ਬੁੱਧ ਚਿੰਤਨ

ਬੁੱਧ ਸਿੰਘ ਨੀਲੋਂ 
ਵੇ ਮਿੱਤਰਾ ਖਤਰੇ ਦਾ ਘੁੱਗੂ ਬੋਲ ਪਿਆ  !
(ਸਮਾਜ ਵੀਕਲੀ) ਸਮਾਂ ਬੜਾ ਬਲਵਾਨ ਹੈ। ਇਹ ਕਦੋਂ ਤੇ ਕਿਵੇਂ ਬਦਲਦਾ ਹੈ, ਕੰਨੋਂ ਕੰਨੀ ਭਿਣਕ ਨਹੀਂ ਲੱਗਦੀ । ਜੇ ਇਸਦੀ ਭਿਣਕ ਲੱਗ ਜਾਵੇ ਤਾਂ ਕੋਈ ਭਾਫ ਨਹੀਂ ਕੱਢਦਾ । ਪੰਜਾਬ ਨੇ ਚਾਰ ਦਹਾਕਿਆਂ ਵਿੱਚ ਐਨੀ ਤਰੱਕੀ ਕੀਤੀ ਹੈ ਕਿ ਦੁਨੀਆਂ ਭਰ ਦੇ ਵਿੱਚ ਚਰਚਾ ਹੋ ਰਹੀ ਹੈ । ਚਾਰ ਦਹਾਕੇ ਪਹਿਲਾਂ ਭੂਆ, ਮਾਸੀ, ਦਿਉਰ, ਭਰਜਾਈ, ਜੇਠ ਤੇ ਜੇਠਾਣੀ ਹੁੰਦੀ ਸੀ । ਹੁਣ ਘਰ ਘਰ ਕੱਲੇ ਕੱਲੇ ਧੀ ਜਾਂ ਪੁੱਤ ਹੈ। ਕਿਸੇ ਦੇ ਹੀ ਇੱਕ ਤੋਂ ਵੱਧ ਬੱਚੇ ਹੋਣਗੇ, ਨਹੀਂ ਤਾਂ…? ਉਹ ਵੀ ਦਿਨ ਸਨ ਜਦ ਨੂੰਹ ਤੇ ਸੱਸ ਅੱਗੇ ਪਿੱਛੇ ਬੱਚੇ ਜਨਮ ਦੀਆਂ ਸਨ। ਅੱਸੀਵੇਂ ਵੇਲੇ ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ ਗੀਤ ਆਇਆ ਸੀ । ਯਾਦ ਆਇਆ ਹੈ ਕਿ ਨਹੀਂ? ਰਣਜੀਤ ਕੌਰ ਆਖਦੀ ਸੀ ਕਿ –
ਸੱਸ ਮੇਰੀ ਨੇ ਕਾਕਾ ਜਾਇਆ, ਬਹਿ ਕੇ ਜਸ਼ਨ ਮਨਾਈਏ
ਮੈਨੂੰ ਮੌਜ ਲੱਗ ਗੀ,ਜੱਟਾ ਲਿਆ ਪੰਜੀਰੀ ਖਾਈਏ।
ਮੁਹੰਮਦ ਸਦੀਕ ਜਵਾਬ ਦੇਂਦਾ ਸੀ।
ਨੀ ਘਰੇ ਸ਼ਰੀਕ ਜੰਮ ਪਿਆ, ਬਿੱਲੋ ਹੁਣ ਕੀ ਲਾਜ ਬਣਾਈਏ ?
ਉਦੋਂ ਮੁਹੰਮਦ ਸਦੀਕ ਨੂੰ ਤਾਂ ਕੋਈ ਇਲਾਜ ਲੱਭਿਆ ਨਹੀ ਪਰ ਭਾਰਤੀ ਸਟੇਟ ਨੂੰ ਲੱਭ ਗਿਆ ਸੀ । ਉਹਨਾਂ ਨੇ  ਪੰਜਾਬ ਦੇ ਕਿਸਾਨਾਂ ਨੂੰ ਅੰਨਦਾਤਾ ਆਖਣਾ ਸ਼ੁਰੂ ਕਰ ਦਿੱਤਾ । ਅੰਨਦਾਤਾ ਐਨਾ ਚਾਂਭਲਿਆ ਕਿ ਉਸਨੇ ਖੇਤਾਂ ਵਿੱਚ ਜ਼ਹਿਰੀਲੀਆਂ ਦਵਾਈਆਂ ਛਿੜਕ ਕੇ ਭਾਰਤ ਦੇ ਗੁਦਾਮ ਤਾਂ ਭਰ ਦਿੱਤੇ ਪਰ ਆਪ ਤੇ ਧਰਤੀ ਨੂੰ ਤਬਾਹ ਕਰ ਲਿਆ । ਹੁਣ ਹਾਲਤ ਬਹੁਤ ਨਾਜ਼ੁਕ ਹੈ।
 ਪੰਜਾਬ ਦੇ ਵਿੱਚ ਫਿਰਕਾਪ੍ਰਸਤੀ ਵਾਲਾ ਮਹੌਲ ਸਿਰਜ ਕੇ ਇੱਥੇ ਡਰ ਦੀ ਅਜਿਹੀ ਫਸਲ ਬੀਜੀ, ਨੌਜਵਾਨਾਂ ਦੇ ਵਿੱਚ ਦਹਿਸ਼ਤ ਫੈਲ ਗਈ।  ਲੋਕ ਪਰਵਾਰਾਂ ਸਮੇਤ ਵਿਦੇਸ਼ਾਂ ਨੂੰ ਭੱਜਣ ਲੱਗੇ। ਭਾਰਤੀ ਸਟੇਟ ਨੇ ਨੌਜਵਾਨਾਂ ਨੂੰ ਨਕਸਲੀ, ਖਾੜਕੂ ਤੇ ਗੈਂਗਸਟਰ ਬਣਾ ਕੇ ਮਾਰਨਾ ਸ਼ੁਰੂ ਕਰ ਦਿੱਤਾ । ਘਰਾਂ ਵਿਚ ਸਥਰ ਵਿਛਣ ਲੱਗੇ । ਬਜ਼ੁਰਗਾਂ ਦੀ ਪੁਲਿਸ ਦਸਤਿਆਂ ਨੇ ਦਾਹੜੀਆਂ ਪੱਟੀਆਂ । ਉਹ ਕੁੱਝ ਪੰਜਾਬ ਦੇ ਵਿੱਚ ਹੋਇਆ ਜਿਸ ਦਾ ਹੁਣ ਤੱਕ ਕੋਈ ਵਿਸ਼ਲੇਸ਼ਣ ਨਹੀਂ ਕੀਤਾ । ਪੰਜਾਬ ਦੇ ਵਿੱਚ ਬੇਬੀ ਟਿਊਬ ਸੈਂਟਰ ਖੁੱਲ ਰਹੇ ਹਨ । ਨੌਜਵਾਨ ਨਿਪੁੰਸਕ ਹੋ ਰਹੇ ਹਨ, ਪੀਜੀਆਈ ਦੇ ਡਾਕਟਰ ਕਹਿ ਰਹੇ ਹਨ । ਖਤਰੇ ਦਾ ਘੁੱਗੂ ਬੋਲ ਪਿਆ ਹੈ । ਕੀ ਬਣੂੰ ਦੁਨੀਆਂ ਦਾ , ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ, ਘਰਾਂ ਵਿਚ ਘਟ ਗਏ ਨਿਆਣੇ। ਤੇਰੀਆਂ ਤੂੰ ਜਾਣੇ ?? ਭੂਆ ਨੂੰ ਤਰਸਣਗੇ ਕਿ ਵੀਰੇ ਨੂੰ??
ਅਮਰਜੋਤ ਉੱਚੀ ਉੱਚੀ ਗਾਈ ਜਾ ਰਹੀ ਹੈ, ਵੇ ਮਿੱਤਰਾ ਖਤਰੇ ਦਾ ਘੁੱਗੂ ਬੋਲ ਗਿਆ।
ਛੜਾ ਜੇਠ ਰੌਲ਼ਾ ਪਾਈ ਜਾ ਰਿਹਾ ਐ, ਸਿੱਖ ਘੱਟੋ ਘੱਟ ਪੰਜ ਨਿਆਣੇ ਜੰਮਣ।
ਪੰਜਾਬੀ ਕਿਸ ਦੀ ਗੱਲ ਮੰਨਣ??
—-
ਬੁੱਧ ਸਿੰਘ ਨੀਲੋਂ 
9464370823
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬੁੱਧ ਚਿੰਤਨ
Next articleਹਾਸ/ਵਿਅੰਗ: ਸੜਕ ਅਤੇ ਸ਼ਾਇਰ