ਹੋਟਲ ਮਾਲਕਾਂ ਵੱਲੋਂ ਲ਼ਗਾਏ ਸਾਰੇ ਦੋਸ਼ ਝੁੂਠੇ ਤੇ ਬੇਬੁਨਿਆਦ -ਸੰਤ ਬਲਬੀਰ ਸਿੰਘ ਸੀਚੇਵਾਲ
ਸ਼ਿਕਾਇਤ ਦੀ ਪੜਤਾਲ ਕਰਨ ਉਪਰੰਤ ਦੋਸ਼ੀ ਖਿਲਾਫ਼ ਹੋਵੇਗੀ ਕਨੂੰਨੀ ਕਾਰਵਾਈ-ਡੀ ਐੱਸ ਪੀ ਬੱਲ
ਕਪੂਰਥਲਾ/ ਸੁਲਤਾਨਪੁਰ ਲੋਧੀ (ਕੌੜਾ) (ਸਮਾਜ ਵੀਕਲੀ)- ਹੋਟਲ ਗ੍ਰੈਂਡ ਕਿੰਗ ਤੇ ਦੁਆਬਾ ਸਵੀਟਸ ਦੇ ਮਾਲਕ ਸੁਖਦੇਵ ਸਿੰਘ ਨਾਨਕਪੁਰ ਤੇ ਸੁਖਵਿੰਦਰ ਸਿੰਘ ਨਾਨਕਪੁਰ ਨੇ ਸਾਂਝੇ ਤੌਰ ਤੇ ਸਮੂਹ ਪੱਤਰਕਾਰਾਂ ਨਾਲ ਪ੍ਰੈੱਸ ਕਾਨਫਰੰਸ ਦੌਰਾਨ ਰੂਬਰੂ ਹੁੰਦੇ ਹੋਏ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਸੇਵਾਦਾਰਾਂ ਤੇ ਸ਼ਰੇਆਮ ਗੁੰਡਾਗਰਦੀ ਤੇ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਏ। ਉਹਨਾਂ ਦੱਸਿਆ ਕਿ ਉਹ ਪਿਛਲੇ 4 ਸਾਲ ਤੋਂ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਬੇਰ ਸਾਹਿਬ ਰੋਡ ਤੇ ਹੋਟਲ ਗ੍ਰੈਂਡ ਕਿੰਗ ਤੇ ਦੁਆਬਾ ਸਵੀਟਸ ਚਲਾ ਰਹੇ ਹਾਂ ਜਿਸਦੇ ਪਿਛਲੇ ਪਾਸੇ ਪਵਿੱਤਰ ਵੇਈਂ ਲੰਘਦੀ ਹੈ ਤੇ ਪਵਿੱਤਰ ਵੇਈਂ ਦੇ ਨਾਲ ਅਤੇ ਦੁਆਬਾ ਸਵੀਟਸ ਦੇ ਪਿਛਲੇ ਪਾਸੇ ਸਰਕਾਰੀ ਰਸਤਾ ਚੱਲ ਰਿਹਾ ਹੈ। ਜਿਸਦੇ ਨਾਲ ਅਸੀਂ ਆਪਣੀ ਮਾਲਕੀ ਥਾਂ ਵਿੱਚੋਂ 6 ਫੁੱਟ ਜਗ੍ਹਾ ਨਾਲ ਖਾਲੀ ਛੱਡੀ ਹੋਈ ਹੈ ਅਤੇ ਦੁਆਬਾ ਸਵੀਟਸ ਦੀ ਦੁਕਾਨ ਅੰਦਰ ਦੁੱਧ ਤੇ ਹੋਰ ਰਾਸ਼ਨ ਲੈ ਕੇ ਜਾਣ ਲਈ ਛੋਟਾ ਰਸਤਾ ਛੱਡ ਕੇ ਸਿੰਗਲ ਪਲੇ ਵਾਲਾ ਗੇਟ ਲਗਾਇਆ ਹੋਇਆ ਹੈ ।
ਸੁਖਦੇਵ ਸਿੰਘ ਨਾਨਕਪੁਰ ਨੇ ਦੋਸ਼ ਲਾਇਆ ਕਿ ਸੰਤ ਸੀਚੇਵਾਲ ਦੀ ਸ਼ਹਿ ਤੇ ਉਨ੍ਹਾਂ ਦੇ ਸੇਵਾਦਾਰਾਂ ਵੱਲੋਂ ਡੇਢ ਮਹੀਨਾ ਪਹਿਲਾਂ ਸਾਡਾ ਪਿਛਲੇ ਪਾਸੇ ਲਗਾਇਆ ਗੇਟ ਬੰਦ ਕਰਨ ਦੀ ਧਮਕੀ ਦਿੱਤੀ ਗਈ ਤੇ ਗਾਲੀ ਗਲੋਚ ਕੀਤੀ ਗਈ, ਸਾਡੀ ਪਿਛਲੇ ਪਾਸੇ ਮਾਲਕੀ ਜਗ੍ਹਾ ਵਿੱਚ ਲਗਾਈ ਇੰਟਰਲਾਕ ਟਾਇਲ ਤੋੜ ਦਿੱਤੀ ਗਈ, ਸਾਡੇ ਗਰੈਂਡ ਹੋਟਲ ਦੇ ਪਿਛਲੇ ਪਾਸੇ ਲਗਾਇਆ ਕੈਮਰਾ ਵੀ ਤੋੜ ਕੇ ਨਾਲ ਲੈ ਗਏ ਅਤੇ ਕੂਲਰ ਵੀ ਤੋੜ ਦਿੱਤਾ।
ਉਨ੍ਹਾਂ ਹੋਰ ਦੋਸ਼ ਲਾਇਆ ਕਿ 10 ਦਿਨ ਬਾਅਦ ਫਿਰ ਆਏ ਤੇ ਸਾਡੇ ਹੋਟਲ ਦੇ ਪਿਛਲੇ ਪਾਸੇ ਲੋਹੇ ਦੀ ਗਰਿੱਲ ਲਗਾ ਕੇ ਸਰਕਾਰੀ ਰਸਤੇ ਵੱਲ ਨੂੰ ਜਾਂਦਾ ਸਾਡਾ ਰਸਤਾ ਬੰਦ ਕਰ ਦਿੱਤਾ ਪਰ ਉਨ੍ਹਾਂ ਦੇ ਜਾਣ ਤੋਂ ਬਾਅਦ ਸਾਡੇ ਕਰਮਚਾਰੀਆਂ ਨੇ ਦੁੱਧ ਆਦਿ ਸਮਾਨ ਲੰਘਾਉਣ ਲਈ ਰਸਤਾ ਫਿਰ ਚਾਲੂ ਕਰ ਦਿੱਤਾ। ਜਿਸ ਤੋਂ ਬਾਅਦ ਕੱਲ੍ਹ ਫਿਰ ਸੰਤ ਸੀਚੇਵਾਲ ਨੇ ਆਪਣੇ 15-20 ਸੇਵਾਦਾਰ ਭੇਜ ਦਿੱਤੇ । ਜਿਨ੍ਹਾਂ ਸਾਡੇ ਕਰਮਚਾਰੀਆਂ ਨਾਲ ਕਥਿਤ ਗਾਲੀ ਗਲੋਚ ਕੀਤਾ ਤੇ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਵੈਲਡਿੰਗ ਸੈੱਟ ਲਿਆ ਕੇ ਸਾਡਾ ਪਿਛਲੇ ਪਾਸੇ ਵਾਲਾ ਲੋਹੇ ਦਾ ਗੇਟ ਪੱਕਾ ਵੈਲਡੰਗ ਕਰਕੇ ਬੰਦ ਕਰ ਦਿੱਤਾ।
ਸੁਖਦੇਵ ਸਿੰਘ ਨਾਨਕਪੁਰ ਨੇ ਦੋਸ਼ ਲਾਇਆ ਕਿ 2 ਸਾਲ ਪਹਿਲਾਂ ਵੀ ਬਾਬਾ ਸੀਚੇਵਾਲ ਦੇ ਸੇਵਾਦਾਰਾਂ ਵੱਲੋਂ ਗੁੰਡਾਗਰਦੀ ਕਰਦਿਆਂ ਗਾਲੀ ਗਲੋਚ ਕੀਤਾ ਗਿਆ ਤੇ ਤੋੜਭੰਨ ਕੀਤੀ ਸੀ ਪਰ ਅਸੀਂ ਬਾਬਾ ਜੀ ਦੇ ਸਤਿਕਾਰ ਕਾਰਨ ਚੁੱਪ ਰਹੇ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪਵਿੱਤਰ ਵੇਈਂ ਦੀ ਸਫਾਈ ਦੇ ਨਾਮ ਤੇ ਬਾਬੇ ਦੇ ਸੇਵਾਦਾਰਾਂ ਵੱਲੋਂ ਕਈ ਕਿਸਾਨਾਂ ਨਾਲ ਧੱਕੇਸ਼ਾਹੀ ਕੀਤੀ ਗਈ ਸੀ । ਉਨ੍ਹਾਂ ਦੱਸਿਆ ਕਿ ਬਾਬੇ ਦੇ ਸੇਵਾਦਾਰਾਂ ਵੱਲੋਂ ਕੀਤੀ ਧੱਕੇਸ਼ਾਹੀ ਦੀ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਕੋਲ ਲਿਖਤੀ ਸ਼ਿਕਾਇਤ ਵੀ ਕੀਤੀ ਗਈ ਹੈ ਤੇ ਨਿਆਂ ਦੀ ਗੁਹਾਰ ਲਗਾਈ ਗਈ ਹੈ । ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ ।
ਵਾਤਾਵਰਣ ਪ੍ਰੇਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੋਸ਼ਾਂ ਨੂੰ ਨਕਾਰਿਆ
ਇਸ ਸੰਬੰਧ ਵਿੱਚ ਜਦ ਵਾਤਾਵਰਣ ਪ੍ਰੇਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨਾਨਕਪੁਰ ਵੱਲੋਂ ਲ਼ਗਾਏ ਸਾਰੇ ਦੋਸ਼ਾਂ ਨੂੰ ਝੁੂਠਾ ਤੇ ਬੇਬੁਨਿਆਦ ਦੱਸਦੇ ਹੋਏ ਸਪੱਸ਼ਟ ਕੀਤਾ ਕਿ ਹੋਟਲ ਦੇ ਪਿਛਲੇ ਪਾਸੇ ਉਕਤ ਜਗ੍ਹਾ ਸਬੰਧੀ ਦੀ ਕੋਈ ਮਾਲਕੀ ਨਹੀਂ ਹੈ । ਉਨ੍ਹਾਂ ਦੱਸਿਆ ਕਿ ਪਵਿੱਤਰ ਵੇਈਂ ਨੂੰ ਸੁੰਦਰ ਬਣਾਉਣ ਲਈ ਕਿਨਾਰੇ ਤੇ ਪੱਥਰ ਲਗਾਏ ਗਏ ਸਨ। ਜਦਕਿ ਉਕਤ ਹੋਟਲ ਮਾਲਕਾਂ ਨੇ ਕੁਝ ਅਰਸਾ ਪਹਿਲਾਂ ਪਿਛਲੇ ਪਾਸੇ ਆਪਣਾ ਦਰਵਾਜ਼ਾ ਕੱਢ ਲਿਆ ਤੇ ਜਿਸ ਰਾਹੀਂ ਹੋਟਲ ਦਾ ਕੂੜਾ-ਕਰਕਟ ਆਦਿ ਗੱਡੀਆਂ ਰਾਹੀਂ ਲੱਦ ਕੇ ਉਹ ਲਿਜਾਂਦੇ ਸਨ ।
ਬਾਬਾ ਸੀਚੇਵਾਲ ਨੇ ਦੋਸ਼ ਲਾਇਆ ਕਿ ਉਸ ਰੂਟ ਤੇ ਜ਼ਿਆਦਾਤਰ ਨਸ਼ੇ ਦਾ ਧੰਦਾ ਚੱਲਦਾ ਹੈ ਅਤੇ ਬਿਨ੍ਹਾਂ ਨੰਬਰ ਗੱਡੀਆਂ ਅਕਸਰ ਉੱਥੇ ਵੇਖੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸਾਡੇ ਸੇਵਾਦਾਰਾਂ ਵੱਲੋਂ ਉਕਤ ਹੋਟਲ ਵਾਲਿਆਂ ਵੱਲੋਂ ਕੱਢਿਆ ਦਰਵਾਜ਼ਾ ਅੱਗੇ ਗਰਿੱਲ ਲਗਾ ਕੇ ਕਰੀਬ ਡੇਢ ਮਹੀਨਾ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ, ਜਿਸਨੂੰ ਹੋਟਲ ਮਾਲਕਾਂ ਫਿਰ ਸਾਡੀ ਲਗਾਈ ਗਰਿੱਲ ਤੋੜ ਕੇ ਰਸਤਾ ਬਣਾ ਲਿਆ ਸੀ । ਜਿਸ ਤੋਂ ਬਾਅਦ ਸਾਡੇ ਸੇਵਾਦਾਰਾਂ ਨੇ ਹੁਣ ਫਿਰ ਇਸ ਦਰਵਾਜੇ ਨੂੰ ਹੀ ਪੱਕਾ ਬੰਦ ਕਰ ਦਿੱਤਾ ਗਿਆ ਹੈ ।
ਕੀ ਕਹਿੰਦੇ ਹਨ ? ਡੀ ਐੱਸ ਪੀ
ਡੀ.ਐਸ.ਪੀ. ਸਰਵਨ ਸਿੰਘ ਬੱਲ ਨੇ ਦੱਸਿਆ ਕਿ ਇਸ ਸਬੰਧੀ ਮਿਲੀ ਸ਼ਿਕਾਇਤ ਦੀ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ। ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly