HOME ਮਨੁੱਖ:ਅਮਰਤਾ ਜਾਂ ਭੱਟਕਣ ਵੱਲ

ਮਨੁੱਖ:ਅਮਰਤਾ ਜਾਂ ਭੱਟਕਣ ਵੱਲ

1
ਚਰਨਜੀਤ ਸਿੰਘ ਰਾਜੌਰ 
   (ਸਮਾਜ ਵੀਕਲੀ)   ਸਦੀਆਂ ਤੋਂ ਭਟਕ ਰਿਹਾ ਹਾਂ ਤੇ ਲੋਕ ਕਹਿ ਰਹੇ ਨੇ ਅਮਰ ਹੋ ਗਿਆ। ਮੈਂ  ਧਰੂ ਤਾਰਾ ਥੋੜੀ ਨਾ ਬਣਨਾ ਸੀ ਜਿਹੜਾ ਆਕਾਸ਼ ਵਿੱਚ ਸਦਾ-ਸਦਾ ਲਈ ਅਟਲ ਹੋ ਜਾਵਾਂ। ਮੈਂ ਤਾਂ ਬਸ ਮੈਂ ਹੀ ਬਣਨਾ ਸੀ, ਮੈਂ ਤੋਂ ਮੈਂ ਬਣਨ ਦੀ ਭੱਜ-ਦੋੜ ਵਿੱਚ ਪਤਾ ਹੀ ਨਹੀਂ ਲੱਗਿਆ ਕਿ ਐਨਾ ਸਮਾਂ ਹੋ ਗਿਆ ਤੇ ਅਜੇ ਵੀ ਮੈਂ ਇਸੇ ਭੱਜ-ਨੱਠ ਵਿੱਚ ਖੱਜਲ-ਖੁਆਰ ਹੁੰਦਾ ਆਪਣੀ ਮੈਂ ਨੂੰ ਪਛਾਣਨ ਦੇ ਰਾਹ ਵਿੱਚ ਹਾਂ। ਕਈ ਵਾਰ ਭੁਲੇਖਾ ਖਾ ਜਾਂਦਾ ਹਾਂ ਕਿ ਇਹੋ ਮੇਰੀ ਮੈਂ ਹੈ ਜਿਸ ਨੂੰ ਮੈਂ ਲੱਭਦਾ ਫਿਰ ਰਿਹਾ ਹਾਂ,ਪਰ ਫਿਰ ਮੇਰਾ ਵਹਿਮ ਮੇਰੇ ਅੰਦਰੋਂ ਮੇਰੀ ਮੈਂ ਨੂੰ ਬੋਲਦਿਆਂ ਵੇਖ ਕੇ ਟੁੱਟ ਜਾਂਦਾ ਹੈ। ਫਿਰ ਦਿਲ ਦੇ ਕਿਸੇ ਹਿੱਸੇ ਵਿੱਚ ਕੁੱਝ ਬੜਾ ਹੀ ਕੌੜਾ ਜਿਹਾ ਪ੍ਰਤੀਤ ਹੁੰਦਾ ਹੈ, ਅਤੇ ਮੈਂ ਮੇਰੀ ਇਸ ਹੰਕਾਰੀ ਮੈਂ ਦੀ ਉਲਟੀ ਕਰ ਕੱਢ ਦਿੰਦਾ ਹਾਂ ਬੇ- ਫਜ਼ੂਲੀ ਬਹਿਸਾਂ, ਚੁਗਲੀਆਂ, ਚੋਰੀ ਅਤੇ ਮਕਾਰੀ ਜਹੀ ਹਰ ਜਹਿਰੀ ਸ਼ੈਅ ਨੂੰ ਮੇਰੇ ਅੰਦਰੋਂ ਅਤੇ ਮਰਨੋਂ ਬਚ ਜਾਂਦਾ ਹਾਂ। ਮੈਂ ਮਨੁੱਖ ਹਾਂ ਅਤੇ ਮੈਨੂੰ ਬਣਾਇਆ ਉਸ ਪਰਮ ਆਤਮਾਂ ਨੇ ਹੈ ਜਿਸ ਨੂੰ ਨਾ ਕਿਸੇ ਨੇ ਅੱਜ ਤੱਕ ਵੇਖਿਆ ਹੈ ਨਾ ਛੂਹਿਆ ਹੈ। ਪਵਿੱਤਰ ਬਾਣੀ ਮੁਤਾਬਕ ਉਹ ਨਿਰਾਕਾਰ ਵੀ ਹੈ ਪਰ ਉਸਦਾ ਆਕਾਰ ਵੀ ਹੈ। ਉਹ ਜਿਹੜਾ ਇਹ ਸਾਰੀ ਸ੍ਰਿਸ਼ਟੀ ਬਹੁਤ ਚੰਗੇ ਤਰੀਕੇ ਨਾਲ ਚਲਾ ਰਿਹਾ ਹੈ, ਜਿੱਥੇ ਸੂਰਜ ਆਪਣੇ ਸਮੇਂ ਦਾ ਪੂਰਾ ਪਾਬੰਦ ਹੈ, ਜਿੱਥੇ ਚੰਨ ਸਦੀਆਂ ਤੋਂ ਆਪਣਾ ਫਰਜ਼ ਨਿਭਾ ਰਿਹਾ ਹੈ, ਜਿੱਥੇ ਹਵਾ, ਪਾਣੀ, ਮਿੱਟੀ, ਧਰਤੀ ਅਤੇ ਆਕਾਸ਼ ਸਭ ਆਪੋ-ਆਪਣੀਆਂ ਜਿੰਮੇਵਾਰੀਆਂ ਪੂਰੀ ਤਨਦੇਹੀ ਨਾਲ ਪਤਾ ਨਹੀਂ ਕਿੰਨੇ ਹੀ ਲੱਖਾਂ-ਕਰੋੜਾਂ ਸਾਲਾਂ ਤੋਂ ਵੀ ਪਹਿਲਾਂ ਤੋਂ ਬਾਖੂਬੀ ਨਿਭਾ ਰਹੇ ਹਨ। ਪਰ ਇੱਕ ਮੈਂ ਯਾਨੀ ਕਿ ਮਨੁੱਖ ਹੀ ਹਾਂ ਜਿਹੜਾ ਦਿਨ-ਬ-ਦਿਨ ਉਸ ਪਰਮਾਤਮਾ ਦੇ ਕੰਮਾਂ ਵਿੱਚ ਵਿਘਨ ਪਾਉਣ ਦੇ ਢੰਗ ਤਰੀਕੇ ਸੋਚ ਰਿਹਾ ਹਾਂ। ਜਦ ਕਿ ਮੈਂ ਭੁਲਿਆ ਬੈਠਾ ਹਾਂ ਕਿ ਮੇਰੀ ਹੋਂਦ ਦਾ ਕਾਰਨ ਵੀ ਉਹ ਬ੍ਰਹਮ ਹੀ ਹੈ। ਮੈਂ ਵਿਗਿਆਨ ਨੂੰ ਵੀ ਮੰਨਦਾ ਹਾਂ, ਅਧਿਆਤਮ ਵੱਲ ਵੀ ਮੇਰੀ ਪੂਰੀ ਸ਼ਰਧਾ ਹੈ। ਪਰ ਮੈਂ ਮੌਤ ਤੋਂ ਬਾਅਦ ਦੇ ਦੌਰ ਨੂੰ ਸਮਝਣ ਵਿੱਚ ਅਜੇ ਵੀ ਅਨਾੜੀ ਹਾਂ, ਮੈਂ ਚੰਨ ਤੱਕ ਪਹੁੰਚ ਕਰ ਲਈ ਹੈ, ਮੈਂ ਹੋਰ ਗ੍ਰਹਿਆਂ ਵੱਲ ਵੀ ਬੜੀ ਤੇਜ਼ੀ ਨਾਲ ਵਧ ਰਿਹਾ ਹਾਂ, ਅੱਗ ਦਾ ਗੋਲਾ ਕਹੇ ਜਾਣ ਵਾਲੇ ਸੂਰਜ ਤੱਕ ਵੀ ਮੈਂ ਆਪਣੀ ਪਹੁੰਚ ਬਣਾਉਣ ਦੇ ਕਰੀਬ ਹੀ ਹਾਂ। ਪਰ ਮੌਤ ਤੋਂ ਬਾਅਦ ਦੀਆਂ ਗੱਲਾਂ ਬਾਰੇ ਅਜੇ ਵੀ ਮੈਂ ਸਿਰਫ਼ ਸੋਚ ਹੀ ਸਕਦਾ ਹਾਂ। ਮੈਂ ਸਵਰਗ-ਨਰਕ ਜਿਹੇ ਸ਼ਬਦ ਵੀ ਖੂਬ ਘੜੇ ਹਨ। ਜਿਹੜੇ ਮੈਨੂੰ ਇਸ ਸਮਾਜ ਵਿੱਚ ਰਹਿ ਕੇ ਚੰਗੇ ਅਤੇ ਮਾੜੇ ਕਰਮਾਂ ਬਾਰੇ ਜਾਣੂ ਕਰਵਾਉਂਦੇ ਹਨ। ਪਰ ਮਸਲਾ ਹੁਣ ਇਹ ਉੱਠਦਾ ਹੈ ਕਿ ਮੈਂ ਅਮਰ ਕਿਵੇਂ ਹੋ ਗਿਆ ਹਾਂ, ਕਦੇ ਤਾਂ ਮੇਰਾ ਅੰਤ ਹੋਵੇਗਾ? ਇਹ ਗੱਲਾਂ ਬਹੁਤ ਹੈਰਾਨ ਪ੍ਰੇਸ਼ਾਨ ਕਰਦੀਆਂ ਹਨ। ਪਰ ਫਿਰ ਉਸ ਬ੍ਰਹਮ, ਆਕਾਲ ਪੁਰਖ, ਅੱਲ੍ਹਾ, ਪਰਮਾਤਮਾ ਜਿਹੜਾ ਇੱਕ ਹੀ ਹੈ ਤੇ ਸਭ ਛੱਡ ਕੇ ਆਪਣੇ ਕੰਮ  ਵਿੱਚ ਲੱਗ ਜਾਂਦਾ ਹਾਂ। ਜਦੋਂ ਤੱਕ ਮੈਂ ਆਪਣੇ ਵਿਚਲੀ ਮੈਂ ਨੂੰ ਮੇਰੀ ਹੰਕਾਰੀ ਮੈਂ ਵਿੱਚੋਂ ਚਿੰਤਨ-ਮੰਥਨ ਰਾਹੀਂ ਵੱਖ ਨਹੀਂ ਕਰ ਲੈਂਦਾ ਉਦੋਂ ਤੱਕ ਮੇਰੇ ਚਿੱਤ ਦੀ ਇਹ ਭਟਕਣ ਇਸੇ ਤਰ੍ਹਾਂ
ਮੱਕੜ ਜਾਲ ਬੁਣ ਕੇ ਮੇਰੇ ਦੁਆਲੇ ਘੇਰਾ ਪਾ ਕੇ ਬੈਠੀ ਰਹੇਗੀ ਅਤੇ ਮੇਰੀ ਸੋਚ ਨੂੰ ਬੰਦ ਮੁੱਠੀ ਦੀ ਪਹੇਲੀ ਵਾਂਗੂੰ ਇੱਕ ਤੋਂ ਦੂਜੀ ਰੂਹ , ਦੂਜੀ ਤੋਂ ਤੀਜੀ ਰੂਹ ਤੱਕ ਭਟਕਾਉਂਦੀ ਰਹੇਗੀ। ਫਿਰ ਭਾਵੇਂ ਲੋਕ ਇਸ ਨੂੰ ਅਮਰਤਾ ਸਮਝ ਲੈਣ ਭਾਵੇਂ ਮੇਰੀ ਤੜਪਣ ਜਾਂ ਫਿਰ ਮੇਰੀ ਭਟਕਣ।
ਚਰਨਜੀਤ ਸਿੰਘ ਰਾਜੌਰ 
8427929558
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗਰਮੀ 
Next articleਸੀ.ਐਮ ਦੀ ਯੋਗਸ਼ਾਲਾ ਦਾ ਭਰਪੂਰ ਲਾਹਾ ਲੈ ਰਹੇ ਨੇ ਗੜ੍ਹਸ਼ੰਕਰ ਵਾਸੀ