ਸ਼ੁੱਧ ਪੰਜਾਬੀ ਕਿਵੇਂ ਲਿਖੀਏ? 

ਜਸਵੀਰ ਸਿੰਘ ਪਾਬਲਾ,
(ਸਮਾਜ ਵੀਕਲੀ)-ਗੁਰਮੁਖੀ ਲਿਪੀ ਵਿੱਚ ਪੈਰ-ਬਿੰਦੀ ਵਾਲ਼ੇ ਅੱਖਰਾਂ ਦੀ ਲੋੜ ਅਤੇ ਮਹੱਤਤਾ:
         ਗੁਰਮੁਖੀ ਲਿਪੀ ਵਿੱਚ ਇਸ ਸਮੇਂ ਪੈਰ-ਬਿੰਦੀ ਵਾਲ਼ੇ ਕੁੱਲ ਛੇ ਅੱਖਰ ਹਨ-  ਸ਼ ਖ਼ ਗ਼ ਜ਼ ਫ਼ ਅਤੇ ਲ਼। ਇਹਨਾਂ ਵਿੱਚੋਂ ਸ ਪੈਰ ਬਿੰਦੀ ਇੱਕ ਅਜਿਹਾ ਅੱਖਰ ਹੈ ਜਿਸ ਦੀ ਬੋਲ-ਚਾਲ ਦੀ ਬੋਲੀ ਵਿੱਚ ਵਰਤੋਂ ਭਾਵੇਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਬਦਸਤੂਰ ਹੁੰਦੀ ਆ ਰਹੀ ਹੈ ਪਰ ਗੁਰਮੁਖੀ ਲਿਪੀ ਵਿੱਚ ਇਸ ਦੀ ਵਿਧੀਵਤ ਆਮਦ ਬਾਕੀ ਦੀਆਂ ਚਾਰ ਧੁਨੀਆਂ ਸਮੇਤ ਪਿਛਲੀ ਸਦੀ ਵਿੱਚ ਹੀ ਸੰਭਵ ਹੋ ਸਕੀ ਸੀ। ਯਾਦ ਰਹੇ ਕਿ ਸੰਸਕ੍ਰਿਤ-ਪਿਛੋਕੜ ਵਾਲ਼ੀ ਸ਼ ਧੁਨੀ ਫ਼ਾਰਸੀ ਲਿਪੀ ਵਿੱਚ ਵੀ ਇੱਕ ਅਹਿਮ ਧੁਨੀ ਹੈ। ਕੁਝ ਲੋਕ ਇਸ ਸਮੇਂ ਇਹਨਾਂ ਧੁਨੀਆਂ ਦੀ ਮਹੱਤਤਾ ਨੂੰ ਨਜ਼ਰ-ਅੰਦਾਜ਼ ਕਰਦਿਆਂ ਹੋਇਆਂ ਸ਼ ਧੁਨੀ ਨੂੰ ਛੱਡ ਕੇ ਬਾਕੀ ਸਾਰੀਆਂ ਧੁਨੀਆਂ ਤੋਂ ਛੁਟਕਾਰਾ ਪ੍ਰਾਪਤ ਕਰਨ ਦੀ ਵਕਾਲਤ ਕਰ ਰਹੇ ਹਨ। ਮੇਰੀ ਨਿੱਜੀ ਰਾਏ ਹੈ ਕਿ ਇਹਨਾਂ ਧੁਨੀਆਂ ਬਾਰੇ ਕੋਈ ਗੱਲ ਕਰਨ ਤੋਂ ਪਹਿਲਾਂ ਸਾਨੂੰ ਇਹਨਾਂ ਦੇ ਇਤਿਹਾਸ ਅਤੇ ਵਰਤੋਂ ਦੇ ਮਹੱਤਵ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਹੈ।
ਪੈਰ-ਬਿੰਦੀ ਵਾਲ਼ੇ ਅੱਖਰਾਂ ਦਾ ਪਿਛੋਕੜ:
         ਅਰਬੀ/ਫ਼ਾਰਸੀ ਭਾਸ਼ਾਵਾਂ ਦੀਆਂ ਸ਼ ਖ਼ ਗ਼ ਜ਼ ਫ਼  ਧੁਨੀਆਂ ਨਾਲ਼ ਸੰਬੰਧਿਤ ਸ਼ਬਦਾਂ ਦਾ ਉਚਾਰਨ ਪਿਛਲੇ ਲਗ-ਪਗ ਇੱਕ ਹਜ਼ਾਰ ਸਾਲਾਂ (ਮੁਗ਼ਲਾਂ ਦੀ ਭਾਰਤ ਵਿੱਚ ਆਮਦ ਦੇ ਸਮੇਂ) ਤੋਂ ਅਜਿਹੇ ਸ਼ਬਦਾਂ ਦੇ ਮੂਲ ਰੂਪ ਅਨੁਸਾਰ ਹੀ ਹੁੰਦਾ ਆਇਆ ਹੈ। ਬੀਤੇ ਸਮਿਆਂ ਵਿੱਚ ਇਹਨਾਂ ਧੁਨੀਆਂ ਨੂੰ ਲਿਖਤੀ ਰੂਪ ਦੇਣ ਲਈ ਸਾਡੇ ਕੋਲ਼ ਆਪਣੀਆਂ ਦੇਸੀ ਭਾਸ਼ਾਵਾਂ ਵਿੱਚ ਢੁਕਵੇਂ ਅੱਖਰ ਮੌਜੂਦ ਨਹੀਂ ਸਨ ਜਿਸ ਕਾਰਨ ਇਹਨਾਂ ਭਾਸ਼ਾਵਾਂ ਵਿੱਚ ਅਜਿਹੇ ਸ਼ਬਦਾਂ ਨੂੰ ਪੈਰ-ਬਿੰਦੀ ਵਾਲ਼ੇ ਅੱਖਰਾਂ ਤੋਂ ਬਿਨਾਂ ਹੀ ਲਿਖਿਆ ਜਾਂਦਾ ਸੀ। ਇਸ ਪ੍ਰਕਾਰ ਪੁਰਾਤਨ ਸਮਿਆਂ ਵਿੱਚ ਤਾਂ ਇਹਨਾਂ ਧੁਨੀਆਂ ਨੂੰ ਇਹਨਾਂ ਦੇ ਉਚਾਰਨ ਅਨੁਸਾਰ ਨਾ ਲਿਖ ਸਕਣਾ ਸਾਡੀ ਮਜਬੂਰੀ ਸੀ ਪਰ ਹੁਣ ਤਾਂ ਇਹ ਅੱਖਰ ਵੀ ਪਿਛਲੇ ਲਗ-ਪਗ ਦੋ ਸੌ ਸਾਲਾਂ ਤੋਂ (ਅੰਗਰੇਜ਼ ਪਾਦਰੀਆਂ ਦੇ ਜਤਨਾਂ ਸਦਕਾ) ਸਾਡੇ ਕੋਲ਼ ਬਾਕਾਇਦਾ ਉਪਲਬਧ ਹਨ ਅਤੇ ਲੋਕ ਉਦੋਂ ਤੋਂ ਹੀ ਇਹਨਾਂ ਦੀ ਵਰਤੋਂ ਵੀ ਕਰ ਰਹੇ ਹਨ, ਫਿਰ ਬੇਹੀ ਕੜ੍ਹੀ ਵਿੱਚ ਉਬਾਲ਼ ਕਿਉਂ?
      ਅੰਗਰੇਜ਼ੀ ਰਾਜ ਸਮੇਂ ਲਗ-ਪਗ ਇੱਕ ਸੌ ਸਾਲਾਂ ਤੱਕ ਪੰਜਾਬ ਵਿੱਚ ਸਿੱਖਿਆ ਦਾ ਮਾਧਿਅਮ ਉਰਦੂ ਭਾਸ਼ਾ ਰਹੀ ਹੈ ਜੋਕਿ ਫ਼ਾਰਸੀ ਲਿਪੀ ਵਿੱਚ ਲਿਖੀ ਜਾਂਦੀ ਸੀ/ਹੈ। ਜ਼ਾਹਰ ਹੈ ਕਿ ਇਹਨਾਂ ਇੱਕ ਸੌ ਸਾਲਾਂ ਦੌਰਾਨ ਉਰਦੂ ਪੜ੍ਹੇ ਲੋਕ ਉਰਦੂ ਭਾਸ਼ਾ ਵਿੱਚ ਸ਼ਾਮਲ ਅਰਬੀ/ਫ਼ਾਰਸੀ ਦੇ ਅਜਿਹੇ ਸ਼ਬਦਾਂ ਤੋਂ ਭਲੀ-ਭਾਂਤ ਵਾਕਫ਼ ਹੋਣਗੇ ਅਤੇ ਉਹਨਾਂ ਦਾ ਉਚਾਰਨ ਵੀ ਉਵੇਂ ਹੀ ਕਰਦੇ ਹੋਣਗੇ, ਜਿਵੇਂ ਉਰਦੂ ਵਿੱਚ ਕਰਦੇ ਸਨ। ਇਸ ਸਮੇਂ ਦੌਰਾਨ ਤਾਂ ਅੰਗਰੇਜ਼ ਪਾਦਰੀਆਂ ਨੇ ਇਸ ਸਮੱਸਿਆ ਦਾ ਹੱਲ ਵੀ ਲੱਭ ਲਿਆ ਸੀ। ਇਹੋ ਕਾਰਨ ਹੈ ਕਿ ਉਸ ਸਮੇਂ ਦੇ ਪੰਜਾਬੀ ਲੇਖਕਾਂ ਨੇ ਕੇਵਲ ਲ਼ ਧੁਨੀ ਨੂੰ ਛੱਡ ਕੇ ਬਾਕੀ ਦੀਆਂ ਪੰਜ ਧੁਨੀਆਂ ਦੀ ਵਰਤੋਂ ਕਰਨੀ ਵੀ ਸ਼ੁਰੂ ਕਰ ਦਿੱਤੀ ਸੀ। ਭਾਈ ਕਾਨ੍ਹ ਸਿੰਘ ਨਾਭਾ ਦਾ “ਮਹਾਨ ਕੋਸ਼” ਜੋਕਿ ੧੯੩੦ ਈ: ਦੇ ਲਗ-ਪਗ ਛਪਿਆ ਸੀ, ਇਸ ਦੀ ਇੱਕ ਜਿਊਂਦੀ-ਜਾਗਦੀ ਮਿਸਾਲ ਹੈ।
        ਦੇਸ ਅਜ਼ਾਦ ਹੋਣ ਉਪਰੰਤ ਪਿਛਲੇ ਕਰੀਬ ਪੰਝੱਤਰ ਸਾਲਾਂ ਤੋਂ ਤਾਂ ਵਿਦਵਾਨਾਂ ਦੁਆਰਾ ਇਹਨਾਂ ਧੁਨੀਆਂ ਨੂੰ ਬਾਕਾਇਦਾ ਤੌਰ ‘ਤੇ ਗੁਰਮੁਖੀ ਲਿਪੀ ਵਿੱਚ ਸ਼ਾਮਲ ਵੀ ਕੀਤਾ ਹੋਇਆ ਹੈ। ਇਸ ਲਈ ਸਮੇਂ ਨੂੰ ਪੁੱਠਾ ਗੇੜਾ ਨਹੀਂ ਦਿੱਤਾ ਜਾ ਸਕਦਾ। ਕੀ ਅਜਿਹਾ ਕਰ ਕੇ ਹੁਣ ਇਹ ਲੋਕ ਮੱਧ-ਯੁੱਗ ਵਿੱਚ ਵਾਪਸ ਜਾਣਾ ਚਾਹੁੰਦੇ ਹਨ? ਪੈਰ ਬਿੰਦੀਆਂ ਵਾਲ਼ੇ ਇਹਨਾਂ ਅੱਖਰਾਂ ਦੀ ਵਰਤੋਂ ਨਾਲ਼ ਵੱਖ-ਵੱਖ ਸ਼ਬਦਾਂ ਦੇ ਅਰਥਾਂ ਵਿੱਚ ਸਪਸ਼ਟਤਾ ਵੀ ਆਉਂਦੀ ਹੈ ਅਤੇ ਅਜਿਹੇ ਸ਼ਬਦਾਂ ਦਾ ਉਹਨਾਂ ਦੇ ਮੂਲ ਰੂਪ ਅਨੁਸਾਰ ਅਸੀਂ ਸਹੀ ਉਚਾਰਨ ਵੀ ਕਰ ਸਕਦੇ ਹਾਂ। ਜਿਨ੍ਹਾਂ ਨੂੰ ਕੋਈ ਸਮੱਸਆ ਪੇਸ਼ ਆਉਂਦੀ ਹੈ, ਉਹ ਆਪਣੇ ਢੰਗ ਅਨੁਸਾਰ ਲਿਖ ਸਕਦੇ ਹਨ ਜਾਂ ਬੋਲ ਸਕਦੇ ਹਨ, ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਹੈ?  ਪਰ ਜਿਹੜੇ ਲੋਕ ਅਜਿਹੇ ਸ਼ਬਦਾਂ ਨੂੰ ਸਹੀ ਢੰਗ ਨਾਲ਼ ਲਿਖਣਾ ਅਤੇ ਬੋਲਣਾ ਸਿੱਖਣਾ ਚਾਹੁੰਦੇ ਹਨ, ਉਹਨਾਂ ਦੇ ਰਾਹ ਵਿੱਚ ਰੁਕਾਵਟ ਬਣਨ ਦਾ ਕਿਸੇ ਨੂੰ ਵੀ ਕੋਈ ਅਧਿਕਾਰ ਨਹੀਂ ਹੈ। ਅਜਿਹੇ ਗ਼ਲਤ ਰੁਝਾਨ ਨਾਲ਼ ਅਸੀਂ ਨਵੀਂਆਂ ਪੀੜ੍ਹੀਆਂ ਨੂੰ ਇਹਨਾਂ ਧੁਨੀਆਂ ਤੋਂ ਪੂਰੀ ਤਰ੍ਹਾਂ ਨਾਲ਼ ਵਾਂਝਿਆਂ ਅਤੇ ਗੁਮਰਾਹ ਕਰ ਰਹੇ ਹੋਵਾਂਗੇ। ਕੀ ਅਜਿਹੀ ਸੋਚ ਦੇ ਮੁਦਈ ਲੋਕ ਨਵੀਂਆਂ ਪੀੜ੍ਹੀਆਂ ਨੂੰ ਏਨੀਆਂ ਹੀ ਨਾਲਾਇਕ ਸਮਝਦੇ ਹਨ ਕਿ ਉਹ ਇਹਨਾਂ ਚਾਰ ਧੁਨੀਆਂ ਨੂੰ ਵੀ ਸਿੱਖਣ ਦੇ ਕਾਬਲ ਨਹੀਂ ਹਨ? ਜੇ ਅਸੀਂ ਉਹਨਾਂ ਨੂੰ ਵਿਰਸੇ ਵਿੱਚ ਦੇਣ ਲਈ ਕੁਝ ਛੱਡਾਂਗੇ ਹੀ ਨਹੀਂ ਤਾਂ ਉਹ ਸਾਡੇ ਕੋਲ਼ੋਂ ਗ੍ਰਹਿਣ ਵੀ ਕੀ ਕਰਨਗੇ? ਅਜਿਹੇ ਲੋਕਾਂ ਨੇ ਰਲ਼-ਮਿਲ਼ ਕੇ ਪਹਿਲਾਂ ਹੀ ਮੋਬਾਈਲ ਫ਼ੋਨਾਂ ਦੇ ਕੀਅ-ਬੋਰਡਾਂ ਵਿੱਚੋਂ ਗੁਰਮੁਖੀ ਲਿਪੀ ਦੇ ਦੋ ਅੱਖਰਾਂ: ਙ ਅਤੇ ਞ ਨੂੰ ਲਗ-ਪਗ ਬਾਹਰ ਕਢਵਾ ਹੈ ਦਿੱਤਾ ਹੋਇਆ ਹੈ।
ਗ਼ਜ਼ਲ ਅਤੇ ਜ਼ਫ਼ਰਨਾਮਾ:
        ਇਹਨਾਂ ਧੁਨੀਆਂ ਤੋਂ ਬਿਨਾਂ ਕੀ ਅਸੀਂ “ਗ਼ਜ਼ਲ” ਅਤੇ “ਜ਼ਫ਼ਰਨਾਮਾ” ਆਦਿ ਸ਼ਬਦਾਂ ਨੂੰ ਸਹੀ ਢੰਗ ਨਾਲ਼, ਇਹਨਾਂ ਦੀ ਮੂਲ ਭਾਸ਼ਾ ਅਨੁਸਾਰ ਲਿਖ ਜਾਂ ਬੋਲ ਸਕਦੇ ਹਾਂ? ਗੁਰੂ ਸਾਹਿਬਾਨ ਅਤੇ ਮੁਗ਼ਲ -ਕਾਲ ਦੌਰਾਨ ਪੈਦਾ ਹੋਏ ਹੋਰ ਲੋਕ ਵੀ ਤਾਂ ਅਰਬੀ/ਫ਼ਾਰਸੀ ਭਾਸ਼ਾਵਾਂ ਦੇ ਸ਼ਬਦਾਂ ਦਾ ਉਚਾਰਨ ਪੈਰ-ਬਿੰਦੀਆਂ ਵਾਲ਼ੀਆਂ ਧੁਨੀਆਂ ਨਾਲ਼ ਹੀ ਕਰਦੇ ਰਹੇ ਹੋਣਗੇ ਕਿਉਂਕਿ ਇਹ ਸਾਰੀਆਂ ਧੁਨੀਆਂ ਫ਼ਾਰਸੀ ਲਿਪੀ ਵਿੱਚ ਤਾਂ ਸਦੀਆਂ ਪਹਿਲਾਂ ਤੋਂ ਹੀ ਮੌਜੂਦ ਸਨ/ਹਨ ਅਤੇ ਫ਼ਾਰਸੀ ਭਾਸ਼ਾ ਸੈਂਕੜੇ ਸਾਲਾਂ ਤੱਕ ਮੁਗ਼ਲ ਰਾਜ ਦੀ ਸਰਕਾਰੀ ਭਾਸ਼ਾ ਰਹੀ ਹੈ।
ਖ਼ ਗ਼ ਜ਼ ਫ਼ ਧੁਨੀਆਂ ਦੀ ਵਰਤੋਂ ਕਦੋਂ ਅਤੇ ਕਿਵੇਂ ਸ਼ੁਰੂ ਹੋਈ?
        ਪੰਜਾਬ ਉੱਤੇ ਕਬਜ਼ਾ ਕਰਨ ਉਪਰੰਤ ੧੮੫੦ ਈ: ਤੋਂ ਬਾਅਦ ਅੰਗਰੇਜ਼ ਪਾਦਰੀਆਂ ਨੂੰ ਇਹਨਾਂ ਧੁਨੀਆਂ ਦੀ ਲੋੜ ਆਪਣੇ ਧਾਰਮਿਕ ਗ੍ਰੰਥ ‘ਬਾਈਬਲ’ ਦਾ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਕਰਨ ਸਮੇਂ ਅਰਬੀ/ਫ਼ਾਰਸੀ ਭਾਸ਼ਾਵਾਂ ਦੇ ਸ਼ਬਦਾਂ ਨੂੰ ਇੰਨ-ਬਿੰਨ ਲਿਖਣ ਲਈ ਪਈ ਸੀ। ਉਸ ਉਪਰੰਤ ਇਹਨਾਂ ਦਾ ਪ੍ਰਚਲਨ ਵੀ ਆਮ ਹੋ ਗਿਆ ਸੀ ਅਤੇ ਉਸ ਸਮੇਂ ਦੇ ਪੰਜਾਬੀ ਲੇਖਕਾਂ ਨੇ ਵੀ ਆਮ ਤੌਰ ‘ਤੇ ਇਹਨਾਂ ਧੁਨੀਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ।
ਅਜ਼ਾਦੀ ਉਪਰੰਤ ਪੈਰ-ਬਿੰਦੀਆਂ ਵਾਲ਼ੇ ਸ਼ਬਦਾਂ ਦੀ ਸਥਿਤੀ:
        ਅਜ਼ਾਦੀ ਉਪਰੰਤ ਪੰਜਾਬ ਵਿੱਚ ਸਿੱਖਿਆ ਦਾ ਮਾਧਿਅਮ ਉਰਦੂ ਦੀ ਥਾਂ ਪੰਜਾਬੀ ਭਾਸ਼ਾ ਬਣਾ ਦਿੱਤੀ ਗਈ ਸੀ। ੧੯੫੦ ਈ: ਵਿੱਚ ਇਹਨਾਂ ਧੁਨੀਆਂ ਨੂੰ ਗੁਰਮੁਖੀ ਲਿਪੀ ਵਿੱਚ ਬਾਕਾਇਦਾ ਤੌਰ ‘ਤੇ ਸ਼ਾਮਲ ਕਰ ਲਿਆ ਗਿਆ ਸੀ। ਬਾਅਦ ਵਿੱਚ ਲ਼ (ਲ਼ ਪੈਰ ਬਿੰਦੀ) ਧੁਨੀ ਨੂੰ ਵੀ “ਪੰਜਾਬੀ ਸ਼ਬਦ-ਰੂਪ ਤੇ ਸ਼ਬਦ-ਜੋੜ ਕੋਸ਼” ਲਿਖੇ ਜਾਣ ਸਮੇਂ ਅਪਣਾ ਲਿਆ ਗਿਆ ਸੀ। ਇਸ ਪ੍ਰਕਾਰ ਪੈਰ-ਬਿੰਦੀ ਵਾਲ਼ੇ ਅੱਖਰਾਂ ਦੀ ਗਿਣਤੀ ਪੰਜ ਤੋਂ ਵਧ ਕੇ ਛੇ ਹੋ ਗਈ ਸੀ ਅਤੇ ਕੁੱਲ ਅੱਖਰਾਂ ਦੀ ਗਿਣਤੀ ਇਕਤਾਲ਼ੀ। ਇਸ ਕਾਰਨ ਅਜੋਕੀ ਗੁਰਮੁਖੀ ਲਿਪੀ ਨੂੰ ਹੁਣ ਇੱਕ ਮੁਕੰਮਲ ਲਿਪੀ ਆਖਿਆ ਜਾ ਸਕਦਾ ਹੈ ਕਿਉਂਕਿ ਮੰਨਿਆ ਜਾਂਦਾ ਹੈ ਕਿ ਇਸ ਲਿਪੀ ਨਾਲ਼ ਇਸ ਸਮੇਂ ਅਸੀਂ ਦੁਨੀਆ ਦੀ ਲਗ-ਪਗ ਹਰ ਭਾਸ਼ਾ ਦੇ ਹਰ ਸ਼ਬਦ ਨੂੰ ਲਿਖ ਸਕਦੇ ਹਾਂ ਅਤੇ ਸਹੀ ਢੰਗ ਨਾਲ਼ ਉਸ ਦਾ ਉਚਾਰਨ ਵੀ ਕਰ ਸਕਦੇ ਹਾਂ।
ਪੰਜਾਬੀ ਵਿੱਚ ਲ਼ ਧੁਨੀ ਦੀ ਵਰਤੋਂ ਅਤੇ ਇਸ ਦਾ ਪਿਛੋਕੜ:
          ਜੇਕਰ ਇਕੱਲੀ ਲ਼ ਧੁਨੀ ਵੱਲ ਹੀ ਨਜ਼ਰ ਮਾਰੀਏ ਤਾਂ ਸੰਸਕ੍ਰਿਤ-ਵਿਦਵਾਨਾਂ ਅਨੁਸਾਰ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਬੋਲ-ਚਾਲ ਦੇ ਰੂਪ ਵਿੱਚ ਇਸ ਧੁਨੀ ਦੀ ਵਰਤੋਂ ਪੁਰਾਤਨ ਸਮੇਂ ਦੇ ਪੰਜਾਬ ਵਿੱਚ ਵੇਦਾਂ ਦੇ ਸਮਿਆਂ (ਵੈਦਿਕ ਕਾਲ) ਤੋਂ ਹੀ ਹੁੰਦੀ ਆ ਰਹੀ ਹੈ ਜੋਕਿ ਬੋਲ-ਚਾਲ ਦੇ ਰੂਪ ਵਿੱਚ ਅਗਲੀਆਂ ਤੋਂ ਅਗਲੇਰੀਆਂ ਪੀੜ੍ਹੀਆਂ ਰਾਹੀਂ ਸਫ਼ਰ ਤੈ ਕਰਦੀ ਹੋਈ ਸਾਡੇ ਤੱਕ ਪਹੁੰਚੀ ਹੈ। ਇਸ ਪ੍ਰਕਾਰ ਇਹ ਧੁਨੀ ਪੰਜਾਬੀ ਦੀ ਇੱਕ ਬਹੁਤ ਹੀ ਪੁਰਾਤਨ ਧੁਨੀ ਹੋ ਨਿੱਬੜੀ ਹੈ। ਇਸ ਬਾਰੇ ਇੱਕ ਹੋਰ ਦਿਲਚਸਪ ਗੱਲ ਇਹ ਹੈ ਕਿ ਸੰਸਕ੍ਰਿਤ ਭਾਸ਼ਾ ਵਿੱਚ ਲ਼ ਧੁਨੀ ਦੇ ਨਾਲ਼-ਨਾਲ਼ ੜ ਧੁਨੀ ਵੀ ਨਦਾਰਦ ਹੈ। ਇਸ ਲਈ ਇਹ ਵੀ ਸੰਭਵ ਹੈ ਕਿ ਪੰਜਾਬੀ ਵਿੱਚ ਇਹ ਦੋਵੇਂ ਧੁਨੀਆਂ ਪੰਜਾਬੀਆਂ ਨੂੰ ਆਪਣੇ ਵਿਰਸੇ ਵਿੱਚੋਂ ਪੰਜਾਬ ਦੀ ਮੁੱਢ-ਕਦੀਮੀ ਬੋਲੀ ਸਿੰਧ ਘਾਟੀ ਦੀ ਸੱਭਿਅਤਾ ਦੀ ਬੋਲੀ ਤੋਂ ਹੀ ਪ੍ਰਾਪਤ ਹੋਈਆਂ ਹੋਣ। ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਲ ਪੈਰ ਬਿੰਦੀ ਦਾ ਇਤਿਹਾਸ ਤਾਂ ਦੂਜੀਆਂ (ਖ਼ ਗ਼ ਜ਼ ਫ਼) ਧੁਨੀਆਂ ਨਾਲ਼ੋਂ ਵੀ ਕਿਤੇ ਪੁਰਾਣਾ ਹੈ।
ਪੈਰ-ਬਿੰਦੀ ਵਾਲ਼ੇ ਅੱਖਰਾਂ ਬਾਰੇ ਵਿਰੋਧੀਆਂ ਦਾ ਕੱਚ-ਸੱਚ:
       ਪੈਰ-ਬਿੰਦੀ ਵਾਲ਼ੀਆਂ ਧੁਨੀਆਂ ਦਾ ਵਿਰੋਧ ਕਰਨ ਵਾਲ਼ੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਖ਼ ਗ਼ ਜ਼ ਫ਼ ਧੁਨੀਆਂ ਦੇ ਨਾਲ਼-ਨਾਲ਼ ਸਾਡੀ ਪੁਰਾਤਨ ਧੁਨੀ ਲ਼ ਨੂੰ ਵੀ ਅੰਤਿਮ ਵਿਦਾਇਗੀ ਦੇ ਦਿੱਤੀ ਜਾਵੇ ਜਦਕਿ ਇਸ ਦੇ ਪਾਉਣ ਜਾਂ ਨਾ ਪਾਉਣ ਨਾਲ਼ ਵੀ ਬਹੁਤ ਸਾਰੇ ਸ਼ਬਦਾਂ ਦੇ ਅਰਥ ਬਦਲ ਜਾਂਦੇ ਹਨ, ਜਿਵੇਂ: ਜਲ/ਜਲ, ਬਲ/ਬਲ਼, ਹਾਲੋਂ/ਹਾਲ਼ੋਂ, ਦਲ/ਦਲ਼, ਢਾਲ/ਢਾਲ਼ ਆਦਿ।
ਖ਼ ਗ਼ ਜ਼ ਫ਼ ਧੁਨੀਆਂ ਨਾਲ਼ ਸ਼ਬਦਾਂ ਦੇ ਅਰਥਾਂ ਵਿੱਚ ਪੈਂਦਾ ਅੰਤਰ:
          ਖ਼ ਗ਼ ਜ਼ ਫ਼ ਪੈਰ-ਬਿੰਦੀ ਵਾਲ਼ੇ ਅੱਖਰਾਂ ਦੇ ਪੈਰ-ਬਿੰਦੀ ਪਾਉਣ ਜਾਂ ਨਾ ਪਾਉਣ ਨਾਲ਼ ਵੀ ਕੁਝ ਸ਼ਬਦਾਂ ਦੇ ਅਰਥਾਂ ਵਿੱਚ ਅੰਤਰ ਆ ਜਾਂਦਾ ਹੈ, ਜਿਵੇਂ: ਸਖੀ (ਸਹੇਲੀ)/ਸਖ਼ੀ (ਦਾਨੀ), ਜਦ/ਜ਼ਦ, ਖੁਦਾਈ/ਖ਼ੁਦਾਈ, ਜੰਗ/ਜ਼ੰਗ, ਤੇਜ/ਤੇਜ਼, ਦਰਜ/ਦਰਜ਼, ਬਾਜ/ਬਾਜ਼, ਜਾਇਆ/ਜ਼ਾਇਆ, ਜਾਤੀ/ਜ਼ਾਤੀ, ਗਰਜ/ਗ਼ਰਜ਼, ਗਾਰ (ਗਾਦ)/ਗ਼ਾਰ (ਗੁਫਾ), ਸਜਾ/ਸਜ਼ਾ, ਬਾਜੀ/ਬਾਜ਼ੀ, ਫ਼ਰਕ/ਫ਼ਰਕ, ਖਾਰ/ਖ਼ਾਰ (ਕੰਡਾ/ਈਰਖਾ), ਰਾਜ (ਹਕੂਮਤ)/ਰਾਜ਼ (ਭੇਤ) ਆਦਿ।
           ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਪੈਰ-ਬਿੰਦੀ ਵਾਲ਼ੇ ਇਹ ਅੱਖਰ ਬੋਲ-ਚਾਲ ਵਿੱਚ ਸਪਸ਼ਟਤਾ ਲਿਆਉਣ ਦੇ ਨਾਲ਼-ਨਾਲ਼ ਵੱਖ-ਵੱਖ ਸ਼ਬਦਾਂ ਤੇ ਉਹਨਾਂ ਦੇ ਅਰਥਾਂ ਨੂੰ ਵਖਰਿਆਉਣ ਦੀ ਸਮਰੱਥਾ ਵੀ ਰੱਖਦੇ ਹਨ। ਇਹ ਧੁਨੀਆਂ ਸਾਡੇ ਲਈ ਕੋਈ ਨਵੀਂਆਂ ਨਹੀਂ ਹਨ ਸਗੋਂ ਇਹਨਾਂ ਦੇ ਬੋਲ-ਚਾਲ ਦੇ ਰੂਪ ਤੋਂ ਅਸੀਂ ਪਿਛਲੇ ਸੈਂਕੜੇ ਸਾਲਾਂ ਤੋਂ ਵਾਕਫ਼ ਹਾਂ। ਅਸਲੀਅਤ ਇਹ ਹੈ ਕਿ ਇਹਨਾਂ ਧੁਨੀਆਂ ਦੇ ਗੁਰਮੁਖੀ ਲਿਪੀ ਵਿੱਚ ਸ਼ਾਮਲ ਹੋਣ ਨਾਲ਼ ਹੀ ਸਾਡੀ ਮੌਜੂਦਾ ਲਿਪੀ ਸੰਪੂਰਨਤਾ ਦਾ ਰੂਪ ਧਾਰ ਸਕੀ ਹੈ। ਇਹਨਾਂ ਧੁਨੀਆਂ ਤੋਂ ਬਿਨਾਂ ਇਹ ਅਧੂਰੀ ਹੀ ਸੀ। ਜ਼ਰਾ ਸੋਚ ਕੇ ਦੇਖੋ ਕਿ ਸ਼ ਧੁਨੀ ਤੋਂ ਬਿਨਾਂ ਅਸੀਂ ਅਰਬੀ/ਫ਼ਾਰਸੀ ਭਾਸ਼ਾਵਾਂ ਦੇ ਸ਼ਬਦ ਤਾਂ ਇੱਕ ਪਾਸੇ ਸਗੋਂ ਆਪਣੀ ਸੰਸਕ੍ਰਿਤ ਭਾਸ਼ਾ ਦੇ ਪਿਛੋਕੜ ਵਾਲ਼ੇ ਪੰਜਾਬੀ ਸ਼ਬਦਾਂ (ਦਰਸ਼ਨ, ਸ਼ਸਤਰ, ਸ਼ਾਸਤਰ, ਸ਼ਬਦ ਆਦਿ) ਨੂੰ ਵੀ ਸਹੀ ਢੰਗ ਨਾਲ਼ ਲਿਖਣ ਲਈ ਸਦੀਆਂ ਤੱਕ ਕਿਵੇਂ ਤਰਸਦੇ ਰਹੇ ਹੋਵਾਂਗੇ?
             ਪੰਜਾਬੀ ਭਾਸ਼ਾ ਦੀ ਗੁਰਮੁਖੀ ਲਿਪੀ ਬਾਰੇ ਜਿਵੇਂਕਿ ਉੱਪਰ ਲਿਖਿਆ ਗਿਆ ਹੈ, ਅਕਸਰ ਇਹ ਗੱਲ ਪ੍ਰਚਲਿਤ ਹੈ ਕਿ ਇਸ ਵਿੱਚ ਦੁਨੀਆਭਰ ਦੀਆਂ ਭਾਸ਼ਾਵਾਂ ਦੇ ਸਾਰੇ ਸ਼ਬਦਾਂ ਨੂੰ ਹੀ ਲਿਖਿਆ ਅਤੇ ਬੋਲਿਆ ਜਾ ਸਕਦਾ ਹੈ ਪਰ ਜੇਕਰ ਉਪਰੋਕਤ ਕਿਸਮ ਦੇ ਲੋਕਾਂ ਮਗਰ ਲੱਗ ਕੇ ਅਸੀਂ ਇਹਨਾਂ ਧੁਨੀਆਂ ਤੋ ਹੱਥ ਧੋ ਬੈਠੇ ਤਾਂ ਬਾਕੀ ਬੋਲੀਆਂ ਤਾਂ ਦੂਰ, ਅਸੀਂ ਆਪਣੀ ਹੀ ਬੋਲੀ ਦੇ ਅਨੇਕਾਂ ਸ਼ਬਦਾਂ ਨੂੰ ਵੀ ਸਹੀ ਢੰਗ ਨਾਲ਼ ਲਿਖਣ ਅਤੇ ਉਚਾਰਨ ਤੋਂ ਵੀ ਵਾਂਝੇ ਹੋ ਜਾਵਾਂਗੇ।
ਅੰਗਰੇਜ਼ੀ ਭਾਸ਼ਾ ਦੇ ਸ਼ਬਦਾਂ ਨੂੰ ਪੰਜਾਬੀ ਵਿੱਚ ਹੂ-ਬਹੂ ਵਿੱਚ ਲਿਖਣ ਲਈ ਵੀ ਪੈਰ-ਬਿੰਦੀ ਵਾਲ਼ੇ ਅੱਖਰ ਦਰਕਾਰ ਹਨ:
          ਅਰਬੀ/ਫ਼ਾਰਸੀ ਭਾਸ਼ਾਵਾਂ ਦੇ ਸ਼ਬਦਾਂ ਤੋਂ ਬਿਨਾਂ ਬਹੁਤ ਸਾਰੇ ਅੰਗਰੇਜ਼ੀ ਭਾਸ਼ਾ ਦੇ ਸ਼ਬਦਾਂ ਨੂੰ ਹੂ-ਬਹੂ ਪੰਜਾਬੀ ਵਿੱਚ ਲਿਖਣ ਲਈ ਵੀ ਪੈਰ-ਬਿੰਦੀਆਂ ਵਾਲ਼ੇ ਸ਼ਬਦਾਂ ਦੀ ਲੋੜ ਪੈਂਦੀ ਹੈ, ਜਿਵੇਂ: s ਅੱਖਰ ਵਾਲ਼ੇ ਸ਼ਬਦਾਂ: please ਨੂੰ ਪਲੀਜ਼, phase ਨੂੰ ਫੇਜ਼ ਅਤੇ pose ਨੂੰ ਪੋਜ਼ ਆਦਿ ਅਤੇ z ਅੱਖਰ ਵਾਲ਼ੇ ਸ਼ਬਦਾਂ: zebra ਨੂੰ ਜ਼ੈਬਰਾ ਅਤੇ zero ਨੂੰ ਜ਼ੀਰੋ ਆਦਿ। ਕੀ ਅਜਿਹੇ ਅੱਖਰਾਂ ਵਾਲ਼ੇ ਸ਼ਬਦਾਂ ਨੂੰ ਫਿਰ ਅਸੀਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਵੀ ਜ ਅੱਖਰ ਨਾਲ਼ ਹੀ ਲਿਖਿਆ ਅਤੇ ਬੋਲਿਆ ਕਰਾਂਗੇ? ਇਸੇ ਤਰ੍ਹਾਂ f (ਐੱਫ਼) ਅੱਖਰ ਵਾਲ਼ੇ ਸ਼ਬਦ ਵੀ ਅਕਸਰ ਪੈਰ-ਬਿੰਦੀ ਨਾਲ਼ ਹੀ ਲਿਖੇ ਅਤੇ ਬੋਲੇ ਜਾਂਦੇ ਹਨ, ਜਿਵੇਂ: ਫ਼ਰਾਕ (frock), ਫ਼੍ਰੈਂਡ (friend), ਫ਼ਿਲਮ (film), ਫ਼ਲੈਟ (flat) ਆਦਿ ਜਦਕਿ ph (ਫ) ਅੱਖਰ ਵਾਲ਼ੇ ਸ਼ਬਦ ਆਮ ਤੌਰ ‘ਤੇ ਫ ਮੁਕਤਾ ਨਾਲ਼ ਹੀ ਲਿਖੇ ਜਾਂਦੇ ਹਨ, ਜਿਵੇਂ: ਫੋਟੋਗਰਾਫੀ (photography), ਫੇਜ਼ (phase), ਫਾਸਫੋਰਸ (phosphorus) ਆਦਿ।
        ਇਸ ਲਈ ਸਾਰੇ ਪੰਜਾਬੀ-ਪ੍ਰੇਮੀਆਂ ਨੂੰ ਇਸ ਸਮੇਂ ਇਕੱਠੇ ਹੋ ਕੇ ਅਜਿਹੇ ਲੋਕਾਂ ਦੇ ਮਨਸੂਬਿਆਂ ਨੂੰ ਸਮਝਣ ਅਤੇ ਅਜਿਹੇ ਲੋਕਾਂ ਦੀ ਸੋਚ ਤੋਂ ਖਹਿੜਾ ਛੁਡਾਉਣ ਦੀ ਸਖ਼ਤ ਲੋੜ ਹੈ।
ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰਬਰ: 98884-03052.

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਿਕਵਾ ਸ਼ਿਕਾਇਤ 
Next articleਬਾਲ ਕਹਾਣੀ : ਚੰਗਾ ਰੁੱਖ