HOME ਹਰਮਨ-ਪਿਆਰਾ ਗਾਇਕ ਸੀ ਦਿਲਸ਼ਾਦ ਅਖ਼ਤਰ

ਹਰਮਨ-ਪਿਆਰਾ ਗਾਇਕ ਸੀ ਦਿਲਸ਼ਾਦ ਅਖ਼ਤਰ

2
ਦਿਲਸ਼ਾਦ ਅਖ਼ਤਰ
20 ਜਨਵਰੀ ਨੂੰ ਬਰਸੀ ’ਤੇ ਵਿਸ਼ੇਸ਼
 (ਸਮਾਜ ਵੀਕਲੀ)  ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਦਿਲਸ਼ਾਦ ਅਖ਼ਤਰ ਦੀ ਗਾਇਕੀ ਦੀ ਜਦੋਂ ਗੱਲ ਹੁੰਦੀ ਹੈ ਤਾਂ ਉਸ ਦੀ ਘਾਟ ਮਹਿਸੂਸ ਹੁੰਦੀ ਹੈ। ਉਸ ਦਾ ਜਨਮ ਪ੍ਰਸਿੱਧ ਲੇਖਕ ਤੇ ਲੋਕ ਗਾਇਕ ਕੀੜੇ ਖਾਂ ਸ਼ੌਕੀਨ ਤੇ ਮਾਤਾ ਨਸੀਬ ਕੌਰ ਦੇ ਘਰ 1966 ਈ: ਵਿੱਚ ਸ਼੍ਰੀ ਮੁਕਤਸਰ ਸਾਹਿਬ ਵਿਖੇ ਹੋਇਆ। ਦਿਲਸ਼ਾਦ ਅਖ਼ਤਰ ਦੇ ਪਿਤਾ ਕੀੜੇ ਖਾਂ ਵੀ ਗਾਉਣ ਦਾ ਸ਼ੌਕ ਰੱਖਦੇ ਸਨ। ਦਿਲਸ਼ਾਦ ਦੇ ਜਨਮ ਤੋਂ ਕੁਝ ਸਾਲਾਂ ਮਗਰੋਂ ਹੀ ਸਾਰਾ ਪਰਿਵਾਰ ਕੋਟਕਪੂਰਾ (ਫ਼ਰੀਦਕੋਟ) ਵਿਖੇ ਆ ਗਿਆ। ਦਿਲਸ਼ਾਦ ਅਖ਼ਤਰ ਸਾਬਰ ਹੁਸੈਨ ਸਾਬਰ ਦਾ ਭਾਣਜਾ ਤੇ ਕੋਟਕਪੂਰਾ ਦਾ ਵਸਨੀਕ ਸੀ। ਫੇਰੂਮਾਨ ਚੌਂਕ ਕੋਟਕਪੂਰਾ ਵਿਖੇ ਉਹਨਾਂ ਦੀ ਰਿਹਾਇਸ਼ ਸੀ। ਦਿਲਸ਼ਾਦ ਨੂੰ ਗਾਇਕੀ ਦੀ ਲਗਨ ਆਪਣੇ ਪਿਤਾ ਤੋਂ ਲੱਗੀ। ਘਰ ਵਿੱਚ ਗਾਇਕੀ ਦਾ ਮਾਹੌਲ ਹੋਣ ਕਰਕੇ ਉਹ ਵੀ ਗਾਇਕੀ ਵੱਲ ਤੁਰ ਪਿਆ। ਉਸ ਨੇ ਪੰਡਿਤ ਕਿ੍ਸ਼ਨ ਕਾਂਤ ਤੋਂ ਸੁਰ-ਤਾਲ ਦੀ ਵਿੱਦਿਆ ਹਾਸਲ ਕੀਤੀ। ਦਿਲਸ਼ਾਦ ਅਖ਼ਤਰ ਨੇ ਬੀ.ਏ. ਤੱਕ ਦੀ ਪੜ੍ਹਾਈ ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ ਤੋਂ ਕੀਤੀ। ਕਾਲਜ ਦੇ ਯੂਥ ਫੈਸਟੀਵਲ ਦੇ ਸੱਭਿਆਚਾਰਿਕ ਪ੍ਰੋਗਰਾਮ ਵਿੱਚ ਉਸ ਨੇ ‘ਚੰਨ ਮੰਗੇ ਚਾਨਣੀ ਗੁਲਾਬ ਮੰਗੇ ਰੰਗ’ ਗੀਤ ਗਾ ਕੇ ਦਰਸ਼ਕਾਂ ਪਾਸੋਂ ਵਾਹ-ਵਾਹ ਖੱਟੀ। ਪੜ੍ਹਾਈ ਦੌਰਾਨ ਹੀ ਦਿਲਸ਼ਾਦ ਸੁਰੀਲੀ ਆਵਾਜ਼ ਕਰਕੇ ਸੰਸਾਰ ਵਿੱਚ ਮਕਬੂਲ ਹੋ ਗਿਆ। ਉਸ ਸਮੇਂ ਕਾਲਜ ਦੇ ਪ੍ਰਿੰਸੀਪਲ ਗੁਰਦੇਵ ਸਿੰਘ ਸਿੱਧੂ ਨੇ ਉਸ ਦੀ ਅੰਦਰੂਨੀ ਗਾਇਕੀ ਨੂੰ ਪਹਿਚਾਣਿਆ ਤੇ ਅੱਗੇ ਵਧਾਇਆ। ਉਸ ਦਾ ਭਗਤ ਸਿੰਘ ਦੀ ਘੋੜੀ ਗਾਉਣ ਵਿੱਚ ਕੋਈ ਸਾਨੀ ਨਹੀਂ ਸੀ। ਉਸ ਦੀ ਪਲੇਠੀ ਕੈਸਿਟ 1985 ਵਿੱਚ ‘ਧਰਤੀ ਪੰਜ ਦਰਿਆਵਾਂ ਦੀ’ ਆਈ ਜਿਸ ਦੇ ਸਾਰੇ ਗੀਤ ਧਰਮ ਕੰਮੇਆਣਾ ਨੇ ਲਿਖੇ ਸਨ। ਦਿਲਸ਼ਾਦ ਅਖ਼ਤਰ ਦਾ ਵਿਆਹ ਆਪਣੀ ਪ੍ਰੇਮਿਕਾ ਰਾਣੀ ਨਾਲ ਹੋਇਆ। ਰਾਣੀ ਦੀ ਰੀਝ ਅਨੁਸਾਰ ਹੀ ਉਸ ਨੇ ਮਾਡਲ ਟਾਉੂਨ ਐਕਸਟੈਨਸ਼ਨ ਲੁਧਿਆਣਾ ਵਿਖੇ ਕੋਠੀ ਬਣਾਈ ਪਰ ਉਸ ਕੋਠੀ ਵਿੱਚ ਰਹਿਣਾ ਦਿਲਸ਼ਾਦ ਨੂੰ ਨਸੀਬ ਨਾ ਹੋਇਆ। ਦਿਲਸ਼ਾਦ ਅਖ਼ਤਰ ਦੀਆਂ 15 ਕੈਸਿਟਾਂ ਮਾਰਕਿਟ ਵਿੱਚ ਆਈਆਂ ਜਿਨ੍ਹਾਂ ਵਿੱਚ ਨੱਚੀ ਸਾਡੇ ਨਾਲ, ਡਿਸਕੋ ’ਚ ਤੂੰਬਾ, ਇਸ਼ਕ ਨਿਮਾਣਾ, ਦੇਸੀ ਬਾਂਦਰੀ ਵਲੈਤੀ ਚੀਕਾਂ, ਬੱਲੇ ਤੇਰੀ ਤੋਰ ਨੀ, ਹੁਸਨਾਂ ਦੀ ਸਰਕਾਰ, ਕੀ ਹਾਲ ਪ੍ਰੀਤੋ ਦਾ, ਸੱਚ ਨੂੰ ਫਾਂਸੀ, ਜਾਂਦੀ ਡੋਲੀ ਰੋਕ ਲਉ, ਕਿਹੜੇ ਅੰਬਰ ਤੇ ਘਰ ਪਾ ਲਿਆ ਕਾਫ਼ੀ ਮਕਬੂਲ ਹੋਈਆਂ ਸਨ। ਦਿਲਸ਼ਾਦ ਨੇ ਕਈ ਵੈਰਾਗਮਈ ਗੀਤ ਗਾਏ ਜੋ ਪੰਜਾਬ ਦੇ ਲੋਕਾਂ ਦੀ ਜ਼ਬਾਨ ’ਤੇ ਹਨ ਜਿਨ੍ਹਾਂ ਵਿੱਚ:-
* ‘ਵਤਨਾਂ ਤੋਂ ਆਇਆ ਤੇਰਾ ਖਤ ਪੜ੍ਹ ਕੇ ਨੀ ਸਾਨੂੰ ਨੀਂਦ ਨਾ ਆਉਂਦੀ,  ਸਾਨੂੰ ਪਰਦੇਸੀਆਂ ਨੂੰ ਯਾਦ ਕਰਕੇ ਨੀ ਕਾਹਨੂੰ ਅੱਥਰੂ ਵਹਾਉਂਦੀ’
* ‘ਦਿਲ ਵਿੱਚ ਵੱਸਨੈ ਸੱਜਣਾ ਵੇ ਰਹਿਨੈ ਅੱਖੀਆਂ ਤੋਂ ਦੂਰ,   ਤੂੰ ਕੀ ਜਾਣੇ ਸੱਜਣਾਂ ਮੈਂ ਇੱਥੇ ਕਿੰਨੀ ਮਜ਼ਬੂਰ।’

ਦਿਲਸ਼ਾਦ ਨੇ ਪੰਜਾਬੀ ਫ਼ਿਲਮ ਨਸੀਬੋ, ਕਚਹਿਰੀ, ਅਣਖ ਜੱਟਾਂ ਦੀ, ਉਡੀਕਾਂ ਸਾਉਣ ਦੀਆਂ, ਦੁੱਲਾ ਭੱਟੀ, ਧਰਮ ਜੱਟ ਦਾ ਆਦਿ ਦਰਜਨਾਂ ਫ਼ਿਲਮਾਂ ਵਿੱਚ ਗਾਇਆ। ਉਸ ਨੂੰ ਸ਼ਾਸਤਰੀ ਸੰਗੀਤ ਦਾ ਡੂੰਘਾ ਗਿਆਨ ਸੀ। ਗਾਇਕੀ ਦੇ ਸਦਕਾ ਹੀ ਦਿਲਸ਼ਾਦ ਅਖ਼ਤਰ ਨੇ ਦੇਸ਼-ਵਿਦੇਸ਼ ਵਿੱਚ ਝੰਡੇ ਗੱਡੇ ਪਰ ਉਸ ਨੇ ਕਦੇ ਵੀ ਅਸੱਭਿਅਕ ਗੀਤ ਰਿਕਾਰਡ ਨਹੀਂ ਕਰਵਾਇਆ। ਦਿਲਸ਼ਾਦ ਅਖ਼ਤਰ ਜਦੋਂ ਚਿਮਟਾ ਵਜਾ ਕੇ ਗੀਤ ਗਾਉਂਦਾ ਤਾਂ ਉਹ ਆਪ ਵੀ ਝੂੰਮਦਾ ਤੇ ਲੋਕ ਵੀ ਝੂੰਮਣ ਲੱਗ ਜਾਂਦੇ ਸਨ। ਉਸ ਨੇ ਕਈ ਧਾਰਮਿਕ ਕੈਸਿਟਾਂ ‘ਵੈਰ ਸਿੰਘਾਂ ਨੇ ਖੋਲ੍ਹ ਤੇ’ ‘ਸੱਚ ਨੂੰ ਫਾਂਸੀ’ ਵਿੱਚ ਵੀ ਗਾਇਆ। ਦਿਲਸ਼ਾਦ ਅਖ਼ਤਰ ਨੇ ਗੁਰਦਾਸਪੁਰ ਦੇ ਇੱਕ ਪਿੰਡ ਵਿੱਚ ਵਿਆਹ ਦੇ ਪ੍ਰੋਗਰਾਮ ਵਿੱਚ ਸ਼ਰਾਬੀ ਹੋਏ ਵਿਅਕਤੀਆਂ ਦੇ ਗਾਉਣ ਦੀਆਂ ਸਿਫ਼ਾਰਸ਼ਾਂ ਤੇ 20 ਜਨਵਰੀ 1996 ਈ: ਨੂੰ ਇਨਕਾਰ ਕਰ ਦਿੱਤਾ, ਜਿਸ ਕਾਰਨ ਉਸ ਨੂੰ ਆਪਣੀ ਜਾਨ ਦੇਣੀ ਪਈ।

 ਕਰਨੈਲ ਸਿੰਘ ਐੱਮ.ਏ. ਲੁਧਿਆਣਾ
#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ 1, ਚੰਡੀਗੜ੍ਹ ਰੋਡ, ਜਮਾਲਪੁਰ, ਲੁਧਿਆਣਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮਨੁੱਖਤਾ ਦੀ ਸੇਵਾ ਸੁਸਾਇਟੀ ਆਰ ਸੀ ਐੱਫ ਨੇ ਕਲੱਸਟਰ ਭਾਣੋ ਲੰਗਾ (ਕ – 1) ਵਿਖੇ 20 ਲੋੜਵੰਦਾਂ ਨੂੰ ਵੰਡੇ ਕੰਬਲ
Next articleਸਪੇਨ ਵਿੱਚ ਭਿਆਨਕ ਹਾਈ-ਸਪੀਡ ਟ੍ਰੇਨ ਹਾਦਸਾ ਦੋ ਟ੍ਰੇਨਾਂ ਦੀ ਸਿੱਧੀ ਟੱਕਰ, 39 ਮੌਤਾਂ, 150 ਤੋਂ ਵੱਧ ਜ਼ਖ਼ਮੀ