* ਛੱਪੜ, ਲਹਿਰ ਤੇ ਹੜ੍ਹ *

ਅਮਰਜੀਤ ਸਿੰਘ ਅਮਨੀਤ

(ਸਮਾਜ ਵੀਕਲੀ)

 

ਸ਼ਾਂਤ ਪਾਣੀਆਂ ਦਾ
ਕੰਢਿਆਂ ਨਾਲ਼
ਕੋਈ ਸੰਘਰਸ਼ ਨਹੀਂ ਹੁੰਦਾ
ਤੇ ਅਕਸਰ
ਕੰਢੇ ਹੱਦਾਂ ਹੁੰਦੇ ਨੇ
ਕੰਢੇ ਸੀਮਾਵਾਂ ਹੁੰਦੇ ਨੇ
ਸੀਮਾਵਾਂ ‘ਚ ਰਹਿਣ ਲਈ
ਹੱਦਾਂ ‘ਚ ਰਹਿਣ ਲਈ
ਸ਼ਾਇਦ ਸ਼ਾਂਤ ਹੋਣਾ ਪੈਂਦਾ ਹੈ
ਕੰਢਿਆਂ ਅੰਦਰ ਸ਼ਾਂਤ ਹੋ ਜਾਣਾ
ਜਾਂ ਖਲੋਤੇ ਰਹਿਣਾ
ਜਾਂ ਛੱਪੜ ਹੋ ਜਾਣਾ
ਸ਼ਾਇਦ ਕੋਈ ਫ਼ਰਕ ਨਹੀਂ ਹੈ
ਪਾਣੀਆਂ ਦਾ ਤੁਰਨਾ
ਪਾਣੀਆਂ ਦਾ ਵਹਿਣਾ
ਕੰਢਿਆਂ ਵਿਰੁੱਧ
ਬਗਾਵਤ ਹੁੰਦੀ ਹੈ
ਪਾਣੀ ਜਦੋਂ ਤੁਰਦਾ ਹੈ
ਲਹਿਰ ਹੋ ਕੇ ਤੁਰਦਾ ਹੈ
ਲਹਿਰ ਪਾਣੀਆਂ ਦੀ ਹਲਚਲ ਦਾ ਨਾਂ ਹੈ
ਲਹਿਰ ਜਿਉਂਦੀ ਰਹੇਗੀ
ਜਿੰਨਾ ਚਿਰ ਪਾਣੀ  ‘ਚ ਹਲਚਲ ਰਹੇਗੀ
ਜਿੰਨਾ ਚਿਰ ਪਾਣੀ ਤੁਰੇਗਾ
ਪਾਣੀਆਂ ਦਾ ਖਲੋਣਾ
ਪਾਣੀਆਂ ਦਾ ਰੁਕਣਾ
ਲਹਿਰ ਦੀ ਮੌਤ ਹੁੰਦੀ ਹੈ
ਲਹਿਰ ਜਿਉਂਦੀ ਰਹੇਗੀ
ਤਾਂ ਕੰਢਿਆਂ ਨਾਲ਼ ਟਕਰਾਏਗੀ
ਕੰਢੇ ਭੁਰਦੇ ਰਹਿਣਗੇ
ਸੀਮਾਵਾਂ ਡਰਨਗੀਆਂ
ਪਾਣੀ ਜਿੰਨਾ ਖੌਲੇਗਾ
ਪਾਣੀ ਜਿੰਨਾ ਮੂੰਹ-ਜ਼ੋਰ ਹੋਏਗਾ
ਲਹਿਰ ਉਨੀ ਬਲਵਾਨ ਹੋਵੇਗੀ
ਤੇ ਬਲਵਾਨ ਲਹਿਰਾਂ
ਤਕੜੀਆਂ ਲਹਿਰਾਂ
ਕੰਢਿਆਂ ਨੂੰ ਹੀ ਨਹੀਂ ਤੋੜਦੀਆਂ
ਸਗੋਂ ਕੰਢੇ ਬਣਾਉਣ ਵਾਲ਼ਿਆਂ ਦੇ
ਘਰਾਂ ਦੀਆਂ ਨੀਹਾਂ ਨਾਲ਼
ਜਾ ਟਕਰਾਉਂਦੀਆਂ ਨੇ
ਤੇ ਲੋਕ ਉਦੋਂ ਪਾਣੀ ਨੂੰ
ਲਹਿਰ ਨਹੀਂ
ਸਗੋਂ ਹੜ੍ਹ ਆਖਦੇ ਨੇ
ਪਾਣੀ ਦਾ ਹੜ੍ਹ ਕੁਝ ਨਹੀਂ ਹੁੰਦਾ
ਬਸ ਪਾਣੀ ਕੰਢਿਆਂ ਤੋਂ ਬਾਹਰ ਹੋ
ਸੀਮਾਵਾਂ ਤੋਂ ਬਾਹਰ ਹੋ
ਲੋਚਦਾ ਹੁੰਦਾ ਹੈ ਸੁਤੰਤਰ ਤੁਰਨਾ ਫਿਰਨਾ
ਤੇ ਹੜ੍ਹ ਦੀ ਮਾਰ ਥੱਲੇ
ਉਹੀ ਘਰ ਆਉਂਦੇ ਨੇ
ਉਹੀ ਕੰਢੇ ਆਉਂਦੇ ਨੇ
ਜੋ ਪਾਣੀ ਦੀ ਚਾਲ ਨੂੰ
ਪਾਣੀ ਦੀ ਲਹਿਰ ਨੂੰ
ਸੀਮਤ ਕਰ ਦੇਣਾ ਸੋਚਦੇ ਨੇ
ਕੰਡਿਆਂ ‘ਚ ਕੈਦ ਕਰ ਦੇਣਾ  ਸੋਚਦੇ ਨੇ
ਮੈਂ ਜਦੋਂ ਵੀ ਪੜ੍ਹਦਾ ਹਾਂ
ਤਾਂ ਇਤਿਹਾਸ ‘ਚ ਕਿਤੇ ਹੜ੍ਹਾਂ ਦਾ
ਜ਼ਿਕਰ ਨਹੀਂ ਆਉਂਦਾ
ਕਿਉਂਕਿ ਕੋਈ ਆਇਆ ਨਹੀਂ ਸੀ
ਪਾਣੀਆਂ ਦੇ ਰਾਹ ਵਿੱਚ
ਨਾ ਹੀ ਨਿਸ਼ਚਿਤ ਕੀਤੀ ਸੀ ਕਿਸੇ ਨੇ
ਪਾਣੀਆਂ ਦੀ ਹੱਦ
ਜਦੋਂ ਪਾਣੀਆਂ ਦੇ ਵਹਿਣ ਵਿਚ
ਲੋਕ ਘਰ ਬਣਾਉਂਦੇ ਨੇ
ਜਾਂ ਵਹਿਣਾਂ ਨੂੰ ਰੋਕਦੇ ਨੇ
ਉੱਨਾ ਹੀ ਉਨ੍ਹਾਂ ਨੂੰ
ਜ਼ਿਕਰ ਕਰਨਾ ਪੈਂਦਾ ਹੈ
ਅਕਸਰ ਹੜ੍ਹਾਂ ਦਾ
ਅਮਰਜੀਤ ਸਿੰਘ ਅਮਨੀਤ 
8872266066 

 

 

 

Download and Install ‘Samaj Weekly’ App
https://play.google.com/store/apps/details?id=in.yourhost.samajweekly

Previous articleਵਿਖੰਡਣ
Next articleਸਦੀਵੀ ਸ਼ਬਦ