ਆਮ ਆਦਮੀ ਦੀ ਆਵਾਜ਼
ਦੋਸਤੋ, ਨਵਾਂ ਕਾਲਮ ਤੁਸੀਂ ਪਸੰਦ ਕਰ ਰਹੇ ਹੋ, ਏਸ ਲਈ ਅਸੀਂ ਸਾਰੀ ਟੀਮ ਤੁਹਾਡੇ ਸ਼ੁਕਰਗੁਜ਼ਾਰ ਹਾਂ। ਐਤਕੀਂ ਅਸੀਂ, ਤੁਹਾਡੇ ਨਾਲ, ਸਮਾਜ ਵਿਚ ਨਵੇਂ ਤੁਰੇ ਰਿਵਾਜ਼ ਬਾਰੇ ਗੱਲ ਕਰਨੀ ਹੈ। ਓਹ ਮਸਅਲਾ ਇਹ ਹੈ ਕਿ ਵਾਲ ਕੱਟਣ ਤੇ ਬੋਦੇ ਵਾਹ ਕੇ ਰੱਖਣ ਦਾ ਢੰਗ ਤਾਂ ਮੁੱਢ ਕਦੀਮ ਤੋਂ ਦੁਨੀਆਂ ਵਿਚ ਸਭ ਦਾ ਵੱਖੋ ਵੱਖਰਾ ਤੁਰਿਆ ਆਇਆ ਹੈ ਪਰ ਅਜੋਕੇ ਦੌਰ ਦੇ ਕੁੱਕੜ ਕਲਗੀ ਵਰਗੇ ਬੋਦੇ ਤਾਂ ਜਿਵੇਂ ਕੁ- ਚੱਜ ਦਾ ਸਿਰਾ ਈ ਬਣੇ ਜਾਪਦੇ ਹਨ। ਡਾਹਢੀ ਦਿੱਖ ਵਾਲੇ ਛੋਕਰੇ ਤਾਂ ਜਿਵੇਂ ਡਰਾਉਣੇ ਜਿਹੇ ਅਨਸਰ ਬਣ ਕੇ ਨਿਗ੍ਹਾ ਵਿਚ ਚੜ੍ਹਨ ਲਈ ਹੱਥ ਪੈਰ ਮਾਰਦੇ ਪ੍ਰਤੀਤ ਹੋ ਰਹੇ ਨੇ! ਉਂਝ ਤੇ ਇਹ ਸਭਨਾਂ ਜੀਆਂ ਦਾ ਹਕ਼ ਹੈ ਕਿ ਓਹ ਜਿਵੇਂ ਚਾਹੁਣ ਆਪਣੀ ਹਯਾਤੀ ਬਿਤਾਉਣ ਪਰ ਸਮਾਜਕ ਨੇਮ, ਭਲੇਮਾਣਸੀ, ਸਾਦਗ਼ੀ ਵੀ ਕੋਈ ਸ਼ੈ ਹੁੰਦੀ “ਸੀ”। ਇਹ ਮਸਅਲਾ ਸੰਜੀਦਾ ਹੈ ਪਰ ਆਪਾਂ ਵਿਅੰਗ ਕਲਾ ਵਿਚ ਗੱਲ ਕਰਨੀ ਐ।
*ਗੰਭੀਰ ਅਲਾਮਤਾਂ ਜ਼ਾਹਰ*
ਕੁਝ ਕੁ ਦਿਨ ਪਹਿਲਾਂ ਦਾ ਵਾਕਿਆ ਹੈ, ਸਾਨੂੰ ਇਕ ਪਿਓ ਤੇ ਓਹਦੇ ਮਤਰੇਏ ਪੁੱਤਰ ਜਾਂ ਸਮਝੋ ਕਿ ਮਤਰੇਏ ਪਿਓ ਤੇ ਓਹਦੇ ਪੁੱਤਰ ਵਿਚਾਲੇ ਹੋਏ ਝਗੜੇ ਵਿਚ ਜਾਣਾ ਪਿਆ। ਸਾਡੇ ਵਾਕਫ਼ਕਾਰ ਸੱਜਣ ਝਗੜਾ ਨਬੇੜ੍ਹਨ ਗਏ ਸਨ ਤੇ ਸਾਨੂੰ ਵੀ ਓਹ ਨਾਲ ਲੈ ਗਏ। ਥਾਣੇ ਦੇ ਅੰਦਰ, ਥਾਣੇਦਾਰ ਦੇ ਮੁੱਢ ਬੈਠਾ ਓਹ ਛੋਕਰਾ ਕਹੀ ਜਾਵੇ ਕਿ ਮੈਨੂੰ ਬੰਨ ਕੇ ਬਿਠਾ ਲਿਓ ਨਹੀਂ ਤਾਂ ਮੈਂ ਫਲਾਨੇ ਅੰਕਲ ਨੂੰ ਫੜ ਕੇ ਭੰਨ ਦੇਣਾ ਆ!! ਡੈਡੀ ਮੈਨੂੰ ਨਾ ਹੁਣ ਰੋਕ…! ਵੇਖੀ ਤੇਰਾ ਸ਼ੇਰੂ ਹੁਣ ਕੀ ਕਰੂਗਾ। ਏਨੇ ਨੂੰ ਓਸ ਗੁੰਡੇ (ਮਾਫ਼ ਕਰਨਾ ਮੁੰਡੇ ਪੜ੍ਹਿਆ ਜਾਵੇ) ਦੇ ਹਮਾਇਤੀ ਯਾਰ ਅਹਿਬਾਬ ਵੀ ਥਾਣੇ ਆ ਗਏ। ਓ ਯਾਰ ਸ਼ੈਂਕੀ, ਓ ਕਿੱਦਾਂ ਵਈ ਗੌਂਡਰ ਭਾਅ। ਓ ਹੋਰ ਸੁਣਾ ਪਿੰਟਿਆ…। ਠੀਕ ਹੈ ਦੁਰਜਣਾ!! ਥਾਣੇ ਦੇ ਅੰਦਰ, ਥਾਣੇ ਦਾ ਮਾਹੌਲ ਘੱਟ ਲੱਗ ਰਿਹਾ ਸੀ, ਇੰਝ ਜਾਪ ਰਿਹਾ ਸੀ ਜਿਵੇਂ ਸ਼ੈਂਕੀ ਮੈਂਕੀ ਤੇ ਟੌਮੀ ਨੁਮਾ ਅੱਥਰੇ ਕਾਕੇ ਪਾਰਟੀ ਕਰਨ ਲਈ ਇੱਕੱਠੇ ਹੋਏ ਹੋਣ।
ਖ਼ੈਰ… ਛੋਕਰੇ ਜਦੋਂ ਆਏ ਤਾਂ ਸਭ ਦਾ ਧਿਆਨ ਉਨ੍ਹਾਂ ਦੇ ਅਜੀਬੋ ਗ਼ਰੀਬ ਵਾਲਾਂ ਤੇ ਮੁੰਨੇ ਹੋਏ ਵਿੰਗੇ ਟੇਢੇ ਸਿਰਾਂ ਵੱਲ ਜਾ ਰਿਹਾ ਸੀ। ਇੰਝ ਜਾਪ ਰਿਹਾ ਸੀ, ਜਿਵੇਂ ਸਿਰ ਮੁੰਨੀਆਂ ਭੇਡਾਂ, ਇਨਸਾਨ ਦਾ ਹੇਠਲਾ ਸਰੀਰ ਧਾਰ ਕੇ ਆ ਗਈਆਂ ਹੋਣ। ਮੁੰਡੇ ਵੀ ਇਹੋ ਜਿਹੇ ਜਿਵੇਂ ਕਿਸੇ ਥਾਂ ਦੇ ਗੁੰਡੇ ਇਕੱਠੇ ਹੋ ਕੇ ਆਏ ਹੋਣ। ਕੋਈ ਸੰਗ ਨਹੀਂ, ਕੋਈ ਸ਼ਰਮ ਓ ਹਯਾ ਨ੍ਹੀ। ਪੁੱਛੋਂ ਈ ਨਾ ਕੁਝ!( ਇਨ੍ਹਾਂ ਲਫਜ਼ਾਂ ਉੱਤੇ ਨਾ ਜਾਇਓ ਹੋ ਸਕਦੈ ਆਪਣੇ ਪਰਵਾਰ ਲਈ ਉਹ ਹੀਰੇ ਹੋਣ)
*****
ਪੰਜਾਬੀ ਕੌਮ,ਓਹ ਕੌਮ ਮੰਨੀ ਗਈ ਹੈ ਜਿਹੜੀ ਵੱਡੇ ਤੋਂ ਵੱਡਾ ਮਖੌਲ ਬਰਦਾਸ਼ਤ ਕਰ ਸਕਦੀ ਹੈ ਪਰ ਕਦੇ ਗਾਲ੍ਹ ਗਲੋਚ ਵਾਲੀ ਭਾਸ਼ਾ ਸਹਿਣ ਨਹੀਂ ਕਰਦੀ। …ਪਰ ਜੇ crazy ਕਾਕਿਆਂ ਦਾ ਵਿਚਰਨ, ਤੋਰਾ ਫੇਰਾ, ਜ਼ਿੰਦਗੀ ਕੱਟਣ ਦਾ ਅੰਦਾਜ਼ ਦੇਖੀਏ ਤਾਂ ਪੰਜਾਬੀ ਕੌਮ ਦੀ ਸਿਫ਼ਤ ਵਿਚ ਆਖੀ ਜਾਂਦੀ ਹਰ ਗੱਲ ਹੁਣ ਬੀਤੇ ਦੀ ਬਾਤ ਲੱਗਦੀ ਹੈ। ਮੋਬਾਈਲ ਮੁਰੰਮਤ ਵਾਲੀਆਂ ਦੁਕਾਨਾਂ, ਨਾਈਆਂ ਦੀਆਂ ਹੱਟੀਆਂ ਤੇ ਅਖੌਤੀ ਮੌਡਰਨ ਕੱਪੜੇ ਵਾਲੀਆਂ ਹੱਟੀਆਂ ਉੱਤੇ ਇਹੋ ਜਿਹੇ ਬੇ ਗ਼ੈਰਤ ਛੋਕਰੇ ਤੇ ਘਸੇ ਹੋਏ ਮਰੇ ਮੁੱਕੇ ਜਾਪਦੇ ਮੁੰਡੇ ਵੀ ਆਉਂਦੇ ਜਾਂਦੇ ਦਿੱਸ ਪੈਂਦੇ ਨੇ, ਜਿਹੜੇ ਇਕ ਦੂਜੇ ਨੂੰ ਮਿਲਣ ਤੇ ਵਿਛੜਣ ਲੱਗਿਆਂ ਭੱਦੇ ਲਫ਼ਜ਼ ਵਰਤਦੇ ਕੰਨੀਂ ਪੈਂਦੇ ਹਨ। ਗਾਹਲਾਂ ਨਾ ਬਰਦਾਸ਼ਤ ਕਰਨ ਵਾਲੇ ਪੰਜਾਬ ਵਿਚ ਇਹੋ ਜਿਹੇ ਲਾਹਣਤੀਆਂ ਦੀ ਕੋਈ ਥੁੜ੍ਹ ਨਹੀਂ ਰਹਿ ਗਈ, ਹੋ ਸਕਦੈ ਕਦੇ ਤੁਹਾਨੂੰ ਵੀ ਇਹੋ ਜਿਹੇ ਬੇ ਗੈਰਤਾਂ ਦੇ ਦੁਰ-ਦਰਸ਼ਣ ਹੋ ਗਏ ਹੋਣ!! ਕਿਸੇ ਨੇ ਠੀਕ ਈ ਆਖਿਐ ਕਰੇਜ਼ੀ ਕਾਕੇ, ਨਾ ਅਕਲ, ਨਾ ਫ਼ਿਕਰ ਤੇ ਨਾ ਫਾਕੇ!!
*****
ਏਸੇ ਕਿਸਮ ਦਾ ਇਕ ਵਾਕਿਆ ਦੱਸਦੇ ਹਾਂ ਕਿ ਅਸੀਂ ਇਕ ਸੈਂਟਰ ਵਿਚ ਗਏ ਸਾਂ। ਓਥੇ ਇਹੋ ਜਿਹਾ ਮੁੰਡਾ ਖੁੰਡਾ ਮਿਲਿਆ ਤੇ ਜਬਰੀ ਦੋਸਤੀ ਕਰਨ ਲਈ ਖਹਿੜੇ ਪੈ ਗਿਆ। ਓਹਦੀ ਦਿੱਖ (look) ਇਹੋ ਜਿਹੀ ਸੀ ਕਿ ਸਾਡਾ ਦਿਲ ਅੰਦਰੋਂ ਡਰ ਰਿਹਾ ਸੀ ਕਿ ਜੇ ਏਸ ਬੰਦੇ ਨੂੰ ਦੋਸਤ ਨਾ ਮੰਨਿਆ ਤਾਂ ਇਹ ਨਰਾਜ਼ ਹੋ ਕੇ ਨੁਕਸਾਨ ਵੀ ਕਰ ਸਕਦੈ। ਮੁੰਡਾ ਭਾਵੇਂ ਲੋਕਲ ਜੰਮਪਲ ਸੀ ਪਰ ਓਕੇ ਬਰੋ ਤੇ ਥੈਨਕਿਊ ਬਰੋ ਕਹਿੰਦੇ ਦੀ ਜ਼ੁਬਾਨ ਸੁੱਕਦੀ ਸੀ। ਪਹਿਲਾਂ ਸਾਨੂੰ ਸ਼ਕ਼ ਸੀ ਬਈ ਕਾਕਾ ਕਨੇਡਾ ਦਾ ਗੇੜਾ ਲਾ ਕੇ ਆਇਆ ਹੋਵੇਗਾ ਪਰ ਓਹਦੇ ਚੁਗਲ ਮਿੱਤਰਾਂ ਨੇ ਦੱਸਿਆ ਕਿ ਇਹੋ ਜਿਹੀ ਗੱਲ ਕੋਈ ਨ੍ਹੀ, ਸੋਸ਼ਲ ਮੀਡੀਆ ਤੋਂ ਇਹਨੇ ਇਹ ਲਫ਼ਜ਼ ਸਿੱਖ ਲਏ ਨੇ।
****
*ਦੋਸਤੀ! ਨਾ, ਬਾਬੇ ਨਾ*
ਇਹੋ ਜਿਹੇ ਅੱਥਰੇ ਕਾਕਿਆਂ ਦੀ ਯਾਰੀ ਵੀ ਮਾੜੀ ਤੇ ਵੈਰ ਵੀ ਮਾੜਾ। ਜੇ ਇਹੋ ਜਿਹਾ ਕੋਈ ਕਾਕਾ ਕਿਸੇ ਰਿਸ਼ਤੇ ਨਾਤੇਦਾਰ ਦੇ ਘਰ ਮਿਲ ਪਵੇ, ਕਿਸੇ ਫਿੱਟਨੈੱਸ ਸੈਂਟਰ ਵਿਚ ਸੰਜੋਗੀ ਮੇਲ ਹੋ ਜਾਵੇ ਤਾਂ ਹਿਰਦਾ ਅੰਦਰੋਂ ਕੰਬਦਾ ਰਹਿੰਦਾ ਹੈ ਕਿ ਮਨਾ! ਕਿਤੇ ਘਰ ਲੈ ਕੇ ਜਾਣ ਲਈ ਜ਼ਿੱਦ ਕਰਨ ਨਾ ਲੱਗ ਪਵੇ, ਮੁੜ ਕੇ ਘਰ ਦੇ ਜੀਅ ਵੀ ਡਰਨ ਕਿ ਇਹਨੂੰ ਹੁਣ ਸੇਵਾ ਪਾਣੀ ਪਿੱਛੋਂ ਰੁਖ਼ਸਤ ਹੋਣ ਲਈ ਕਿੰਝ ਮਨਾਈਏ।
*ਅਖੇ, ਫਿਲਮ ਦੀ ਕਹਾਣੀ ਲਿਖ ਕੇ ਦੇਅ*
ਇਕ ਇਹੋ ਜਿਹਾ ਅਨਸਰ ਮਿਲ ਪਿਆ। ਆਖਣ ਲੱਗਿਆ ਯਾਰ ਕੋਲ ਪੈਸੇ ਬਹੁਤ ਆ। ਆਪਾ ਛੇਤੀ ਇਕ ਕਾਂਡ ਕਰਨਾ ਆ।ਬਾਬੇ, ਖੁੱਲ੍ਹੇ ਪੈਸੇ ਆ ਜਾਣੇ ਆ ਯਾਰ ਕੋਲ, ਫੇਰ, ਯਾਰ, ਫਿਲਮ ਬਣਾਊਗਾ। ਟੀਨੂੰ ਵਾਜਬਾ ਨੂੰ ਹੈਰੋਇਨ ਲਵਾਂਗੇ। (ਯਾਰ ਉਹ ਆਪਣੇ ਆਪ ਲਈ ਲਫ਼ਜ਼ ਵਰਤ ਰਿਹਾ ਸੀ) ਬਾਬੇ, ਤੂੰ ਵੀ ਬੜਾ ਲਿਖਦੈ ਰਹਿੰਦੈ, ਇਕ ਫ਼ਿਲਮ ਦੀ ਕਹਾਣੀ ਤੇ ਸਕ੍ਰਿਪਟ ਲਿਖ ਦੇਅ।
ਮੈਂ, ਜਾਨ ਛੁਡਾਉਣ ਲਈ ਕਿਹਾ, ਕੀ ਲਿਖਾ ਭਾਊ? ਕਹਿੰਦਾ, ਬਾਬੇ ਫਿਲਮ ਬਣਾਉਣੀ ਆ, “ਡੈਡੀ ਲੇਜ਼ੀ, ਕਾਕੇ ਕਰੇਜ਼ੀ”। ਦਾਸ, ਨੇ ਕਿਹਾ, ਏਸ ਫਿਲਮ ਦੀ ਕਹਾਣੀ ਲਿਖ ਦਿਆ… ਕਹਿੰਦਾ ਕਿਹੜੀ ਫ਼ਿਲਮ, ਬਾਬੇ ਨਾਂ ਤਾਂ ਦੱਸ, ਮੈਂ ਕਿਹਾ… “ਡੈਡੀ ਮੈਂਟਲ, ਕਾਕੇ ਸੈਂਟੀਮੈਂਟਲ” ਹੱਸ ਕੇ ਆਖਣ ਲੱਗਿਆ, ਇਹ ਵੀ ਨਾਂ ਠੀਕ ਐ, ਬਾਬੇ ਸਟੋਰੀ ਤਿਆਰ ਰੱਖ..” ਇਹ ਭਰੋਸਾ ਦੇ ਕੇ ਅਸੀਂ ਡਾਹਢੀ ਦਿੱਖ ਵਾਲੇ ਤੋਂ ਖਹਿੜਾ ਛੁਡਾ ਕੇ ਘਰ ਪਰਤੇ ਸਾਂ।
*ਬੁਰਾ ਨਾ ਮਨਾਇਓ, ਆਪਾ ਪੜਚੋਲਿਓ*
ਡਾਹਢੀ ਦਿੱਖ ਵਾਲੇ ਕਾਕਿਓ, ਸਾਨੂੰ ਪਤੈ ਬਈ ਤੁਸੀਂ ਪੜ੍ਹ ਪੁੜ੍ਹ ਕੇ ਬਾਹਲੇ ਖੁਸ਼ ਨਹੀਂ ਓ। ਤੁਹਾਡੀ ਪਹੁੰਚ ਦੂਰ ਦੂਰ ਤੱਕ ਹੁੰਦੀ ਐ। ਯਾਰੀ ਦੋਸਤੀ ਦੀ ਗੱਲ ਕਰੀਏ ਤਾਂ ਅਨੇਕਾਂ ਸਟਨਿੰਗ ਗੈਂਗਸਟਰ ਤੁਹਾਡੇ ਯਾਰ ਹੋਣਗੇ।…. ਪਰ ਜੇ ਗ਼ਲਤੀ ਨਾਲ ਜਾਂ ਕਿਸੇ ਤੁੱਕੇ ਕਾਰਨ ਏਸ ਸੁਲੇਖ ਦਾ ਲਿੰਕ ਖੁਲ੍ਹ ਗਿਆ ਹੋਵੇ ਯਾਂ ਇਹ ਲਿਖਤ ਤੁਸੀਂ ਪੜ੍ਹ ਲਈ ਹੋਵੇ ਤਾਂ ਮਨ ਨਾ ਮਸੋਸਿਓ ਬਲਕਿ ਆਪਾ ਪੜਚੋਲ ਕਰਿਓ ਕਿ ਇਹ ਕੀ ਹਾਲਤ ਬਣਾ ਲਈ ਹੈ ਆਪਣੀ। ਕੀ ਇਹ ਊਰਜਾ, ਜ਼ਿੰਦਗੀ ਨੂੰ ਉਸਾਰੂ ਪਾਸੇ ਤੋਰਨ ਵੱਲ ਨਹੀਂ ਸੀ ਲਾ ਸਕਦੇ? ਹੈ ਕਿ ਨਹੀਂ!
ਯਾਦਵਿੰਦਰ
ਸੰਪਰਕ : ਸਰੂਪ ਨਗਰ, ਨੇੜੇ ਹੇਮਕੁੰਟ ਸਕੂਲ, ਰਾਓਵਾਲੀ, ਜਲੰਧਰ ਦਿਹਾਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly