ਸ਼ੁੱਧ ਪੰਜਾਬੀ ਕਿਵੇਂ ਲਿਖੀਏ?

ਜਸਵੀਰ ਸਿੰਘ ਪਾਬਲਾ

(ਸਮਾਜ ਵੀਕਲੀ)

‘ਸਾਲਾਨਾ ਪ੍ਰੀਖਿਆ ਪ੍ਰਣਾਲੀ’ ਕਿ ‘ਸਲਾਨਾ ਪਰੀਖਿਆ ਪ੍ਰਨਾਲ਼ੀ’?

ਅੱਜ-ਕੱਲ੍ਹ ਵਿਦਿਆਰਥੀਆਂ ਦੀਆਂ ਸਲਾਨਾ ਪਰੀਖਿਆਵਾਂ ਚੱਲ ਰਹੀਆਂ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਮਿਡਲ, ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਪਰੀਖਿਆਵਾਂ ਦੇ ਪ੍ਰਸ਼ਨ-ਪੱਤਰਾਂ ਉੱਤੇ ਸਭ ਤੋਂ ਪਹਿਲਾਂ ਜਿਹੜੇ ਤਿੰਨ ਸ਼ਬਦ ਲਿਖੇ ਹੁੰਦੇ ਹਨ, ਉਹ ਹਨ- “ਸਲਾਨਾ ਪਰੀਖਿਆ ਪ੍ਰਨਾਲ਼ੀ।” ਕੁਝ ਲੋਕਾਂ ਅਨੁਸਾਰ ਇਹਨਾਂ ਤਿੰਨਾਂ ਹੀ ਸ਼ਬਦਾਂ ਦੇ ਸ਼ਬਦ-ਜੋੜ ਗ਼ਲਤ ਲਿਖੇ ਗਏ ਹਨ। ਇੱਥੋਂ ਤੱਕ ਕਿ ਕੁਝ ਸਾਲ ਪਹਿਲਾਂ ਸਲਾਨਾ ਇਮਤਿਹਾਨਾਂ ਦੇ ਇਹਨਾਂ ਦਿਨਾਂ ਵਿੱਚ ਹੀ ਕਿਸੇ ਨੇ ਇਹਨਾਂ ਸਬਦਾਂ ਦੇ ਸ਼ਬਦ-ਜੋੜਾਂ ਦੇ ਗ਼ੈਰਮਿਆਰੀ ਹੋਣ ਸੰਬੰਧੀ ਇੱਕ ਲੇਖ ਲਿਖ ਕੇ ਪੰਜਾਬੀ ਦੀ ਇੱਕ ਅਖ਼ਬਾਰ ਵਿੱਚ ਛਪਵਾ ਵੀ ਦਿੱਤਾ ਸੀ। ਬਾਅਦ ਵਿੱਚ ਉਸ ਲੇਖ ਦੇ ਪ੍ਰਤਿਕਰਮ ਵਜੋਂ ਜਦੋਂ ਮੈਂ ਆਪਣਾ ਲੇਖ ਉਸੇ ਹੀ ਅਖ਼ਬਾਰ ਨੂੰ ਲਿਖ ਕੇ ਭੇਜਿਆ ਤਾਂ ਉਹ ਛਾਪਿਆ ਨਹੀਂ ਸੀ ਗਿਆ। ਸ਼ਾਇਦ ਉਹਨਾਂ ਨੂੰ ਮੇਰਾ ਲਿਖਿਆ ‘ਪ੍ਰਤਿਕਰਮ’ ਹੀ ਗ਼ਲਤ ਜਾਪਦਾ ਹੋਵੇ। ਖ਼ੈਰ, ਅੱਜ ਦੇਖਦੇ ਹਾਂ ਕਿ ਸ਼ਬਦ-ਜੋੜਾਂ ਦੇ ਆਧੁਨਿਕ ਨਿਯਮਾਂ ਦੀ ਕਸੌਟੀ ਅਨੁਸਾਰ ਉਪਰੋਕਤ ਲੇਖਕ ਅਤੇ ਉਸ ਦੀ ਵਿਚਾਰਧਾਰਾ ਨਾਲ਼ ਸਹਿਮਤ ਕੁਝ ਹੋਰ ਲੋਕਾਂ ਦੇ ਇਸ ਕਥਨ ਵਿੱਚ ਕਿੰਨੀ ਕੁ ਸਚਾਈ ਹੈ!

ਸਲਾਨਾ:
‘ਸਲਾਨਾ ਪਰੀਖਿਆ ਪ੍ਰਨਾਲ਼ੀ’ ਵਿੱਚ ਸਭ ਤੋਂ ਪਹਿਲਾ ਸ਼ਬਦ ਹੈ- ਸਲਾਨਾ। ਇਹ ਸ਼ਬਦ ਫ਼ਾਰਸੀ ਭਾਸ਼ਾ ਦੇ ਮੂਲ ਦਾ ਹੈ। ਫ਼ਾਰਸੀ ਭਾਸ਼ਾ ਵਿੱਚ ਇਸ ਨੂੰ ‘ਸਾਲਾਨਾ’ ਅਰਥਾਤ ‘ਸ’ ਨੂੰ ਕੰਨੇ ਨਾਲ਼ ਹੀ ਲਿਖਿਆ ਜਾਣਾ ਹੈ ਪਰ ਪੰਜਾਬੀ ਵਿੱਚ ਇਹ ‘ਸਲਾਨਾ’ ਹੀ ਹੈ। ਪੰਜਾਬੀ ਸ਼ਬਦ-ਜੋੜਾਂ ਦੇ ਅਜੋਕੇ ਨਿਯਮਾਂ ਅਨੁਸਾਰ ਇਸ ਵਿਚਲਾ ਕੰਨਾ ਹੁਣ ਲੁਪਤ ਹੋ ਚੁੱਕਿਆ ਹੈ। ਇਸ ਸੰਬੰਧੀ ਨਿਯਮ ਇਹ ਹੈ ਕਿ ਘੱਟੋ-ਘੱਟ ਤਿੰਨ ਜਾਂ ਤਿੰਨ ਤੋਂ ਵੱਧ ਅੱਖਰਾਂ ਵਾਲ਼ੇ ਸ਼ਬਦਾਂ ਵਿੱਚ ਜੇਕਰ ਪਹਿਲੇ ਦੋ ਅੱਖਰਾਂ ਨਾਲ਼ ਦੀਰਘ ਮਾਤਰਾਵਾਂ, ਜਿਵੇਂ: ਕੰਨਾ, ਬਿਹਾਰੀ ਜਾਂ ਦੁਲੈਂਕੜ ਆਦਿ ਲੱਗੀਆਂ ਹੋਈਆਂ ਹੋਣ ਤਾਂ ਪਹਿਲੇ ਅੱਖਰ ਦੀ ਦੀਰਘ ਮਾਤਰਾ ਜਾਂ ਤਾਂ ਲਘੂ ਮਾਤਰਾ, ਜਿਵੇਂ: ਸਿਹਾਰੀ ਜਾਂ ਔਂਕੜ ਆਦਿ ਵਿੱਚ ਬਦਲ ਜਾਵੇਗੀ ਜਾਂ ਫਿਰ ਇਹ ਲੁਪਤ ਹੀ ਹੋ ਜਾਵੇਗੀ।

ਬੱਸ ਇਸੇ ਨਿਯਮ ਤਹਿਤ ਹੀ ਇਸ ਸ਼ਬਦ ਨੂੰ ‘ਸਲਾਨਾ’ (ਸੱਸੇ ਮੁਕਤੇ ਨਾਲ਼) ਲਿਖਣਾ ਹੈ, ‘ਸਾਲਾਨਾ’ ਨਹੀਂ। ਇਸੇ ਨਿਯਮ ਅਧੀਨ ਹੀ ‘ਪਾਜਾਮਾ’ ਨੂੰ ਪਜਾਮਾ; ‘ਬਾਦਾਮ’ ਨੂੰ ਬਦਾਮ; ਆਜ਼ਾਦ/ਆਜ਼ਾਦੀ ਨੂੰ ਅਜ਼ਾਦ/ਅਜ਼ਾਦੀ; ਆਬਾਦ/ਆਬਾਦੀ ਨੂੰ ਅਬਾਦ/ਅਬਾਦੀ; ਈਮਾਨਦਾਰ ਨੂੰ ਇਮਾਨਦਾਰ; ‘ਦੀਵਾਲੀ’ ਨੂੰ ‘ਦਿਵਾਲ਼ੀ’ ਲਿਖਿਆ ਜਾਣਾ ਸਹੀ ਮੰਨਿਆ ਗਿਆ ਹੈ। ਅਜਿਹੇ ਸ਼ਬਦਾਂ ਦੇ ਸ਼ਬਦ-ਜੋੜਾਂ ਪਿੱਛੇ ਇਸ ਦੇ ਨਾਲ਼-ਨਾਲ਼ ਜਿਹੜਾ ਇੱਕ ਹੋਰ ਨਿਯਮ ਵੀ ਕੰਮ ਕਰ ਰਿਹਾ ਹੈ, ਉਹ ਹੈ; ‘ਜਿਵੇਂ ਬੋਲੋ, ਤਿਵੇਂ ਲਿਖੋ’। ਜਦੋਂ ਅਸੀਂ ਉਪਰੋਕਤ ਸ਼ਬਦਾਂ ਵਿਚਲੇ ਸਲਾਨਾ, ਦਿਵਾਲ਼ੀ, ਅਬਾਦੀ, ਅਜ਼ਾਦੀ ਜਿਹੇ ਸ਼ਬਦਾਂ ਦਾ ਇੱਕ-ਦੂਜੇ ਨਾਲ਼ ਆਮ ਗੱਲ-ਬਾਤ ਕਰਨ ਸਮੇਂ ਉਚਾਰਨ ਵੀ ਇਵੇਂ ਹੀ ਕਰਦੇ ਹਾਂ ਤਾਂ ਫਿਰ ਉਹਨਾਂ ਨੂੰ ਲਿਖਤੀ ਰੂਪ ਕਿਸੇ ਹੋਰ ਢੰਗ ਨਾਲ਼ ਕਿਵੇਂ ਦੇ ਸਕਦੇ ਹਾਂ? ਹਰ ਬੋਲੀ ਦਾ ਆਪਣਾ ਇੱਕ ਵੱਖਰਾ ਮੁਹਾਵਰਾ ਹੁੰਦਾ ਹੈ। ਇਸ ਨੂੰ ਕਿਸੇ ਹੋਰ ਭਾਸ਼ਾ ਦੇ ਮੁਹਾਵਰੇ ਜਾਂ ਵਰਤਾਰੇ ਅਨੁਸਾਰ ਮਾਪਿਆ ਨਹੀਂ ਜਾ ਸਕਦਾ।

ਕਿਸੇ ਬੋਲੀ ਦੇ ਕੁਝ ਸ਼ਬਦਾਂ ਨੂੰ ਕੋਈ ਭਾਸ਼ਾ ਤਤਸਮ ਰੂਪ ਵਿੱਚ ਅਪਣਾ ਲੈਂਦੀ ਹੈ ਅਤੇ ਕੁਝ ਨੂੰ ਤਦਭਵ ਰੂਪ ਵਿੱਚ। ਇਸ ਸੰਬੰਧੀ ਇੱਕ ਸੱਜਣ ਨੇ ਤਾਂ ਇੱਕ ਵਾਰ ਇਹ ਇਤਰਾਜ਼ ਵੀ ਕੀਤਾ ਸੀ ਕਿ ਅਸੀਂ ਅਰਬੀ/ਫ਼ਾਰਸੀ ਤੋਂ ਆਏ ਸ਼ਬਦਾਂ ਵਿੱਚ ਕਿਸੇ ਵੀ ਕਿਸਮ ਦੀ ਕੋਈ ਤਬਦੀਲੀ ਨਹੀਂ ਕਰ ਸਕਦੇ ਅਰਥਾਤ ਊਹਨਾਂ ਨੂੰ ਉਸੇ ਰੂਪ ਵਿੱਚ ਹੀ ਲਿਖਾਂਗੇ, ਜਿਵੇਂ ਉਹਨਾਂ ਨੂੰ ਉਹਨਾਂ ਦੀ ਮੂਲ ਭਾਸ਼ਾ ਵਿੱਚ ਲਿਖਿਆ ਜਾਂਦਾ ਹੈ। ਪਰ ਫ਼ਾਰਸੀ ਭਾਸ਼ਾ ਨਾਲ਼ ਸੰਬੰਧਿਤ ਸ਼ਬਦਾਂ: ਪਾਜਾਮਾ/ ਪਜਾਮਾ, ਸਾਲਾਨਾ /ਸਲਾਨਾ, ਬਾਦਾਮ (بادام)/ਬਦਾਮ,ਆਬਾਦੀ /ਅਬਾਦੀ, ਆਜ਼ਾਦੀ/ਅਜ਼ਾਦੀ ਸ਼ਬਦਾਂ ਦੀਆਂ ਉਪਰੋਕਤ ਉਦਾਹਰਨਾਂ ਤੋਂ ਇਸ ਪ੍ਰਸ਼ਨ ਦੇ ਉੱਤਰ ਦੀ ਸਹਿਜੇ ਹੀ ਪੁਸ਼ਟੀ ਹੋ ਜਾਂਦੀ ਹੈ। ਇਸ ਤੋਂ ਬਿਨਾਂ ਇਹਨਾਂ ਹੀ ਭਾਸ਼ਾਵਾਂ ਦਾ ‘ਜਕਰ’ (جکر) ਸ਼ਬਦ ਪੰਜਾਬੀ ਵਿੱਚ ਆ ਕੇ ‘ਝੱਖੜ’ ਵਿੱਚ ਬਦਲ ਜਾਂਦਾ ਹੈ; ਬਾਰ (بار) ‘ਭਾਰ’ ਵਿੱਚ ਅਤੇ ਕੀਸਾ, ‘ਖੀਸਾ’ (ਅੰਦਰੂਨੀ ਜੇਬ) ਵਿੱਚ।

ਇਸੇ ਤਰ੍ਹਾਂ ਸੰਸਕ੍ਰਿਤ ਮੂਲ ਦੇ ਇੱਕ ਹੋਰ ਸ਼ਬਦ ਬਾਰੇ ਵੀ ਕੁਝ ਲੋਕਾਂ ਵਿੱਚ ਗ਼ਲਤ-ਫ਼ਹਿਮੀ ਹੈ ਕਿ ਪੁਰਾਣਿਕ ਸ਼ਬਦ ਨੂੰ ‘ਪੌਰਾਣਿਕ’ ਲਿਖਿਆ ਜਾਣਾ ਚਾਹੀਦਾ ਹੈ ਜਦਕਿ ਇਸ ਸ਼ਬਦ ਵਿੱਚ ਵੀ ਕਿਉਂਕਿ ਪਹਿਲੇ ਦੋ ਅੱਖਰਾਂ ਨਾਲ਼ ਦੀਰਘ ਮਾਤਰਾਵਾਂ (ਕਨੌੜਾ ਅਤੇ ਕੰਨਾ) ਲੱਗੀਆਂ ਹੋਈਆਂ ਹਨ ਇਸ ਲਈ ਇਸ ਵਿਚਲੀ ਪਹਿਲੀ ਦੀਰਘ ਮਾਤਰਾ ਕਨੌੜਾ, ਔਂਕੜ ਵਿੱਚ ਬਦਲ ਜਾਂਦੀ ਹੈ। ਹਿੰਦੀ/ਸੰਸਕ੍ਰਿਤ ਭਾਸ਼ਾਵਾਂ ਵਿੱਚ ਭਾਵੇਂ ਇਸ ਸ਼ਬਦ ਦਾ ਵਿਸ਼ੇਸ਼ਣੀ ਰੂਪ ‘ਪੌਰਾਣਿਕ’ ਹੀ ਹੈ ਪਰ ਪੰਜਾਬੀ ਵਿੱਚ ਨਹੀਂ। ‘ਪੁਰਾਣ’ ਸ਼ਬਦ ਸੰਸਕ੍ਰਿਤ ਦੇ ਪੁਰਾਣਮ (पुराणम्) ਸ਼ਬਦ ਤੋਂ ਬਣਿਆ ਹੈ। ਗੁਰਬਾਣੀ ਵਿੱਚ ਵੀ ਇਸ ਦੀ ਕਈ ਥਾਂਵਾਂ ‘ਤੇ ਵਰਤੋਂ ਕੀਤੀ ਗਈ ਹੈ, ਜਿਵੇਂ:
“ਆਖਹਿ ਵੇਦ ਪਾਠ ਪੁਰਾਣ॥
ਆਖਹਿ ਪੜੇ ਕਰਹਿ ਵਖਿਆਣ॥”
–ਜਪੁਜੀ ਸਾਹਿਬ।

ਇਸ ਨਿਯਮ ਨਾਲ਼ ਸੰਬੰਧਿਤ ਇੱਕ ਗੱਲ ਇਹ ਵੀ ਯਾਦ ਰੱਖਣਯੋਗ ਹੈ ਕਿ ਜਿੱਥੇ ਇਸ ਨਿਯਮ ਦੀ ਵਰਤੋਂ ਕਾਰਨ ਕਿਸੇ ਸ਼ਬਦ ਦੇ ਅਰਥਾਂ ਵਿੱਚ ਅੰਤਰ ਆਉਣ ਦਾ ਡਰ ਹੋਵੇ, ਉੱਥੇ ਇਸ ਨਿਯਮ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਅਰਥਾਤ ਉੱਥੇ ਇਸ ਨਿਯਮ ਤੋਂ ਛੋਟ ਵੀ ਹੈ, ਜਿਵੇਂ: ਆਧਾਰ, ਆਕਾਰ, ਆਸਾਰ, ਆਚਾਰ (ਚਾਲ-ਚੱਲਣ ਵਾਲ਼ਾ), ਭੂਗੋਲ, ਆਲੋਚਨਾ ਆਦਿ।

ਪਰੀਖਿਆ:
ਪਰੀਖਿਆ ਸ਼ਬਦ ਸੰਸਕ੍ਰਿਤ ਮੂਲ ਦਾ ਹੈ। ਇਹ ਦੋ ਸ਼ਬਦਾਂ: ਪਰਿ+ ਈਖਿਆ (ਸੰਸ.= ਪਰਿ+ਈਕਸ਼ਾ) ਦੇ ਮੇਲ਼ ਨਾਲ਼ ਬਣਿਆ ਹੈ। ਇਸ ਵਿੱਚ ਪਹਿਲਾ ਸ਼ਬਦ ‘ਪਰਿ’ ਇੱਕ ਅਗੇਤਰ ਹੈ ਜਿਸ ਦਾ ਅਰਥ ਹੈ: ਆਲ਼ੇ-ਦੁਆਲ਼ਿਓਂ, ਚਹੁੰਆਂ ਪਾਸਿਆਂ ਤੋਂ, ਜਿਵੇਂ: ਪਰਿਸਥਿਤੀ (ਆਲ਼ੇ-ਦੁਆਲ਼ੇ ਦੇ ਹਾਲਾਤ), ਪਰਿਵਰਤਨ, ਪਰਿਪੇਖ, ਪਰਿਵਾਰ, ਪਰਿਕਰਮਾ ਆਦਿ। ‘ਈਖਿਆ’ ਸ਼ਬਦ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਅਕਸ਼ਿ (ਅੱਖ) ਤੋਂ ਬਣਿਆ ਹੈ ਜਿਸ ਦੇ ਅਰਥ ਹਨ- ਦ੍ਰਿਸ਼ਟੀਕੋਣ ਜਾਂ ਨਜ਼ਰੀਆ। ਯਾਦ ਰਹੇ ਕਿ ਅਕਸ਼ਿ (ਅੱਖ) ਸ਼ਬਦ ਦਾ ਜ਼ਿਕਰ ਲਗਾਤਾਰ ਪਿਛਲੇ ਦੋ ਲੇਖਾਂ ਵਿੱਚ ਵੀ ਆਇਆ ਹੈ। ਸੋ, ਪਰੀਖਿਆ ਸ਼ਬਦ ਦੇ ਅਰਥ ਬਣੇ- ਕਿਸੇ ਵਿਸ਼ੇ ਨੂੰ ਚਹੁੰਆਂ ਪਾਸਿਆਂ ਤੋਂ ਅਰਥਾਤ ਹਰ ਪੱਖੋਂ ਮੁਕੰਮਲ ਤੌਰ ‘ਤੇ ਆਪਣੇ ਦ੍ਰਿਸ਼ਟੀਕੋਣ ਜਾਂ ਨਜ਼ਰੀਏ ਅਨੁਸਾਰ ਬੰਨ੍ਹਣਾ ਜਾਂ ਬੰਨ੍ਹ ਕੇ ਪੇਸ਼ ਕਰਨਾ। ਹਿੰਦੀ/ਸੰਸਕ੍ਰਿਤ ਭਾਸ਼ਾਵਾਂ ਵਿੱਚ ਵੀ ਇਸ ਸ਼ਬਦ ਨੂੰ ਪਰੀਕਸ਼ਾ (परीक्षा) ਅਰਥਾਤ ਪੂਰੇ ‘ਰਾਰੇ’ ਨਾਲ਼ ਹੀ ਲਿਖਿਆ ਜਾਂਦਾ ਹੈ, ਪੈਰ ਵਿੱਚ ‘ਰਾਰੇ’ ਨਾਲ਼ ਨਹੀਂ। ਪਰੀਖਿਆ ਵਾਂਗ ਪਰੀਖਿਆਰਥੀ ਅਤੇ ਪਰੀਖਿਅਕ ਆਦਿ ਸ਼ਬਦ ਵੀ ਪੂਰਾ ਰਾਰਾ ਪਾ ਕੇ ਹੀ ਲਿਖਣੇ ਹਨ। ਪਰਖ ਸ਼ਬਦ ਵੀ ਪਰੀਖਿਆ ਤੋਂ ਹੀ ਬਣਿਆ ਹੋਇਆ ਹੈ। ਪਰੀਖਿਆ ਸ਼ਬਦ ਲਿਖਣ ਸਮੇਂ ਸਾਨੂੰ ਇਹ ਗੱਲ ਹਮੇਸ਼ਾਂ ਯਾਦ ਰੱਖਣੀ ਚਾਹੀਦੀ ਹੈ ਕਿ ਪਰੀਖਿਆ ਨਾਲ਼ ਸੰਬੰਧਿਤ ਇਹ ਸਾਰੇ ਸ਼ਬਦ ‘ਪਰਿ’ ਅਗੇਤਰ ਨਾਲ਼ ਬਣੇ ਹਨ, ‘ਪ੍ਰ’ ਅਗੇਤਰ ਨਾਲ਼ ਨਹੀਂ।

ਦਰਅਸਲ ਪਰਿ, ਪ੍ਰ ਅਤੇ ਪਰ ਸ਼ਬਦ ਅਜਿਹੇ ਅਗੇਤਰ ਹਨ ਜਿਨ੍ਹਾਂ ਦੇ ਅਰਥ ਪ ਅਤੇ ਰ ਧੁਨੀਆਂ ਦੀ ਸਾਂਝ ਹੋਣ ਦੇ ਬਾਵਜੂਦ ਇੱਕ-ਦੂਜੇ ਤੋਂ ਅਲੱਗ ਹਨ। ਇਸ ਲਈ ਇੱਕ ਅਗੇਤਰ ਨੂੰ ਦੂਜੇ ਅਗੇਤਰ ਦੀ ਥਾਂ ‘ਤੇ ਉੱਕਾ ਹੀ ਨਹੀਂ ਵਰਤਿਆ ਜਾ ਸਕਦਾ। ਇਹਨਾਂ ਵਿਚਲੇ ‘ਪ੍ਰ’ ਅਗੇਤਰ ਦੇ ਅਰਥ ਹਨ- ਦੂਰ-ਦੂਰ ਤੱਕ, ਚਾਰੇ ਪਾਸੇ, ਜਿਵੇਂ: ਪ੍ਰਚਲਿਤ (ਕਿਸੇ ਚੀਜ਼ ਦਾ ਦੂਰ-ਦੂਰ ਤੱਕ ਅਰਥਾਤ ਚਾਰੇ ਪਾਸੇ ਚੱਲ ਨਿਕਲਣਾ; ਇਸੇ ਤਰ੍ਹਾਂ ‘ਪ੍ਰਸਿੱਧ’ (ਕਿਸੇ ਦੀ ਯੋਗਤਾ ਦਾ ਦੂਰ-ਦੂਰ ਤੱਕ ਸਿੱਧ ਅਰਥਾਤ ਸਾਬਤ ਹੋ ਜਾਣਾ), ਪ੍ਰਚਾਰ, ਪ੍ਰਸੰਗ, ਪ੍ਰਜ੍ਵਲਿਤ ਆਦਿ। ‘ਪਰ’ ਅਗੇਤਰ ਦੇ ਅਰਥ ਹਨ: ਦੂਜਾ ਜਾਂ ਪਰਾਇਆ, ਜਿਵੇਂ: ਪਰਦੇਸ, ਪਰਉਪਕਾਰ, ਪਰਵਾਸ ਆਦਿ।

ਉਪਰੋਕਤ ਕਾਰਨਾਂ ਕਾਰਨ ਇਹਨਾਂ ਅਗੇਤਰਾਂ ਦੀ ਵਰਤੋਂ ਇੱਕ-ਦੂਜੇ ਦੀ ਥਾਂ ‘ਤੇ ਨਹੀਂ ਕੀਤੀ ਜਾ ਸਕਦੀ ਪਰ ਕੁਝ ਲੋਕ ਇਹਨਾਂ ਅਗੇਤਰਾਂ ਦੀ ਦੁਰਵਰਤੋਂ ਕਰਦਿਆਂ ਹੋਇਆਂ ਪਰੀਖਿਆ ਨੂੰ ਪ੍ਰੀਖਿਆ, ਪਰਵਾਸੀ ਨੂੰ ਪ੍ਰਵਾਸੀ, ਪਰਦੇਸੀ ਨੂੰ ਪ੍ਰਦੇਸੀ, ਪਰਿਕਰਮਾ ਨੂੰ ਪ੍ਰਕਰਮਾ, ਪਰਿਭਾਸ਼ਾ ਨੂੰ ਪ੍ਰੀਭਾਸ਼ਾ, ਪਰਿਸਥਿਤੀਆਂ ਨੂੰ ਪ੍ਰਸਥਿਤੀਆਂ ਹੀ ਲਿਖੀ ਜਾ ਰਹੇ ਹਨ। ਸਾਨੂੰ ਅਜਿਹੀਆਂ ਕੁਤਾਹੀਆਂ ਤੋਂ ਬਚਣ ਦੀ ਲੋੜ ਹੈ।

ਪ੍ਰਨਾਲ਼ੀ:
ਅੱਜ ਦੇ ਸਿਰਲੇਖ ਵਿਚਲੀ ਤਿੱਕੜੀ ਦਾ ਤੀਜਾ ਸ਼ਬਦ ਹੈ- ਪ੍ਰਨਾਲ਼ੀ। ਇਹ ਸ਼ਬਦ ਵੀ ਸੰਸਕ੍ਰਿਤ ਭਾਸ਼ਾ ਦੇ ਪਿਛੋਕੜ ਵਾਲ਼ਾ ਹੀ ਹੈ। ਸੰਸਕ੍ਰਿਤ ਵਿੱਚ ਭਾਵੇਂ ਇਸ ਨੂੰ ਨ ਦੀ ਥਾਂ ਣ ਅੱਖਰ (ਪ੍ਰਣਾਲੀ) ਨਾਲ਼ ਹੀ ਲਿਖਿਆ ਜਾਂਦਾ ਹੈ ਪਰ ਪੰਜਾਬੀ ਵਿੱਚ ਇਹ ‘ਪ੍ਰਨਾਲ਼ੀ’ ਹੀ ਹੈ। “ਪੰਜਾਬੀ ਸ਼ਬਦ-ਰੂਪ ਅਤੇ ਸ਼ਬਦ-ਜੋੜ ਕੋਸ਼” ਨੇ ਵੀ ਇਸ ਨੂੰ ‘ਜਿਵੇਂ ਬੋਲੋ, ਤਿਵੇਂ ਲਿਖੋ’ ਦੇ ਨਿਯਮ ਅਨੁਸਾਰ ‘ਪ੍ਰਨਾਲ਼ੀ’ ਦੇ ਤੌਰ ‘ਤੇ ਹੀ ਲਿਖਣ ਦੀ ਸਿਫ਼ਾਰਸ਼ ਕੀਤੀ ਹੈ। ਪੰਜਾਬੀ ਵਿੱਚ ‘ਨਾਲ਼ੀ’ ਸ਼ਬਦ ਵਹਿਣ ਜਾਂ ਪਾਣੀ ਦੇ ਵਹਾਅ ਦੀ ਪ੍ਰਕਿਰਿਆ ਲਈ ਵਰਤਿਆ ਜਾਂਦਾ ਹੈ। ਨ ਅਤੇ ਣ ਧੁਨੀਆਂ ਦੇ ਅਰਥਾਂ ਵਿੱਚ ਵੀ ਕੋਈ ਖ਼ਾਸ ਅੰਤਰ ਨਹੀਂ ਹੈ। ਪ੍ਰ ਅਗੇਤਰ ਦੇ ਅਰਥ ਅਸੀਂ ਉੱਪਰ ਦੇਖ ਹੀ ਚੁੱਕੇ ਹਾਂ: ਦੂਰ-ਦੂਰ ਤੱਕ। ਸੋ, ‘ਪ੍ਰਨਾਲ਼ੀ’ ਸ਼ਬਦ ਦੇ ਅਰਥ ਹੋਏ- ਉਹ ਨਾਲ਼ੀ ਜਾਂ ਵਹਿਣ/ ਪਰੰਪਰਾ ਜੋ ਦੂਰ-ਦੂਰ ਤੱਕ ਉਸੇ ਤਰ੍ਹਾਂ ਚੱਲਦੀ ਰਹੇ ਜਿਸ ਰੂਪ/ਜਿਨ੍ਹਾਂ ਨਿਯਮਾਂ ਵਿੱਚ ਬੱਝ ਕੇ ਉਹ ਸ਼ੁਰੂ ਤੋਂ ਜਾਂ ਪਿੱਛੇ ਤੋਂ ਚੱਲਦੀ ਆ ਰਹੀ ਹੈ। ਪ੍ਰਨਾਲ਼ੀ ਸ਼ਬਦ ਸੰਬੰਧੀ ਸਾਨੂੰ ਇਹ ਗੱਲ ਬਿਲਕੁਲ ਨਹੀਂ ਭੁੱਲਣੀ ਚਾਹੀਦੀ ਕਿ ਸੰਸਕ੍ਰਿਤ ਦੇ ਪ੍ਰਣਾਲੀ ਸ਼ਬਦ ਨੂੰ ਪੰਜਾਬੀ ਨੇ ਆਪਣੇ ਲਹਿਜੇ ਅਨੁਸਾਰ ਪ੍ਰਨਾਲ਼ੀ ਦੇ ਰੂਪ ਵਿੱਚ ਵਿੱਚ ਅਪਣਾ ਲਿਆ ਹੈ। ਸਾਨੂੰ ਇਸ ਦੇ ਸੰਸਕ੍ਰਿਤ ਵਾਲ਼ੇ ਰੂਪ ਤੋਂ ਖਹਿੜਾ ਛੁਡਾਉਣ ਦੀ ਲੋੜ ਹੈ। ਇਹ ਗੱਲ ਬਹੁਤ ਹੀ ਮੰਦਭਾਗੀ ਹੈ ਕਿ ਕੁਝ ਲੋਕ ਅਜੇ ਵੀ ਇਸ ਨੂੰ ‘ਪ੍ਰਣਾਲੀ’ ਲਿਖਣਾ ਹੀ ਇਸ ਦਾ ਸ਼ੁੱਧ ਰੂਪ ਮੰਨੀ ਬੈਠੇ ਹਨ। ਸਾਨੂੰ ਆਪਣੀ ਮਾਂ-ਬੋਲੀ ਦਾ ਮੁਹਾਂਦਰਾ ਪਛਾਣਨ ਅਤੇ ਇਸ ਨੂੰ ਸਮਝਣ ਦੀ ਸਖ਼ਤ ਲੋੜ ਹੈ।

ਇਹਨਾਂ ਸ਼ਬਦਾਂ ਦੇ ਸੰਬੰਧ ਵਿੱਚ ਇੱਕ ਦਿਲਚਸਪ ਗੱਲ ਇਹ ਵੀ ਹੈ ਕਿ ‘ਪੰਜਾਬੀ ਸ਼ਬਦ-ਰੂਪ ਅਤੇ ਸ਼ਬਦ-ਜੋੜ ਕੋਸ਼’ (ਪੰ.ਯੂ.ਪ.) ਅਨੁਸਾਰ ਉਪਰੋਕਤ ਸ਼ਬਦਾਂ ਦੇ ਸ਼ਬਦ-ਜੋੜ ਸੁਝਾਇਆਂ ਨੂੰ ਭਾਵੇਂ ਅੱਜ ਲਗ-ਪਗ ਚਾਰ ਕੁ ਦਹਾਕਿਆਂ ਦਾ ਸਮਾਂ ਬੀਤ ਚੁੱਕਿਆ ਹੈ ਪਰ ਅਸੀਂ ਅਜੇ ਵੀ ਸਦੀਆਂ ਪੁਰਾਣੇ ਨਿਯਮ ਫੜ ਕੇ ਲਕੀਰ ਦੇ ਫ਼ਕੀਰ ਬਣੀ ਬੈਠੇ ਹਾਂ। ਸਾਨੂੰ ਬਦਲੇ ਹੋਏ ਨਿਯਮਾਂ ਅਤੇ ਨਿਰਦੇਸ਼ਾਂ ਅਨੁਸਾਰ ਚੱਲਣ ਦੀ ਕੋਸ਼ਸ਼ ਕਰਨੀ ਚਾਹੀਦੀ ਹੈ।

ਸੋ, ਜੇਕਰ ਅਸੀਂ ਪੰਜਾਬੀ ਭਾਸ਼ਾ ਦੀ ਖ਼ੂਬਸੂਰਤੀ ਅਤੇ ਸ਼ਬਦ-ਜੋੜਾਂ ਦੀ ਇਕਸਾਰਤਾ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਚਾਹੀਦਾ ਹੈ ਕਿ ਅਸੀਂ ਸਮੇਂ-ਸਮੇਂ ‘ਤੇ ਬਣਾਏ ਜਾਂਦੇ ਪੰਜਾਬੀ ਸ਼ਬਦ-ਜੋੜਾਂ ਦੇ ਨਿਯਮਾਂ ਦੇ ਪਾਬੰਦ ਰਹੀਏ, ਉਹਨਾਂ ਉੱਤੇ ਅਮਲ ਕਰੀਏ ਅਤੇ ਸ਼ਬਦ-ਜੋੜਾਂ ਦੇ ਸੰਬੰਧ ਵਿੱਚ ਮਨ-ਮਰਜ਼ੀਆਂ ਕਰਨ ਤੋਂ ਪੂਰੀ ਤਰ੍ਹਾਂ ਗੁਰੇਜ਼ ਕਰੀਏ।

ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ. +9198884-03052

 

Previous articleਸ਼ਹੀਦ ਭਾਈ ਲਖਵੀਰ ਸਿੰਘ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਅਤੇ ਗੋਲਡ ਕਬੱਡੀ ਕੱਪ ਪਿੰਡ ਘਰਿਆਲਾ ।
Next articleਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਨਵੇਂ ਲੰਗਰ ਹਾਲ ਦੀ ਕਾਰ ਸੇਵਾ ਹੋਈ ਅਰੰਭ