(ਸਮਾਜ ਵੀਕਲੀ)
ਗੱਲਾਂ ਨਵੇਂ ਸਾਲ ਦੀਆਂ ਕੀ ਕੀ ਕਰੀਏ ਗੱਲਾਂ ਅਸੀਂ
ਕੀ ਬੀਤਿਆ ਕਿਵੇਂ ਬੀਤਿਆ ਸਭ ਜਾਣਦੇ ਹੋ ਤੁਸੀਂ
ਹਾਲ ਦੇਖੋ ਜਨਤਾ ਦਾ ਪਾਉਂਦਾ ਹੈ ਦੁਹਾਈਆਂ
ਕਿਵੇਂ ਦੇ ਦੇਈਏ ਨਵੇਂ ਸਾਲ ਦੀਆਂ ਵਧਾਈਆਂ….
ਸਭ ਤੋਂ ਵੱਡੀ ਮਾਰ ਮਹਿੰਗਾਈ ਦੀ ਸਭ ਨੂੰ ਡੰਗੇ
ਉਹ ਇੱਥੇ ਕੀ ਕਰਨ ਜੋ ਪਹਿਲੋਂ ਹੀ ਜੇਬੋ ਨੰਗੇਂ
ਫਿਰ ਵੀ ਆਸਾਂ ਹਨ ਇਧਰ ਉਧਰ ਲਾਈਆਂ
ਕਿਵੇਂ ਦੇ ਦੇਈਏ ਨਵੇਂ ਸਾਲ ਦੀਆਂ ਵਧਾਈਆਂ…..
ਧਰਮ ਦੇ ਨਾਂ ਉੱਤੇ ਸਰਮਾਇਆ ‘ਕੱਠਾ ਕਰਦੇ
ਇੱਕ ਪਾਸੇ ਭੁੱਖਣ ਭਾਣੇ ਲੋਕੀ ਦੇਖੇ ਨੇ ਮੈਂ ਮਰਦੇ
ਗੁਰਦੁਆਰੇ ਮੰਦਰਾਂ ‘ਚੋਂ ਖ਼ਾਨਾ ਸੋਨੇ ਦੀਆਂ ਥਿਆਈਆਂ
ਕਿਵੇਂ ਦੇ ਦੇਈਏ ਨਵੇਂ ਸਾਲ ਦੀਆਂ ਵਧਾਈਆਂ
ਨਸ਼ਿਆਂ ਦੇ ਵਿੱਚ ਨਵੀਂ ਪੀੜੀ ਹੋਈ ਪਈ ਹੈ ਗ਼ਲਤਾਨ
ਨੇਤਾ ਕਹਿਣ ਅਸਾਂ ਕੀ ਲੈਣਾ ਕਰੋ ਵੋਟਾਂ ਦਾ ਭੁਗਤਾਨ
ਵੋਟਾਂ ਵੇਲੇ ਨਸ਼ਿਆਂ ਦੀਆਂ ਭਰ ਭਰ ਗੱਡੀਆਂ ਆਈਆਂ
ਕਿਵੇਂ ਦੇ ਦੇਈਏ ਨਵੇਂ ਸਾਲ ਦੀਆਂ ਵਧਾਈਆਂ….
ਹੁਣ ਤੱਕ ਜੋ ਹੋਏ ਘੁਟਾਲੇ ਅੱਗੇ ਵੀ ਨੇ ਹੋਣੇ
ਸਾਡੇ ਤਾਂ ਬਸ ਰਹਿਣੇ ਨੇ ਇਹੀ ਰੋਣੇ ਧੋਣੇ
ਘੁਟਾਲੇ ਕਰ ਫਾਇਵ ਸਟਾਰ,ਜੇਲਾਂ ਵਿੱਚ ਰਾਤਾਂ ਬਿਤਾਈਆਂ
ਕਿਵੇਂ ਦੇ ਦੇਈਏ ਦੇਈਏ ਨਵੇਂ ਸਾਲ ਦੀਆਂ ਵਧਾਈਆਂ….
ਕਾਂਗਰਸ ਦੇਖੀ ਅਕਾਲੀ ਦੇਖੇ ਚੁਣ ਲਏ ਇਨਕਲਾਬੀ
ਬਣਿਆ ਨਾ ਪੰਜਾਬ ਦਾ ਕੋਈ ਸਾਰੇ ਕਰਨ ਖ਼ਰਾਬੀ
ਹੁਣ ਤੱਕ ਗਲਤ ਲੋਕਾਂ ਲਗਾਮਾਂ ਪੰਜਾਬ ਨੂੰ ਪਾਈਆਂ
ਕਿਵੇਂ ਦੇ ਦੇਈਏ ਨਵੇਂ ਸਾਲ ਦੀਆਂ ਵਧਾਈਆਂ
ਲੜਿਆ ਤਾਂ ਹੈ ਜਾ ਰਿਹਾ ਕਹਿੰਦੇ ਨਸ਼ਿਆਂ ਵਿਰੁੱਧ ਯੁੱਧ
ਫਿਰ ਵੀ ਨੌਜਵਾਨ ਕਿਵੇਂ ਖੋ ਬੈਠੇ ਨੇ ਸੁਧ- ਬੁਧ
ਟੀਕਿਆਂ ਦੀਆਂ ਸਰਿੰਜਾਂ ਬਾਹਾਂ ਵਿੱਚ ਲਮਕਾਈਆਂ
ਕਿਵੇਂ ਦੇ ਦੇਈਏ ਨਵੇਂ ਸਾਲ ਦੀਆਂ ਵਧਾਈਆਂ….
ਦਿੱਲੀ ਤੇ ਪੰਜਾਬ ਵਾਲੇ ਕਹਿੰਦੇ ਕਰਤਾ ਬਹੁਤ ਵਿਕਾਸ
ਪਰ ਲੋਕਾਂ ਨੂੰ ਆ ਨਹੀਂ ਰਿਹਾ ਇਹ ਰਾਸ
ਗੱਲਾਂ ਵਿਕਾਸ ਦੀਆਂ ਗੱਲੀਂਬਾਤੀਂ ਹੀ ਚਲਾਈਆਂ
ਕਿਵੇਂ ਦੇ ਦੇਈਏ ਨਵੇਂ ਸਾਲ ਦੀਆਂ ਵਧਾਈਆਂ….
ਨੰਗਪਣਾ ਤੇ ਲੁੱਚਪਣਾ ਪਰੋਸਿਆ ਹਰ ਪਾਸੇ ਹੁਣ ਜਾਵੇ
ਸਭ ਕੁਝ ਹੁਣ ਆਮ ਹੋ ਗਿਆ ਨਾ ਕੋਈ ਰਹੇ ਪਛਤਾਵੇ
ਪਤੀ ਨੇ ਆਪਣੀ ਹੀ ਪਤਨੀ ਦੀਆਂ ਲੱਚਰ ਵੀਡੀਓ ਪਾਈਆਂ
ਕਿਵੇਂ ਦੇ ਦੇਈਏ ਨਵੇਂ ਸਾਲ ਦੀਆਂ ਵਧਾਈਆਂ…..
ਬੇਈਮਾਨਾਂ ਦਾ ਰਾਜ ਹੋ ਗਿਆ ਕਿੱਥੇ ਹੁਣ ਜਾਈਏ
ਦਰਦੀ ਨਾ ਕੋਈ ਦਿਖਦਾ ਕਿਹਨੂੰ ਦਰਦ ਸੁਣਾਈਏ
ਕਲਮਾਂ ਵਾਲਿਆਂ ਦੀਆਂ ਕਲਮਾਂ ਵੀ ਮੁਰਝਾਈਆਂ
ਕਿਵੇਂ ਦੇ ਦੇਈਏ ਨਵੇਂ ਸਾਲ ਦੀਆਂ ਵਧਾਈਆਂ…
ਗੱਲ ਜੋ ਹੱਕ ਸੱਚ ਦੀ ਕਰਦਾ ਪਾਸੇ ਕੱਢ ਕੇ ਮਾਰੋ
ਆਹੀ ਤਾਂ ਇੱਕ ਮੌਕਾ ਹੈ ਹੱਥ ਸਾਡੇ ਵਿੱਚ ਯਾਰੋ
ਹਾਲੇ ਬਹੁਤ ਕੁਝ ਹੈ ‘ਬਾਕੀ’ ਕੁਝ ਨੇ ਬੱਬੀ ਤੋਂ ਲਿਖਾਈਆਂ
ਕਿਵੇਂ ਦੇ ਦੇਈਏ ਨਵੇਂ ਸਾਲ ਦੀਆਂ ਵਧਾਈਆਂ…..
ਬਲਬੀਰ ਸਿੰਘ ਬੱਬੀ
7009107300



