*ਐਸ ਕੇ ਟੀ ਪਲਾਂਟੇਸ਼ਨ ਟੀਮ ਦੀ ਜਨਮਦਿਨ ‘ਤੇ ਪੌਧਾਰੋਪਨ ਮੁਹਿੰਮ ਤਹਿਤ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਸੰਭਾਲ ਦਾ ਸੰਦੇਸ਼*
ਨਵਾਂਸ਼ਹਿਰ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਐਸ ਕੇ ਟੀ ਪਲਾਂਟੇਸ਼ਨ ਟੀਮ ਦੇ ਗ੍ਰੀਨ ਮੋਟੀਵੇਟਰ ਹਰਪ੍ਰੀਤ ਨੇ ਅੱਜ ਆਪਣਾ ਜਨਮਦਿਨ ਵਾਤਾਵਰਣ ਨੂੰ ਸਮਰਪਿਤ ਕਰਦੇ ਹੋਏ ਚੰਡੀਗੜ੍ਹ ਰੋਡ ‘ਤੇ ਬੂਟੇ ਲਗਾ ਕੇ ਮਨਾਇਆ। ਵਾਤਾਵਰਣ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਦੇ ਹੋਏ, ਉਨ੍ਹਾਂ ਨੇ ਇਸ ਖ਼ਾਸ ਦਿਨ ਵੱਖ–ਵੱਖ ਕਿਸਮ ਦੇ ਬੂਟੇ ਲਗਾ ਕੇ ਟੀਮ ਮੈਂਬਰਾਂ ਨਾਲ ਮਿਲ ਕੇ ਹਰਾ-ਭਰਾ ਵਾਤਾਵਰਨ ਬਣਾਉਣ ਦਾ ਸੰਕਲਪ ਲਿਆ। ਹਰਪ੍ਰੀਤ ਨੇ ਕਿਹਾ ਕਿ ਜਨਮਦਿਨ ਸਿਰਫ਼ ਜਸ਼ਨ ਦਾ ਦਿਨ ਹੀ ਨਹੀਂ ਹੁੰਦਾ, ਸਗੋਂ ਸਮਾਜ ਅਤੇ ਵਾਤਾਵਰਣ ਲਈ ਕੁਝ ਸਕਾਰਾਤਮਕ ਕਰਨ ਦਾ ਮੌਕਾ ਵੀ ਹੁੰਦਾ ਹੈ। ਬੂਟੇ ਲਗਾਉਣਾ ਇਕ ਛੋਟਾ ਜਿਹਾ ਯਤਨ ਹੈ ਪਰ ਇਸਦਾ ਲਾਭ ਭਵਿੱਖ ਦੀਆਂ ਪੀੜ੍ਹੀਆਂ ਤੱਕ ਪਹੁੰਚਦਾ ਹੈ। ਉਨ੍ਹਾਂ ਯੁਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖ਼ਾਸ ਦਿਨਾਂ ਨੂੰ ਵਾਤਾਵਰਣ-ਮਿਤਰ ਕੰਮਾਂ ਨਾਲ ਜੋੜਣ। ਟੀਮ ਦੇ ਸੰਸਥਾਪਕ ਅੰਕੁਸ਼ ਨਿਝਾਵਨ ਨੇ ਹਰਪ੍ਰੀਤ ਦੀ ਪਹਿਲ ਦੀ ਸਰਾਹਨਾ ਕਰਦਿਆਂ ਕਿਹਾ ਕਿ ਟੀਮ ਦੇ ਮੈਂਬਰ ਆਪਣੇ-ਆਪਣੇ ਖੁਸ਼ੀ ਦੇ ਮੌਕਿਆਂ ‘ਤੇ ਬੂਟੇ ਲਗਾ ਕੇ ਸਮਾਜ ਵਿੱਚ ਸਕਾਰਾਤਮਕ ਸੁਨੇਹਾ ਦੇ ਰਹੇ ਹਨ। ਉਨ੍ਹਾਂ ਸਭ ਨੂੰ ਅਪੀਲ ਕੀਤੀ ਕਿ ਜਨਮਦਿਨ, ਸਾਲਗਿਰਾਹ ਜਾਂ ਕਿਸੇ ਵੀ ਖੁਸ਼ੀ ਦੇ ਮੌਕੇ ‘ਤੇ ਇਕ ਬੂਟਾ ਜ਼ਰੂਰ ਲਗਾਇਆ ਜਾਵੇ ਅਤੇ ਉਸਦੀ ਦੇਖਭਾਲ ਕੀਤੀ ਜਾਵੇ। ਇਸ ਲਈ ਟੀਮ ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ‘ਤੇ ਰਾਮ ਬਿਰਹ, ਰਾਘਵ ਅਤੇ ਟੀਮ ਦੇ ਮੈਂਬਰ ਕੁਲਵਿੰਦਰ ਸਿੰਘ, ਕੁਣਾਲ ਪੂਰੀ ਅਤੇ ਅਮਿਤ ਹਾਜ਼ਰ ਰਹੇ। ਸਭ ਨੇ ਮਿਲ ਕੇ ਵਾਤਾਵਰਣ ਸੰਭਾਲ ਦਾ ਸੁਨੇਹਾ ਦਿੱਤਾ ਅਤੇ ਲਗਾਏ ਗਏ ਬੂਟਿਆਂ ਦੀ ਦੇਖਭਾਲ ਕਰਨ ਦਾ ਸੰਕਲਪ ਲਿਆ।



