(ਲੇਖਕ ਦੇ ਮਾਤਾ-ਪਿਤਾ ਵੱਲੋਂ ਅਦਾ ਕੀਤੀ ਗਈ ਲੋਕ ਅਰਪਣ ਦੀ ਰਸਮ)
(ਸਮਾਜ ਵੀਕਲੀ) ਮੋਹਾਲੀ ਵੱਸਦੇ ਨੌਜੁਆਨ ਲੇਖਕ ਹਰਪ੍ਰੀਤ ਸਿੰਘ ਸਵੈਚ ਦੀ ਤੀਜੀ ਪੁਸਤਕ “ਇਹ ਜੁ ਦੁਨੀਆ ਸਿਹਰੁ ਮੇਲਾ” ਅੱਜ ਮੋਹਾਲੀ ਵਿੱਚ ਉਨ੍ਹਾਂ ਦੇ ਗ੍ਰਹਿ ਵਿਖੇ ਇਕ ਸਾਦੇ ਸਮਾਗਮ ਦੌਰਾਨ ਲੋਕ ਅਰਪਣ ਕੀਤੀ ਗਈ। ਪੰਚਨਦ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਇਸ ਕਿਤਾਬ ਨੂੰ ਲੋਕ ਅਰਪਣ ਕਰਨ ਦੀ ਰਸਮ ਲੇਖਕ ਦੇ ਪਿਤਾ ਸਰਦਾਰ ਗੁਰਨਾਮ ਸਿੰਘ ਚਾਓਮਾਜਰਾ ਅਤੇ ਮਾਤਾ ਕ੍ਰਿਪਾਲ ਕੌਰ ਵੱਲੋਂ ਅਦਾ ਕੀਤੀ ਗਈ। ਇੱਥੇ ਜ਼ਿਕਰਯੋਗ ਹੈ ਕਿ ਸਵੈਚ ਇਸ ਤੋਂ ਪਹਿਲਾਂ ਕਾਵਿ ਸੰਗ੍ਰਹਿ “ਇਬਾਦਤਗਾਹ” ਅਤੇ ਵਾਰਤਕ ਪੁਸਤਕ “ਰਤੇ ਇਸਕ ਖੁਦਾਇ” ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾ ਚੁੱਕਿਆ ਹੈ। ਇਸ ਮੌਕੇ ਲੇਖਕ ਦੇ ਪਿਤਾ ਸਰਦਾਰ ਗੁਰਨਾਮ ਸਿੰਘ ਚਾਓਮਾਜਰਾ ਨੇ ਆਖਿਆ ਕਿ ਉਨ੍ਹਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਟੱਬਰ ਵਿਚ ਕੋਈ ਸਾਹਿਤਕ ਵਿਰਾਸਤ ਨਾ ਹੋਣ ਦੇ ਬਾਵਜੂਦ ਵੀ ਸਵੈਚ ਪੰਜਾਬੀ ਸਾਹਿਤ ਅਤੇ ਸ਼ਬਦ ਸਭਿਆਚਾਰ ਨਾਲ ਜੁੜਿਆ ਹੋਇਆ ਹੈ। ਮਾਤਾ ਕ੍ਰਿਪਾਲ ਕੌਰ ਨੇ ਇਸ ਗੱਲ ਦੀ ਖੁਸ਼ੀ ਜ਼ਾਹਿਰ ਕੀਤੀ ਕਿ ਜਿਹੜੇ ਚੰਗੇ ਸਬਕ ਲੇਖਕ ਨੇ ਖੁਦ ਜ਼ਿੰਦਗੀ ਵਿਚ ਸਿੱਖੇ ਹਨ, ਉਹ ਉਨ੍ਹਾਂ ਨੂੰ ਆਪਣੇ ਤੱਕ ਮਹਿਦੂਦ ਨਾ ਰੱਖ ਕੇ ਅਜੋਕੀ ਨੌਜੁਆਨ ਪੀੜੀ ਨੂੰ ਸੇਧ ਦੇਣ ਦੇ ਮੰਤਵ ਨਾਲ ਪ੍ਰਕਾਸ਼ਿਤ ਕਰ ਰਿਹਾ ਹੈ। ਇਸ ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਹਰਪ੍ਰੀਤ ਸਿੰਘ ਸਵੈਚ ਨੇ ਦੱਸਿਆ ਕਿ ਸਾਡੀ ਰੋਜ਼ਾਨਾ ਜ਼ਿੰਦਗੀ ਨਾਲ ਵਾਬਸਤਾ ਵਿਸ਼ੇ ਜਿਵੇਂ ਗੁੱਸਾ, ਸਬਰ, ਮੁਹੱਬਤ, ਦੋਸਤੀ, ਭਰੋਸਾ, ਈਰਖਾ ਆਦਿ ਨਾਲ ਸਬੰਧਤ ਕੁੱਲ 21 ਨਿਬੰਧ ਇਸ ਕਿਤਾਬ ਵਿਚ ਸ਼ਾਮਲ ਕੀਤੇ ਗਏ ਹਨ। ਸਵੈਚ ਮੁਤਾਬਿਕ ਇਹ ਕਿਤਾਬ ਕਿਸੇ ਕਿਸਮ ਦਾ ਕੋਈ ਉਪਦੇਸ਼ ਨਹੀਂ ਹੈ ਅਤੇ ਨਾ ਹੀ ਕਿਸੇ ਅੰਤਿਮ ਸੱਚ ਦਾ ਦਾਅਵਾ ਕਰਦੀ ਹੈ ਸਗੋਂ ਇਸ ਕਿਤਾਬ ਵਿਚਲਾ ਹਰ ਨਿਬੰਧ ਇਕ ਅਜਿਹਾ ਦਰਪਣ ਹੈ, ਜਿਸ ਵਿਚੋਂ ਪਾਠਕ ਖੁਦ ਨਾਲ ਰੂਬਰੂ ਹੋ ਸਕੇਗਾ। ਸਵੈਚ ਨੇ ਦੱਸਿਆ ਕਿ ਇਸ ਕਿਤਾਬ ਵਿਚ ਜ਼ਿੰਦਗੀ ਦੇ ਜਿਹੜੇ ਅਣਮੁੱਲੇ ਸਬਕਾਂ ਦੀ ਬਾਤ ਪਾਈ ਗਈ ਹੈ, ਉਹ ਮੁਢਲੇ ਤੌਰ ਤੇ ਉਸ ਨੂੰ ਆਪਣੇ ਮਾਤਾ ਪਿਤਾ ਕੋਲੋਂ ਹੀ ਮਿਲੇ ਹਨ, ਜਿਸ ਕਾਰਨ ਉਸ ਵੱਲੋਂ ਇਹ ਕਿਤਾਬ ਆਪਣੇ ਮਾਤਾ ਪਿਤਾ ਨੂੰ ਸਮਰਪਿਤ ਕੀਤੀ ਗਈ ਹੈ।ਸਵੈਚ ਨੇ ਇਸ ਕਿਤਾਬ ਲਈ ਵੱਡਮੁੱਲਾ ਸਹਿਯੋਗ ਦੇਣ ਵਾਸਤੇ ਆਪਣੇ ਸਾਹਿਤਕ ਰਾਹ ਦਸੇਰੇ ਪ੍ਰੋਫੈਸਰ ਜਸਵੀਰ ਸਿੰਘ ਸ਼ਾਇਰ, ਪੰਚਨਦ ਪ੍ਰਕਾਸ਼ਨ ਦੇ ਸਰਪ੍ਰਸਤ ਜੁਗਲ ਕਿਸ਼ੋਰ ਪੰਗੋਤਰਾ ਅਤੇ ਸਮਾਜ ਸੇਵੀ ਹਰਮਿੰਦਰ ਸਿੰਘ ਦਾ ਉਚੇਚਾ ਧੰਨਵਾਦ ਕੀਤਾ। ਇਸ ਮੌਕੇ ਲੇਖਕ ਦੀ ਪਤਨੀ ਗੁਰਸਿਮਰਤ ਕੌਰ ਅਤੇ ਭੈਣ ਸੁਖਦੀਪ ਕੌਰ ਵੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
—–



