ਹਾਸ ਵਿਅੰਗ / ਬੁਢਾਪੇ ਦਾ ਸਹਾਰਾ

ਸੁਰਜੀਤ ਸਿੰਘ ਭੁੱਲਰ
(ਸਮਾਜ ਵੀਕਲੀ)-ਮੈਂ ਆਪਣੀ ਜ਼ਿੰਦਗੀ ਦੇ 84 ਸਾਲ  ( ਹੁਣ-89)ਗਵਾ ਚੁੱਕਿਆ ਹਾਂ। 85ਵੇਂ (90)ਦਾ ਵੀ ਅੱਧ-ਪਚੱਧ ਨਿਕਲ ਚੱਲਿਆ ਹੈ। ਅਕਸਰ ਮੇਰੇ ਕਈ ਯਾਰ-ਬੇਲੀ ਜਾਂ ਕੋਈ ਇੱਧਰੋਂ-ਉਧਰੋਂ,ਤੁਰਦਾ-ਫਿਰਦਾ,ਮਿਲਦਾ ਮਿਲਾਉਂਦਾ ਮਿਲਾਪੜਾ,ਮੇਰੇ ‘ਤੇ ਇੱਕੋ ਸਵਾਲ ਆਪਣੀ ਮੂੰਹ ਦੀ ਤੋਪ ‘ਚੋਂ ਗੋਲਾ ਦਾਗ਼ ਕੇ ਪੁੱਛਦਾ ਹੈ ਕਿ ਬਜ਼ੁਰਗੋ!ਤੁਸੀਂ ਆਪਣੇ ਬੁਢਾਪੇ ਦਾ ਕੀ ਸਹਾਰਾ ਬਣਾਇਆ ਜੇ?
ਜਦ ਕੋਈ ਮੈਨੂੰ ਅਜਿਹਾ ਸਵਾਲ ਪੁੱਛਦਾ ਹੈ ਤਾਂ ਲੱਗਦਾ ਜਿਵੇਂ ਉਹ ਮੈਨੂੰ ਆਪਣੇ ਮਨ ਨਾਲ ਪੱਕੀ ਤਰ੍ਹਾਂ ‘ਬੁੱਢਾ’ ਮੰਨ ਕੇ ਹੀ ਗੱਲ ਕਰਦਾ ਹੈ। ਉਹਨੂੰ ਕੀ ਦੱਸਾਂ ਕਿ ਅਸੀਂ ਤਾਂ ਆਪਣੇ-ਆਪ ਨੂੰ ਅਜੇ ਤਕ ਕਦੇ ਬੁੱਢਾ ਮੰਨਿਆ ਹੀ ਨਹੀਂ। ਪਤਾ ਨਹੀਂ,ਮੈਨੂੰ ਬੇਕਾਰ ਅਤੇ ਨਕਾਰਾ ‘ਵਸਤੂ’ ਕਿਵੇਂ ਸਮਝ ਬੈਠਦੇ ਨੇ; ਜਿਵੇਂ ਕੋਈ ‘ਕੂੜੇਦਾਨ’ ਵਿਚ ਸੁੱਟਣ ਵਾਲੀ’ ਚੀਜ਼’ ਹੋਵਾਂ? ਖ਼ੈਰ,ਹੋ ਸਕਦਾ ਕਿ ਉਨ੍ਹਾਂ ਨੇ ਮੇਰਾ ‘ਜੁੱਸਾ’ ਦੇਖ ਕੇ,ਆਪਣਾ ਅਜਿਹਾ ਦ੍ਰਿਸ਼ਟੀਕੋਣ  ਬਣਾਇਆ ਹੋਵੇ। ਮਨ ਦੇ ਦਰਪਨ ਵਿੱਚ ਕੋਣ ਝਾਤ ਮਾਰਦਾ ਹੈ?
ਮੈਂ ਮੰਨਦਾ ਹਾਂ ਕਿ ਹਰ ਉਹ ਚੀਜ਼ ਜੋ ਇਸ ਦੁਨੀਆ ਵਿਚ ਆਉਂਦੀ ਹੈ,ਨਾਸ਼ਵਾਨ ਹੈ: ਉਹਦੇ ਆਉਣ ਦਾ ਅਤੇ ਜਾਣ ਦਾ ਸਮਾਂ ਨਿਸ਼ਚਿਤ ਹੈ- ਆਪਣੇ ਸਮੇਂ ਸਿਰ ਆਉਣਾ ਅਤੇ ਤੁਰ ਜਾਣਾ ਇੱਕ ਕੁਦਰਤੀ ਪ੍ਰਕਿਰਿਆ ਹੈ,ਜੋ ਮਨੁੱਖੀ ਤਾਕਤ ਤੋਂ ਬਾਹਰੀ ਹੈ। ਇਹ ਸੋਚ ਕੇ,ਕਦੇ-ਕਦੇ,ਮੈਂ ਆਪਣੇ ਮਨ ਤੋਂ ਪੁੱਛਦਾ ਹਾਂ ਕਿ ਮੈਨੂੰ ਮਿਲਣ ਵਾਲੇ,ਇੱਕੋ ਜਿਹਾ ਸਵਾਲ ਕਿਉਂ  ਕਰਦੇ ਨੇ? ਜ਼ਰੂਰ ਕੋਈ ਨਾ ਕੋਈ ਖ਼ਾਸ ਵਜ੍ਹਾ ਤਾਂ ਹੋਏਗੀ,ਜੋ ਉਨ੍ਹਾਂ ਨੂੰ ਮੇਰੇ ਬਾਰੇ ਤਸ਼ਵੀਸ਼ ਰਹਿੰਦੀ ਹੈ। ਚੰਗਾ ਇਹੀ ਹੈ ਕਿ ਮੈਂ ਆਪ ਹੀ ਕਿਉਂ ਨਾ ਅੱਜ ਇਸ ਸਵਾਲ ‘ਤੇ ਸਵੈ-ਚਿੰਤਨ ਕਰਾਂ,ਜਿਵੇਂ  ਕਿਸੇ  ਵਿਵਾਦਪੂਰਨ ਮੁੱਦੇ ਤੇ ‘ਸਰਕਾਰੀ ਕਮਿਸ਼ਨ-ਜਾਂ ਕਮੇਟੀਆਂ’ ਕਰਦੀਆਂ ਹਨ।
ਲਓ ਜੀ,ਕੁੱਝ ਮਗ਼ਜ਼ ਖਪਾ ਕੇ,ਜਵਾਬ ਲੱਭ ਹੀ ਗਿਆ ਹੈ- – ਬੁਢਾਪੇ ਦਾ ਸਹਾਰਾ, ਕੇਵਲ ਬੁਢਾਪਾ ਹੀ ਹੁੰਦਾ ਹੈ,- – ਕਿਉਂਕਿ ਇਸ ਪੜਾਅ ‘ਤੇ ਜੱਦੋ ਉਹ ‘ਆਪਣੀ ਹਾਜ਼ਰੀ’ ਲਗਵਾਉਣ ਆਉਂਦਾਂ ਹੈ ਤਾਂ ਫਿਰ  ਮਨੁੱਖ ਨੂੰ ਛੱਡ ਕੇ ਨਹੀਂ ਜਾਂਦਾ;ਆਖ਼ਰੀ ਸਾਹ ਤਕ,ਨਾ ਹੱਥ ਛੱਡੇ ਅਤੇ ਨਾ  ਸਾਥ।ਪੱਕਾ ‘ਸ਼ਿਵਪੁਰੀ’ਤੋਂ ਨਾਨ ਸਟਾਪ ‘ਸੁਰਗਪੁਰੀ’ਤਕ।
ਅਸਲ ਵਿਚ, ਇਨਸਾਨ ਨੂੰ ਸਹਾਰੇ ਦੀ ਉਦੋਂ ਲੋੜ ਪੈਂਦੀ ਹੈ,ਜੱਦੋ ਉਹਨੇ ਕੁੱਝ ਨਾ ਕੁੱਝ ਸਿੱਖਣਾ / ਬਣਨਾ ਹੁੰਦਾ ਹੈ। ਬਚਪਣ ‘ਚ ਮਾਂ ਦੀਆਂ ਲੋਰੀਆਂ,ਉਹਦਾ ਪਿਆਰ,ਬਾਪ ਵੱਲੋਂ ਸਿੱਖ-ਸਿਖਲਾਈ ਦਾ ਕਾਰਜ-ਅਤੇ ਅੱਗੋਂ ਪੜ੍ਹਾਈ ਕਰਕੇ ਆਪਣੇ ਪੈਰਾਂ ‘ਤੇ ਖੜਣਾ।ਪਰ ਹੈਰਾਨੀ ਦੀ ਗੱਲ ਹੈ ਕਿ ਜਦੋਂ ਹੀ ਉਹਦੇ ‘ਤੇ ਜਵਾਨੀ,ਮਸਤਾਨੀ ਆ ਚੜ੍ਹਦੀ ਹੈ ਤਾਂ ਉਹਨੂੰ ਕਿਸੇ ਹਸੀਨ ਸਹਾਰੇ ਦੀ ਬਹੁਤੀ ਲੋੜ ਮਹਿਸੂਸ ਹੋਣ ਲੱਗ ਪੈਂਦੀ ਹੈ। ਦਿਲ ਦੀ ਹਰ ਧੜਕਣ ਅਤੇ ਸਾਹ ‘ਚੋ ਆਵਾਜ਼ ਆਉਂਦੀ ਹੈ ਕਿ ਹਾਏ! ਕਿਸੇ ਨਾ ਕਿਸੇ ਤਰ੍ਹਾਂ,ਕੋਈ ਇੱਕ-ਅੱਧ ‘ਮਹਿਬੂਬਾ’ ਲੱਭ ਜਾਏ ਜਾਂ ਬਣ ਜਾਏ;ਉਹਦਾ ਹੱਥ ਫੜੇ,ਉਹਦੇ ਜੀਵਨ ਦੀ ਰਾਹ ਵਿਚ ਦੀਪ ਰੁਸ਼ਨਾਏ,ਤਾਰੇ ਇਸ਼ਾਰੇ ਕਰਦੇ ਹੋਣ,ਠੰਢੀ ਪੁਰਵਾਈ ਦੇ ਬੁੱਲ੍ਹੇ,ਫੁੱਲਾਂ ਦੀ ਮਹਿਕ,ਬੁਲਬੁਲ ਦੇ ਗੀਤ ਸੁਣਦਿਆਂ-ਸੁਣਦਿਆਂ, ਉਹਨੂੰ ਜ਼ਿੰਦਗੀ ਦੇ ਭੇਤਾਂ ਦਾ ਪਤਾ ਲੱਗਣ ਲੱਗੇ। ਆਪਣੇ ਭੋਲੇ ਚਿਹਰੇ ਦਾ ਆਪ ਹੀ ਮੁਹਤਾਜ ਬਣ ਕੇ ਕਿਸੇ ਦਾ ਸਹਾਰਾ ਲੋਚੇ। ਜੇ ਕਿਸੇ ਨੂੰ ਜਵਾਨੀ ਵਿਚ ਅਜਿਹਾ ਸਹਾਰਾ ਨਾ ਮਿਲੇ ਤਾਂ ਉਹ ਆਪਣੇ ਆਪ ਨੂੰ ਇੰਜ ਮਹਿਸੂਸ ਕਰਦਾ ਜਿਵੇਂ ਜਿਊਣ ਲਈ, ਸਜ਼ਾ ਬਾ-ਮਸ਼ੱਕਤ ਕੱਟ ਰਿਹਾ ਹੋਵੇ। ਬੇ-ਸਹਾਰੇਪਨ ਦਾ ਅਹਿਸਾਸ, ਜਿੰਨਾ ਜਵਾਨੀ ਵਿਚ ਮਹਿਸੂਸ ਹੁੰਦਾ ਹੈ,ਉਨ੍ਹਾਂ ਬੁਢਾਪੇ ‘ਚ ਕਦੇ ਨਹੀਂ ਹੁੰਦਾ।
 ਜਿਵੇਂ ਪਹਿਲਾਂ ਕਿਹਾ ਹੈ ਕਿ ਬੁਢਾਪਾ ਖ਼ੁਦ ਬੁਢਾਪੇ ਦਾ ਸਹਾਰਾ ਬਣ ਜਾਂਦਾ ਹੈ ਪਰ ਕਈ ਇਸ ਗੱਲ ਤੋਂ ਇਨਕਾਰੀ ਹੋ ਕੇ ਆਪਣੀ ਔਲਾਦ ਨੂੰ ਬੁਢਾਪੇ ਦੀ ਲਾਠੀ ਕਹਿੰਦੇ ਹਨ,ਜਿਸ ਦੇ ਸਹਾਰੇ ਨਾਲ ਬੁਢਾਪੇ ਨੂੰ ਗੁਜ਼ਾਰ ਲੈਂਦੇ ਹਨ। ਪਰ ਅੱਜ ਕਲ ਇਹ ‘ਲਾਠੀ’ ਅਜਿਹੀ ‘ਲੱਠ’ ਬਣ ਗਈ ਹੈ ਕਿ ਇਹਦੇ ਨਾਲ ਮਾਂ ਬਾਪ ‘ਤੇ ‘ਲਾਠੀ ਚਾਰਜ’ ਕੀਤਾ ਜਾਂਦਾ ਹੈ। ਪਹਿਲੇ ਸਮਿਆਂ ਵਿਚ ਬੱਚੇ ਆਪਣੇ ਮਾਪਿਆ ਪ੍ਰਤੀ ਬਹੁਤ ਆਦਰ,ਮਾਣ ਸਤਿਕਾਰ ਰੱਖਦੇ ਹੁੰਦੇ ਸੀ ਜੋ ਹੌਲੀ-ਹੌਲੀ ਘੱਟ ਗਿਆ ਹੈ,ਸਗੋਂ ਇਸ  ਦੇ ਉਲਟ,ਮਾਪਿਆਂ ਨੂੰ ਬੱਚਿਆਂ ਦਾ ਆਦਰ ਕਰਨਾ ਪੈ ਰਹਾ ਹੈ।
ਬੁਢਾਪੇ ਵਿਚ ਆਮ ਦੇਖਿਆਂ ਗਿਆ ਹੈ ਕਿ ਇਹਦੇ ਕੋਲ ਬਿਮਾਰੀਆਂ ਆਪਣੇ ਆਪ ਆ ਜਾਂਦੀਆਂ ਹਨ,ਜਿਨ੍ਹਾਂ ਕਰ ਕੇ ਇਹ ਉਨ੍ਹਾਂ ਦੇ ਦਿਲ ਪ੍ਰਚਾਵੇ ਲਈ ਰੁੱਝਿਆ ਰਹਿੰਦਾ ਹੈ। ਪਿਛਲੇ ਸਾਲ ਤਕ, ਕਿਸੇ ਦੀ ਭਲਾ ਕੀ ਮਜਾਲ ਸੀ ਕਿ ਸਾਡੇ ਮੂੰਹ ਵਿਚ ਭਖ-ਮੇਚੂ (ਥਰਮਾਮੀਟਰ) ‘ਪਾ’ ਸਕੇ;ਨਬਜ਼ ਦਿਖਾਉਣ ਦੀ ਤਾਂ ਬਹੁਤ ਦੂਰ ਦੀ ਗੱਲ ਹੁੰਦੀ ਸੀ। ਪਰ,ਹੁਣ ਤਾਂ ਸੱਚ-ਮੁੱਚ ਹੀ ਤਿੰਨ ਚਾਰ ਬਿਮਾਰੀਆਂ ਆਪਣੇ ਨਾਲ- ਨਾਲ ਰਹਿਣ ਲੱਗ ਪਈਆਂ ਹਨ, ਜੋ ਦਿਨ-ਰਾਤ ਰੁਝੇਵੇਂ ‘ਚ ਰੱਖਦੀਆਂ ਹਨ। ਸਮੇਂ ਸਿਰ ਦਵਾਈ ਖਾਣੀ,ਰੋਟੀ-ਪਾਣੀ ਤੋਂ ਪਰਹੇਜ਼,ਹਸਪਤਾਲ ਦਾ  ਚੱਕਰ,ਆ ਕਰੋ,ਉਹ ਨਾ ਕਰੋ। ਹੁਣ ਤਾਂ ਸਵੇਰ ਦੀ ਦਵਾਈ ਖਾ ਕੇ ਦੁਪਹਿਰ ਤਕ ਘੜੀ ਵਲ ਝਾਕਦੇ ਰਹੀਦਾ ਹੈ ਕਿ ਕਦੋਂ ਦਵਾਈ ਦੀ ਦੂਜੀ ਖ਼ੁਰਾਕ ਲੈਣੀ ਹੈ। ਬੁਢਾਪੇ ਨੇ ਵਕਤ ਨੂੰ ਤਕਸੀਮ ਕਰਨਾ ਸਿਖਾ ਦਿੱਤਾ ਹੈ। ਹੁਣ ਤਾਂ ਦਵਾਈਆਂ ਖਾ-ਖਾ ਕੇ ਐਨਾ ‘ਅਮਲੀ-ਅਨੁਭਵ’ ਹੋ ਗਿਆ ਹੈ ਕਿ ਦੂਜਿਆਂ ਦੇ ਇਲਾਜ ਵਿਚ ਵੀ ਮਲੋ-ਮਲੀ ‘ਟੰਗ’ ਅੜ ਜਾਂਦੀ ਹੈ ਜਾਂ ਅੜਾ ਲਈ ਜਾਂਦੀ ਹੈ।
ਆਮ ਤੌਰ ‘ਤੇ ਬੁੱਢੇਰੀ ਉਮਰ ਦੇ ਲੋਕ, ਬਿਮਾਰੀ ਨੂੰ ਬਿਮਾਰੀ ਸਮਝ ਲੈਂਦੇ ਹਨ,ਪਰ ਅਸਲ ਵਿਚ ਇਹ ਬਿਮਾਰੀ ਨਹੀਂ ਹੁੰਦੀ,ਸਗੋਂ ‘ਸਮਰਾਟ ਦੀ ਸਵਾਰੀ’ ਹੁੰਦੀ ਹੈ,ਉਹਦੀ ਜ਼ਿੰਦਗੀ ਦੀ ਸਭ ਤੋਂ ਲੰਬੀ ਸਵਾਰੀ- ਜਿਸ ‘ਤੇ ਬੈਠ ਕੇ ਆਖ਼ਰੀ ਸਫ਼ਰ ਲਈ ਤੁਰ ਪੈਣਾ ਹੁੰਦਾ ਹੈ। ਪੁਰਾਣੇ ਸਮੇਂ ਵਿਚ ਇਸ ਸਵਾਰੀ ਨੂੰ ‘ਵਿਮਾਨ’ ਵੀ ਕਹਿ ਦਿੰਦੇ ਸੀ। ਬੁਢਾਪੇ ਵਿਚ ਕਈ ਵਾਰੀਂ ਆਈਆਂ ਬਹੁਤੀਆਂ ‘ਸਵਾਰੀਆਂ’ ‘ਚ ਲੈ ਜਾਣ ਲਈ ਮੁਕਾਬਲਾ ਹੋ ਜਾਂਦਾ ਹੈ,ਜਿਵੇਂ ਬੱਸ ਅੱਡਿਆਂ ‘ਤੇ ਆਮ ਤੌਰ ‘ਤੇ ਦੇਖਣ ਨੂੰ ਮਿਲ ਜਾਂਦਾ ਹੈ। ਅਜਿਹੀ ਸਥਿਤੀ ਵਿਚ “ਸਹਾਰੇ” ਬਹੁਤ ਮਿਲ ਜਾਂਦੇ ਹਨ ਪਰ ਜਾਣ ਲਈ ਤਾਂ ਕੇਵਲ ਇੱਕੋ ‘ਸਵਾਰੀ’ ਦਾ ਹੀ ਸਹਾਰਾ ਚਾਹੀਦਾ ਹੁੰਦਾ ਹੈ,ਜੋ ਉਸ ਨੂੰ ਅਰਬਾਂ-ਖਰਬਾਂ ਮੀਲਾਂ ਦੀ ਦੂਰੀ ਤੇ ਇੰਤਜ਼ਾਰ ਕਰਦੀ ‘ਮੰਜ਼ਲ’ ਤਕ ਮੁਫ਼ਤ ਲੈ ਜਾਂਦੀ ਹੋਵੇ।
ਅੰਤ– ਮੇਰੇ ਇੱਕ ਦੋਸਤ ਨੂੰ ਦਮੇ ਦੀ ਬਿਮਾਰੀ ਸੀ,ਉਸ ਦੇ ਇਲਾਜ ਲਈ ਲੱਖਾਂ ਰੁਪਈਏ ਲਾ ਦਿੱਤੇ ਪਰ ਅਸਲ ਵਿੱਚ ਉਹ ਦਿਲ ਦੀ ਬਿਮਾਰੀ ਕਰ ਕੇ ‘ਪਾਰ’ ਬੋਲ ਗਿਆ। ਉਹਦੇ ਬਚਿਆਂ ਨੂੰ ਜਦ ਇਸ ਗੱਲ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੂੰ ਇਹੀ ਗ਼ਮ ਖਾ ਗਿਆ ਕਿ ਜੇ ‘ਬਾਪੂ’ ਨੇ ਦਿਲ ਦੇ ਦੌਰੇ ਵਾਲੀ ‘ਸਹਾਰੇ ਦੀ ਸਵਾਰੀ’ ਨਾਲ ਮਰਨਾ ਸੀ, ਫਿਰ ਕਿਉਂ ਦਮੇ ਦੇ ਇਲਾਜ ਲਈ,ਸਾਡੇ ਲੱਖਾਂ ਰੁਪਏ ਬਰਬਾਦ ਕਰਵਾ ਗਿਆ?ਸੋ ਦੋਸਤੋ,ਬੁਢਾਪੇ ਦੇ ਸਹਾਰੇ ਬਾਰੇ ਤੁਸੀਂ ਵੀ ਸੋਚ ਵਿਚਾਰ ਕਰ ਸਕਦੇ ਹੋ। ਮੈਨੂੰ ਤਾਂ ਪਤਾ ਹੈ ਕਿ ਮੈਂ ਕਿਸ ‘ਸਵਾਰੀ’ ‘ਤੇ ਜਾਣਾ ਹੈ?
ਦੱਸ ਹੀ ਦਿੰਦਾ- –
ਕਾਲੇ ਰੰਗ ਦੀ ਐਂਬੂਲੈਂਸ ਅਤੇ ਅੱਗੋਂ ਅਗਨ-ਭੱਠੀ। ਕੋਈ ਗੋਰੀ ਝਿਊਰੀ ਦੇਹੀ ਦੇ ਭੁੰਨੇਗੀ ਦਾਣੇ। ਹੱਡੀਆਂ ਦੀਆਂ ਖਿੱਲਾਂ।
ਆਮੀਨ! ਰੱਬ ਰਾਖਾ!!
ਸੁਰਜੀਤ ਸਿੰਘ ਭੁੱਲਰ-

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਬਦ ਗੁਰੂ ਪ੍ਰਚਾਰ ਕੇਂਦਰ ਦੇ ਵਾਈਸ ਚੇਅਰਮੈਨ ਗੁਰਨੂਰ ਸਿੰਘ ਨੇ ਪਹਿਲੀ ਵਾਰ ਵੋਟ ਪਾਈ ਗਈ 
Next articleLet Election Commission explain why elections are held in so many phases and in deadly heat