦੀਆਂ ਵਿਧਵਾਵਾਂ ਨਾਲ ਵੀ ਖਿੱਚ ਧੂਹ ਕੀਤੀ ਗਈ।ਬਹੁਤ ਸਾਰੇ ਉਹ ਸੈਨਿਕ ਸਨ ਜਿੰਨ੍ਹਾਂ ਨੇ ਦੇਸ਼ ਲਈ ਤਿੰਨ ਲੜਾਈਆਂ ਲੜੀਆਂ ਹੋਈਆਂ ਸਨ। ਇਹ ਮੈਡਲ ਕਿਸੇ ਨੂੰ ਵੀ ਆਰਾਮ ਨਾਲ ਨਹੀਂ ਮਿਲਦੇ।ਸਰਕਾਰਾਂ ਅਤੇ ਪੁਲਿਸ ਪ੍ਰਸ਼ਾਸ਼ਨ ਲੋਕਾਂ ਦੀ ਹਿਫਾਜ਼ਤ ਲਈ ਹੈ।ਹੁਣ ਤਾਂ ਇੰਜ ਮਹਿਸੂਸ ਹੋ ਰਿਹਾ ਹੈ ਜਿਵੇਂ ਵਾੜ ਹੀ ਖੇਤ ਨੂੰ ਖਾਣ ਲੱਗ ਗਈ ਹੈ।ਜੋ ਪਹਿਲਵਾਨ ਕੁੜੀਆਂ ਨਾਲ ਹੋਇਆ,ਇਸ ਤੋਂ ਬਾਅਦ ਮਾਪਿਆਂ ਨੂੰ ਸੋਚਣਾ ਪਵੇਗਾ।ਖਾਪ ਪੰਚਾਇਤਾਂ ਅਤੇ ਹੋਰ ਜਥੇਬੰਦੀਆਂ ਨੇ ਜੋ ਕਦਮ ਚੁੱਕੇ ਹਨ,ਸ਼ਲਾਘਾਯੋਗ ਹਨ।ਇਹ ਹਰ ਧੀ ਲਈ ਲੜਾਈ ਹੈ।ਜੇਕਰ ਇੰਜ ਹੌਸਲੇ ਗਲਤ ਕੰਮ ਕਰਨ ਵਾਲਿਆਂ ਦੇ ਵੱਧਦੇ ਗਏ ਤਾਂ ਕਿਸੇ ਵੇਲੇ ਵੀ ਕਿਸੇ ਦੇ ਘਰ ਦੀ ਦਲਹੀਜ਼ ਮੁਸੀਬਤ ਟੱਪ ਸਕਦੀ ਹੈ।

ਪ੍ਰਭਜੋਤ ਕੌਰ ਢਿੱਲੋਂ

ਮੁਹਾਲੀ ਮੋਬਾਈਲ ਨੰਬਰ ਮੋਬਾਈਲ 9815030221

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਹਿਰੂ ਯੂਵਾ ਕੇਂਦਰ ਦੇ ਸਮਾਰੋਹ ਵਿਚ ਪਹੁੰਚੇ ਸੁਰ ਸਮਰਾਟ ਗਾਇਕ ਦਲਵਿੰਦਰ ਦਿਆਲਪੁਰੀ ਅਤੇ ਪੰਜਾਬੀ ਲੋਕ ਗਾਇਕ ਅਮਰੀਕ ਮਾਇਕਲ ਐਚ. ਐੱਮ. ਵੀ. ਕਾਲਜ ਜਲੰਧਰ।
Next article।। ਸੋਚੋ ਵਿਚਾਰੋ ।।