HOME ਗੁਰਦੁਆਰਾ ਦਾਦੂ ਸਾਹਿਬ ਵਿੱਚ ਹੋਈ ‘ਪੰਥਕ ਇਕੱਤਰਤਾ’ ਨੇ ਸਿੱਖ ਸੰਸਥਾਵਾਂ ਨੂੰ ਬਾਦਲ...

ਗੁਰਦੁਆਰਾ ਦਾਦੂ ਸਾਹਿਬ ਵਿੱਚ ਹੋਈ ‘ਪੰਥਕ ਇਕੱਤਰਤਾ’ ਨੇ ਸਿੱਖ ਸੰਸਥਾਵਾਂ ਨੂੰ ਬਾਦਲ ਪਰਿਵਾਰ ਤੋਂ ਆਜ਼ਾਦ ਕਰਾਉਣ ਦਾ ਦਿੱਤਾ ਸੱਦਾ

1

ਜਥੇਦਾਰ ਦਾਦੂਵਾਲ ਜੀ ਨੇ ਹਰਿਆਣਾ ਕਮੇਟੀ ਦੇ ਲੰਗਰ ਲਈ ਆਪਣੇ ਟ੍ਰਸਟ ਵੱਲੋਂ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ

ਸਿਰਸਾ/ ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਗੁਰਦੁਆਰਾ ਗੁਰੂ ਗ੍ਰੰਥਸਰ ਦਾਦੂ ਸਾਹਿਬ, ਸਿਰਸਾ (ਹਰਿਆਣਾ) ਵਿੱਚ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਹੇਠ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਤੇ ਸਾਬਕਾ ਅਹੁਦੇਦਾਰਾਂ ਵੱਲੋਂ “ਅਕਾਲ ਤਖ਼ਤ ਦੇ ਦੋਸ਼ੀ ਬਾਦਲ ਭਜਾਓ, ਮੀਰੀ-ਪੀਰੀ ਕਾਲਜ ਪੰਥ ਅਤੇ ਹਰਿਆਣਾ ਕਮੇਟੀ ਬਚਾਓ” ਦੇ ਬੈਨਰ ਹੇਠ ਵੱਡੀ ਪੰਥਕ ਇਕੱਤਰਤਾ ਕਰਵਾਈ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਪੰਥਕ ਸ਼ਖ਼ਸੀਅਤਾਂ, ਕਮੇਟੀ ਮੈਂਬਰਾਂ ਅਤੇ ਵੱਖ-ਵੱਖ ਇਲਾਕਿਆਂ ਤੋਂ ਆਈ ਸਿੱਖ ਸੰਗਤ ਨੇ ਭਾਗ ਲਿਆ। ਢਾਡੀ ਸੁਖਵਿੰਦਰ ਸਿੰਘ ਭੰਭੂਰ ਨੇ ਢਾਡੀ ਵਾਰਾਂ ਰਾਹੀਂ ਸੰਗਤ ਨੂੰ ਸੰਬੋਧਨ ਕੀਤਾ। ਮੀਡੀਆ ਜਾਣਕਾਰੀ ਅਨੁਸਾਰ ਇਸ ਇਕੱਤਰਤਾ ਵਿੱਚ ਗਿ. ਰਘਬੀਰ ਸਿੰਘ, ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਭਾਈ ਮੋਹਕਮ ਸਿੰਘ, ਜਥੇਦਾਰ ਕਰਨੈਲ ਸਿੰਘ ਪੰਜੋਲੀ, ਡਾ: ਮਨਜੀਤ ਸਿੰਘ ਭੋਮਾ, ਜਥੇਦਾਰ ਪਰਮਜੀਤ ਸਿੰਘ ਸਹੌਲੀ, ਜਥੇਦਾਰ ਭੂਪਿੰਦਰ ਸਿੰਘ ਅਸੰਧ ਅਤੇ ਹੋਰ ਕਈ ਪੰਥਕ ਆਗੂਆਂ ਨੇ ਸੰਬੋਧਨ ਕੀਤਾ। ਵਕਤਾਵਾਂ ਨੇ ਦੋਸ਼ ਲਗਾਇਆ ਕਿ ਬਾਦਲ ਪਰਿਵਾਰ ਨੇ ਸਿੱਖ ਪੰਥ ਅਤੇ ਪੰਥਕ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਦਲ ਰਾਜ ਦੌਰਾਨ ਨਕੋਦਰ, ਬਰਗਾੜੀ ਬੇਅਦਬੀ, ਬਹਿਬਲ ਕਲਾਂ, ਕੋਟਕਪੂਰਾ ਅਤੇ ਹੋਰ ਗੋਲੀਕਾਂਡ ਵਾਪਰੇ। ਗੁਰਮੀਤ ਰਾਮ ਰਹੀਮ ਨਾਲ ਜੁੜੇ ਮਾਮਲਿਆਂ ਵਿੱਚ ਵੀ ਢਿੱਲ ਦੇਣ ਦੇ ਦੋਸ਼ ਲਗਾਏ ਗਏ। ਵਕਤਾਵਾਂ ਨੇ ਮੰਗ ਕੀਤੀ ਕਿ ਜਿਵੇਂ ਬਾਦਲ ਪਰਿਵਾਰ ਨੂੰ ਪੰਜਾਬ ਦੀ ਸੱਤਾ ਤੋਂ ਬਾਹਰ ਕੀਤਾ ਗਿਆ, ਉਸੇ ਤਰ੍ਹਾਂ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਤੋਂ ਵੀ ਦੂਰ ਕੀਤਾ ਜਾਵੇ ਅਤੇ ਸੰਸਥਾਵਾਂ ਸੱਚੇ ਪੰਥਕ ਸੇਵਕਾਂ ਨੂੰ ਸੌਂਪੀਆਂ ਜਾਣ। ਸੰਗਤ ਨੇ ਇਸ ਅਪੀਲ ਦਾ ਸਮਰਥਨ ਕੀਤਾ। ਜਥੇਦਾਰ ਭੂਪਿੰਦਰ ਸਿੰਘ ਅਸੰਧ ਨੇ ਕਿਹਾ ਕਿ ਦਾਦੂਵਾਲ ਨੇ ਕਮੇਟੀ ਦੇ ਸਰੋਤਾਂ ਦੀ ਸਹੀ ਵਰਤੋਂ ਕੀਤੀ ਅਤੇ ਸੁਪਰੀਮ ਕੋਰਟ ਵਿੱਚ ਹਰਿਆਣਾ ਸਿੱਖਾਂ ਦੇ ਹੱਕ ਵਿੱਚ ਫੈਸਲਾ ਲਵਾਇਆ। ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਗੁਰਬਾਣੀ ਅਤੇ ਗੁਰਮਤਿ ਦਾ ਪ੍ਰਚਾਰ ਹੈ। ਉਨ੍ਹਾਂ ਦੱਸਿਆ ਕਿ 2014 ਤੋਂ ਹੁਣ ਤੱਕ ਉਹ ਹਰਿਆਣਾ ਕਮੇਟੀ ਦੀ ਸੇਵਾ ਕਰ ਰਹੇ ਹਨ ਅਤੇ ਕਈ ਗੁਰਦੁਆਰੇ, ਸਕੂਲ ਤੇ ਕਾਲਜ ਕਮੇਟੀ ਨੂੰ ਮਿਲ ਚੁੱਕੇ ਹਨ, ਜਦਕਿ ਮੀਰੀ-ਪੀਰੀ ਮੈਡੀਕਲ ਕਾਲਜ ਦਾ ਮਾਮਲਾ ਅਜੇ ਵੀ ਬਾਕੀ ਹੈ। ਉਨ੍ਹਾਂ ਦੁਨੀਆ ਭਰ ਦੇ ਸਿੱਖਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਅਤੇ ਆਪਣੇ ਸੁਖ ਸੇਵਾ ਸਿਮਰਨ ਟ੍ਰਸਟ ਵੱਲੋਂ ਹਰਿਆਣਾ ਕਮੇਟੀ ਦੇ ਲੰਗਰ ਲਈ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਇਕੱਤਰਤਾ ਵਿੱਚ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਮੇਟੀ ਮੈਂਬਰਾਂ, ਪੰਚਾਂ-ਸਰਪੰਚਾਂ ਅਤੇ ਸਿੱਖ ਸੰਗਤਾਂ ਦੀ ਵੱਡੀ ਹਾਜ਼ਰੀ ਰਹੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬਿ੍ਟਿਸ ਸਰਕਾਰ ਯੂਰਪੀ ਨਿਯਮ ਅਪਣਾਉਣ ਲਈ ਨਵਾਂ ਕਾਨੂੰਨ ਲਿਆਉਣ ਦੀ ਤਿਆਰੀ ਚ
Next articleਸਦਭਾਵਨਾ ਕਾਲਜ ਦੇ ਵਿਦਿਆਰਥੀਆਂ ਨੇ ਬੀ.ਐੱਡ ਦੇ ਤੀਜੇ ਸੈਸ਼ਨ 2025-2026 ਵਿੱਚ ਮਾਰੀਆਂ ਮੱਲਾਂ