ਨਵੀਂ ਦਿੱਲੀ (ਸਮਾਜ ਵੀਕਲੀ): ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉਹ ਹਿਜਾਬ ਵਿਵਾਦ ’ਚ ਕਰਨਾਟਕ ਹਾਈ ਕੋਰਟ ਤੋਂ ਬਕਾਇਆ ਮਾਮਲੇ ਆਪਣੇ ਕੋਲ ਤਬਦੀਲ ਕਰਨ ਸਬੰਧੀ ਪਟੀਸ਼ਨ ਸੂਚੀਬੱਧ ਕਰਨ ਦੀ ਅਪੀਲ ’ਤੇ ਵਿਚਾਰ ਕਰੇਗਾ। ਚੀਫ ਜਸਟਿਸ ਐੱਨਵੀ ਰਾਮੰਨਾ, ਜਸਟਿਸ ਏਐੱਸ ਬੋਪੰਨਾ ਅਤੇ ਜਸਟਿਸ ਹਿਮਾ ਕੋਹਲੀ ਦੇ ਬੈਂਚ ਨੇ ਕਿਹਾ ਕਿ ਹਾਈ ਕੋਰਟ ਮਾਮਲੇ ਦੀ ਸੁਣਵਾਈ ਕਰ ਰਿਹਾ ਹੈ ਅਤੇ ਉਸ ਨੂੰ ਇਸ ’ਤੇ ਸੁਣਵਾਈ ਕਰਕੇ ਫ਼ੈਸਲਾ ਦੇਣਾ ਚਾਹੀਦਾ ਹੈ। ਸੀਨੀਅਰ ਵਕੀਲ ਕਪਿਲ ਸਿੱਬਲ ਨੇ ਇਸ ਮਾਮਲੇ ਨੂੰ ਸਿਖਰਲੀ ਅਦਾਲਤ ’ਚ ਤਬਦੀਲ ਕਰਨ ਅਤੇ ਇਸ ਦੀ ਸੁਣਵਾਈ ਨੌਂ ਜੱਜਾਂ ਦੇ ਬੈਂਚ ਤੋਂ ਕਰਵਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ, ‘ਸਮੱਸਿਆ ਇਹ ਹੈ ਕਿ ਸਕੂਲ ਤੇ ਕਾਲਜ ਬੰਦ ਹਨ। ਲੜਕੀਆਂ ’ਤੇ ਪਥਰਾਅ ਹੋ ਰਿਹਾ ਹੈ। ਇਹ ਵਿਵਾਦ ਪੂਰੇ ਦੇਸ਼ ’ਚ ਫ਼ੈਲ ਰਿਹਾ ਹੈ।’
ਸਿੱਬਲ ਨੇ ਕਿਹਾ ਕਿ ਉਹ ਇਸ ਮਾਮਲੇ ’ਚ ਕੋਈ ਹੁਕਮ ਨਹੀਂ ਚਾਹੁੰਦੇ ਸਿਰਫ਼ ਇਹ ਚਾਹੁੰਦੇ ਹਨ ਕਿ ਸੁਣਵਾਈ ਲਈ ਅਪੀਲ ਸੂਚੀਬੱਧ ਕੀਤੀ ਜਾਵੇ। ਇਸ ਤੋਂ ਬਾਅਦ ਚੀਫ ਜਸਟਿਸ ਨੇ ਕਿਹਾ, ‘ਅਸੀਂ ਇਸ ’ਤੇ ਗੌਰ ਕਰਾਂਗੇ।’ ਇਸ ਤੋਂ ਪਹਿਲਾਂ ਸਿੱਬਲ ਨੇ ਕਿਹਾ ਕਿ ਹਿਜਾਬ ਨੂੰ ਲੈ ਕੇ ਵਿਵਾਦ ਕਰਨਾਟਕ ’ਚ ਹੋ ਰਿਹਾ ਸੀ ਅਤੇ ਹੁਣ ਇਹ ਪੂਰੇ ਦੇਸ਼ ’ਚ ਫ਼ੈਲ ਰਿਹਾ ਹੈ। ਇਸ ’ਚ ਹੁਣ ਪੂਰੇ ਦੇਸ਼ ਦੇ ਬੱਚੇ ਸ਼ਾਮਲ ਹੋ ਰਹੇ ਹਨ। ਉਹ ਵੀ ਜਦੋਂ ਹੁਣ ਪ੍ਰੀਖਿਆਵਾਂ ਨੂੰ ਸਿਰਫ਼ ਦੋ ਮਹੀਨੇ ਰਹਿ ਗਏ ਹਨ। ਇਸ ਤੋਂ ਬਾਅਦ ਬੈਂਚ ਨੇ ਕਿਹਾ, ‘ਕਿਰਪਾ ਕਰਕੇ ਰੁਕੋ। ਇਸ ’ਚ ਅਸੀਂ ਕੁਝ ਨਹੀਂ ਕਰ ਸਕਦੇ। ਹਾਈ ਕੋਰਟ ਨੂੰ ਫ਼ੈਸਲਾ ਕਰਨ ਦਿਓ। ਅਸੀਂ ਤੁਰੰਤ ਮਾਮਲੇ ’ਚ ਦਖਲ ਕਿਉਂ ਦੇਈਏ। ਹਾਈ ਕੋਰਟ ਮਾਮਲੇ ’ਚ ਸੁਣਵਾਈ ਕਰ ਸਕਦਾ ਹੈ।’ ਬੈਂਚ ਨੇ ਕਿਹਾ ਕਿ ਦਖਲ ਦੇਣਾ ਜਲਦਬਾਜ਼ੀ ਹੋਵੇਗੀ ਅਤੇ ਇਹ ਦੇਖਣ ਲਈ ਕੀ ਕੁਝ ਅੰਤਰਿਮ ਰਾਹਤ ਦਿੱਤੀ ਜਾਂਦੀ ਹੈ ਜਾਂ ਨਹੀਂ, ਹਾਈ ਕੋਰਟ ਨੂੰ ਕੁਝ ਸਮਾਂ ਦਿੱਤਾ ਜਾਵੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly