ਹੁਣ ਨਕੋਦਰ ਵਿਖੇ ਪਿੰਡ ਹੁੰਦਲ ਢੱਡਾ ਦੇ ਖੇਤਾਂ ”ਚੋਂ ਮਿਲੇ 27 ਪਾਕਿਸਤਾਨੀ ਗੁਬਾਰੇ

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) :ਨਕੋਦਰ ਸਦਰ ਥਾਣੇ ਦੇ ਅਧੀਨ ਪੈਂਦੇ ਪਿੰਡ ਹੁੰਦਲ ਢੱਡਾ ਵਿਖੇ 27 ਦੇ ਕਰੀਬ ਪਾਕਿਸਤਾਨੀ ਗੁਬਾਰੇ ਅਤੇ ਇਕ ਪਾਕਿਸਤਾਨੀ ਝੰਡਾ ਮਿਲਣ ਦੀ ਸੂਚਨਾ ਮਿਲੀ ਹੈ। ਇਸ ਦੇ ਨਾਲ ਹੀ ਪਿੰਡ ਅਤੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਮੌਕੇ ’ਤੇ ਪੁੱਜੇ ਸਦਰ ਥਾਣਾ ਮੁਖੀ ਇੰਸਪੈਕਟਰ ਗੁਰਿੰਦਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਇਹ ਗੁਬਾਰੇ ਹਰਭਜਨ ਸਿੰਘ ਦੇ ਖੇਤਾਂ ਨੇੜਿਓਂ ਬਰਾਮਦ ਹੋਏ ਹਨ, ਜਿਨ੍ਹਾਂ ਬਾਰੇ ਪਤਾ ਲੱਗਣ ’ਤੇ ਵੱਖ-ਵੱਖ ਮਹਿਕਮਿਆਂ ਨਾਲ ਤਾਲਮੇਲ ਕਰਕੇ ਇਸ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਹਿਲੀ ਨਜ਼ਰੇ ਇਹ ਗੁਬਾਰੇ ਪਾਕਿਸਤਾਨ ਤੋਂ ਆਏ ਹਨ, ਜਿਨ੍ਹਾਂ ਉੱਪਰ ਦਿਲ-ਦਿਲ ਪਾਕਿਸਤਾਨ ਲਿਖਿਆ ਹੋਇਆ ਹੈ ਪਰ ਫਿਰ ਵੀ ਇਨ੍ਹਾਂ ਗੁਬਾਰਿਆਂ ਦੀ ਜਾਂਚ ਕੀਤੀ ਜਾਵੇਗੀ ਕਿ ਇਹ ਗੁਬਾਰੇ ਪਾਕਿਸਤਾਨ ਜਾਂ ਭਾਰਤ ਵਾਲੇ ਪਾਸੇ ’ਤੇ ਕਿਸ ਦਿਸ਼ਾ ਤੋਂ ਆਏ ਹਨ। ਇਸ ਮੌਕੇ ਹਰਭਜਨ ਸਿੰਘ, ਜਗਜੀਤ ਸਿੰਘ, ਸਾਜਨ ਕਪੂਰ ਆਦਿ ਹਾਜ਼ਰ ਸਨ।

ਫਿਲਹਾਲ ਪੁਲਸ ਵੱਲੋਂ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸੂਬੇ ਭਰ ਵਿਚ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਦੇ ਚੱਲਦੇ ਪੁਲਸ ਵੱਲੋਂ ਚੌਕਸੀ ਵਰਤੀ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਪਾਕਿਸਤਾਨੀ ਗੁਬਾਰੇ ਮਿਲਣ ਦਾ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਪੰਜਾਬ ਵਿਖੇ ਵੱਖ-ਵੱਖ ਜ਼ਿਲ੍ਹਿਆਂ ‘ਚੋਂ ਪਾਕਿਸਤਾਨੀ ਝੰਡੇ ਅਤੇ ਗੁਬਾਰੇ ਮਿਲ ਚੁੱਕੇ ਹਨ। ਇਸ ਤੋਂ ਆਜ਼ਾਦੀ ਦਿਹਾੜੇ ਮੌਕੇ ਰੂਪਨਗਰ ਵਿਖੇ ਪਿੰਡ ਸੰਦੋਆ ਵਿਚ ਪਾਕਿਸਤਾਨ ਦਾ ਝੰਡਾ ਅਤੇ ਆਈ. ਲਵ. ਪਾਕਿਸਤਾਨ ਲਿਖੇ ਗ਼ੁਬਾਰਿਆਂ ਦਾ ਵੱਡੀ ਮਾਤਰਾ ਦੇ ਵਿੱਚ ਮਿਲੇ ਸਨ। ਉਸੇ ਦਿਨ ਹੀ ਮਾਹਿਲਪੁਰ ਦੇ ਪਿੰਡ ਮੋਤੀਆਂ ਵਿਚ ਦੋ ਦਰਜਨ ਦੇ ਕਰੀਬ ਗੁਬਾਰਿਆਂ ਨਾਲ ਬੰਨ੍ਹਿਆ ਹੋਇਆ ਪਾਕਿਸਤਾਨੀ ਝੰਡਾ ਮਿਲਿਆ ਸੀ। ਇਸ ਝੰਡੇ ‘ਤੇ ਪਾਕਿਸਤਾਨੀ ਫੋਨ ਨੰਬਰ ਅਤੇ ਲਾਹੌਰ ਲਿਖਿਆ ਹੋਇਆ ਸੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਰਕਸ ਵੱਲੋਂ ਇੰਗਲੈਂਡ ਨਿਵਾਸੀ ਐਸ ਬਲਵੰਤ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
Next articleਸਸਟੋਬਾਲ ਐਸੋਸੀਏਸ਼ਨ ਪੰਜਾਬ ਵਲੋਂ ਜੀਤ ਕਪਿਆਲ ਚੇਅਰਮੈਨ ਅਤੇ ਮਨਦੀਪ ਸਿੰਘ ਕਾਰਜਕਾਰੀ ਪ੍ਰਧਾਨ ਨਿਯੁਕਤ