ਮਿਸ਼ਨ ਲਾਈਫ : ਆਓ ਹਰ ਦਿਨ ਵਾਤਾਵਰਣ ਦਿਵਸ ਮਨਾਈਏ!

ਇੰਜੀ. ਕੁਲਦੀਪ ਸਿੰਘ ਰਾਮਨਗਰ

(ਸਮਾਜ ਵੀਕਲੀ)

(ਵਿਸ਼ਵ ਵਾਤਾਵਰਣ ਦਿਵਸ ਤੇ ਵਿਸ਼ੇਸ)

ਹਰ ਸਾਲ 05 ਜੂਨ ਨੂੰ ਪੂਰੇ ਵਿਸਵ ਪੱਧਰ ਤੇ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਲਈ ਵਿਸਵ ਵਾਤਾਵਰਣ ਦਿਵਸ ਮਨਾਇਆ ਜਾਂਦਾ ਹੈ। ਇਸਦੀ ਸੁਰੂਆਤ ਸੰਯੁਕਤ ਰਾਸ਼ਟਰ ਦੁਆਰਾ ਸਾਲ 1972 ਵਿੱਚ ਕੀਤੀ ਗਈ ਤਾਂ ਜੋ ਲੋਕਾਂ ਵਿੱਚ ਵਾਤਾਵਰਣ ਸੰਭਾਲ ਪ੍ਤੀ ਰਾਜਨੀਤਕ ਅਤੇ ਸਮਾਜਿਕ ਚੇਤਨਾ ਉਤਪੰਨ ਕੀਤੀ ਜਾ ਸਕੇ। ਯੁਨਾਈਟਡ ਨੇਸ਼ਨ ਵਾਤਾਵਰਣ ਪ੍ਰੋਗਰਾਮ (UNEP) ਦੁਆਰਾ ਹਰ ਸਾਲ ਇਸ ਦਿਵਸ ਸਬੰਧੀ ਇੱਕ ਖਾਸ ਵਿਸ਼ਾ (Theme) ਨਿਰਧਾਰਿਤ ਕੀਤਾ ਜਾਂਦਾ ਹੈ। ਇਸ ਸਾਲ ਵਾਤਾਵਰਣ ਦਿਵਸ ਦਾ ਵਿਸ਼ਾ ਹੈ “Beat Plastic Pollution” ਭਾਵ “ਪਲਾਸਟਿਕ ਪ੍ਰਦੂਸ਼ਣ ਨੂੰ ਖਤਮ ਕਰਨਾ”।

ਇਸ ਸਾਲ ਭਾਰਤ ਸਰਕਾਰ ਨੇ ਲੋਕਾਂ ਨੂੰ ਵਿਆਪਕ ਪੱਧਰ ਤੇ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਲਈ ਪਿਛਲੇ ਕਈ ਮਹੀਨਿਆਂ ਤੋਂ ਇੱਕ ਮੁਹਿੰਮ ਚਲਾਈ ਹੈ ਜਿਸਦਾ ਨਾਮ ਹੈ “ਮਿਸ਼ਨ ਲਾਈਫ”। ਦੇਸ ਦੇ ਵਾਤਾਵਰਣ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਕੂਲਾਂ, ਕਾਲਜਾਂ, ਪਿੰਡਾਂ ਅਤੇ ਸਹਿਰਾਂ ਵਿੱਚ ਲੋਕਾਂ ਨੂੰ ਵਾਤਾਵਰਣ ਪੱਖੀ ਜੀਵਨ ਸ਼ੈਲੀ ਅਪਨਾਉਣ ਅਤੇ ਹੋਰਨਾਂ ਨੂੰ ਵੀ ਵਾਤਾਵਰਣ ਸੰਭਾਲ ਸਬੰਧੀ ਸੁਚੇਤ ਕਰਨ ਲਈ ਸਹੁੰ ਚੁਕਾਈ ਜਾ ਰਹੀ ਹੈ। ਉਂਝ ਮੇਰਾ ਵੀ ਇਹ ਨਿੱਜੀ ਵਿਚਾਰ ਹੈ ਕਿ ਇੱਕ ਦਿਨ ਵਾਤਾਵਰਣ ਦਿਵਸ ਮਨਾ ਕੇ ਅਸੀਂ ਆਪਣੀ ਜਿੰਮੇਵਾਰੀ ਤੋਂ ਮੁਕਤ ਨਹੀਂ ਹੋ ਸਕਦੇ ਬਲਕਿ ਵਾਤਾਵਰਣ ਸੰਭਾਲ ਸਾਨੂੰ ਹਰ ਸਮੇਂ ਹਰ ਦਿਨ ਕਰਨੀ ਚਾਹੀਦੀ ਹੈ। ਇਹ ਡਿਉਟੀ ਸਾਡੀ ਸਾਰਿਆਂ ਦੀ ਰੋਜ਼ਾਨਾ ਜਿੰਦਗੀ ਦਾ ਹਿੱਸਾ ਹੋਣੀ ਚਾਹੀਦੀ ਹੈ।

ਧਰਤੀ ਇੱਕ ਵਿਲੱਖਣ ਗ੍ਹਹਿ ਹੈ। ਇਸ ਤੇ ਆਕਸੀਜਨ ਅਤੇ ਪਾਣੀ ਦੀ ਮੌਜੂਦਗੀ ਕਾਰਣ ਹੀ ਇੱਥੇ ਜੀਵਨ ਦੀ ਉਤਪਤੀ ਸੰਭਵ ਹੋ ਸਕੀ। ਪਰ ਅੱਜ ਪੂਰੇ ਵਿਸਵ ਵਿੱਚ ਮਨੁੱਖ ਦੁਆਰਾ ਕੁਦਰਤ ਨਾਲ ਕੀਤੇ ਖਿਲਵਾੜ ਕਾਰਨ ਵਾਤਾਵਰਣ ਸਬੰਧੀ ਅਨੇਕਾਂ ਹੀ ਸਮੱਸਿਆਵਾਂ ਉਤਪੰਨ ਹੋ ਗਈਆਂ ਹਨ ਜੋ ਕਿ ਸਾਡੀ ਹਰ ਤਰ੍ਹਾਂ ਦੀ ਜੈਵਿਕ ਵਿਭੰਨਤਾ ਲਈ ਵੱਡਾ ਖਤਰਾ ਬਣ ਗਿਆ ਹੈ।

ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਸਾਡਾ ਸੂਬਾ ਵੀ ਕਈ ਤਰ੍ਹਾਂ ਦੀਆਂ ਵਾਤਾਵਰਣ ਸਮੱਸਿਆਵਾਂ ਨਾਲ ਘਿਰਦਾ ਜਾ ਰਿਹਾ ਹੈ। ਕਿਸੇ ਵੇਲੇ ਪੰਜਾਬ ਦਾ ਨਾਮ ਪੰਜ ਦਰਿਆਵਾਂ ਦੀ ਧਰਤੀ ਪੰਜ + ਆਬ ਤੋਂ ਪਿਆ ਭਾਵ ਇੱਥੇ ਪਾਣੀ ਦੀ ਬਹੁਤਾਤ ਸੀ ਪਰ ਅੱਜ ਸਾਡਾ ਪੰਜਾਬ ਮਾਰੂਥਲ ਬਨਣ ਵੱਲ ਵਧਦਾ ਜਾ ਰਿਹਾ ਹੈ। ਇਸ ਵਰਤਾਰੇ ਪਿੱਛੇ ਕੀ ਕਾਰਣ ਜਿੰਮੇਵਾਰ ਹਨ ਜੇ ਇਹਨਾਂ ਦਾ ਵਿਸਲੇਸ਼ਣ ਕੀਤਾ ਜਾਵੇ ਤਾਂ ਗੱਲ ਲੰਬੀ ਹੋ ਜਾਵੇਗੀ। ਪਰ ਇਹ ਗੱਲ ਸਾਫ਼ ਹੈ ਕਿ ਸਾਡੇ ਦੁਆਰਾ ਕੁਦਰਤ ਦੀ ਅਨਮੋਲ ਦਾਤ ਨੀਲੇ ਸੋਨੇ ਭਾਵ ਪਾਣੀ ਦੀ ਦੁਰਵਰਤੋਂ ਕਾਰਨ ਹੀ ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਪਾਣੀ ਬਚੇਗਾ ਜਾਂ ਨਹੀਂ, ਇਹ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ।

ਇਸੇ ਤਰ੍ਹਾਂ ਹਰ ਸਾਲ ਫਸਲਾਂ ਦੀ ਰਹਿੰਦ ਖੂੰਹਦ ਨੂੰ ਲਗਦੀਆਂ ਅੱਗਾਂ ਨਾਲ ਵੀ ਪੰਜਾਬ ਦਾ ਵਾਤਾਵਰਣ ਬੁਰੀ ਤਰ੍ਹਾਂ ਪ੍ਭਾਵਿਤ ਹੋ ਰਿਹਾ ਹੈ। ਸਾਡੀ ਦੂਰ ਦਿ੍ਸ਼ਟੀ ਦੀ ਘਾਟ ਕਾਰਨ ਜਿੱਥੇ ਅਸੀਂ ਧਰਤੀ ਦੀ ਹਿੱਕ ਸਾੜ ਕੇ ਮਿੱਤਰ ਕੀੜੇ ਮਾਰ ਰਹੇ ਹਾਂ, ਉਸਦੇ ਨਾਲ ਹੀ ਵਾਤਾਵਰਣ ਨੂੰ ਸੰਤਲੁਤ ਰੱਖਣ ਵਿੱਚ ਸਹਾਈ ਰੁੱਖਾਂ ਅਤੇ ਪੰਛੀਆਂ ਦਾ ਅੰਨ੍ਹੇਵਾਹ ਨੁਕਸਾਨ ਕਰ ਰਹੇ ਹਾਂ। ਜੇ ਇਹ ਵਰਤਾਰਾ ਜਾਰੀ ਰਿਹਾ ਤਾਂ ਕੁਦਰਤ ਦੇ ਪ੍ਕੋਪ ਕਾਰਨ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੀ ਜਰਖੇਜ਼ ਉਪਜਾਊ ਜ਼ਮੀਨ ਬੰਜਰ ਬਣ ਜਾਵੇਗੀ। ਵਾਤਾਵਰਣ ਨਾਲ ਖਿਲਵਾੜ ਕਾਰਨ ਸਾਡੀਆਂ ਫਸਲਾਂ ਤੇ ਵੀ ਬਹੁਤ ਮਾਰੂ ਪ੍ਭਾਵ ਪੈ ਰਹੇ ਹਨ।

ਕਿਉਂਕਿ ਪੰਜਾਬ ਇੱਕ ਖੇਤੀ ਪ੍ਧਾਨ ਸੂਬਾ ਹੈ ਇਸ ਲਈ ਪੰਜਾਬ ਦੇ ਵਾਤਾਵਰਣ ਨੂੰ ਸੰਤੁਲਿਤ ਰੱਖਣ ਲਈ ਸਾਡੇ ਕਿਸਾਨ ਭਰਾ ਮੋਹਰੀ ਰੋਲ ਅਦਾ ਕਰ ਸਕਦੇ ਹਨ। ਮੇਰੀ ਪੁਰਜੋ਼ਰ ਬੇਨਤੀ ਹੈ ਹਰ ਕਿਸਾਨ ਆਪਣੀ ਮੋਟਰ ਜਾਂ ਖੇਤ ਵਿੱਚ ਘੱਟ ਤੋਂ ਘੱਟ 10 ਰੁੱਖ ਫਲਦਾਰ ਅਤੇ 10 ਰੁੱਖ ਛਾਂਦਾਰ ਜਰੂਰ ਲਗਾਏ ਤਾਂ ਜੋ ਸਾਡਾ ਪੰਜਾਬ ਦਾ ਵਾਤਾਵਰਣ ਸਾਡੀਆਂ ਫਸਲਾਂ ਲਈ ਅਨੂਕੂਲ ਬਣਿਆ ਰਹੇ । ਇਸੇ ਤਰ੍ਹਾਂ ਘਰਾਂ ਵਿੱਚ ਮੈਡੀਸ਼ਨ ਅਤੇ ਸਜਾਵਟੀ ਪੌਦੇ ਲਗਾਏ ਜਾਣ । ਇਸ ਨਾਲ ਜਿੱਥੇ ਅਸੀਂ ਆਪਣੇ ਵਾਤਾਵਰਣ ਨੂੰ ਠੀਕ ਰੱਖ ਸਕਦੇ ਹਾਂ, ਉਥੇ ਚੰਗੀ ਸਿਹਤ ਲਈ ਵੀ ਇਹਨਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਜੇ ਘਰ ਵਿੱਚ ਜਗ੍ਹਾ ਘੱਟ ਹੋਵੇ ਤਾਂ ਗਮਲਿਆਂ ਵਿੱਚ ਵੀ ਤੁਲਸੀ, ਐਲੋਵੀਰਾ ਜਿਹੇ ਪੌਦੇ ਲਗਾਏ ਜਾ ਸਕਦੇ ਹਨ।

ਵਾਤਾਵਰਣ ਸੰਭਾਲ ਲਈ ਪੰਜਾਬ ਦੇ ਹਰ ਵਾਸੀ ਨੂੰ ਸੰਜੀਦਗੀ ਨਾਲ ਸੋਚਣਾ ਚਾਹੀਦਾ ਹੈ। ਵਾਤਾਵਰਣ ਪ੍ਰਤੀ ਪੰਜਾਬ ਸਰਕਾਰ ਦੀ ਸੁਹਿਰਦ ਸੋਚ ਅਨੁਸਾਰ ਵਣ ਅਤੇ ਜੰਗਲੀ ਸੁਰੱਖਿਆ ਵਿਭਾਗ ਵਲੋਂ ਵੀ ਸਮੇਂ- ਸਮੇਂ ਤੇ ਅਨੇਕਾਂ ਸਕੀਮਾਂ ਚਲਾਈਆਂ ਜਾਂਦੀਆਂ ਹਨ। ਸਾਨੂੰ ਸਭ ਨੂੰ ਇੱਕ ਚੰਗੇ ਨਾਗਰਿਕ ਹੋਣ ਦੇ ਨਾਤੇ ਪੰਜਾਬ ਨੂੰ ਹਰਿਆ-ਭਰਿਆ ਬਨਾਉਣ ਲਈ ਸਹਿਯੋਗ ਅਤੇ ਹਰ ਸੰਭਵ ਉਪਰਾਲਾ ਕਰਨਾ ਚਾਹੀਦਾ ਹੈ। ਚੰਗਾ ਵਾਤਾਵਰਣ ਸਾਡੀ ਸਭ ਦੀ ਸਾਂਝੀ ਲੋੜ ਵੀ ਹੈ ਅਤੇ ਸਾਂਝੀ ਜਿੰਮੇਵਾਰੀ ਵੀ ਹੈ।

ਆਓ ਇਸ ਵਿਸਵ ਵਾਤਾਵਰਣ ਦਿਵਸ ਮੌਕੇ ਆਪਾਂ ਰਲ ਮਿਲ ਕੇ ਇਹ ਪ੍ਣ ਕਰੀਏ ਕਿ ਪਾਣੀ ਬਚਾਈਏ, ਲਗਾਏ ਹੋਏ ਰੁੱਖਾਂ ਦੀ ਸੰਭਾਲ ਕਰੀਏ, ਪੰਛੀਆਂ ਅਤੇ ਜਾਨਵਰਾਂ ਦਾ ਖਿਆਲ ਰੱਖੀਏ, ਪ੍ਦੂਸਣ ਘਟਾਈਏ ਅਤੇ ਆਉਣ ਵਾਲੇ ਬਰਸਾਤੀ ਸੀਜਨ ਵਿੱਚ ਵੱਧ ਤੋਂ ਵੱਧ ਰੁੱਖ ਲਗਾ ਕੇ ਪੰਜਾਬ ਨੂੰ ਹਰਿਆ- ਭਰਿਆ ਤੇ ਖੁਸ਼ਹਾਲ ਬਣਾਈਏ।

ਕੁਲਦੀਪ ਸਿੰਘ, ਵਣ ਰੱਖਿਅਕ
Mob 9501948910
ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ, ਪੰਜਾਬ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੱਚੇ ਸੁੱਚੇ ਆਪਣੇ!
Next articleਏਹੁ ਹਮਾਰਾ ਜੀਵਣਾ ਹੈ -302