(ਸਮਾਜ ਵੀਕਲੀ) ਅੱਜ ਐਤਵਾਰ ਦਾ ਦਿਨ ਹੈ। ਸਾਡੇ ਸਕੂਲ ਦੇ ਸਟਾਫ਼ ਦੇ ਇੱਕ ਮੈਂਬਰ ਮਨਜੀਤ ਸਿੰਘ ਦੀ ਲੜਕੀ ਦਾ ਵਿਆਹ ਅੱਜ ਨਵਾਂ ਸ਼ਹਿਰ ਦੇ ਬਜੀਦ ਪੈਲੇਸ ਵਿੱਚ ਹੋਣਾ ਹੈ। ਮਨਜੀਤ ਸਿੰਘ ਨੇ ਸਾਰੇ ਸਟਾਫ਼ ਮੈਂਬਰਾਂ ਨੂੰ ਵਿਆਹ ਦੇ ਕਾਰਡ ਦਿੱਤੇ ਹੋਏ ਸਨ। ਦਿਨ ਦੇ ਦਸ ਵੱਜ ਚੁੱਕੇ ਹਨ, ਪਰ ਮੇਰਾ ਵਿਆਹ ਨੂੰ ਜਾਣ ਦਾ ਹਾਲੇ ਤੱਕ ਮੂਡ ਨਹੀਂ ਬਣਿਆ ਹੈ। ਅਚਾਨਕ ਮੈਨੂੰ ਆਪਣੇ ਸਕੂਲ ਦੇ ਸਟਾਫ਼ ਮੈਂਬਰ ਬਲਵਿੰਦਰ ਸਿੰਘ ਦਾ ਫੋਨ ਆ ਜਾਂਦਾ ਹੈ। ਉਹ ਆਖਦਾ ਹੈ, ” ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ। ਕਿੱਦਾਂ ਅੱਜ ਵਿਆਹ ਨੂੰ ਨ੍ਹੀ ਜਾਣਾ?”
” ਵਿਆਹ ਨੂੰ ਤਾਂ ਜਾਣਾ ਆਂ। ਬੱਸ ਤੁਹਾਨੂੰ ਉਡੀਕਦਾ ਆਂ।” ਮੈਂ ਉਂਝ ਹੀ ਆਖ ਦਿੱਤਾ।
” ਮੈਂ ਤੁਹਾਡੇ ਕੋਲ ਅੱਧੇ ਘੰਟੇ ਤੱਕ ਪਹੁੰਚਦਾ ਆਂ। ਫੇਰ ਕੱਠੇ ਵਿਆਹ ਨੂੰ ਚਲੇ ਚਲਾਂਗੇ।” ਬਲਵਿੰਦਰ ਸਿੰਘ ਨੇ ਆਖਿਆ।
” ਠੀਕ ਆ।” ਕਹਿ ਕੇ ਮੈਂ ਵਿਆਹ ਨੂੰ ਜਾਣ ਲਈ ਤਿਆਰ ਹੋਣ ਲੱਗ ਪਿਆ।
ਅੱਧੇ ਕੁ ਘੰਟੇ ਵਿੱਚ ਬਲਵਿੰਦਰ ਸਿੰਘ ਸਾਡੇ ਘਰ ਪਹੁੰਚ ਗਿਆ। ਕਮਰੇ ਦਾ ਦਰਵਾਜ਼ਾ ਖੋਲ੍ਹਦਿਆਂ ਉਸ ਦੀ ਨਜ਼ਰ ਮੇਰੇ ਪਿਤਾ ਜੀ ਤੇ ਪੈ ਗਈ। ਉਹ ਮੰਜੇ ਤੇ ਲੇਟੇ ਹੋਏ ਸਨ। ਬਲਵਿੰਦਰ ਸਿੰਘ ਨੇ ਮੇਰੇ ਪਿਤਾ ਜੀ ਦੇ ਪੈਰੀਂ ਹੱਥ ਲਾਏ।
” ਮੇਰੇ ਪਿਤਾ ਜੀ ਅੱਖਾਂ ਦੀ ਘੱਟ ਨਜ਼ਰ ਕਾਰਨ ਕਿਸੇ ਨੂੰ ਪਛਾਣਦੇ ਨਹੀਂ। ਨਾਲੇ ਉਨ੍ਹਾਂ ਨੂੰ ਸੁਣਦਾ ਵੀ ਕਾਫੀ ਉੱਚਾ ਆ।” ਮੈਂ ਆਖਿਆ।
” ਸੰਧੂ ਸਾਹਿਬ, ਕੋਈ ਗੱਲ ਨਹੀਂ। ਸਾਡਾ ਫਰਜ਼ ਬਣਦਾ ਆ ਕਿ ਅਸੀਂ ਬਜ਼ੁਰਗਾਂ ਦਾ ਸਤਿਕਾਰ ਕਰੀਏ ਤੇ ਉਨ੍ਹਾਂ ਤੋਂ ਪਿਆਰ ਲਈਏ। ਤੁਹਾਨੂੰ ਸ਼ਾਇਦ ਪਤਾ ਨਹੀਂ , ਮੇਰੇ ਪਿਤਾ ਜੀ ਉਦੋਂ ਇਸ ਦੁਨੀਆਂ ਨੂੰ ਛੱਡ ਗਏ ਸਨ, ਜਦੋਂ ਮੈਂ ਕੇਵਲ
ਚਾਰ ਸਾਲਾਂ ਦਾ ਸਾਂ। ਮੈਂ ਪਿਤਾ ਦੇ ਪਿਆਰ ਤੋਂ ਸੱਖਣਾ ਆਂ।
ਮੇਰੀ ਇਹ ਭੁੱਖ ਤੁਹਾਡੇ ਪਿਤਾ ਜੀ ਦੇ ਪੈਰੀਂ ਹੱਥ ਲਾਣ ਨਾਲ ਪੂਰੀ ਹੋ ਗਈ ਆ। ਚਾਹੇ ਉਨ੍ਹਾਂ ਨੇ ਮੈਨੂੰ ਪਛਾਣਿਆ, ਚਾਹੇ ਨਹੀਂ।” ਏਨਾ ਕਹਿ ਕੇ ਬਲਵਿੰਦਰ
ਸਿੰਘ ਨੇ ਅੱਖਾਂ ਭਰ ਲਈਆਂ। ਪੰਜ ਕੁ ਮਿੰਟਾਂ ਪਿੱਛੋਂ ਉਹ ਸੰਭਲ ਗਿਆ ਅਤੇ ਫਿਰ ਅਸੀਂ ਦੋਵੇਂ ਜਣੇ ਸਕੂਟਰ ਤੇ ਬੈਠ ਕੇ ਨਵਾਂ ਸ਼ਹਿਰ ਦੇ ਬਜੀਦ ਪੈਲੇਸ ਨੂੰ ਚੱਲ ਪਏ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ 9915803554
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly