HOME ਢਿੱਡ ਦੀਆਂ ਜਾਨਣਾ……

ਢਿੱਡ ਦੀਆਂ ਜਾਨਣਾ……

ਫ਼ਲੇਲ ਸਿੰਘ ਸਿੱਧੂ
ਫ਼ਲੇਲ ਸਿੰਘ ਸਿੱਧੂ
   (ਸਮਾਜ ਵੀਕਲੀ)   ਬਜ਼ੁਰਗ ਅਕਸਰ ਕਹਿੰਦੇ ਸਨ,”ਮੈਂ ਤੇਰੇ ਢਿੱਡ ਦੀਆਂ ਜਾਣਦਾ ਹਾਂ।” ਕੰਮ ਸੌਖਾ ਹੋਣਾ ਐ ਜੋ ਐਨੀ ਦ੍ਰਿੜਤਾ ਨਾਲ ਕਹਿੰਦੇ ਸਨ। ਬਹੁਤ ਖੌਝਲੇ।ਇਹ ਕੀ ਗੱਲ ਹੋਈ।ਢਿੱਡ ‘ਚ ਗੱਲ ਨਾ ਪਚਣ ਵਾਲੀ ਕਹਾਵਤ ਤਾਂ ਸੁਣੀ ਸੀ।ਕਿਸੇ ਦੇ ਢਿੱਡ ‘ਚ ਕੀ ਐ ? ਉਸ ਨੂੰ ਜਾਨਣਾ , ਭਲਾ !! ਇਹ ਕਿਹੜਾ ਵਿਗਿਆਨ  ਹੋਇਆ? ਢਿੱਡ  ਤਾਂ ਉਂਝ ਵੀ ਕੁੜਤੇ ਹੇਠ ਲੁਕਿਆ ਹੁੰਦਾ ਹੈ।ਫੇਰ ਵੀ ਕਿਸੇ ਦੇ ਢਿੱਡ ਦੀਆਂ ਪੜ੍ਹਨੀਆਂ ਖਾਲ਼ਾ ਜੀ ਦਾ ਵਾੜਾ ਨਹੀਂ।ਜੇ ਕੋਈ  ਕਿਸੇ ਭਰੋਸੇ ਵਾਲੇ ਕੋਲ ਢਿੱਡ ਦਾ ਪਰਦਾ ਚੱਕ ਦੇਵੇ ਫੇਰ ਤਾਂ ਢਿੱਡ ਦੀਆਂ ਗੱਲਾਂ ਦਾ ਕੁੱਝ ਅੰਦਾਜਾ ਹੋ ਸਕਦਾ ਹੈ।
                                             ਕੋਈ ਸੰਕੇਤ?ਕੋਈ ਪੀੜ?ਦਰਦ,ਖੁਸ਼ੀ,ਗਮੀ ਦਾ ਅਹਿਸਾਸ ਤਾਂ ਬੰਦੇ ਦੇ ਚਿਹਰੇ ਤੇ ਆਉਂਦਾ ਤਾਂ ਸੁਣਿਆ ਹੈ ਜੋ ਲੁਕਾਇਆ ਵੀ ਨਹੀਂ ਲੁਕਦਾ। ਕਿਸੇ ਦੇ ਕਰਮ ਤੋਂ ਵੀ ਥੋੜ੍ਹਾ-ਬਹੁਤਾ ਜਾਣ ਸਕਦੇ ਆ।ਪਰ ਵਿੱਚ ਢਿੱਡ ਕਿੱਥੋਂ ਆ ਗਿਆ।ਚੱਲੋ ਭਾਈ ,ਇਹ ਉਹਨਾਂ ਦਾ ਤਜ਼ਰਬਾ ਜਾਂ ਵਿਗਿਆਨ ਸੀ।ਉਹਨਾਂ ਦੀ ਸੂਝ-ਬੂਝ ਸੀ।ਉਹਨਾਂ ਦੀ ਸਿਆਣਪ ਸੀ।ਜਿਹੜੇ ਬੰਦੇ ਤਾਰੇ ਦੇਖ ਕੇ ਸਮਾਂ,ਵਕਤ,ਘੜੀ, ਪਲ਼,ਚਾਲ-ਢਾਲ,ਦਿਸ਼ਾ,ਗਤੀ, ਗਰਦਸ਼ ਜਾਣ, ਸਮਝ ਸਕਦੇ ਸਨ।ਐਨੀ ਦੂਰ ਰਹਿੰਦੇ ਤਾਰੇ ਜਿੰਨ੍ਹਾਂ ਤੋਂ  ਬਚ ਨਹੀਂ ਸਕੇ ਫੇਰ ਬੰਦੇ ਦੇ ਢਿੱਡ ਦੀ ਕੀ ਮੰਜਾਲ ਐ? ਸਲਾਮ ਹੈ ਤੁਹਾਨੂੰ ਬਾਬਿਓ!!
                                         ਪਰ ਅੱਜ-ਕੱਲ੍ਹ ਤਾਂ ਇਹ ਕੰਮ ਬਹੁਤ ਹੀ ਗੁੰਝਲਦਾਰ ਹੋ ਗਿਆ।ਤੁਸੀਂ ਤਾਂ ਇੱਕਲੇ ਢਿੱਡ ਦੀਆਂ ਜਾਣਦੇ ਸੀ।ਪਰ ਅੱਜ ਕੱਲ੍ਹ ਬੰਦੇ ਦੇ ਢਿੱਡ ਦੇ ਨਾਲ-ਨਾਲ ਦਿਲ,ਦਿਮਾਗ ,ਜ਼ੁਬਾਨ  ਸਭ ਨੂੰ ਇੱਕ ਨੂਜ਼ਰ ਦੇਖਣਾ ਪੈਂਦਾ ਹੈ।ਜ਼ੁਬਾਨੋ ਕੁੱਝ ਹੋਰ ਉਚਰਦੇ ਹਨ।ਦਿਲ-ਦਿਮਾਗ ‘ਚ ਵੱਖਰਾ ਕੁੱਝ ਹੁੰਦਾ ਹੈ।ਮੂੰਹ ਤੇ ਪਾਇਆ ਮਖੌਟਾ ਚਿਹਰੇ ਦੇ ਹਾਵਭਾਵ ਸਮੇਟ ਲੈਂਦਾ ਹੈ।ਮਿੱਠੀ ਜ਼ੁਬਾਨ ਅੰਦਰਲਾਈ ਈਰਖਾ,ਸਾੜੇ ਨੂੰ ਬੁੱਕਲ ਚ ਲਕੋ ਲੈਂਦੀ ਹੈ।ਮਨੋਵਿਗਿਆਨ ਵੀ ਆਖਦੈ ਕਿ ਬੰਦਾ ਗੁੰਝਲਦਾਰ ਜੀਵ ਹੈ।ਇਹ ਗੱਲ ਤਾਂ ਸੁਣੀ ਐ,” ਲੋਕਾਂ ਦਾ ਨਾ ਦੁੱਧ ਵਿਕਦਾ,ਤੇਰਾ ਵਿਕਦਾ ਧੰਨ ਕੁਰੇ ਪਾਣੀ।” ਐਵੇਂ ਤਾਂ ਨੀ ਧੰਨ ਕੁਰ ਦਾ ਪਾਣੀ ਵਿਕਦਾ।ਉਸ ਦੇ ਢਿੱਡ, ਦਿਲ,ਦਿਮਾਗ ਚ ਭਾਵੇਂ ਕੁੱਝ ਵੀ ਹੋਵੇ ਪਰ ਜ਼ੁਬਾਨ  ਦੀ ਮਿਠਾਸ  ਆਪਣਾ ਮਕਸਦ ਹੱਲ ਕਰ ਜਾਂਦੀ ਹੈ।ਸੌ ਹੱਥ ਰੱਥ ਰੱਸਾ,ਸਿਰੇ ਤੇ ਗੰਢ। ਅੱਜ-ਕੱਲ੍ਹ ਧੰਨ ਕੁਰ  ਸਭ ਦਾ  ਰੋਲ ਮਾਡਲ ਬਣੀ ਹੋਈ ਹੈ।ਸਮਝੇ!! ਘੁੰਢ, ਮਖੌਟਿਆਂ ‘ਚ ਬਦਲ ਗਏ ।ਐਨੀ ਕੂ ਗੱਲ ਐ।ਬੱਸ ਰੂਪ ਹੀ ਬਦਲਿਆ ਹੈ।ਭਾਵੇਂ ਘੁੰਢ ਹੋਵੇ ਜਾਂ ਮਖੌਟਾ ਇੱਕ ਬਰਾਬਰ।
                          ਪਹਿਲਾਂ ਸੋਚਦੇ ਸੀ ਆ ਰਾਜਨੀਤਕ ਲੋਕਾਂ ਨੂੰ ਸਮਝਣਾ ਖਾਲ਼ਾ ਜੀ ਦਾ ਵਾੜਾ ਨਹੀਂ।ਕਈ ਮੂੰਹ ਫੱਟ ਨੇਤਾਵਾਂ ਦੀ ਗੱਲ ਤਾਂ ਸਮਝ ਲੱਗ ਜਾਂਦੀ ਹੈ।ਪਿਛਲੇ ਦਿਨਾਂ ‘ਚ  ਤੁਹਾਨੂੰ ਯਾਦ ਹੀ ਹੋਣਾ ਐ।ਪਰ ਢਿੱਡ ਦੇ ਖੋਟੇ,ਦਿਲ ਦੇ ਕਾਲੇ,ਜੀਭ ਦੇ ਮਿੱਠੇ ਬੰਦਿਆਂ  ਨੂੰ ਸਮਝਣਾ  ਤੋਬਾ-ਤੋਬਾ ਮੇਰੇ ਭਾਈ।
      ਬਜ਼ੁਰਗੋ ਤੁਹਾਡਾ ਵਕਤ ਤੁਹਾਡੇ ਨਾਲ ਸੀ।ਪਰ ਅੱਜ ਬੰਦੇ ਨੂੰ ਸਮਝਾ ਟੇਢੀ ਖੀਰ ਹੈ ਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਦਲ ਰਹੀ ਪਿਤਾ ਦੀ ਭੂਮਿਕਾਂ
Next articleਭਾਣਾ ਮੰਨਦਿਆਂ