ਭੁੱਖ

(ਜਸਪਾਲ ਜੱਸੀ)

(ਸਮਾਜ ਵੀਕਲੀ)

ਇੱਕ ਤੋਰ ਇਹ ਵੀ (ਜੇਲ੍ਹ ਜੀਵਨ ‘ਚੋਂ)
ਕਾਂਡ -18 ਵਾਂ
ਜਿਸ ਤਰ੍ਹਾਂ ਮਨੁੱਖ ਇੱਕ ਕਿਸਮ ਦੀ ਦਾਲ ਸਬਜ਼ੀ ਖਾਂਦਾ ਅੱਕ ਜਾਂਦਾ ਹੈ ਓਸੇ ਤਰ੍ਹਾਂ ਹੀ ਕਈ ਵਾਰ ਮਨੁੱਖ ਇੱਕੋ ਤਰ੍ਹਾਂ ਦਾ ਜੀਵਨ ਤੇ ਸਾਰਾ ਸਮਾਂ ਘਰ ਦੀ ਚਾਰ-ਦੀਵਾਰੀ ‘ਚ ਰਹਿਕੇ ਅੱਕ ਜਾਂਦੇ ਹਨ। ਆਪਣੀ ਜ਼ਿੰਦਗੀ ਨੂੰ ਸਾਵਾਂ-ਪੱਧਰਾ ਬਣਾਉਣ ਲਈ ਮਨੁੱਖ ਸੈਰ ਕਰਨ ਜਾਂਦੈ, ਯਾਤਰਾਵਾਂ ਕਰਦੈ, ਕਿਉਂਕਿ ਤਬਦੀਲੀ ਮਨੁੱਖ ਦੀ ਲੋੜ ਹੈ, ਭਾਵੇਂ ਉਹ ਕਿਸੇ ਰੂਪ ‘ਚ ਕਰੇ। ਜੇ ਉਹ ਆਪ ਤਬਦੀਲੀ ਨਾ ਲਿਆਵੇ ਤਾਂ ਕੁਦਰਤ ਕਰ ਦਿੰਦੀ ਹੈ। ਜਿਵੇਂ ਰੁੱਤਾਂ ਬਦਲਦੀਆਂ ਹਨ, ਹਰ ਰੁੱਤ ਦਾ ਆਪਣਾ ਸਵਾਦ ਹੁੰਦੈ, ਓਸੇ ਤਰ੍ਹਾਂ ਹਰੇਕ ਜਗ੍ਹਾ ‘ਤੇ ਤੁਹਾਡੇ ਬਿਤਾਏ ਪਲ ਬਾਅਦ ਵਿਚ ਸੁਆਦ ਦਿੰਦੇ ਹਨ।

ਮਨੁੱਖ ਆਪਣੇ ਖਾਣੇ ਦਾਣੇ, ਪਹਿਨਣ ਪਚਰਨ, ਤੇ ਥਾਵਾਂ ਵਿਚ ਤਬਦੀਲੀਆਂ ਕਰਕੇ ਜ਼ਿੰਦਗੀ ਵਿਚ ਸੁਆਦ ਭਰਨ ਦਾ ਯਤਨ ਕਰਦਾ ਰਹਿੰਦਾ ਹੈ। ਨਹੀਂ ਤਾਂ ਇੱਕ ਤਰ੍ਹਾਂ ਦੇ ਜੀਵਨ ਵਿਚ ਨੀਰਸਤਾ ਆ ਜਾਂਦੀ ਹੈ। ਕਈਆਂ ਵਾਸਤੇ ਜੇਲ੍ਹ ਮਾਤਰ ਤਬਦੀਲੀ ਹੈ, ਕਈਆਂ ਵਾਸਤੇ ਸੈਰ ਸਪਾਟਾ ਤੇ ਕਈਆ ਵਾਸਤੇ ਨਵੀਂ ਸਿਖਲਾਈ ਦਾ ਬਾਨ੍ਹਣੂੰ। ਮੈਨੂੰ ਜੇਲ੍ਹ ਵਿਚ ਅਜਿਹੇ ਅਧਿਆਪਕ ਸਾਥੀ ਵੀ ਮਿਲੇ, ਜਿਹੜੇ ਕਹਿੰਦੇ ਸਨ ਕਿ ਜੇਲ੍ਹ ਤਾਂ ਤਿੰਨ ਕੁ ਸਾਲਾਂ ਬਾਅਦ ਮਹੀਨੇ ਕੁ ਲਈ ਆ ਹੀ ਜਾਣਾ ਚਾਹੀਦੈ ਕਿਉਂਕਿ ਉਹਨਾਂ ਦਾ ਵਿਚਾਰ ਸੀ ਕਿ ਏਥੇ ਆ ਕੇ ਜੀਵਨ ਵਿਚ ਤਬਦੀਲੀ ਆ ਜਾਂਦੀ ਹੈ।

ਕਈਆਂ ਦੀ ਦਲੀਲ ਸੀ, ਜਿਵੇਂ ਖੜ੍ਹੇ ਪਾਣੀ ਮੁਸ਼ਕ ਜਾਂਦੇ ਹਨ ਓਸੇ ਤਰ੍ਹਾਂ ਇੱਕ ਤਰ੍ਹਾਂ ਦੀ ਜ਼ਿੰਦਗੀ ਵੀ ਬੇ-ਸੁਆਦੀ ਹੋ ਜਾਂਦੀ ਹੈ। ਤਰੋ-ਤਾਜ਼ਾ ਹੋਣ ਲਈ ਬਦਲਾਓ ਜ਼ਰੂਰੀ ਹੈ। ਇੱਕ ਸਾਥੀ ਦਾ ਵਿਚਾਰ ਸੀ ਕਿ ਜੋ ਆਜ਼ਾਦੀ ਤੇ ਵਿਹਲ ਜੇਲ੍ਹ ਵਿਚ ਹੈ ਬਾਹਰ ਕਿੱਥੇ। ਬਾਹਰ ਸੌ ਸੌ ਝੰਜਟ , ਏਥੇ ਮੌਜਾਂ ਹੀ ਮੌਜਾਂ- ਖਾ ਲਿਆ, ਪੀ ਲਿਆ, ਸੌਂ ਲਿਆ ਖੇਡ ਲਿਆ। ਕੋਈ ਫ਼ਿਕਰ ਨਾ ਫਾਕਾ। ਕਿਆ ਦਲੀਲ ਸੀ। ਕਈ ਤਾਂ ਐਨੇ ਬੇ-ਫਿਕਰੇ, ਜਿਵੇਂ ਖਾਣ ਤੇ ਸੌਣ ਤੋਂ ਬਿਨਾ ਕੋਈ ਕੰਮ ਹੀ ਨਾ ਹੋਵੇ। ਸੌਣਾ ਤਾਂ ਕੋਈ ਬੁਰੀ ਗੱਲ ਨਹੀਂ, ਪਰ ਜ਼ਿਆਦਾ ਖਾਣਾ ਸਿਹਤ ਲਈ ਹਾਨੀਕਾਰਕ ਵੀ ਹੋ ਸਕਦੈ, ਜੇ ਚੋਰੀਓਂ ਖਾਧਾ ਜਾਵੇ, ਇਹ ਉਸ ਤੋਂ ਵੀ ਵੱਧ ਮਾੜੈ। ਇੱਥੇ ਮੈਂ ਜੇਲ੍ਹ ਜੀਵਨ ਦੀ ਇੱਕ ਘਟਨਾ ਦੱਸਾਂਗਾ:-

ਇੱਕ ਸਾਥੀ ਨੂੰ ਖੁੱਲ੍ਹਾ ਤੇ ਚੋਰੀਓਂ ਖਾਣ ਦੀ ਆਦਤ ਸੀ। ਸਭ ਦੇ ਸਾਹਮਣੇ ਤਾਂ ਡੱਕ ਕੇ ਖਾਣਾ ਹੀ, ਜਦੋਂ ਦੂਜੇ ਸਾਥੀ ਬਾਹਰ ਘੁੰਮਣ ਜਾਇਆ ਕਰਨ, ਸੌਣ ਦੇ ਬਹਾਨੇ ਬੈਰਕ ਅੰਦਰ ਆ ਜਾਇਆ ਕਰੇ ਤੇ ਉੱਪਰ ਚਾਦਰ ਲੈ ਕੇ ਖਾਈ ਜਾਇਆ ਕਰੇ। ਪੰਜ ਚਾਰ ਦਿਨ ਤਾਂ ਪਤਾ ਨਾ ਲੱਗਿਆ। ਇੱਕ ਦਿਨ ਇੱਕ ਸਾਥੀ ਨੇ ਦੱਸਿਆ,” ਕਿ ਉਹ ਬੰਦਾ ਅੰਦਰ ਬੈਰਕ ‘ਚ ਖਾਣ ਦੇ ਸਮਾਨ ਦਾ ਲੈਂਟਰ ਲਾਈ ਜਾਂਦੈ। ਮੈਂ ਪਹਿਲਾਂ ਵੀ ਕਈ ਵਾਰ ਦੇਖਿਐ।” ਅਸੀਂ ਗੱਲ ਹਾਸੇ ਵਿਚ ਲੈ ਗਏ, ਕੋਈ ਗੱਲ ਨਹੀਂ, ਭੁੱਖ ਲੱਗੀ ਹੋਣੀ ਐਂ, ਖਾਈ ਜਾਣ ਦੇ। ਜੇ ਮਾਲ ਸਾਂਝੈ ਤਾਂ ਢਿੱਡ ਤਾਂ ਉਹਦਾ ਆਪਦੈ। ਸਾਥੀ ਕਹਿੰਦਾ,” ਨਹੀਂ ਜੀ! ਤੁਹਾਨੂੰ ਨਹੀਂ ਪਤਾ, ਖਾ ਕੇ ਲੈਟਰਿਨ ਚਲਾ ਜਾਂਦੈਂ। ਮੈਂ ਸੋਚਿਆ,” ਭਰਾਵਾ ! ਜੇ ਚੋਰੀ ਦਾ ਪਚਦਾ ਨਹੀਂ , ਕਿਉਂ ਖਾਧ ਖੁਰਾਕ ਗੰਦੀ ਕਰੀ ਜਾਨੈਂ, ਓਨਾਂ ਖਾ ਲੈ ਜਿੰਨਾਂ ਢਿੱਡ ਝੱਲਦੈ।

ਇਹ ਉਸ ਵਿਚਾਰੇ ਦਾ ਕਸੂਰ ਨਹੀਂ ਸੀ। ਜੇਲ੍ਹ ‘ਚ ਖਾਣ ਦਾ ਸਾਮਾਨ ਹੀ ਜ਼ਿਆਦਾ ਆਉਂਦਾ ਸੀ। ਡਿਊਟੀ ਕੋਈ ਨਾ। ਨਾ ਲੰਗਰ ਵਰਤਾਉਣਾ, ਨਾ ਕਸਰਤ ਕਰਨੀ, ਨਾ ਵਾਲੀਬਾਲ ਖੇਡਣੀ, ਸਿਰਫ਼ ਖਾਣਾ ਹੀ ਖਾਣਾ। ਜੇ ਢਿੱਡ ਭੁੱਖਾ ਹੋਵੇ ਤਾਂ ਭਰ ਜਾਵੇ ਜੇ ਨੀਤ ਹੀ ਭੁੱਖੀ ਹੋਵੇ, ਫੇਰ ਤਾਂ ਰੱਜਿਆ ਨਹੀਂ ਜਾ ਸਕਦਾ। ਬਾਕੀ ਜੋ ਚੋਰੀ ਦਾ ਖਾਣ ਦਾ ਸੁਆਦ ਹੈ, ਉਹ ਵੱਖਰਾ ਹੀ ਹੁੰਦੈ, ਪਰ ਜੇ ਉਹ ਖਾਣਾ-ਦਾਣਾ ਕਿਸੇ ਭੁੱਖੇ ਜਾਂ ਬੀਮਾਰ ਦਾ ਨਾ ਹੋਵੇ ਤਾਂ।

ਅਸਲ ਵਿਚ ਤਾਂ ਮਨੁੱਖ ਭੁੱਖ ਕੇ ਹੀ ਸਭ ਕੁਝ ਕਰਦੈ। ਜੇ ਢਿੱਡ ਨਾ ਲੱਗਿਆ ਹੁੰਦਾ ਤਾਂ ਮਨੁੱਖ ਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਸੀ। ਇਹ ਗਰਿਫ਼ਤਾਰੀਆਂ ਵੀ ਪੇਟ ਦੀ ਭੁੱਖ ਦਾ ਹੀ ਹਿੱਸਾ ਸਨ । ਫ਼ੇਰ ਵੀ ਅਸੂਲ ਇਹੋ ਹੋਣਾ ਚਾਹੀਦਾ ਹੈ ਕਿ,” ਜੀਣਾ ਖਾਣ ਲਈ ਨਹੀਂ,
ਸਗੋਂ ਖਾਣਾ ਜੀਣ ਲਈ ਹੋਵੇ।”

ਭੁੱਖੇ ਰਹਿ ਕੇ ਜਾਂ ਕੰਮ ਕਰ ਕੇ ਜਦ ਸਾਨੂੰ ਕਿਸੇ ਚੀਜ਼ ਦੀ ਪ੍ਰਾਪਤੀ ਹੁੰਦੀ ਹੈ, ਤਾਂ ਉਸਦਾ ਤੁਸ਼ਟੀਗੁਣ ਵਧ ਜਾਂਦਾ ਹੈ। ਅਸਲ ਵਿਚ ਤਾਂ ਸਮਾਜ ਲਈ ਕੁਝ ਕਰਨ ਦੀ ਭੁੱਖ ਹੋਣੀ ਚਾਹੀਦੀ ਹੈ। ਜਿਹੜੀ ਅੱਜ ਦੇ ਭੌਤਿਕ ਪਦਾਰਥਾਂ ਵਿਚ ਲੀਨ ਹੋ ਕੇ ਖ਼ਤਮ ਹੁੰਦੀ ਜਾ ਰਹੀ ਹੈ। ਸਰੀਰ ਦੀ ਭੁੱਖ ਰੂਹਾਨੀ ਭੁੱਖ ਤੋਂ ਟੱਪ ਚੁੱਕੀ ਹੈ।

ਭੁੱਖ ਕੇਵਲ ਖਾਣੇ-ਦਾਣੇ ਦੀ ਹੀ ਨਹੀਂ ਹੁੰਦੀ। ਭੁੱਖ-ਭੁੱਖ ‘ਚ ਵੀ ਫ਼ਰਕ ਹੁੰਦੈ। ਕਿਸੇ ਦੀ ਸਟੇਜ ‘ਤੇ ਖੜ੍ਹ ਕੇ ਕੁਝ ਗਾਉਣ ਦੀ ਭੁੱਖ, ਕਿਸੇ ਦੀ ਨਾਮ ਚਮਕਾਉਣ ਦੀ ਭੁੱਖ, ਕਿਸੇ ਨੂੰ ਹੋਂਦ ਦਰਸਾਉਣ ਦੀ ਭੁੱਖ, ਕਿਸੇ ਨੂੰ ਚੌਧਰ ਦੀ ਭੁੱਖ ਤੇ ਕਿਸੇ ਨੂੰ ਪਿਆਰ ਦੀ ਭੁੱਖ। ਹਰੇਕ ਮਨੁੱਖ ਦੀ ਭੁੱਖ ਦਾ ਅਲੱਗ ਅਲੱਗ ਰੂਪ ਹੈ। ਇਹਨਾਂ ਸਾਰੀਆਂ ਭੁੱਖਾਂ ਤੋਂ ਅਮਿਟ ਭੁੱਖ ਪੈਸੇ ਬਣਾਉਣ ਦੀ ਹੈ, ਜਿਸ ਦਾ ਕੋਈ ਅੰਤ ਹੀ ਨਹੀ।

ਜੇਲ੍ਹ ਜੀਵਨ ਵਿਚ ਹਰੇਕ ਅਧਿਆਪਕ ਦੇ ਵੱਲੋਂ ਕਿਹਾ ਤੇ ਦੱਸਿਆ,”ਸ਼ਬਦ” ਆਪਣੇ ਆਪ ਵਿਚ ਇਕ ਪੂਰਾ ਵਿਸ਼ਾ ਸੀ। ਜਿਸ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ। ਓਥੇ ਹੋ ਰਹੀਆਂ ਗੱਲਾਂ ਤੋਂ ਹੀ ਮੈਨੂੰ ਕੁਝ ਅਜਿਹੇ ਸਕੂਲਾਂ ਦਾ ਪਤਾ ਲੱਗਿਆ, ਜਿੱਥੇ ਆਪਣੇ ਨਿੱਜ ਲਈ ਹੀ ਭੁੱਖ ਹੈ, ਲੋਕਾਂ ਤੇ ਵਿਦਿਆਰਥੀਆਂ ਲਈ ਭੁੱਖ-ਮਰੀ। ਪੰਜਾਬ ਦੇ ਕਿਸੇ ਜ਼ਿਲ੍ਹੇ ਵਿਚ ਕੁਝ ਐਸੇ ਸਕੂਲ ਵੀ ਹਨ ਜਿੱਥੇ ਮੈਨੇਜਮੈਂਟ ਵੀ ਆਪ ਹੀ ਤੇ ਸਟਾਫ਼ ਵੀ ਆਪ ਹੀ। ਜਦੋਂ ਦੇ ਸਕੂਲ ਬਣੇ ਹਨ ਅਜੇ ਤੱਕ ਕੋਈ ਰਿਟਾਇਰਮੈਂਟ ਹੀ ਨਹੀਂ ਹੋਈ। ਗਰਾਂਟ ਸਰਕਾਰ ਤੋਂ ਲਈ ਜਾਂਦੇ ਹਨ ਤੇ ਸਕੂਲਾਂ ਵਿੱਚ ਫਿਕਸ ਗ੍ਰੇਡ ‘ਤੇ ਅਧਿਆਪਕ ਰੱਖੇ ਹੋਏ ਹਨ।

ਇਹਨਾ ਦੇ ਕਰਤਾ ਧਰਤਾ, ਆਪ ਹੀ ਮੈਨੇਜਰ ਤੇ ਆਪ ਹੀ ਪ੍ਰਿੰਸੀਪਲ ਹਨ ਤੇ ਘਰ ਦੇ ਦੂਜੇ ਜੀਅ ਅਧਿਆਪਕ ਹਨ। ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਬੜਾ ਦੁੱਖ ਹੋਇਆ ਤੇ ਹੈਰਾਨੀ ਵੀ ਹੋਈ। ਭਾਵੇਂ ਅਜਿਹੇ ਸਕੂਲਾਂ ਦੀ ਗਿਣਤੀ ਦੋ,ਚਾਰ ਹੀ ਹੋਣੀ ਹੈ ਪਰ ਇੱਕ ਲਿੱਬੜੀ ਮਹਿੰ/ਮੱਝ ਸਭ ਨੂੰ ਗੰਦਾ ਕਰ ਦਿੰਦੀ ਹੈ। ਇਹ ਸਭ ਪੈਸੇ ਦੀ ਭੁੱਖ ਕਰ ਕੇ ਹੀ ਹੈ।

ਕਈ ਸਕੂਲ ਚੌਧਰਾਂ ਦੇ ਢਹੇ ਚੜ੍ਹੇ ਹੋਏ ਹਨ। ਜਿੱਥੇ ਪ੍ਰਬੰਧਕ ਕਮੇਟੀਆਂ ਦੀ ਆਪਸੀ ਲੜਾਈ ਕਰ ਕੇ ਕਾਫ਼ੀ ਮੰਦਹਾਲੀ ਦਾ ਸ਼ਿਕਾਰ ਹਨ ਤੇ ਕੁੱਝ ਥਾਵਾਂ ‘ਤੇ ਜ਼ਿਲ੍ਹਾ ਸਿੱਖਿਆ ਅਫ਼ਸਰ 95% ਗਰਾਂਟ ਵੰਡ ਕੇ, ਆਪਣੀ ਡਿਊਟੀ ਤੋਂ ਸੁਰਖ਼ਰੂ ਹੋ ਜਾਂਦੇ ਹਨ। ਅਧਿਆਪਕਾਂ ਦਾ ਆਰਥਿਕ ਤੌਰ’ਤੇ ਮੰਦਾ ਹਾਲ ਹੈ ਕਿਉਂਕਿ ਅਧਿਆਪਕ ਬਾਹਰੋਂ ਆਪਣਾ ਪੰਜ ਪ੍ਰਤੀਸ਼ਤ ਪੈਸਾ ਲੈਣ ਲਈ ਕੋਈ ਜੁਗਾੜ ਨਹੀਂ ਜੁਟਾ ਸਕਦੇ। ਇਹ ਆਪਣੇ ਬਕਾਇਆਂ ਦੇ ਕਲੇਮ ਫ਼ਾਰਮ ਕਿਵੇਂ ਤਿਆਰ ਕਰਨਗੇ ਕਿਉਂਕਿ ਪੰਜ ਪ੍ਰਤੀਸ਼ਤ ਪੈਸਾ ਲਏ ਤੋਂ ਬਿਨਾਂ ਕਲੇਮ ਨਹੀਂ ਜਾ ਸਕਦੇ। ਸਰਕਾਰ ਤੇ ਮੈਨੇਜਮੈਂਟਾਂ ਇਸ ਬਾਰੇ ਚੁੱਪ ਹਨ। ਸਕੂਲਾਂ ਦੀਆਂ ਇਮਾਰਤਾਂ ਦੀ ਹਾਲਤ, ਖ਼ਸਤਾ ਹੈ। ਕਿਉਂਕਿ ਸਰਕਾਰ ਬਿਲਡਿੰਗਾਂ ਲਈ ਕੋਈ ਫੰਡ ਨਹੀਂ ਦਿੰਦੀ ਸਗੋਂ ਗਰਾਂਟ ਤੋਂ ਪਹਿਲਾਂ ਬਿਲਡਿੰਗ ਸਰਟੀਫ਼ਿਕੇਟ ਜ਼ਰੂਰ ਮੰਗਦੀ ਹੈ।

ਪ੍ਰਬੰਧਕੀ ਕਮੇਟੀਆਂ ਕਈ ਥਾਵਾਂ ‘ਤੇ ਆਪਸੀ ਗੁੱਟਬੰਦੀ ਦਾ ਸ਼ਿਕਾਰ ਹਨ , ਜਿਨ੍ਹਾਂ ਦੇ ਚੌਧਰ ਦੀ ਭੁੱਖ ਦੇ ਕੇਸ ਹਾਈ ਕੋਰਟ ਵਿਚ ਚੱਲ ਰਹੇ ਹਨ। ਇਸ ਤਰ੍ਹਾਂ ਦੇ ਕਈ ਸਕੂਲ ਬਠਿੰਡਾ ਜ਼ਿਲ੍ਹੇ ਵਿਚ ਵੀ ਦੇਖੇ ਜਾ ਸਕਦੇ ਹਨ। ਕਈ ਥਾਵਾਂ ‘ਤੇ ਗਰਾਂਟਾਂ ਵੀ ਸਾਲ ਸਾਲ ਪਿੱਛੇ ਚੱਲ ਰਹੀਆਂ ਹਨ। ਸਰਕਾਰ ਦੀ ਕਾਰਗੁਜ਼ਾਰੀ ਦਾ ਪਤਾ ਇੱਥੋਂ ਹੀ ਲੱਗ ਜਾਂਦਾ ਹੈ ਕਿ ਕਦੇ ਵੀ ਸਮੇਂ ਸਿਰ, ਗ੍ਰਾਂਟ ਨਹੀਂ ਪਹੁੰਚਦੀ। ਇੱਥੇ ਮੈਂ ਪ੍ਰਿੰਸੀਪਲ ਅਮਰਪ੍ਰੀਤ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਬਟਾਲਾ (ਗੁਰਦਾਸਪੁਰ) ਦੀ ਕਵਿਤਾ ਦਾ ਜ਼ਿਕਰ ਜ਼ਰੂਰ ਕਰਾਂਗਾ ਜਿਸ ਨੇ ਏਡਿਡ ਸਕੂਲਾਂ ਦੀ ਗਰਾਂਟ ਦੇਰੀ ਨਾਲ ਆਉਣ ਦੀ ਤਰਾਸਦੀ ਵੱਲ ਕਵਿਤਾ ਰਾਹੀਂ ਅਧਿਆਪਕ ਅਤੇ ਉਸਦੇ ਸਮਾਜਿਕ ਜੀਵਨ ਦਾ ਚਿਤਰਨ ਬੜੇ ਸੁਚੱਜੇ ਢੰਗ ਨਾਲ ਕੀਤਾ ਹੈ।
ਕਵਿਤਾ ਸੀ:

“ਅਜੇ ਗ੍ਰਾਂਟ ਨ੍ਹੀਂ ਆਈ” ।
1. ਬਿਨਾ ਪੈਸੇ ਵੀ ਜੀਣਾ ਮੁਹਾਲ ਯਾਰੋ।
ਪੈਸੇ ਵਾਲੇ ਦਾ ਹਰ ਕੋਈ ਭਿਆਲ ਯਾਰੋ।
ਏਥੇ ਪੈਸੇ ਦੀਆਂ ਸਭ ਨਿਆਮਤਾਂ ਨੇ,
ਪੈਸੇ ਨਾਲ ਹੀ ਵਿਰਚਦਾ ਬਾਲ ਯਾਰੋ।
ਬੇਟਾ ਜਦੋਂ ਵੀ ਮੰਗਦਾ ਕੁਲਫ਼ੀ ਮਲਾਈ,
ਮੈਂ ਆਖਦਾਂ ਬੇਟਾ ਅਜੈ ਗ੍ਰਾਂਟ ਨਹੀਂ ਆਈ।

2. ਇੱਕ ਦਿਨ ਬਸ ‘ਚ ਮੈਂ ਬਿਨ ਟਿਕਟ ਚੜ੍ਹਿਆ।
ਰਾਹ ਵਿਚ ਚੈੱਕਰ ਨੇ ਮੈਨੂੰ ਆਣ ਫੜਿਆ।
ਕਹਿੰਦਾ, ਤੇਰੇ ਪਿਓ ਦੀ ਬੱਸ,ਬਿਨਾਂ ਟਿਕਟ ਚੜ੍ਹਨੈਂ।
ਭੀੜ ਹੋ ਗਈ ਦਿਲ ਵੀ ਡਾਹਢਾ ਡਰਿਆ।
ਕਹਿੰਦਾ ਉੱਚੀ ਜਿਹੀ, ਟਿਕਟ ਕਿਉਂ ਨੀਂ ਕਟਾਈ।
ਮੈਂ ਆਖਿਆ ਬਾਬੂ ਜੀ ਅਜੇ ਗਰਾਂਟ ਨਹੀਂ ਆਈ।

3. ਕਿਹਾ ਗਿਆਨੀ ਜੀ ਦਿਓ, ਇੱਕ ਚਾਹ ਦਾ ਕੱਪ।
ਦਿਲ ਕੀਤਾ, ਭਰ ਲਈ ਬੂੰਦੀ ਦੀ ਲੱਪ।
ਖਾ ਪੀ ਜਦ ਪਾਸਾ ਵੱਟ ਤੁਰਿਆ,
ਇਹ ਵੇਖ ਕੇ ਗਿਆਨੀ ਜੀ ਨੂੰ ਲੜ ਗਿਆ ਸੱਪ।
ਕਹਿੰਦਾ, ਪੈਸੇ ਦੇਨੈਂ ਕਿ ਤੇਰਾ ਪਿਓ ਹਲਵਾਈ।
ਮੈਂ ਆਖਿਆ, ਗਿਆਨੀ ਜੀ ਅਜੇ ਗ੍ਰਾਂਟ ਨੀ ਆਈ।

4. ਬਾਪੂ ਆਖਦਾ,ਪੁੱਤਰਾ ਕੋਈ ਚਾਰਾ ਤਾਂ ਕਰ।
ਕਿਤੇ ਸਾਡਾ ਵੀ ਪਾਰ ਉਤਾਰਾ ਤਾਂ ਕਰ।
ਰੋਜ਼ ਹੀ ਗ੍ਰਾਂਟ ਹੀ ਗ੍ਰਾਂਟ ਸੁਣਾਈ ਜਾਨੈਂ।
ਐਸੀ ਨੌਕਰੀ ਤੋਂ ਪੁੱਤਰਾ ਛੁਟਕਾਰਾ ਤਾਂ ਕਰ।
ਘਰ ‘ਚ ਵਧਦੀ ਜਾਂਦੀ ਹੈ ਰੋਜ਼ ਲੜਾਈ।
ਮੈਂ ਆਖਦਾਂ ਬਾਪੂ ਅਜੇ ਗ੍ਰਾਂਟ ਨਹੀਂ ਆਈ।
***************************

ਅਸਲ ਵਿੱਚ ਜੇਲ੍ਹ ਪਹੁੰਚ ਕੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਸਹਾਇਤਾ ਪ੍ਰਾਪਤ ਸਕੂਲਾਂ ਬਾਰੇ ਜਾਣਕਾਰੀ ਪ੍ਰਾਪਤ ਹੋਈ। ਹਰੇਕ ਅਧਿਆਪਕ ਲਾਇਬ੍ਰੇਰੀ ਦੀ ਕਿਤਾਬ ਵਾਂਗ ਬੰਦ ਪਿਆ ਸੀ। ਜਿਸ ਵੀ ਕਿਤਾਬ ਨੂੰ ਹੱਥ ਪਾਇਆ ਉਹ ਆਪਣੇ ਅੰਦਰ ਇਕ ਨਵਾਂ ਅਧਿਆਇ ਸਮੋਈ ਬੈਠਾ ਸੀ।

(ਜਸਪਾਲ ਜੱਸੀ)

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੱਜਣ ਠੱਗ
Next articleਬੰਦਾ