ਬਟਾਲਾ ਸ਼ਹਿਰ ਦੀ ਇਤਿਹਾਸਿਕ ਮਹੱਤਤਾ

(ਸਮਾਜ ਵੀਕਲੀ)

ਬਟਾਲਾ ਸ਼ਹਿਰ ਇਤਿਹਾਸਿਕ ਪੱਖੋਂ ਬਹੁਤ ਮਹੱਤਵ ਰੱਖਦਾ ਹੈ। ਜਿੱਥੇ ਇਹ ਸਮਾਜਿਕ, ਸੱਭਿਆਚਾਰਕ ਅਤੇ ਰਾਜਨੀਤਿਕ ਪੱਖੋਂ ਪ੍ਰਫੁੱਲਿਤ ਹੈ ਉਥੇ ਹੀ ਧਾਰਮਿਕ ਪੱਖੋਂ ਵੀ ਆਪਣੀ ਵੱਖਰੀ ਵਿਸ਼ੇਸਤਾ ਦਰਸਾਉਂਦਾ ਹੈ। ਬਟਾਲੇ ਦੀ ਧਰਤੀ ਨੂੰ ਗੁਰੂਆਂ ਪੀਰਾਂ, ਰਿਸ਼ੀਆਂ ਮੁਨੀਆਂ ਅਤੇ ਹੋਰ ਕਈ ਸੰਤਾਂ ਮਹਾਂਪੁਰਸ਼ਾ ਦੀ ਚਰਨ ਛੋਹ ਪ੍ਰਾਪਤ ਹੈ ।ਇਹ ਪੰਜਾਬ ਰਾਜ ਦਾ ਉਨ੍ਹਾਂ ਹੀ ਪ੍ਰਸਿੱਧ ਸ਼ਹਿਰ ਹੈ ਜਿਵੇਂ ਕਿ ਸੌਲਵੀਂ ਸਦੀ ਦੇ ਹੋਰ ਪ੍ਰਮੁੱਖ ਸ਼ਹਿਰ ਸਨ-ਲਾਹੌਰ, ਜਲੰਧਰ ਆਦਿ । ਇਸਦੇ ਅੰਦਰ ਜਾਣ ਤੇ ਬਾਹਰ ਨਿਕਲਣ ਲਈ 12 ਗੇਟ ਬਣੇ ਹੋਏ ਹਨ:- ਸ਼ੇਰਾ ਵਾਲਾ ਗੇਟ, ਖਜੂਰੀ ਗੇਟ, ਭੰਢਾਰੀ ਗੇਟ, ਪਹਾੜੀ ਗੇਟ, ਅੱਚਲੀ ਗੇਟ, ਕਪੂਰੀ ਗੇਟ, ਉਹਰੀ ਗੇਟ, ਮਾਤਾ ਸੁਲੱਖਣੀ ਗੇਟ, ਠਠਿਆਰੀ ਗੇਟ, ਹਾਥੀ ਗੇਟ, ਆਦਿ। ਇਸ ਤੋਂ ਇਲਾਵਾ ਇੱਥੇ ਕਈ ਧਾਰਮਿਕ ਸਥਾਨ ਹਨ ਜਿੱਥੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਠਹਿਰੇ ਸਨ। 1947 ਵਿਚ ਵੰਡ ਦੇ ਸਮੇਂ ਤਿੰਨ ਦਿਨ ਦੇ ਲਈ ਇਹ ਪਾਕਿਸਤਾਨ ਹਿੱਸਾ ਬਣ ਗਿਆ ਸੀ। ਬਾਅਦ ਵਿਚ ਇਸਨੂੰ ਭਾਰਤੀ ਖੇਤਰ ‘ ਚ ਸ਼ਾਮਿਲ ਕਰ ਲਿਆ ਗਿਆ।

ਬਟਾਲਾ ਸਿੱਖ ਧਰਮ ਲਈ ਵੀ ਬਹੁਤ ਮਹੱਤਵਪੂਰਨ ਸਥਾਨ ਹੈ। ਗੁਰੂ ਨਾਨਕ ਜੀ ਸਿੱਖ ਧਰਮ ਦੇ ਮੋਢੀ ਇਸੇ ਸ਼ਹਿਰ ਵਿਆਹੇ ਆਏ ਸਨ ਤੇ ਬਟਾਲੇ ਦੇ ਨਿਵਾਸੀ ਮੂਲ ਚੰਦ ਚੌਣਾ ਦੀ ਪੁੱਤਰੀ ਸੁੱਲਖਣੀ ਨਾਲ 1485 ਵਿੱਚ ਵਿਆਹ ਬੰਧਨ ਵਿੱਚ ਬੱਝੇ ਗਏ। ਕਿਹਾ ਜਾਂਦਾ ਹੈ ਕਿ ਗੁਰੂ ਜੀ ਨੇ ਕਿਸੇ ਵੀ ਰਸਮ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਬੜੇ ਹੀ ਸਾਦੇ ਢੰਗ ਨਾਲ ਵਿਆਹ ਕਰਵਾਇਆ। ਗੁਰੂ ਨਾਨਕ ਦੇਵ ਜੀ ਨੂੰ ਇੱਕ ਕੱਚੀ ਕੰਧ ਦੇ ਲਾਗੇ ਬਿਠਾਇਆ ਗਿਆ ਜੋ ਕੀ ਡਿੱਗਣ ਹੀ ਵਾਲੀ ਸੀ। ਇਕ ਬੁੱਢੀ ਬੀਬੀ ਨੇ ਜਦੋਂ ਗੁਰੂ ਜੀ ਨੂੰ ਇਸ ਬਾਰੇ ਸੁਚੇਤ ਕੀਤਾ ਤੇ ਉਹਨਾਂ ਨੇ ਕਿਹਾ ਕਿ ਇਹ ਕੰਧ ਯੁੱਗਾਂ-ਯੁੱਗਾਂ ਤਕ ਕਾਇਮ ਰਹੇਗੀ ਤੇ ਹਰ ਸਾਲ ਸਾਡੇ ਵਿਆਹ ਦੀ ਯਾਦਗਾਰ ਹੋ ਨਿਬੜੇਗੀ। ਅੱਜ ਵੀ ਇਹ ਕੰਧ ਬਿਰਾਜਮਾਨ ਹੈ ਤੇ ਗੁਰਦੁਆਰਾ ਕੰਧ ਸਾਹਿਬ ਨਾਲ ਮਸ਼ਹੂਰ ਹੈ।

ਇਸ ਸ਼ਹਿਰ ਵਿਚ ਬਹੁਤ ਪ੍ਰਾਚੀਨ ਤੇ ਬਹੁਤ ਜਿਅਦਾ ਇਤਿਹਾਸਿਕ ਮਹੱਤਤਾ ਰੱਖਣ ਵਾਲਾ ਇੱਕ ਤੀਰਥ ਅਸਥਾਨ ਹੈ – ਅੱਚਲ ਸਾਹਿਬ। ਇਹ ਕੇਵਲ ਸਿੱਖਾਂ ਦਾ ਨਹੀਂ ਬਲਕਿ ਹਿੰਦੂਆਂ ਲਈ ਵੀ ਇਸਦੀ ਵਿਸ਼ੇਸ਼ ਧਾਰਮਿਕ ਮਹੱਤਤਾ ਹੈ। ਜਿੱਥੇ ਇੱਕ ਪਾਸੇ ਸ਼ਿਵ ਸ਼ੰਕਰ ਜੀ ਦੇ ਵੱਡੇ ਪੁੱਤਰ ਕਾਰਤਿਕ ਜੀ ਦਾ ਮੰਦਰ ਹੈ ਉਥੇ ਹੀ ਦੂਜੇ ਪਾਸੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਹਨ।
“ਅਚਲ ਸਾਹਿਬ” ਆਪਣੇ ਨਾਂ ਤੋਂ ਹੀ ਸਪੱਸ਼ਟ ਹੈ ਕਿ “ਨਾ ਚੱਲਣ ਵਾਲਾ ” ਭਾਵ ਇੱਕੋ ਥਾਂ ਤੇ ਟਿਕਿਆ ਰਹਿਣ ਵਾਲਾ। ਸਤਯੁੱਗ ਦੇ ਸਮੇਂ ਇਸ ਤੀਰਥ ਦਾ ਨਾਂ ਅਚਲੇਸ਼ਵਰ ਸੀ।

ਅੱਚਲ ਉਸ ਸਮੇਂ ਰੱਖਿਆ ਗਿਆ ਜਦੋਂ ਸ਼ਿਵ ਸ਼ੰਕਰ ਨੇ ਆਪਣੇ ਦੋਹਾਂ ਪੁੱਤਰਾਂ ਨੂੰ ਬੁਲਾ ਕੇ ਕਿਹਾ ਕਿ ਜਿਹੜਾ ਮਾਤ-ਲੋਕ ਦੀ ਪਹਿਲੇ ਪ੍ਰਦਖਨਾ ਕਰਕੇ ਆਵੇਗਾ, ਉਸਦੇ ਹੀ ਰਾਜ-ਤਿਲਕ ਕੀਤਾ ਜਾਵੇਗਾ। ਫਿਰ ਉਹਨਾਂ ਦੇ ਵੱਡੇ ਪੁੱਤਰ ਕਾਰਤਿਕ ਸਵਾਮੀ ਮਾਤ-ਲੋਕ ਦੀ ਪ੍ਰਦਖਨਾ ਕਰਦੇ-ਕਰਦੇ ਅਚਲੇਸ਼ਵਰ ਤੀਰਥ ਤੇ ਆਏ। ਏਨੀ ਦੇਰ ਨੂੰ ਨਾਰਦ ਜੀ ਆਏ ਤੇ ਉਹਨਾਂ ਨੇ ਦੱਸਿਆ ਕਿ ਕੈਲਾਸ਼ ਵਿੱਚ ਗਣੇਸ਼ ਜੀ ਨੂੰ ਤਿਲਕ ਕਰ ਦਿੱਤਾ ਗਿਆ ਹੈ। ਤਦ ਕਾਰਤਿਕ ਜੀ ਨੇ ਗੁੱਸੇ ਵਿਚ ਆ ਕੇ ਕਿਹਾ ਕਿ ਮੈਂ ਹੁਣ ਅਚਲੇਸ਼ਵਰ ਤੇ ਹੀ ਅੱਚਲ ਹੋ ਕੇ ਰਹਾਂਗਾ। ਤਦ ਸ਼ਿਵ-ਸ਼ੰਕਰ ਪਾਰਵਤੀ ਅਤੇ 33 ਕਰੋੜ ਦੇਵੀ-ਦੇਵਤੇ ਕਾਰਤਿਕ ਨੂੰ ਮਨਾਉਣ ਲਈ ਇਸ ਤੀਰਥ ਤੇ ਆਏ। ਪਰ ਕਾਰਤਿਕ ਨੇ ਕਿਹਾ ਕਿ ਮੈਂ ਹੁਣ ਇਸ ਸਥਾਨ ਤੇ ਅੱਚਲ ਰਹਾਂਗਾ। ਤਦ ਸ਼ੰਕਰ ਜੀ ਨੇ ਕਾਰਤਿਕ ਨੂੰ ਵਰ ਦਿੱਤਾ ਕਿ ਤੇਰੇ ਇਸ ਸਥਾਨ ਤੇ ਨੌਵੀਂ-ਦਸਵੀਂ ਪੂਰਬ ਮਨਇਆ ਜਾਵੇਗਾ,ਜਿਸ ਵਿਚ 33 ਕਰੋੜ ਦੇਵੀ-ਦੇਵਤੇ ਹਾਜ਼ਰ ਹੋਣਗੇ ਤੇ ਤੂੰ ਕਿਸੇ ਕੋਲ ਚੱਲ ਕੇ ਨਹੀ ਜਾਵੇਗਾ। ਉਦੋਂ ਤੋਂ ਹੀ ਇਥੇ ਦੀਵਾਲੀ ਤੋਂ 8 ਦਿਨ ਬਆਦ ਨੌਵੀਂ-ਦਸਵੀਂ ਦਾ ਮੇਲਾ ਲੱਗਦਾ ਹੈ।

ਫਿਰ ਇਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਾਰਚ 1530 ਈ: ਵਿਚ ਸ਼ਿਵਰਾਤਰੀ ਦੇ ਮੇਲੇ ਤੇ ਆਏ ਤੇ ਉਹਨਾਂ ਨੇ ਜੋਗੀਆਂ ਨਾਲ ਸਿੱਧ ਗੋਸ਼ਟ ਕੀਤੀ। ਤਦ ਗੁਰੂ ਸਾਹਿਬ ਦੀ ਜੋਗੀਆਂ ਦੇ ਆਗੂ ਭੰਗਰ ਨਾਥ ਨਾਲ ਵਾਰਤਾਲਾਪ ਹੋਈ । ਭੰਗਰ ਨਾਥ ਨੇ ਗੁਰੂ ਜੀ ਪਾਸੋਂ ਪੁੱਛਿਆ:
ਭੇਖਿ ਉਤਾਰਿ ਉਦਾਸਿ ਦਾ ਨਤਿ ਕਿਉਂ ਸੰਸਾਰੀ ਰੀਤਿ ਚਲਾਈ।

ਤਦ ਗੁਰੂ ਜੀ ਆਖਿਆ:
ਹੋਇ ਅਤੀਤ ਗ੍ਰਹਿਸਤਿ ਤਜਿ ਫਿਰਿ ਉਨਹੁ ਕੇ ਘਰਿ ਮੰਗਣਿ ਜਾਈ॥

ਗੁਰੂ ਜੀ ਦਾ ਜਵਾਬ ਸੁਣ ਕੇ ਭੰਗਰ ਨਾਥ ਨੇ ਉਹਨਾਂ ਦੇ ਚਰਨਾਂ ਤੇ ਸੀਸ ਨਿਵਾਇਆ । ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਭਟਕੇ ਲੋਕਾਂ ਨੂੰ ਰਾਹੇ ਪਾਇਆ ਤੇ ਇੱਕ ਪ੍ਰਮਾਤਮਾ ਨਾਲ ਜੋੜਿਆ। ਤਦ ਗੁਰੂ ਜੀ ਨੇ ਖੁਸ਼ੀ ਵਿੱਚ ਆ ਕੇ ਇੱਥੇ ਇੱਕ ਦਾਤਣ ਲਗਾ ਦਿੱਤੀ। ਤਦ ਸੰਗਤਾਂ ਨੇ ਕਿਹਾ ਕਿ ਗੁਰੂ ਜੀ ਇਹ ਤਾਂ ਕੰਢਿਆ ਵਾਲਾ ਦਰਖਤ ਲੱਗ ਗਿਆ ਹੈ। ਤਾਂ ਗੁਰੂ ਜੀ ਨੇ ਕਿਹਾ ਤੁਹਾਨੂੰ ਕਿਹੜਾ ਚਾਹੀਦਾ ਹੈ ਤਾਂ ਸੰਗਤਾਂ ਨੇ ਕਿਹਾ ਕੋਈ ਫਲ ਵਾਲਾ ਦਰੱਖਤ ਚਾਹੀਦਾ ਹੈ। ਤਦ ਗੁਰੂ ਜੀ ਨੇ ਕਿਹਾ ਜੋ ਅਕਾਲ ਪੁਰਖ ਦਾ ਭਾਣਾ ਸੀ ਉਹ ਹੋ ਗਿਆ ਹੈ, ਹੁਣ ਇਸ ਕਿੱਕਰ ਤੋਂ ਹੀ ਬੇਰੀ ਬਣੇਗੀ, ਇਸ ਬੇਰੀ ਨੂੰ 12 ਮਹੀਨੇ ਫਲ ਲੱਗਿਆ ਕਰੇਗਾ। ਇਹ ਬੇਰੀ ਸਾਹਿਬ ਹੁਣ ਗੁਰਦੁਆਰਾ ਸਾਹਿਬ ਦੀ ਪ੍ਰਕਰਮਾ ਵਿੱਚ ਸਥਿਤ ਹੈ।

ਇਸ ਤੋਂ ਬਾਅਦ ਛੇਵੀਂ ਪਾਤਸ਼ਾਹੀ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੈਸਾਖ 1625 ਈਸਵੀ ਵਿੱਚ ਆਪਣੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਬਟਾਲੇ ਵਿਆਹੁਣ ਵਾਸਤੇ ਆਏ ਸਨ। ਇਸ ਸੰਬੰਧ ਵਿੱਚ ਉਹਨਾਂ ਨੇ ਉਸ ਸਮੇਂ ਅੱਚਲ ਸਾਹਿਬ ਵਿਖੇ ਅੱਠ- ਭੁਜੀ ਖੂਹੀ ਬਣਵਾਈ । ਇਹ ਖੂਹੀ ਹੁਣ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਦੇ ਸਾਹਮਣੇ ਸਥਿਤ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇੱਥੇ ਆਉਣ ਤੋਂ ਬਾਅਦ ਅੱਜ ਵੀ ਉਹਨਾਂ ਦੀ ਯਾਦ ਵਿੱਚ ਮੱਸਿਆ ਕੱਤਕ ਤੋਂ 9-10 ਦਿਨ ਬਾਅਦ (ਨੌਵੀਂ-ਦਸਵੀਂ ) ਦਾ ਭਾਗੋ ਜੋੜ ਮੇਲਾ ਲੱਗਦਾ ਹੈ। ਜਿਸ ਵਿੱਚ ਦੂਰ-ਦੁਰਾਡੇ ਤੋਂ ਸੰਗਤਾਂ ਆਉਂਦੀਆਂ ਹਨ। ਇਸ ਤੋਂ ਇਲਾਵਾ ਇਥੋਂ ਕਾਲੀ ਮਾਤਾ ਦੇ ਮੰਦਰ ਹੈ ਜੋ ਕਿ ਬਟਾਲੇ ਦੇ ਹੀ ਚੱਕਰੀ ਬਜਾਰ ਵਿੱਚ ਸਥਿਤ ਹੈ। ਮੰਗਲਵਾਰ ਨੂੰ ਇਥੇ ਬਹੁਤ ਸ਼ਰਧਾਲੂ ਆਉਂਦੇ ਹਨ। ਇੱਥੇ ਲੋਕ ਕਈ ਤਰ੍ਹਾਂ ਦੀਆਂ ਮੰਨਤਾਂ ਮੰਗਦੇ ਹਨ ਤੇ ਉਹਨਾਂ ਦੀਆਂ ਮੰਨਤਾ ਪੂਰੀਆਂ ਵੀ ਹੁੰਦੀਆਂ ਹਨ। ਇਤਿਹਾਸ ਦੱਸਦਾ ਹੈ ਕਿ ਮਾਤਾ ਰਾਣੀ ਨੇ ਆਪ ਸੁਪਨੇ ਵਿੱਚ ਦਰਸ਼ਨ ਦੇ ਕੇ ਆਪਣੇ ਸਥਾਨ ਬਾਰੇ ਦੱਸਿਆ ਸੀ ਤੇ ਜਦੋ ਖੁਦਾਈ ਕੀਤੀ ਗਈ ਤਾਂ ਸਚਮੁੱਚ ਹੀ ਕਾਲੀ ਮਾਤਾ ਦੀ ਮੂਰਤੀ ਪ੍ਰਾਪਤ ਹੋਈ ਜੋ ਕਿ ਉਦੋਂ ਦੀ ਇੱਥੇ ਸਥਾਪਿਤ ਹੈ ਕਹਿੰਦੇ ਹਨ ਕਿ ਜੇਕਰ ਕਿਸੇ ਦੀਆਂ ਅੱਖਾਂ ਦੀ ਰੋਸ਼ਨੀ ਚਲੇ ਜਾਏ ਜਾਂ ਨਜ਼ਰ ਕਮਜ਼ੋਰ ਹੋ ਜਾਏ, ਜੋ ਇਲਾਜ ਕਰਾਉਣ ਤੇ ਵੀ ਠੀਕ ਨਾ ਹੋਣ, ਤਾਂ ਉਹ ਕਾਲੀ ਦੁਆਰੇ ਮਾਤਾ ਦੇ ਅੰਦਰ ਅੱਖਾਂ ਚੜਾਵੇ(ਚਾਂਦੀ ਜਾਂ ਹੋਰ ਧਾਤੂ ਦੀਆਂ) ਤਾਂ ਉਸ ਦੀਆਂ ਅੱਖਾਂ ਦੀ ਰੋਸ਼ਨੀ ਵਾਪਸ ਆ ਜਾਂਦੀ ਹੈ। ਇਸ ਤੋਂ ਇਲਾਵਾ ਜੇ ਕਿਸੇ ਨੂੰ ਕਾਲੀ ਖਾਂਸੀ ਹੋਵੇ ਜਾਂ ਬੋਲ ਨਾ ਸਕਦਾ ਹੋਵੇ ਤਾਂ ਉਹ ਵੀ ਮਾਤਾ ਰਾਣੀ ਦੀ ਕਿਰਪਾ ਦ੍ਰਿਸ਼ਟੀ ਨਾਲ ਠੀਕ ਹੋ ਜਾਂਦਾ ਹੈ।

ਇਸ ਤੋਂ ਇਲਾਵਾ ਇੱਥੋਂ ਦਾ ਬੇਰਿੰਗ ਕਾਲਜ, ਹਜ਼ੀਰਾ ਪਾਰਕ ਇਸਦੀ ਸ਼ਾਨ ਵਿੱਚ ਵਾਧਾ ਕਰਦੇ ਹਨ। ਸ਼ਿਵ ਕੁਮਾਰ ਬਟਾਲਵੀ, ਮੁਮਤਾਜ ਮੁਫਤੀ, ਭੁਪਿੰਦਰ ਸਿੰਘ ਮਾਨ, ਪ੍ਰਭਜੋਤ ਸਿੰਘ ਵਰਗੀਆਂ ਮਹਾਨ ਸ਼ਖਸੀਅਤਾਂ ਨੇ ਵੀ ਇਸ ਧਰਤੀ ਤੇ ਹੀ ਜਨਮ ਲਿਆ । ਬਟਾਲਾ ਸ਼ਹਿਰ ਉਦਯੋਗਿਕ ਖੇਤਰ ਵਿੱਚ ਵੀ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਕਦੇ ਇਸ ਨੂੰ “ਲੋਹੇ ਦਾ ਘਰ” ਆਖਿਆ ਜਾਂਦਾ ਸੀ। ਅੱਜ ਵੀ ਬਟਾਲਾ ਸ਼ਹਿਰ ਦੀ ਆਪਣੀ ਵੱਖਰੀ ਹੀ ਨੁਹਾਰ ਹੈ। ਹੁਣ ਤਾਂ ਜਨਤਾ ਦੇ ਮੰਨੋਰੰਜਨ ਲਈ ਇਥੇ ਥੀਏਟਰ (ਸਿਨੇਮਾ ਹਾਲ) ਵੀ ਖੋਲ ਦਿੱਤਾ ਗਿਆ ਹੈ। ਬਟਾਲੇ ਦੀ ਧਰਤੀ ਨੂੰ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹੋਣ ਕਰਕੇ ਦੂਰੋ- ਦੂਰੋਂ ਸੰਗਤਾਂ ਇੱਥੇ ਆਉਂਦੀਆਂ ਹਨ।

ਨੀਟਾ ਭਾਟੀਆ
ਪੰਜਾਬੀ ਮਿਸਟ੍ਰੈਸ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲਹੂ ਬਨਾਮ ਲਹੂ
Next articleਦਰਦ,ਏ,ਦਾਸਤਾ ਉੱਨੀ ਸੌ ਸੰਨਤਾਲੀ