ਏਹੁ ਹਮਾਰਾ ਜੀਵਣਾ ਹੈ -461

ਬਰਜਿੰਦਰ ਕੌਰ ਬਿਸਰਾਓ‘

         (ਸਮਾਜ ਵੀਕਲੀ)

ਟੋਭੇ ਸਾਡੇ ਪੰਜਾਬੀ ਸੱਭਿਆਚਾਰ ਦਾ ਅਹਿਮ ਹਿੱਸਾ ਹਨ,ਸਾਡਾ ਵਿਰਾਸਤੀ ਚਿੰਨ੍ਹ ਹਨ ਕਿਉਂ ਕਿ ਸ਼ੁਰੂ ਤੋਂ ਹੀ ਹਰ ਪਿੰਡ ਦਾ ਸ਼ਿੰਗਾਰ ਟੋਭੇ ਮੰਨੇ ਜਾਂਦੇ ਰਹੇ ਹਨ। ਸਾਡੇ ਲੋਕ ਗੀਤਾਂ ਵਿੱਚ ਟੋਭਿਆਂ ਦਾ ਆਮ ਹੀ ਜ਼ਿਕਰ ਕੀਤਾ ਜਾਂਦਾ ਹੈ ਜਿਵੇਂ:-
               “ਵਿੱਚ ਤ੍ਰਿੰਝਣਾਂ ਮੈਂ ਚਰਖ਼ਾ ਕੱਤਦੀ
                  ਕੱਤਦੀ ਨੀਝਾਂ ਲਾ ਕੇ
                   ਵੇ ਮਿਲ ਜਾ ਹਾਣਦਿਆ
                    ਪਾਰ ਟੋਭੇ ਦੇ ਆ ਕੇ।”
   ਪੁਰਾਤਨ ਜ਼ਮਾਨੇ ਵਿੱਚ ਜਿਵੇਂ ਜਿਵੇਂ ਪਿੰਡ ਹੋਂਦ ਵਿੱਚ ਆਉਂਦੇ ਸਨ ਤਾਂ ਪਿੰਡ ਦੇ ਲੋਕਾਂ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਪਿੰਡ ਦੇ ਬਾਹਰਵਾਰ ਸੁੰਨੀ ਜਗ੍ਹਾ ਤੇ ਟੋਭੇ ਬਣਾਏ ਜਾਂਦੇ ਸਨ ਤੇ ਟੋਭਿਆਂ ਵਿੱਚ ਸਾਰੇ ਪਿੰਡ ਦਾ ਬਰਸਾਤੀ ਪਾਣੀ ਹੀ ਇਕੱਠਾ ਹੁੰਦਾ ਸੀ। ਜੋ ਪਾਣੀ ਦੇ ਸਦ ਉਪਯੋਗ ਦਾ ਉੱਤਮ ਤਰੀਕਾ ਹੁੰਦਾ ਸੀ। ਉਹਨਾਂ ਵੇਲਿਆਂ ਵਿੱਚ ਘਰੇਲੂ ਕੰਮਾਂ ਲਈ ਸੁਆਣੀਆਂ ਖੂਹਾਂ ਤੋਂ ਪਾਣੀ ਭਰ ਕੇ ਲਿਜਾਂਦੀਆਂ ਸਨ ਜਿਸ ਕਰਕੇ ਪਾਣੀ ਦੀ ਬਹੁਤ ਸੀਮਤ ਮਾਤਰਾ ਵਿੱਚ ਵਰਤੋਂ ਕੀਤੀ ਜਾਂਦੀ ਸੀ। ਜਿਸ ਕਰਕੇ ਘਰਾਂ ਵਿੱਚ ਲੋੜ ਦੇ ਹਿਸਾਬ ਨਾਲ ਵਰਤਿਆ ਗਿਆ ਪਾਣੀ ਕੱਚੇ ਵਿਹੜਿਆਂ ਵਿੱਚ ਹੀ ਸਮਾ ਕੇ ਖਪਤ ਹੋ ਜਾਂਦਾ ਸੀ।ਘਰ ਦੇ ਮਰਦਾਂ ਵੱਲੋਂ ਨਹਾਉਣ ਜਾਂ ਇਸਤਰੀਆਂ ਵੱਲੋਂ ਕੱਪੜੇ ਬਗੈਰਾ ਧੋਣ ਦਾ ਜ਼ਿਆਦਾ ਕੰਮ ਖੂਹਾਂ ਉੱਤੇ ਜਾ ਕੇ ਹੀ ਨਿਬੇੜ ਲਿਆ ਜਾਂਦਾ ਸੀ । ਉਹਨਾਂ ਵੱਲੋਂ ਵਰਤਿਆ ਗਿਆ ਪਾਣੀ ਉੱਥੇ ਆਲ਼ੇ ਦੁਆਲ਼ੇ ਜੋ ਕੱਚੀ ਥਾਂ ਵਿੱਚ ਅਸਾਨੀ ਨਾਲ ਖ਼ਪਤ ਹੋ ਜਾਂਦਾ ਸੀ। ਜਿਸ ਕਰਕੇ ਟੋਭੇ ਵਿੱਚ ਭਾਰੀ ਮਾਤਰਾ ਵਿੱਚ ਇਕੱਠਾ ਹੋਇਆ ਬਰਸਾਤੀ ਪਾਣੀ ਬਿਲਕੁਲ ਸਾਫ਼ ਸੁਥਰਾ ਹੁੰਦਾ ਸੀ ਜੋ ਪਿੰਡ ਦੇ ਡੰਗਰ ਪਸ਼ੂਆਂ ਨੂੰ ਪਿਆਉਣ ਲਈ ਅਤੇ ਉਹਨਾਂ ਨੂੰ ਨਹਾਉਣ ਲਈ ਕੰਮ ਆ ਜਾਂਦਾ ਸੀ। ਕੱਚੇ ਟੋਭੇ ਵਿੱਚ ਇਕੱਠਾ ਪਾਣੀ ਹੌਲ਼ੀ ਹੌਲ਼ੀ ਧਰਤੀ ਅੰਦਰ ਜਾ ਕੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਵੀ ਨੀਵਾਂ ਨਹੀਂ ਹੋਣ ਦਿੰਦਾ ਸੀ। ਉੱਪਰਲੀ ਸਤਾ ਦਾ ਪਾਣੀ ਫਿਲਟਰ ਹੋ ਕੇ ਸਾਫ਼ ਸੁਥਰਾ ਰਹਿੰਦਾ ਸੀ। ਗਰਮੀਆਂ ਵਿੱਚ ਬਾਲਾਂ ਵੱਲੋਂ ਟੋਭੇ ਵਿੱਚ ਤੈਰੀਆਂ ਲਾ ਕੇ ਗਰਮੀ ਦੂਰ ਭਜਾਉਣ ਦਾ ਉੱਤਮ ਸਾਧਨ ਹੁੰਦਾ ਸੀ। ਟੋਭੇ ਦਾ ਪਾਣੀ ਪਿੰਡ ਦਾ ਤਾਪਮਾਨ ਵੀ ਠੰਢਾ ਰੱਖਣ ਦਾ ਕੰਮ ਕਰਦਾ ਸੀ।  ਸ਼ਾਮ ਨੂੰ ਪਿੰਡ ਦੇ ਬੱਚਿਆਂ,ਬਜ਼ੁਰਗਾਂ ਤੇ ਨੌਜਵਾਨਾਂ ਵੱਲੋਂ ਉੱਥੇ ਇਕੱਠੇ ਹੋ ਕੇ ਦਿਲ ਦੀਆਂ ਗੱਲਾਂ ਦੀਆਂ ਸਾਂਝਾਂ ਪਾਈਆਂ ਜਾਂਦੀਆਂ ਸਨ ,ਜਿਸ ਨਾਲ ਆਪਸ ਵਿੱਚ ਰਲ਼ ਮਿਲ਼ ਕੇ ਬੈਠਣ ਅਤੇ ਆਪਸੀ ਭਾਈਚਾਰਕ ਸਾਂਝ ਪੈਦਾ ਹੁੰਦੀ ਸੀ। ਪਿੰਡਾਂ ਦੇ ਟੋਭੇ ਰੱਸਾ ਵੱਟਣ ਦੇ ਛੋਟੇ ਉਤਪਾਦ ਵਿੱਚ ਵੀ ਸਹਾਈ ਹੁੰਦੇ ਸਨ। ਸਣ ਨੂੰ ਦੋ ਤਿੰਨ ਦਿਨ ਖੁੱਲ੍ਹੇ ਪਾਣੀ ਵਿੱਚ ਭਿਉਂ ਕੇ ਰੱਸਾ ਵੱਟਣ ਲਈ ਤਿਆਰ ਕਰਨਾ ਪੈਂਦਾ ਸੀ ਜਿਸ ਕਰਕੇ ਲੋਕ ਪਿੰਡਾਂ ਦੇ ਟੋਭਿਆਂ ਦੀ ਵਰਤੋਂ ਇਸ ਕੰਮ ਲਈ ਵੀ ਬਾਖੂਬੀ ਕਰਦੇ ਸਨ।  ਪਰ ਸਮੇਂ ਦੇ ਬਦਲਾਅ ਦੇ ਨਾਲ ਨਾਲ ਟੋਭਿਆਂ ਦੇ ਰੰਗ ਰੂਪ ਅਤੇ ਉਸ ਵਰਤੋਂ ਵਿੱਚ ਵੀ ਭਾਰੀ ਬਦਲਾਅ ਆਇਆ ਹੈ। ਜਿਵੇਂ ਜਿਵੇਂ ਘਰਾਂ ਵਿੱਚ ਪਾਣੀ ਦੀ ਲੋੜ ਦੀ ਪੂਰਤੀ ਲਈ ਨਲ਼ਕੇ ਜਾਂ ਟੂਟੀਆਂ ਦੀ ਵਰਤੋਂ ਵਧੀ,ਘਰ ਪੱਕੇ ਹੋਣ ਲੱਗੇ , ਕੱਚੀਆਂ ਨਾਲ਼ੀਆਂ ਪੱਕੀਆਂ ਹੋਣ ਲੱਗੀਆਂ ਤਾਂ ਪਿੰਡ ਦੇ ਲੋਕਾਂ ਵੱਲੋਂ ਘਰਾਂ ਵਿੱਚ ਵਰਤੇ ਜਾਂਦੇ ਗੰਦੇ ਪਾਣੀ ਦੀ ਨਿਕਾਸੀ ਟੋਭਿਆਂ ਵਿੱਚ ਕੀਤੀ ਜਾਣ ਲੱਗੀ, ਇਹਨਾਂ ਵਿੱਚ ਘਰਾਂ ਦੇ ਸੈਪਟਿਕ ਟੈਂਕਾਂ ਦਾ ਲੈਟਰੀਨ ਵਾਲਾ ਪਾਣੀ ਵੀ ਪੈ ਰਿਹਾ ਹੈ। ਪਿੰਡਾਂ ਵਿੱਚ ਦੁੱਧ ਇਕੱਠਾ ਕਰਨ ਵਾਲੇ ਮਿਲਕ ਸੈਂਟਰਾਂ ਦਾ ਕੈਮੀਕਲ ਵਾਲ਼ਾ ਗੰਦਾ ਪਾਣੀ ਇਹਨਾਂ ਛੱਪੜਾਂ ਨੂੰ ਦੂਸ਼ਿਤ ਕਰ ਰਿਹਾ ਹੈ। ਜਿਸ ਨਾਲ ਟੋਭਿਆਂ ਦੇ ਪਾਣੀ ਦੂਸ਼ਿਤ ਕਰ ਦਿੱਤੇ ਗਏ। ਉਹ ਪਾਣੀ ਡੰਗਰਾਂ ਪਸ਼ੂਆਂ ਦੇ ਪੀਣ ਯੋਗ ਹੀ ਨਹੀਂ ਰਿਹਾ ਸਗੋਂ ਉਹ ਨਿਰਾ ਬਿਮਾਰੀਆਂ ਦਾ ਘਰ ਬਣਨ ਲੱਗਿਆ। ਕਦੇ ਜਿਹੜੇ ਟੋਭਿਆਂ ਵਿੱਚ ਡੱਡੂਆਂ ਦੀ ਟੈਂ ਟੈਂ ਕਿਤੇ ਮੀਂਹ ਆਉਣ ਦਾ ਸੰਕੇਤ ਦਿੰਦੀ ਸੀ ਜੋ ਹੁਣ ਵਕਤ ਦੇ ਬਦਲਾਅ ਨਾਲ ਹੌਲ਼ੀ ਹੌਲ਼ੀ ਮੱਛਰਾਂ ਮੱਖੀਆਂ ਦੇ ਪੈਦਾ ਹੋਣ ਨਾਲ ਮਲੇਰੀਆ, ਡੇਂਗੂ ਅਤੇ ਹੈਜ਼ਾ ਵਰਗੀਆਂ ਬਿਮਾਰੀਆਂ ਨੂੰ ਸੱਦਾ ਦੇਣ ਲੱਗੀਆਂ ਹਨ। ਚਾਹੇ ਅੱਜ ਬਹੁਤੇ ਪਿੰਡਾਂ ਵਿੱਚ ਟੋਭੇ ਪੱਕੇ ਕੀਤੇ ਜਾਣ ਲੱਗ ਪਏ ਹਨ, ਉਹਨਾਂ ਦੇ ਆਲ਼ੇ ਦੁਆਲ਼ੇ ਰੰਗਦਾਰ ਜਾਲੀਆਂ ਦੀ ਵਾੜ ਕਰ ਦਿੱਤੀ ਜਾਣ ਲੱਗੀ ਹੈ,ਮੌਸਮ ਦੇ ਹਿਸਾਬ ਨਾਲ ਉੱਥੇ ਮੱਖੀਆਂ ਮੱਛਰ ਪੈਦਾ ਹੋਣ ਤੋਂ ਪੰਚਾਇਤਾਂ ਵੱਲੋਂ ਕੀੜੇਮਾਰ ਦਵਾਈਆਂ ਦਾ ਛਿੜਕਾਅ ਕੀਤਾ ਜਾਣ ਲੱਗਿਆ ਹੈ ,ਜੋ ਬਹੁਤ ਚੰਗੀ ਗੱਲ ਹੈ। ਬੇਸ਼ੱਕ ਪਿੰਡਾਂ ਅਤੇ ਪਿੰਡਾਂ ਦੇ ਘਰਾਂ ਦਾ ਤੇਜ਼ੀ ਨਾਲ ਵਿਕਾਸ ਹੋ ਕੇ ਰੰਗ ਰੂਪ ਬਦਲ ਗਿਆ ਹੈ ਉੱਥੇ ਹੀ ਪੱਕੇ ਟੋਭੇ, ਆਲ਼ੇ ਦੁਆਲ਼ੇ ਰੰਗਦਾਰ ਜਾਲੀਆਂ ਅਤੇ ਕਈ ਪਿੰਡਾਂ ਵਿੱਚ ਉਸ ਦੇ ਆਲ਼ੇ ਦੁਆਲ਼ੇ ਫੁੱਲਾਂ ਵਾਲੇ ਪੌਦੇ ਲਗਾਏ ਜਾਣ ਲੱਗੇ ਹਨ, ਜਿੱਥੇ ਉਹ ਨਵੀਨੀਕਰਨ ਦਾ ਸੰਕੇਤ ਦਿੰਦੇ ਹਨ ਅਤੇ ਪਿੰਡ ਦੀ ਦਿੱਖ ਨੂੰ ਵੀ ਖੂਬਸੂਰਤ ਬਣਾਉਂਦੇ ਹਨ ਪਰ ਅਫਸੋਸ, ਉੱਥੇ ਹੀ ਜਿਸ ਮਕਸਦ ਨਾਲ ਸਾਡੇ ਪੁਰਖਿਆਂ ਵੱਲੋਂ ਟੋਭਿਆਂ ਦੀ ਇਜਾਦ ਕੀਤੀ ਗਈ ਸੀ ਉਹ ਮਕਸਦ ਜ਼ਰੂਰ ਅਲੋਪ ਹੋ ਰਿਹਾ ਹੈ। ਪਰ ਆਪਣੇ ਵਿਰਸੇ ਦੀਆਂ ਵਸਤਾਂ ਦਾ ਮਕਸਦ ਅਤੇ ਉਹਨਾਂ ਦੀ ਸਾਂਭ ਸੰਭਾਲ ਕਰਨਾ ਸਾਡਾ ਫਰਜ਼ ਹੈ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਾਣੀ ਦੀ ਦੁਰਵਰਤੋਂ
Next articleਭੁੱਖ / ਮਿੰਨੀ ਕਹਾਣੀ