(ਸਮਾਜ ਵੀਕਲੀ) ਮਨੁੱਖੀ ਅਧਿਕਾਰ ਦਿਵਸ ਹਰ ਸਾਲ 10 ਦਸੰਬਰ ਨੂੰ ਇਹ ਯਾਦ ਦਿਵਾਉਣ ਲਈ ਮਨਾਇਆ ਜਾਂਦਾ ਹੈ ਕਿ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਕਰਨ ਨਾਲ ਮਨੁੱਖ ਜਾਤੀ ਨੂੰ ਨਾ ਕੇਵਲ ਸੁਤੰਤਰ ਅਤੇ ਗੌਰਵਮਈ ਜੀਵਨ ਬਤੀਤ ਕਰਨ ਦਾ ਮੌਕਾ ਮਿਲੇਗਾ, ਬਲਕਿ ਸੰਯੁਕਤ ਰਾਸ਼ਟਰ ਦੀ ਉਮੀਦ ਅਨੁਸਾਰ ਦੇਸਾਂ,ਕੌਮਾਂ ਅਤੇ ਸਮਾਜ ਵਿੱਚ ਪ੍ਰੇਮ, ਪਿਆਰ ਅਤੇ ਸਦਭਾਵਨਾ ਵਧਣ ਦੀ ਉਮੀਦ ਵੀ ਵਧੇਗੀ ਅਤੇ ਸੰਸਾਰ ਵਿੱਚ ਸ਼ਾਂਤੀ ਸਥਾਪਿਤ ਕਰਨ ਦੀ ਸੰਭਾਵਨਾ ਪੈਦਾ ਹੋ ਸਕੇਗੀ। ਜੇਕਰ ਮਨੁੱਖ ਨੂੰ ਇੱਕ ਸੱਭਿਅਕ ਜੀਵਨ ਬਤੀਤ ਕਰਨ ਲਈ ਅਧਿਕਾਰ ਦਿੱਤੇ ਜਾਣ, ਚਾਹੇ ਉਹ ਕਿਸੇ ਵੀ ਦੇਸ ਦਾ ਨਾਗਰਿਕ ਕਿਉਂ ਨਾ ਹੋਵੇ ਅਤੇ ਸਭ ਮਨੁੱਖਾਂ ਨੂੰ ਸਮਾਨਤਾ ਪ੍ਰਦਾਨ ਕੀਤੀ ਜਾਵੇ ਤਾਂ ਸੰਸਾਰ ਵਿੱਚ ਅਮਨ ਸ਼ਾਂਤੀ ਸਥਾਪਿਤ ਕਰਨ ਵਿੱਚ ਕਾਫੀ ਮਦਦ ਮਿਲ ਸਕਦੀ ਹੈ। ਅੱਜ ਸਾਡੇ ਦੇਸ਼ ਵਿੱਚ ਮਨੁੱਖੀ ਅਧਿਕਾਰਾ ਪ੍ਰਤੀ ਜਾਗਰੂਕਤਾ ਦੀ ਬਹੁਤ ਵੱਡੀ ਲੋੜ ਹੈ ਅੱਧੇ ਤੋਂ ਜਿਆਦਾ ਲੋਕ ਆਪਣੇ ਅਧਿਕਾਰਾਂ ਅਤੇ ਕਰਤੱਵਾਂ ਬਾਰੇ ਅਣਜਾਣ ਹਨ। ਅੱਜ ਮਨੁੱਖ ਧਰਤੀ ’ਤੇ ਜਨਮ ਲੈਂਦਿਆਂ ਹੀ ਮਨੁੱਖੀ ਅਧਿਕਾਰਾਂ ਅਤੇ ਸੁਤੰਤਰਤਾ ਦਾ ਹਿੱਸਾ ਬਣ ਜਾਂਦਾ ਹੈ ਜਿਨ੍ਹਾਂ ਨੂੰ ਮਾਣਦੇ ਹੋਏ ਉਹ ਆਪਣਾ ਜੀਵਨ ਖੁਸ਼ਹਾਲੀ,ਅਜ਼ਾਦੀ ਅਤੇ ਸ਼ਾਂਤੀ ਪੂਰਵਕ ਬਤੀਤ ਕਰਨ ਦਾ ਅਧਿਕਾਰ ਰੱਖਦਾ ਹੈ ਕੇਵਲ ਜਨਮ ਲਏ ਵਿਅਕਤੀ ਹੀ ਮਨੁੱਖੀ ਅਧਿਕਾਰਾਂ ਦੇ ਹੱਕਦਾਰ ਨਹੀਂ ਬਲਕਿ ਮਾਂ ਦੇ ਪੇਟ ਵਿੱਚ ਪਲ ਰਹੇ ਬੱਚੇ ਨੂੰ ਵੀ ਜਨਮ ਲੈ ਕੇ ਦੁਨੀਆਂ ਵਿੱਚ ਵਿਚਰਨ ਦਾ ਪੂਰਾ ਪੂਰਾ ਅਧਿਕਾਰ ਦਿੱਤਾ ਗਿਆ ਹੈ। ਮਨੁੱਖੀ ਅਧਿਕਾਰ ਜਾਤ, ਲਿੰਗ, ਕੌਮੀਅਤ, ਜਾਤੀ, ਭਾਸ਼ਾ, ਧਰਮ, ਜਾਂ ਕਿਸੇ ਹੋਰ ਸਥਿਤੀ ਦੀ ਪਰਵਾਹ ਕੀਤੇ ਬਿਨਾਂ, ਸਾਰੇ ਮਨੁੱਖਾਂ ਲਈ ਬਰਾਬਰ ਦੇ ਅਧਿਕਾਰ ਹਨ। ਮਨੁੱਖੀ ਅਧਿਕਾਰਾਂ ਵਿੱਚ ਖ਼ੁਸ਼ਹਾਲ ਜੀਵਨ, ਆਜ਼ਾਦੀ ਦਾ ਅਧਿਕਾਰ, ਗੁਲਾਮੀ ਅਤੇ ਤਸੀਹੇ ਤੋਂ ਆਜ਼ਾਦੀ, ਵਿਚਾਰ ਅਤੇ ਪ੍ਰਗਟਾਵੇ ਦੀ ਆਜ਼ਾਦੀ, ਕੰਮ ਕਰਨ ਅਤੇ ਸਿੱਖਿਆ ਦਾ ਅਧਿਕਾਰ, ਅਤੇ ਹੋਰ ਬਹੁਤ ਸਾਰੇ ਅਧਿਕਾਰ ਸ਼ਾਮਲ ਹਨ। ਜਦੋਂ ਤੋਂ ਧਰਤੀ ਤੇ ਮਨੁੱਖ ਦੀ ਉਤਪਤੀ ਹੋਈ ਉਹ ਆਪਣੇ ਹਿਸਾਬ ਨਾਲ ਜ਼ਿੰਦਗੀ ਬਸਰ ਕਰਦਾ ਆ ਰਿਹਾ ਹੈ। ਪੱਥਰ ਯੁੱਗ ਵਿੱਚ ਮਨੁੱਖ ਬਹੁਤ ਹੀ ਸੀਮਤ ਗਤੀਵਿਧੀਆਂ ਨਾਲ ਆਪਣੀ ਜ਼ਿੰਦਗੀ ਬਤੀਤ ਕਰਦੇ ਸਨ ਸਮੇਂ ਦੇ ਨਾਲ ਨਾਲ ਜਿਓ ਜਿਓ ਮਨੁੱਖ ਦਾ ਵਿਕਾਸ ਹੁੰਦਾ ਗਿਆ ਉਹ ਉਸੇ ਢੰਗ ਨਾਲ ਆਪਣੀ ਜ਼ਿੰਦਗੀ ਜਿਉਂਦਾ ਆ ਰਿਹਾ ਹੈ। ਭਾਰਤ ਵਿੱਚ ਸਦੀਆਂ ਪਹਿਲਾਂ ਮਨੁੱਖ ਜਾਤੀ ਨੂੰ ਚਾਰ ਵਰਨਾਂ ਵਿੱਚ ਵੰਡ ਕੇ ਬਹੁਤ ਸਾਰੀਆਂ ਜਾਤੀਆਂ ਵਿੱਚ ਵੰਡ ਦਿੱਤਾ ਗਿਆ ਸੀ ਉਸ ਵੇਲੇ ਸਭ ਤੋਂ ਹੇਠਾਂ ਰੱਖੇ ਗਏ ਵਰਨ ਵਿੱਚ ਆਉਂਦੇ ਲੋਕਾਂ ਅਤੇ ਔਰਤਾਂ ਦੇ ਅਧਿਕਾਰ ਖੋਹ ਲਏ ਗਏ ਸਨ ਉਨ੍ਹਾਂ ਨੂੰ ਪੜਨ, ਲਿਖਣ ,ਬੋਲਣ ਅਤੇ ਧਾਰਮਿਕ ਸਥਾਨਾਂ ਤੇ ਜਾਣ ਵਰਗੇ ਅਧਿਕਾਰਾਂ ਤੋਂ ਵਾਂਝੇ ਰੱਖਿਆ ਗਿਆ। ਉਚ ਨੀਚ ਅਤੇ ਜ਼ਾਤੀ ਦੇ ਨਾਂ ਤੇ ਮਨੁੱਖ ਜਾਤੀ ਦਾ ਸ਼ੋਸਣ ਹੁੰਦਾ ਆਇਆ ਹੈ ਬੇਸ਼ੱਕ ਆਜ਼ਾਦੀ ਤੋਂ ਬਾਅਦ ਦੇਸ਼ ਦੇ ਸੰਵਿਧਾਨ ਵਿੱਚ ਸਾਰੇ ਲੋਕਾਂ ਨੂੰ ਬਰਾਬਰ ਦੇ ਅਧਿਕਾਰ ਦਿਤੇ ਗਏ ਹਨ ਪਰ ਅਜੇ ਵੀ ਬਹੁਤ ਥਾਵਾਂ ਤੇ ਮਨੁੱਖ ਦੀ ਜ਼ਿੰਦਗੀ ਖਰੀਦ ਲਈ ਜਾਂਦੀ ਹੈ ਅਤੇ ਉਸ ਤੋਂ ਕੁਝ ਪੈਸਿਆਂ ਦੇ ਜ਼ੋਰ ਨਾਲ ਲੰਮਾ ਸਮਾਂ ਆਪਣੇ ਹਿਸਾਬ ਨਾਲ ਕੰਮ ਕਰਵਾਕੇ ਉਸ ਦੇ ਜੀਵਨ ਦੇ ਅਧਿਕਾਰ ਖੋਹ ਲਏ ਜਾਂਦੇ ਹਨ ਮਿਸਾਲ ਦੇ ਤੌਰ ਤੇ ਅੱਜ ਵੀ ਬਹੁਤ ਸਾਰੇ ਲੋਕ ਸ਼ੀਰੀਂ ਦਾ ਕੰਮ ਕਰਦੇ ਹਨ ਭਾਵ ਇੱਕ ਸਾਲ ਦੇ ਇਕੱਠੇ ਪੈਸੇ ਦੇ ਕੇ ਮਨੁੱਖੀ ਜ਼ਿੰਦਗੀ ਖ਼ਰੀਦ ਲਈ ਜਾਂਦੀ ਹੈ ਮਾਲਕ ਉਸਤੋਂ ਆਪਣੇ ਹਿਸਾਬ ਨਾਲ ਕੰਮ ਕਰਵਾਉਂਦੇ ਹਨ। ਦੇਸ਼ ਵਿੱਚ ਅਜੇ ਵੀ ਅੱਧੇ ਤੋਂ ਜਿਆਦਾ ਲੋਕਾਂ ਨੂੰ ਆਪਣੇ ਅਧਿਕਾਰਾਂ ਬਾਰੇ ਪੂਰੀ ਜਾਣਕਾਰੀ ਨਹੀਂ ਹੈ । ਅਜ਼ਾਦੀ ਤੋਂ ਬਾਅਦ ਵੀ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਨੂੰ ਦਰੜੇ ਜਾਣ ਦਾ ਰੁਝਾਨ ਘੱਟ ਨਹੀਂ ਹੋਇਆ ਸਗੋਂ ਵੱਖੋ-ਵੱਖਰੇ ਨਾਵਾਂ ਹੇਠ ਕਾਨੂੰਨ ਬਣਾ ਕੇ ਇਹਨਾਂ ਦਾ ਘਾਣ ਹੋਇਆ ਹੈ। ਮਨੁੱਖੀ ਅਧਿਕਾਰਾਂ ਦੇ ਮਾਮਲੇ ਵਿੱਚ ਭਾਰਤ ਦੇ ਰਿਕਾਰਡ ਨੂੰ ਪਹਿਲਾਂ ਵੀ ਬਹੁਤ ਵਧੀਆ ਨਹੀਂ ਸੀ ਕਿਹਾ ਗਿਆ। ਟਾਡਾ, ਪੋਟਾ, ਅਫਸਪਾ ਅਤੇ ਗ਼ੈਰਕਾਨੂੰਨੀ ਕਾਰਵਾਈਆਂ (ਰੋਕੂ) ਕਾਨੂੰਨ ਤਹਿਤ ਪੁਲੀਸ ਵੱਲੋਂ ਕੀਤੀਆਂ ਜਾ ਰਹੀਆਂ ਗ੍ਰਿਫ਼ਤਾਰੀਆਂ ਕਰਕੇ ਮਨੁੱਖੀ ਅਧਿਕਾਰਾਂ ਦੇ ਮਾਮਲੇ ਵਿੱਚ ਹਮੇਸ਼ਾ ਹੀ ਸੁਆਲ ਉੱਠਦੇ ਰਹੇ ਹਨ। ਬੇਸ਼ੱਕ ਜਿਊਣ ਦਾ ਅਧਿਕਾਰ ਕੁਦਰਤੀ ਅਧਿਕਾਰ ਹੈ ਪਰ ਜੇ ਰੋਜ਼ੀ-ਰੋਟੀ ਦਾ ਸਾਧਨ ਨਾ ਹੋਵੇ ਤਾਂ ਇਸ ਅਧਿਕਾਰ ਦੀ ਗਰੰਟੀ ਅਰਥ ਵਿਹੂਣੀ ਹੋ ਜਾਂਦੀ ਹੈ। ਹਰ ਇੱਕ ਮਨੁੱਖ ਦੇ ਖੁਸ਼ਹਾਲ ਜੀਵਨ ਲਈ ਮਨੁੱਖੀ ਅਧਿਕਾਰ ਬਹੁਤ ਜ਼ਰੂਰੀ ਹਨ। ਹਾਲਾਂਕਿ, ਅੱਜਕੱਲ੍ਹ ਇਨ੍ਹਾਂ ਅਧਿਕਾਰਾਂ ਦੀ ਬੇਅੰਤ ਉਲੰਘਣਾ ਕੀਤੀ ਜਾਂਦੀ ਹੈ ਅਤੇ ਸਾਨੂੰ ਇਸ ਮੁੱਦੇ ਨਾਲ ਨਜਿੱਠਣ ਲਈ ਇਕੱਠੇ ਹੋਣ ਦੀ ਲੋੜ ਹੈ। ਸਰਕਾਰਾਂ ਅਤੇ ਨਾਗਰਿਕਾਂ ਨੂੰ ਇੱਕ ਦੂਜੇ ਦੀ ਸੁਰੱਖਿਆ,ਬਿਹਤਰੀ ਅਤੇ ਤਰੱਕੀ ਲਈ ਯਤਨ ਕਰਨੇ ਚਾਹੀਦੇ ਹਨ। ਦੂਜੇ ਸ਼ਬਦਾਂ ਵਿੱਚ, ਇਹ ਅਧਿਕਾਰ ਪੂਰੀ ਦੁਨੀਆ ਵਿੱਚ ਮਨੁੱਖੀ ਜ਼ਿੰਦਗੀ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਂਦੇ ਹਨ। ਮਨੁੱਖੀ ਅਧਿਕਾਰ ਅਧਿਕਾਰਾਂ ਦਾ ਇੱਕ ਸਮੂਹ ਹੈ ਜਿਸਦਾ ਹਰ ਮਨੁੱਖ ਹੱਕਦਾਰ ਹੈ। ਹਰੇਕ ਮਨੁੱਖ ਨੂੰ ਇਹ ਅਧਿਕਾਰ ਵਿਰਾਸਤ ਵਿੱਚ ਮਿਲੇ ਹਨ ਭਾਵੇਂ ਉਹ ਕਿਸੇ ਵੀ ਜਾਤ, ਧਰਮ, ਲਿੰਗ, ਆਰਥਿਕ ਸਥਿਤੀ ਨਾਲ ਸਬੰਧਤ ਹੋਵੇ। ਇਹ ਯਕੀਨੀ ਬਣਾਉਣ ਲਈ ਮਨੁੱਖੀ ਅਧਿਕਾਰ ਬਹੁਤ ਮਹੱਤਵਪੂਰਨ ਹਨ ਕਿ ਸਾਰੇ ਮਨੁੱਖਾਂ ਨਾਲ ਬਰਾਬਰ ਦਾ ਵਿਹਾਰ ਕੀਤਾ ਜਾਵੇ। ਮਨੁੱਖੀ ਅਧਿਕਾਰ ਸੰਸਾਰ ਵਿੱਚ ਇੱਕ ਚੰਗੇ ਜੀਵਨ ਪੱਧਰ ਲਈ ਬਹੁਤ ਜ਼ਰੂਰੀ ਹਨ, ਇਸ ਤੋਂ ਇਲਾਵਾ, ਮਨੁੱਖੀ ਅਧਿਕਾਰ ਕਿਸੇ ਦੇਸ਼ ਦੇ ਨਾਗਰਿਕਾਂ ਦੇ ਹਿੱਤਾਂ ਦੀ ਰਾਖੀ ਕਰਦੇ ਹਨ। ਅਗਰ ਅਸੀਂ ਮਨੁੱਖ ਹਾਂ ਤਾਂ ਅਸੀਂ ਮਨੁੱਖੀ ਅਧਿਕਾਰਾਂ ਲਈ ਜਵਾਬਦੇਹ ਵੀ ਹਾਂ ਇਹ ਅਧਿਕਾਰ ਤੁਹਾਨੂੰ ਖੁਸ਼ਹਾਲੀ ਨਾਲ ਭਰਪੂਰ ਇੱਕ ਚੰਗਾ ਜੀਵਨ ਦੇਣ ਵਿੱਚ ਮਦਦ ਕਰਦੇ ਹਨ। ਮਨੁੱਖੀ ਅਧਿਕਾਰਾਂ ਨੂੰ ਲਾਜ਼ਮੀ ਤੌਰ ‘ਤੇ ਨਾਗਰਿਕ ਅਤੇ ਰਾਜਨੀਤਿਕ ,ਸਮਾਜਿਕ ਅਧਿਕਾਰਾਂ ਦੀਆਂ ਦੋ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਇਹ ਵਰਗੀਕਰਨ ਮਹੱਤਵਪੂਰਨ ਹੈ ਕਿਉਂਕਿ ਇਹ ਮਨੁੱਖੀ ਅਧਿਕਾਰਾਂ ਦੀ ਧਾਰਨਾ ਨੂੰ ਹੋਰ ਵੀ ਸਪਸ਼ਟ ਕਰਦਾ ਹੈ, ਨਾਲ ਹੀ, ਉਹ ਮਨੁੱਖਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਆਪਣੀ ਭੂਮਿਕਾ ਦਾ ਅਹਿਸਾਸ ਵੀ ਕਰਵਾਉਂਦੇ ਹਨ। ਕਿਸੇ ਦੇਸ਼ ਅਤੇ ਵਿਅਕਤੀਗਤ ਪੱਧਰ ‘ਤੇ ਵਿਅਕਤੀਆਂ ਦੇ ਸਰਵਪੱਖੀ ਵਿਕਾਸ ਲਈ ਮਨੁੱਖੀ ਅਧਿਕਾਰ ਬਹੁਤ ਮਹੱਤਵਪੂਰਨ ਹਨ। ਜੇਕਰ ਅਸੀਂ ਬੁਨਿਆਦੀ ਮਨੁੱਖੀ ਅਧਿਕਾਰਾਂ ‘ਤੇ ਇੱਕ ਨਜ਼ਰ ਮਾਰਦੇ ਹਾਂ, ਤਾਂ ਅਸੀਂ ਦੇਖਦੇ ਹਾਂ ਕਿ ਕਿਸੇ ਦੇ ਜੀਵਨ ਦਾ ਅਧਿਕਾਰ, ਕਿਸੇ ਵੀ ਧਰਮ ਦਾ ਪਾਲਣ ਕਰਨ ਦਾ ਅਧਿਕਾਰ, ਅੰਦੋਲਨ ਦੀ ਆਜ਼ਾਦੀ, ਅਤੇ ਹੋਰ ਬਹੁਤ ਕੁਝ ਹਨ। ਹਰੇਕ ਅਧਿਕਾਰ ਕਿਸੇ ਵੀ ਮਨੁੱਖ ਦੀ ਭਲਾਈ ਵਿੱਚ ਇੱਕ ਪ੍ਰਮੁੱਖ ਭੂਮਿਕਾ ਅਦਾ ਕਰਦਾ ਹੈ। ਜੀਵਨ ਦਾ ਅਧਿਕਾਰ ਮਨੁੱਖ ਦੇ ਜੀਵਨ ਦੀ ਰੱਖਿਆ ਕਰਦਾ ਹੈ ਇਹ ਯਕੀਨੀ ਬਣਾਉਂਦਾ ਹੈ ਕਿ ਹਰ ਇੱਕ ਨੂੰ ਆਪਣੀ ਜ਼ਿੰਦਗੀ ਜਿਊਣ ਦਾ ਪੂਰਾ ਅਧਿਕਾਰ ਹੈ ਅਤੇ ਕਿਸੇ ਨੂੰ ਕਿਸੇ ਦੀ ਜ਼ਿੰਦਗੀ ਲੈਣ ਦਾ ਕੋਈ ਅਧਿਕਾਰ ਨਹੀਂ ਹੈ ਇਸ ਤਰ੍ਹਾਂ ਇਹ ਅਧਿਕਾਰ ਹਰ ਇੱਕ ਦੇ ਮਨ ਦੀ ਸ਼ਾਂਤੀ ਦੀ ਰੱਖਿਆ ਕਰਦਾ ਹੈ। ਇਸ ਤੋਂ ਬਾਅਦ, ਵਿਚਾਰ ਅਤੇ ਧਰਮ ਦੀ ਆਜ਼ਾਦੀ ਨਾਗਰਿਕਾਂ ਨੂੰ ਕਿਸੇ ਵੀ ਧਰਮ ਦੀ ਪਾਲਣਾ ਕਰਨ ਦੀ ਇਜਾਜ਼ਤ ਦਿੰਦੀ ਹੈ ਜੋ ਉਹ ਚਾਹੁੰਦੇ ਹਨ ਇਸਦਾ ਮਤਲਬ ਇਹ ਵੀ ਹੈ ਕਿ ਕੋਈ ਵੀ ਆਜ਼ਾਦ ਤੌਰ ‘ਤੇ ਸੋਚ ਸਕਦਾ ਹੈ। ਇਸ ਤੋਂ ਇਲਾਵਾ, ਅੰਦੋਲਨ ਦੀ ਆਜ਼ਾਦੀ ਲੋਕਾਂ ਦੀ ਲਾਮਬੰਦੀ ਵਿੱਚ ਸਹਾਇਕ ਹੈ। ਮਨੁੱਖੀ ਅਧਿਕਾਰ ਇਹ ਵੀ ਯਕੀਨੀ ਬਣਾਉਂਦੇ ਹਨ ਕਿ ਕਿਸੇ ਨੂੰ ਵੀ ਆਪਣੀ ਪਸੰਦ ਦੇ ਕਿਸੇ ਵੀ ਰਾਜ ਵਿੱਚ ਯਾਤਰਾ ਕਰਨ ਅਤੇ ਰਹਿਣ ਤੋਂ ਰੋਕਿਆ ਨਹੀਂ ਜਾ ਸਕਦਾ। ਇਹ ਸਾਨੂੰ ਜਿੱਥੇ ਵੀ ਚਾਹੋ ਮੌਕੇ ਹਾਸਿਲ ਕਰਨ ਦੀ ਇਜਾਜ਼ਤ ਦਿੰਦਾ ਹੈ, ਮਨੁੱਖੀ ਅਧਿਕਾਰ ਸਾਨੂੰ ਨਿਰਪੱਖ ਮੁਕੱਦਮੇ ਦਾ ਅਧਿਕਾਰ ਵੀ ਦਿੰਦੇ ਹਨ। ਹਰ ਮਨੁੱਖ ਨੂੰ ਅਦਾਲਤ ਵਿੱਚ ਜਾਣ ਦਾ ਅਧਿਕਾਰ ਹੈ ਜਿੱਥੇ ਉਹ ਨਿਰਪੱਖ ਫੈਸਲੇ ਦੀ ਆਸ ਰੱਖਦਾ ਹੈ । ਜਦੋਂ ਬਾਕੀ ਸਭ ਕੁਝ ਅਸਫਲ ਹੋ ਜਾਂਦਾ ਹੈ ਤਾਂ ਉਹ ਅਦਾਲਤ ‘ਤੇ ਭਰੋਸਾ ਕਰ ਸਕਦੇ ਹਨ ਕਿ ਉਨ੍ਹਾਂ ਨੂੰ ਨਿਆਂ ਦੇਣ ਲਈ ਕੋਈ ਥਾਂ ਬਾਕੀ ਹੈ। ਬੇਸ਼ੱਕ ਦੇਸ਼ ਅਤੇ ਦੇਸ਼ ਦੇ ਤਕਰੀਬਨ ਹਰ ਸੂਬੇ ਵਿੱਚ ਮਨੁੱਖੀ ਅਧਿਕਾਰ ਕਮਿਸ਼ਨ ਬਣੇ ਹੋਏ ਹਨ ਪਰ ਸਚਾਈ ਇਹ ਹੈ ਕਿ ਅੱਜ ਵੀ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ ਜਿਸ ਦੀ ਮਿਸਾਲ ਉਹ ਸ਼ਕਾਇਤਾਂ ਹਨ ਜੋ ਹਰ ਰੋਜ਼ ਮਨੁੱਖੀ ਅਧਿਕਾਰ ਕਮਿਸ਼ਨਾ ਕੋਲ ਆ ਰਹੀਆਂ ਹਨ। ਦੇਸ਼ ਦੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ 1993 ਤੋਂ ਲੈਕੇ ਲੱਗਭਗ ਤੀਹ ਲੱਖ ਦੇ ਕਰੀਬ ਸ਼ਿਕਾਇਤਾਂ ਪਹੁੰਚੀਆਂ ਹਨ ਅਤੇ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਕੋਲ 1997 ਤੋਂ ਲੈ ਕੇ ਲੱਗਭਗ ਪੌਣੇ ਤਿੰਨ ਲੱਖ ਸ਼ਕਾਇਤਾਂ ਪਹੁੰਚੀਆਂ ਹਨ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਦੇਸ਼ ਹੁਣ ਅਗਰੇਜ਼ਾਂ ਦੀ ਗੁਲਾਮੀ ਤੋਂ ਤਾਂ ਆਜ਼ਾਦ ਹੋ ਗਿਆ ਹੈ ਪਰ ਦੇਸ਼ ਦਾ ਅਤਿ ਗਰੀਬ ਵਰਗ ਜਿਨ੍ਹਾਂ ਨੂੰ ਸ਼ਾਇਦ ਆਪਣੇ ਅਧਿਕਾਰਾਂ ਦਾ ਗਿਆਨ ਵੀ ਨਹੀਂ ਹੈ ਦਾ ਸ਼ੋਸਣ ਹੋਣਾ ਅਜੇ ਪੂਰੀ ਤਰ੍ਹਾਂ ਖਤਮ ਨਹੀਂ ਹੋ ਸਕਿਆ ਅਜੇ ਵੀ ਉਨ੍ਹਾਂ ਦੇ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ ਅਜੇ ਵੀ ਇਹ ਵਰਗ ਸਮਾਨਤਾ ਦੀ ਲੜਾਈ ਲੜ ਰਿਹਾ ਹੈ। ਸਮਾਜ ਵਿੱਚ ਵਿਚਰਦੇ ਕਈ ਵਾਰੀ ਅਸੀਂ ਸੁਤੰਤਰਤਾ, ਅਤੇ ਆਪਣੇ ਅਧਿਕਾਰਾਂ ਦਾ ਦੁਰਉਪਯੋਗ ਵੀ ਕਰਦੇ ਹਾਂ ਕਈ ਵਾਰੀ ਅਸੀਂ ਆਪਣੇ ਅਧਿਕਾਰਾਂ ਅਤੇ ਹੱਕਾਂ ਦੀ ਮੰਗ ਤਾਂ ਕਰਦੇ ਪਰ ਆਪਣੇ ਕਰਤੱਵ ਭੁੱਲ ਜਾਂਦੇ ਹਾਂ। ਉਦਾਹਰਨ ਦੇ ਤੌਰ ਤੇ ਅਸੀਂ ਸੜਕਾਂ ਤੇ ਨਜਾਇਜ਼ ਕਬਜ਼ੇ ਕਰਕੇ, ਸੜਕਾਂ ਜ਼ਾਮ ਕਰਕੇ ਸੜਕਾਂ ਤੇ ਵਾਹਨ ਖੜੇ ਕਰਕੇ, ਗੰਦਗੀ ਖਿਲਾਰ ਕੇ, ਕਿਤੇ ਨਾ ਕਿਤੇ ਦੂਜੇ ਲੋਕਾਂ ਦੇ ਅਧਿਕਾਰਾ ਅਤੇ ਸੁਤੰਤਰਤਾ ਨੂੰ ਨਜ਼ਰਅੰਦਾਜ਼ ਕਰ ਰਹੇ ਹੁੰਦੇ ਹਾਂ। ਇੱਕ ਚੰਗੇ ਖ਼ੁਸ਼ਹਾਲ ਸਮਾਜ ,ਦੇਸ਼ ਅਤੇ ਜੀਵਨ ਲਈ ਅਧਿਕਾਰਾ ਦੇ ਨਾਲ ਨਾਲ ਕਰਤੱਵਾਂ ਦਾ ਪਾਲਣ ਕਰਨਾ ਵੀ ਜ਼ਰੂਰੀ ਹੋ ਜਾਂਦਾ ਹੈ।
ਕੁਲਦੀਪ ਸਿੰਘ ਸਾਹਿਲ
9417990040
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



