ਹਰਦਿਲ ਅਜੀਜ਼ – ਅਧਿਆਪਕ ਇੰਦਰਦੀਪ ਸਿੰਘ ਜੀ

ਇੰਦਰਦੀਪ ਸਿੰਘ

(ਸਮਾਜ ਵੀਕਲੀ)

” ਯਸਤੇ ਯਗਏਨ ਸਮਿਧਾ ਚ ਉਕਥੇਰਰ ਕੇਭਿਆ ਸੂਨੋ ਸਹਸੋ ਦਦਾਸਤ ।
ਯੰ ਮਤਰਯੇਸ਼ਵ ਸ਼ਮਰਿਤ ਪ੍ਰਚੇਤਾ ਰਾਯਾ ਦੁਮਨੇਨ ਸ਼੍ਰਵਸਾ ਵਿ ਭਾਤੀ ।। …. ਰਿਗਵੇਦ ।।

ਆਪਣੇ ਸਦਗੁਣਾਂ ਦੇ ਆਧਾਰ ‘ਤੇ ਸ੍ਰੇਸ਼ਟ ਕਰਮ ਕਰਨ ਦੀ ਯਥਾਸੰਭਵ ਕੋਸ਼ਿਸ਼ ਕਰਨਾ , ਕਿਸੇ ਖਾਸ ਵਿਅਕਤੀ ਨੂੰ ਹੀ ਨਸੀਬ ਹੁੰਦਾ ਹੈ ਤੇ ਅਜਿਹਾ ਵਿਅਕਤੀ ਕੇਵਲ ਇੱਕ ਇਨਸਾਨ ਤੱਕ ਸੀਮਿਤ ਨਾ ਹੋ ਕੇ ਇੱਕ ਖਾਸ ਸ਼ਖ਼ਸੀਅਤ , ਇੱਕ ਸੰਸਥਾ , ਹੌਸਲੇ , ਆਸ ਤੇ ਵਿਸ਼ਵਾਸ ਦੀ ਜਗਦੀ ਜੋਤ ਅਤੇ ਸੱਚੀ – ਸੁੱਚੀ ਭਾਵਨਾ ਨਾਲ ਸਮਾਜ ਤੇ ਕਿੱਤੇ ਪ੍ਰਤੀ ਦਿਨ ਰਾਤ ਸਮਰਪਤ ਹੋਈ ਮੂਰਤ ਬਣ ਜਾਂਦਾ ਹੈ। ਅਜਿਹੀ ਸ਼ਖ਼ਸੀਅਤ ਕਰਮਵਾਦੀ ਸਿਧਾਂਤ ਦੀ ਪੈਰਵੀ ਕਰਦੀ ਹੋਈ ਸਮਕਾਲੀ ਸਥਿਤੀਆਂ ‘ਤੇ ਡੂੰਘੀ ਛਾਪ ਛੱਡਣ ਦਾ ਪ੍ਰਭਾਵ ਰੱਖਦੀ ਹੈ। ਅਜਿਹੇ ਹੀ ਕਰਮਸ਼ੀਲ ਨੌਜਵਾਨ ਅਧਿਆਪਕ ਹਨ – ਸਰਦਾਰ ਇੰਦਰਦੀਪ ਸਿੰਘ ਜੀ।

” ਸ੍ਰ. ਇੰਦਰਦੀਪ ਸਿੰਘ ” ਇਹ ਨਾਂ ਜ਼ੁਬਾਂ ‘ਤੇ ਆਉਂਦੇ ਸਾਰ ਹੀ ਹੱਸਮੁੱਖ , ਖਿਲਖਿਲਾਉਂਦਾ ਚਿਹਰਾ , ਮਿਲਣਸਾਰ ਅਤੇ ਹਰ ਸਥਿਤੀ ਵਿੱਚ ਸਹੀ – ਸਮਾਯੋਜਨ ਕਰਨ ਦੀ ਪ੍ਰਤਿਭਾ ਰੱਖਣ ਵਾਲੀ ਖੁਸ਼ਨੁਮਾ ਸ਼ਖ਼ਸੀਅਤ ਸਾਡੇ ਮਨ – ਮਸਤਕ ‘ਤੇ ਆ ਜਾਂਦੀ ਹੈ। ਸ੍ਰ. ਇੰਦਰਦੀਪ ਸਿੰਘ ਜੀ ਨੇ ਆਪਣੀ ਨੌਕਰੀ ਦੀ ਸ਼ੁਰੂਆਤ ਸਰਕਾਰੀ ਪ੍ਰਾਇਮਰੀ ਸਕੂਲ ਕਰੀਮਪੁਰ ਚਾਹਵਾਲਾ , ਜ਼ਿਲ੍ਹਾ ਨਵਾਂਸ਼ਹਿਰ ( ਸ਼ਹੀਦ ਭਗਤ ਸਿੰਘ ਨਗਰ ) ਤੋਂ ਸੰਨ 2016 ਵਿੱਚ ਕੀਤੀ। ਉਸ ਤੋਂ ਬਾਅਦ ਆਪਜੀ ਨੇ ਸਰਕਾਰੀ ਪ੍ਰਾਇਮਰੀ ਸਕੂਲ ਬਾਸੋਵਾਲ ( ਰੂਪਨਗਰ ) ਵਿਖੇ ਸੇਵਾ ਨਿਭਾਈ ਅਤੇ ਹੁਣ ਸਰਕਾਰੀ ਪ੍ਰਾਇਮਰੀ ਸਕੂਲ ਸੈਦਪੁਰ , ਜ਼ਿਲ੍ਹਾ ਰੂਪਨਗਰ ਵਿਖੇ ਨੌਕਰੀ ਕਰ ਰਹੇ ਹਨ। ਸ੍ਰ. ਇੰਦਰਦੀਪ ਸਿੰਘ ਜੀ ਲਗਪਗ ਪਿਛਲੇ ਚਾਰ ਸਾਲਾਂ ਤੋਂ ਵਿਭਾਗ ਵਿੱਚ ਬਤੌਰ ਬੀ .ਐਮ .ਟੀ. ਸੇਵਾ ਨਿਭਾ ਰਹੇ ਹਨ।

ਇੰਦਰਦੀਪ ਜੀ ਅਜਿਹੀ ਸ਼ਖ਼ਸੀਅਤ ਤੇ ਗੁਣਾਂ ਦੇ ਮਾਲਕ ਹਨ ਕਿ ਉਨ੍ਹਾਂ ਦਾ ਸਮਰਪਣ , ਮਿਹਨਤ , ਲਗਨ ਤੇ ਦ੍ਰਿੜ੍ਹ ਇਰਾਦਾ ਹੀ ਉਨ੍ਹਾਂ ਦੀ ਝਲਕ ਦੱਸਦੇ ਹਨ। ਦਿਨ ਹੋਵੇ ਜਾਂ ਰਾਤ , ਕਦੇ ਵੀ ਸਮੇਂ ਦੀ ਪ੍ਰਵਾਹ ਕੀਤੇ ਬਿਨਾਂ ਉਹ ਆਪਣੇ ਸਕੂਲ , ਆਪਣੀ ਡਿਊਟੀ , ਆਪਣੇ ਅਧਿਆਪਕ ਸਾਥੀਆਂ , ਆਪਣੇ ਬਲਾਕ ਤੇ ਜ਼ਿਲ੍ਹੇ ਦੇ ਕੰਮਾਂ ਵਿੱਚ ਤਨਦੇਹੀ ਨਾਲ ਆਪਣਾ ਫਰਜ਼ ਨਿਭਾਉਂਦੇ ਹਨ। ਉਨ੍ਹਾਂ ਦੇ ਕਰਨ ਯੋਗ ਜੋ ਵੀ ਕਿਸੇ ਅਧਿਆਪਕ – ਸਾਥੀ ਦਾ ਕਾਰਜ ਹੋਵੇ ਜਾਂ ਹੋਰ ਕੰਮ ਹੋਵੇ ; ਉਹ ਉਸ ਨੂੰ ਤੁਰੰਤ ਹੱਲ ਕਰਕੇ ਨੇਪਰੇ ਚਾਡ਼੍ਹਨ ਨੂੰ ਪਰਮ ਅਗੇਤ ਦਿੰਦੇ ਹਨ। ਛੋਟੀ ਉਮਰੇ ਵੱਡੀਆਂ ਪੁਲਾਂਘਾਂ ਪੁੱਟਣ ਵਾਲੇ ਅਜਿਹੇ ਨੌਜਵਾਨ ਅਧਿਆਪਕ ਦੂਸਰੇ ਅਧਿਆਪਕਾਂ ਅਤੇ ਅੱਜ ਦੀ ਨੌਜਵਾਨ ਪੀੜ੍ਹੀ ਲਈ ਵੀ ਮੀਲ ਪੱਥਰ ਸਿੱਧ ਹੁੰਦੇ ਹਨ। ਸ੍ਰ. ਇੰਦਰਦੀਪ ਸਿੰਘ ਜਿਹੇ ਹਰਦਿਲ – ਅਜ਼ੀਜ਼ , ਸਰਵ ਕਲਾ ਸੰਪੂਰਨ , ਮਿਲਵਰਤਨ ਸਾਰ ਤੇ ਮਿੱਠ – ਬੋਲੜੇ ਨੌਜਵਾਨ ਅਧਿਆਪਕ ਦੀ ਯੋਗ ਅਗਵਾਈ ਹੇਠ ਬਲਾਕ ਦੇ ਸਿੱਖਿਆ – ਖੇਤਰ ਦੇ ਨਤੀਜੇ ਹਮੇਸ਼ਾ ਹੀ ਵਧੀਆ ਆਏ।

ਵਾਤਾਵਰਨ ਤੇ ਸਮਾਜ ਭਲਾਈ ਦੇ ਕੰਮਾਂ ਵਿੱਚ ਉਹ ਹਮੇਸ਼ਾਂ ਅੱਗੇ ਹੋ ਕੇ ਆਪਣਾ ਯੋਗਦਾਨ ਸੁਚੱਜੇ ਢੰਗ ਨਾਲ ਪਾਉਂਦੇ ਆ ਰਹੇ ਹਨ। ਉਨ੍ਹਾਂ ਨੂੰ ਸੁਤੰਤਰਤਾ ਦਿਵਸ ਮੌਕੇ ਸੰਨ 2020 ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ਼੍ਰੀ ਰਾਣਾ ਗੁਰਜੀਤ ਸਿੰਘ ਸੋਢੀ ਜੀ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ” ਸਮਾਰਟ ਸਕੂਲ ਮੁਹਿੰਮ ” ਤਹਿਤ ਵਧੀਆ ਯੋਗਦਾਨ ਹਿੱਤ ਸਤਿਕਾਰਯੋਗ ਸਕੂਲ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ (I.A.S.) ਵੱਲੋਂ ਦੋ ਵਾਰ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਅਫਸਰ ਰੂਪਨਗਰ ਜੀ ਵੱਲੋਂ ਵੀ ਸ੍ਰ.ਇੰਦਰਦੀਪ ਸਿੰਘ ਜੀ ਨੂੰ ਸਨਮਾਨਿਤ ਜਾ ਚੁੱਕਾ ਹੈ। ਇਸ ਤੋਂ ਇਲਾਵਾ ਇੰਦਰਦੀਪ ਸਿੰਘ ਜੀ ਦੀ ” ਗਲੋਬਲ ਪੈਡਲਰਜ਼ ਸਾਈਕਲ ਸੰਸਥਾ ” ਨਾਲ ਜੁੜੇ ਹੋਏ ਹਨ ਅਤੇ ਆਮ – ਜਨ ਨੂੰ ਹਮੇਸ਼ਾ ਸਮਾਜਿਕ ਬੁਰਾਈਆਂ ਵਿਰੁੱਧ ਜਾਗਰੂਕ ਕਰਦੇ ਆਏ ਹਨ। ਉਨ੍ਹਾਂ ਨੇ ਕੋਵਿਡ – 19 ਦੌਰਾਨ ਵੀ ਹਮੇਸ਼ਾ ਅੱਗੇ ਹੋ ਕੇ ਬਹੁਤ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਈ ਤੇ ਮਾਨਵਤਾ ਦੀ ਸੇਵਾ ਕੀਤੀ।

ਇਸ ਤੋਂ ਇਲਾਵਾ ਉਹ ਬਤੌਰ ਬੀ. ਐਲ. ਓ. ਦੀ ਡਿਊਟੀ ਵੀ ਨਿਭਾ ਰਹੇ ਹਨ। ਛੋਟੀ ਉਮਰ ਵਿੱਚ ਇੰਨੀਆਂ ਵੱਡੀਆਂ ਪੁਲਾਂਘਾਂ ਪੁੱਟਣ ਵਾਲੇ ਮਿਹਨਤੀ , ਹਰਦਿਲ – ਅਜ਼ੀਜ਼ , ਸਰਬ ਕਲਾ ਸੰਪੂਰਨ , ਸਮਰਪਿਤ ,ਮਿੱਠ – ਬੋਲੜੇ ਤੇ ਮਿਲਾਪੜੇ ਸੁਭਾਅ ਦੇ ਮਾਲਿਕ ਸ੍ਰ. ਇੰਦਰਦੀਪ ਸਿੰਘ ਜੀ ਦੇ ਭਵਿੱਖ ਦੀ ਅਸੀਂ ਸ਼ੁਭ ਕਾਮਨਾ ਕਰਦੇ ਹਾਂ।
ਉਹਨਾਂ ਦੀ ਜ਼ਿੰਦਗੀ ਦੀ ਮਨਮੋਹਕ ਰਵਾਨੀ ਕੁਝ ਇਸ ਤਰ੍ਹਾਂ ਹੈ ,
” ਪਾਣੀ ਵਰਗੀ ਜ਼ਿੰਦਗੀ ਰੱਖਣਾ ,
ਪਾਣੀ ਜਿਹਾ ਸੁਭਾਅ ,
ਡਿੱਗ ਪਏ ਤਾਂ ਝਰਨਾ ਬਣਦਾ ,
ਤੁਰ ਪਏ ਦਰਿਆ।”

ਮਾਸਟਰ ਸੰਜੀਵ ਧਰਮਾਣੀ .

 

 

 

 

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਧਾਇਕ ਚੀਮਾ ਵਲੋਂ ਸਰਪੰਚਾਂ ਨਾਲ ਮੀਟਿੰਗ ਦੌਰਾਨ ਵਿਕਾਸ ਕੰਮਾਂ ਦਾ ਜਾਇਜ਼ਾ
Next articleਰਣਜੀਤ ਐਵੀਨਿਊ ਸੋਸਾਇਟੀ ਵਿੱਚ ਰਣਜੀਤ ਸਿੰਘ ਖੋਜੇਵਾਲ ਵੱਲੋਂ ਅਕਾਲੀ ਵਰਕਰਾਂ ਨਾਲ ਮੀਟਿੰਗ