ਜ਼ਿੰਦਗੀ ਦਾ ਸਲੀਕਾ

ਹਰਪ੍ਰੀਤ ਕੌਰ ਸੰਧੂ

(ਸਮਾਜ ਵੀਕਲੀ)

ਜ਼ਿੰਦਗੀ ਦਾ ਸਲੀਕਾ ਸਿੱਖਣਾ ਚਾਹੁੰਦੇ ਹੋ ਤਾਂ ਕੁਦਰਤ ਨੂੰ ਧਿਆਨ ਨਾਲ ਦੇਖੋ।  ਕੁਦਰਤ ਦੀ ਇਕਸੁਰਤਾ,ਲੈਅ ਬੱਧਤਾ ਕਮਾਲ ਦੀ ਹੈ।ਸੂਰਜ ਦੇ ਆਉਂਦਿਆਂ ਹੀ ਤਾਰੇ ਲੁਪਤ ਹੋ ਜਾਂਦੇ ਹਨ।ਬੇਸ਼ਕ ਸਾਰੀ ਰਾਤ ਚੰਨ ਤੇ ਤਾਰੇ ਚਮਕਦੇ ਹਨ।ਰਾਤਾਂ ਨੂੰ ਚਾਨਣੀ ਨਾਲ ਭਰਦੇ ਹਨ ਪਰ ਜਿਵੇਂ ਸੂਰਜ ਦੇ  ਆਉਣ ਦਾ ਵੇਲਾ ਹੁੰਦਾ ਹੈ,ਮੱਧਮ ਹੋ ਜਾਂਦੇ ਹਨ।ਦਿਨ ਭਰ ਸੂਰਜ ਚਮਕਦਾ ਹੈ।ਗਰਮੀ ਅਤੇ ਸੇਕ, ਸਭ ਦਿੰਦਾ ਹੈ ਜੋ ਲੋੜੀਂਦਾ ਹੈ ਕੁਦਰਤ ਲਈ,ਫ਼ਸਲਾਂ ਲਈ,ਵੇਲ ਬੂਟਿਆਂ ਲਈ।ਸਾਰੇ ਆਪਣਾ ਆਪਣਾ ਕੰਮ ਕਰਦੇ ਹਨ।ਕੋਈ ਹਉਮੈ ਨਹੀਂ,ਇੱਕ ਦੂਜੇ ਨੂੰ ਘੱਟ ਦੱਸਣ ਦੀ ਪ੍ਰਵਿਰਤੀ ਨਹੀਂ।ਮਨੁੱਖ ਅਤੇ ਬਨਸਪਤੀ ਨੂੰ  ਵਧਣ ਫੁੱਲਣ ਲਈ  ਸੇਕ ਅਤੇ ਠੰਢਕ  ਦੋਵੇਂ ਲੋੜੀਂਦੇ ਹਨ।ਸੂਰਜ ਤੇ ਚੰਨ  ਆਪਣਾ ਆਪਣਾ ਕੰਮ ਕਰਦੇ ਹਨ।ਦੋਹਾਂ ਦੀ ਆਪਣੀ ਆਪਣੀ ਅਹਿਮੀਅਤ ਹੈ।

ਦਰੱਖਤਾਂ ਨੂੰ ਦੇਖੋ।ਪੱਤੇ ਆਪਣਾ ਸਮਾਂ ਆਉਣ ਤੇ ਆਪ ਹੀ ਝੜ ਜਾਂਦੇ ਹਨ  ਅਤੇ ਨਵੇਂ ਪੱਤਿਆਂ ਲਈ ਥਾਂ ਬਣਾਉਂਦੇ ਹਨ।ਦਰੱਖਤਾਂ ਤੇ ਫੁੱਲ ਲਾਉਂਦੇ ਹਨ ਫੁੱਲਾਂ ਤੋਂ ਫਲ ਬਣਦੇ ਹਨ।ਸਾਰੇ ਫੁੱਲ ਮਨੁੱਖ ਤੇ ਪਸ਼ੂ ਪੰਛੀਆਂ ਦੇ ਦਿੰਦਾ ਹੈ।ਕਿਤੇ ਵੀ ਇੱਕ ਦੂਜੇ ਨੂੰ ਕੱਟਣ ਦੀ ਪ੍ਰਵਿਰਤੀ ਨਹੀਂ।ਹਰ ਕੋਈ ਅਨੁਸ਼ਾਸਨ ਵਿੱਚ ਰਹਿ ਕੇ ਆਪਣਾ ਕੰਮ ਕਰ ਰਿਹਾ ਹੈ।ਪੱਤੇ ਕਦੀ ਵੀ ਨਵੇਂ ਪੱਤਿਆਂ ਨੂੰ ਆਉਣ ਤੋਂ ਰੋਕਣ ਦੀ ਕੋਸ਼ਿਸ਼ ਨਹੀਂ ਕਰਦੇ ਸਗੋਂ ਖ਼ੁਸ਼ ਹੋ ਕੇ ਆਪ ਹੇਠਾਂ ਡਿੱਗ ਜਾਂਦੇ ਹਨ।

ਨਦੀਆਂ ਨੂੰ ਵੇਖੋ।ਪਹਾੜਾਂ ਚੋਂ ਨਿਕਲਦੀਆਂ ਹਨ ਪਾਣੀ ਲੈ ਕੇ ਸਮੁੰਦਰ ਵੱਲ ਵਧਦੀਆਂ ਹਨ।ਰਾਹ ਵਿੱਚ ਆਉਂਦੇ ਹਰ ਜੀਅ ਦੀ ਤੇਹ ਬੁਝਾਉਂਦੀਆਂ ਹਨ।ਖੇਤਾਂ ਨੂੰ ਪਾਣੀ ਦਿੰਦੀਆਂ ਹਨ ਤਾਂ ਜੋ ਫ਼ਸਲਾਂ ਵੱਧ ਫੁੱਲ ਸਕਣ।ਜਿੱਥੋਂ ਤੁਰਦੀਆਂ ਹਨ ਉਥੋਂ ਹੀ ਤਾਂਘ ਲੈਂਦੀਆਂ ਹਨ ਸਮੁੰਦਰ ਨੂੰ ਮਿਲਣ ਦੀ ਤੇ ਅਖੀਰ ਜਾਂ ਸਮੁੰਦਰ ਵਿੱਚ ਵਿਲੀਨ ਹੋ ਜਾਂਦੀਆਂ ਹਨ।ਜਦੋਂ ਕੁਦਰਤ ਨਾਲ ਕੋਈ ਛੇੜਛਾੜ ਕੀਤੀ ਜਾਂਦੀ ਹੈ  ਤਦ ਹੀ ਉਹ ਵਿਨਾਸ਼ਕਾਰੀ ਰੂਪ ਲੈਂਦੀ ਹੈ।ਜੇ ਮਨੁੱਖ ਕੁਦਰਤ ਨਾਲ ਛੇੜਛਾੜ ਨਾ ਕਰੇ  ਤਾਂ ਕੁਦਰਤ ਆਪਣੇ ਆਪ ਉਸ ਦੀ ਸਹਾਇਤਾ ਕਰਦੀ ਹੈ।ਨਦੀਆਂ ਦਾ ਨਿਰਮਲ ਜਲ ਸਾਨੂੰ ਜੀਵਨ ਦਾਨ ਦਿੰਦਾ ਹੈ।

ਸਮੇਂ ਦੇ ਅਨੁਸਾਰ  ਫ਼ਸਲਾਂ ਪੱਕਦੀਆਂ ਹਨ।ਫੁੱਲਾਂ ਤੋਂ ਫਲ ਬਣਦੇ ਹਨ।ਕੋਈ ਕਾਹਲੀ ਨਹੀਂ,ਕੋਈ ਬੇਚੈਨੀ ਨਹੀਂ,ਕੋਈ ਸ਼ਾਰਟ ਕੱਟ ਨਹੀਂ।ਸਮੇਂ ਦੀ ਪਾਬੰਦੀ ਨਾਲ ਚੱਲਣ ਵਾਲੀ ਕੁਦਰਤ ਨਿਯਮਾਂ ਵਿੱਚ ਬੱਝੀ ਹੋਈ ਹੈ।ਜਦੋਂ ਇਸ ਦੇ ਨੇਮਾਂ ਨਾਲ ਮਨੁੱਖ ਛੇੜ ਛਾੜ ਕਰਦਾ ਹੈ  ਉਦੋਂ ਹੀ ਇਹ ਵਿਨਾਸ਼ਕਾਰੀ ਹੁੰਦੀ ਹੈ।ਦਿਨ ਰਾਤ  ਆਪਣੇ ਸਮੇਂ ਨਾਲ ਚੱਲਦੇ ਹਨ।ਦਿਨ ਚ ਸਖ਼ਤ ਮਿਹਨਤ ਕਰਨ ਲਈ   ਬਣਿਆ ਹੈ ਤਾਂ ਰਾਤ ਆਰਾਮ ਕਰਨ ਲਈ।ਇਹ ਮਨੁੱਖੀ ਹੀ ਹੈ ਜੋ ਅੱਜਕੱਲ੍ਹ ਪੁੱਠਾ ਚੱਲ ਰਿਹਾ ਹੈ। ਦੇਰ ਰਾਤ ਤਕ ਜਾਗਦਾ ਹੈ ਅਤੇ ਸਵੇਰੇ ਦੇਰ ਨਾਲ ਉੱਠਦਾ ਹੈ।

ਕੁਦਰਤ ਦੇ ਨੇਮਾਂ ਤੇ ਕਿਵੇਂ ਚੱਲਦੀ ਹੈ ਇਹ ਅਸੀਂ ਇੱਥੋਂ ਹੀ ਦੇਖ ਸਕਦੇ ਹਾਂ  ਕਿ ਦਿਨ ਕਦੋਂ ਵੱਡਾ ਹੁੰਦਾ ਹੈ ਤੇ ਕਦੋਂ ਰਾਤ  ਵੱਡੀ ਹੁੰਦੀ ਹੈ ਇਹ ਨਿਯਤ ਹੈ।
ਬੀਜ ਤੋਂ  ਬੂਟੇ ਬਣਦੇ ਹਨ ਜੋ ਦਰੱਖਤ ਬਣ ਫੈਲਦੇ ਹਨ।ਇਨ੍ਹਾਂ ਦਰੱਖਤਾਂ ਤੇ ਫੁੱਲ ਲੱਗਦੇ ਹਨ  ਫੁੱਲਾਂ ਤੋਂ ਫਲ ਬਣਦੇ ਹਨ  ਅਤੇ ਫਲ ਸਾਨੂੰ ਬੀਜ ਦਿੰਦੇ ਹਨ।ਇਹ ਕੁਦਰਤ ਦਾ ਚੱਕਰ।ਕਿਤੇ ਕੋਈ ਅਨੁਸ਼ਾਸਨ ਭੰਗ ਨਹੀਂ ਹੁੰਦਾ।

ਇਸ ਬਾਰੇ ਗੱਲ ਕਰੀਏ ਤਾਂ  ਗ੍ਰੰਥ ਲਿਖੇ ਜਾ ਸਕਦੇ ਹਨ।ਮਨੁੱਖ ਨੂੰ ਲੋੜ ਹੈ ਕੁਦਰਤ ਤੋਂ  ਅਨੁਸ਼ਾਸਨ ਸਿੱਖਣ ਦੀ।ਜਿਵੇਂ ਕੁਦਰਤ ਚ ਹਰ ਸ਼ੈਅ ਆਪਣਾ ਕੰਮ ਕਰਦੀ ਹੈ  ਪਰ ਆਪਣੇ ਬਖਾਨ ਦੀ ਇੱਛਾ ਨਹੀਂ ਕਰਦੀ।ਠੀਕ ਇਸੇ ਤਰ੍ਹਾਂ ਮਨੁੱਖ ਨੂੰ ਵੀ ਹਉਮੈਂ ਦਾ ਤਿਆਗ ਕਰ ਆਪਣੇ ਕੰਮ ਵਿਚ ਲੱਗਣਾ ਚਾਹੀਦਾ ਹੈ।ਆਪ ਹੀ ਮੂਹਰੇ ਰਹਿਣ ਨਾਲੋਂ ਦੂਜਿਆਂ ਨੂੰ ਮੌਕਾ ਦੇਣਾ ਜ਼ਿਆਦਾ ਚੰਗਾ ਹੈ।ਪੱਤਿਆਂ ਤੋਂ ਸਿੱਖ ਲੈਣਾ ਚਾਹੀਦਾ ਹੈ ਕਿ ਕਿਵੇਂ ਦੂਜਿਆਂ ਲਈ ਰਾਹ ਪੱਧਰਾ ਕਰਨਾ ਹੈ।ਕਿਸੇ ਦੇ ਰਾਹ ਦੀ ਰੁਕਾਵਟ ਬਣਨ ਨਾਲੋਂ ਕਿਤੇ ਚੰਗਾ ਹੈ  ਉਸ ਦੇ ਰਾਹ ਦਾ ਮੀਲ ਪੱਥਰ ਬਣਨਾ।

ਆਓ ਕੁਦਰਤ ਦੀ ਲੈਅ ਬੱਧਤਾ ਅਤੇ ਨਿਯਮਾਂ ਤੋਂ  ਜੀਵਨ ਜੀਣ ਦਾ ਤਰੀਕਾ ਸਿੱਖੀਏ।

ਹਰਪ੍ਰੀਤ ਕੌਰ ਸੰਧੂ

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਉ ਜਾਣੀਏ ਲੰਮੇਰੀ ਉਮਰ ਦੇ ਰਾਜ
Next articleIndia has widespread tradition of ‘vaad vivaad’, ‘samvaad’: President