HOME ਸ਼ਹੀਦੀ ਪੁਰਬ ’ਤੇ ਗੁਰੂ ਸਾਹਿਬ ਸੰਬੰਧੀ ਸਾਹਿਤ ਵੰਡਣਾ ਵੀ ਜ਼ਰੂਰੀ ਜਾਂ...

ਸ਼ਹੀਦੀ ਪੁਰਬ ’ਤੇ ਗੁਰੂ ਸਾਹਿਬ ਸੰਬੰਧੀ ਸਾਹਿਤ ਵੰਡਣਾ ਵੀ ਜ਼ਰੂਰੀ ਜਾਂ ਛਬੀਲ ਅਤੇ ਲੰਗਰ ਲਗਾਓ, ਪਰ ਗੁਰੂ ਸਾਹਿਬ ਦਾ ਇਤਿਹਾਸ ਵੀ ਵੰਡੋ

8
ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ

18 ਜੂਨ ਨੂੰ ਸ਼ਹੀਦੀ ਪੁਰਬ ’ਤੇ ਵਿਸ਼ੇਸ਼

   (ਸਮਾਜ ਵੀਕਲੀ)   ਛਬੀਲ ਅਰਬੀ ਭਾਸ਼ਾ ਦਾ ਸ਼ਬਦ ਹੈ। ਜਿਸ ਦਾ ਅਰਥ ਹੈ ਪਉ, ਜਲ ਪੀਣ ਦਾ ਅਸਥਾਨ, ਖ਼ਾਸ ਕਰਕੇ ਉਹ ਪਉ, ਜੋ ਮੁਹੱਰਮ ਦੇ ਪਹਿਲੇ ਦਸ ਦਿਨਾਂ ਵਿੱਚ ਪਿਆਸਿਆਂ ਲਈ ਲਾਇਆ ਜਾਵੇ। ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਹਿੰਦੂ-ਸਿੱਖਾਂ-ਮੁਸਲਮਾਨਾਂ ਵੱਲੋਂ ਸਾਂਝੇ ਤੌਰ ’ਤੇ ਹਰ ਸਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਹਰ ਸਾਲ ਮਈ-ਜੂਨ ਮਹੀਨੇ ’ਚ ਆਉਂਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ‘ਨਾਨਕਸ਼ਾਹੀ ਕੈਲੰਡਰ’ ਅਨੁਸਾਰ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ 420ਵਾਂ ਸ਼ਹੀਦੀ ਗੁਰਪੁਰਬ 18 ਜੂਨ ਨੂੰ ਸਮੁੱਚੇ ਸੰਸਾਰ ਭਰ ਵਿੱਚ ਮਨਾਇਆ ਜਾ ਰਿਹਾ ਹੈ। ਛਬੀਲ ਬਾਰੇ ਗੱਲ ਕਰਨ ਤੋਂ ਪਹਿਲਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਤੇ ਸੰਖੇਪ ਵਿੱਚ ਝਾਤ ਪਾਉਣਾ ਜ਼ਰੂਰੀ ਸਮਝਦਾ ਹਾਂ। ਸ਼੍ਰੀ ਗੁਰੂ ਅਰਜਨ ਦੇੇਵ ਜੀ ਦਾ ਜਨਮ ਮਾਤਾ ਭਾਨੀ ਜੀ ਦੀ ਕੁੱਖ ਤੋਂ ਪਿਤਾ ਸ਼੍ਰੀ ਗੁਰੂ ਰਾਮਦਾਸ ਜੀ ਦੇ ਗ੍ਰਹਿ ਗੋਇੰਦਵਾਲ ਸਾਹਿਬ ਵਿਖੇ 15 ਅਪ੍ਰੈਲ 1563 ਈ: ਵੈਸਾਖ ਵਦੀ 7 ਸੰਮਤ 1620 ਬਿਕਰਮੀ ਨੂੰ ਹੋਇਆ। ਗੁਰੂ ਰਾਮਦਾਸ ਜੀ ਦੇ ਤਿੰਨ ਸਪੁੱਤਰ ਪ੍ਰਿਥੀ ਚੰਦ, ਮਹਾਂਦੇਵ ਅਤੇ ਅਰਜਨ ਦੇਵ ਸਨ। ਸ਼੍ਰੀ ਗੁਰੂ ਅਰਜਨ ਦੇਵ ਜੀ 1 ਸਤੰਬਰ 1581 ਈ: ਨੂੰ ਗੁਰਗੱਦੀ ’ਤੇ ਬਿਰਾਜੇ। ਗੁਰੂ ਜੀ ਨੇ ਤਰਨਤਾਰਨ, ਕਰਤਾਰਪੁਰ ਸੋਢੀਆਂ, ਛੇਹਰਟਾ, ਸ਼੍ਰੀ ਗੋਬਿੰਦਪੁਰ ਬਿਆਸ ਕੰਢੇ ਪਵਿੱਤਰ ਨਗਰ ਵਸਾਏ। ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤ ਸਰੋਵਰ ਸ਼੍ਰੀ ਹਰਿਮੰਦਰ ਸਾਹਿਬ (ਅੰਮ੍ਰਿਤਸਰ) ਦਾ ਨਿਰਮਾਣ, ਜਿਸ ਦੀ ਨੀਂਹ ਮੁਸਲਮਾਨ ਦਰਵੇਸ਼ ਸਾਈਂ ਮੀਆਂ ਮੀਰ ਤੋਂ ਰਖਵਾਈ। ਗੁਰੂ ਜੀ ਨੇ ਆਦਿ ਗ੍ਰੰਥ ਦਾ ਸੰਪਾਦਨ ਕੀਤਾ, ਜਿਸ ਵਿੱਚ 6 ਗੁਰੂ ਸਾਹਿਬਾਨ, 15 ਭਗਤ, 4 ਗੁਰਸਿੱਖ ਤੇ 11 ਭੱਟਾਂ ਸਮੇਤ 36 ਮਹਾਂਪੁਰਸ਼ਾਂ ਦੀ ਪਵਿੱਤਰ ਬਾਣੀ ਦਰਜ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ 30 ਰਾਗਾਂ ਵਿੱਚ 2218 ਅਨਮੋਲ ਸ਼ਬਦ ਰਚੇ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹਨ। ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਮੁਗ਼ਲ ਸਮਰਾਟ ਜਹਾਂਗੀਰ ਦੇ ਹੁਕਮ ਤੇ ਗ੍ਰਿਫ਼ਤਾਰ ਕਰਕੇ ਲਾਹੌਰ ਵਿੱਚ ਅੰਤਾਂ ਦੇ ਤਸੀਹੇ ਦਿੱਤੇ ਗਏ। ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ’ਤੇ ਬਿਠਾਇਆ ਗਿਆ, ਸਰੀਰ ਤੇ ਤੱਤੀ ਰੇਤ ਪਾਈ ਗਈ। ਸਾਰਾ ਸਰੀਰ ਛਾਲਿਆਂ ਨਾਲ ਭਰ ਗਿਆ ਪਰ ਉਹਨਾਂ ਪ੍ਰਭੂ ਦਾ ਹੁਕਮ ਮੰਨ ਕੇ ਸਵੀਕਾਰ ਕਰ ਲਿਆ ਤੇ ਆਪਣੇ ਮੁੱਖ ਤੋਂ ‘ਤੇਰਾ ਕੀਆ ਮੀਠਾ ਲਾਗੈ।।’ ਉਚਾਰਦੇ ਹੋਏ 30 ਮਈ 1606 ਈ: ਨੂੰ ਰਾਵੀ ਦਰਿਆ ਦੇ ਕਿਨਾਰੇ ਲਾਹੌਰ ਵਿਖੇ ਸ਼ਹੀਦੀ ਪਾ (ਜੋਤੀ-ਜੋਤਿ ਸਮਾ) ਗਏ।
ਸ਼ਹੀਦੀ ਗੁਰਪੁਰਬ ਮਨਾਉਣ ਤੋਂ ਕਈ ਦਿਨ ਪਹਿਲਾਂ (ਮਹੀਨਾ-ਡੇਢ ਮਹੀਨਾ) ਗੁਰਦੁਆਰਿਆਂ ਵਿੱਚ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਸ਼੍ਰੀ ਗੁਰੂ ਅਮਰਦਾਸ ਇਸਤਰੀ ਸਤਿਸੰਗ ਸਭਾ, ਗੁਰੂ ਅਰਜਨ ਸੇਵਾ ਸੁਸਾਇਟੀ, ਭਾਈ ਕਨੱਈਆ ਸੇਵਾ ਦਲ ਤੇ ਹੋਰ ਕਈ ਸੇਵਾ, ਸਭਾ ਸੁਸਾਇਟੀਆਂ ਦੇ ਬੀਬੀਆਂ ਦੇ ਜਥੇ ਵੱਲੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਾਹਕਾਰ ਬਾਣੀ ਸੁਖਮਨੀ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ। ਕੀਰਤਨ ਹੁੰਦਾ ਹੈ ਤੇ ਠੰਡੇ-ਮਿੱਠੇ ਜਲ ਦੀ ਛਬੀਲ ਲਗਾਈ ਜਾਂਦੀ ਹੈ।
ਗੁਰਪੁਰਬ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਅਖੰਡ-ਪਾਠ ਆਰੰਭ ਕੀਤੇ ਜਾਂਦੇ ਹਨ ਪਰ ਉਸ ਪਾਠ ਨੂੰ ਸੁਣਨ ਲਈ ਸੇਵਾਦਾਰ ਦੀ ਜਾਂ ਸੰਗਤ ਦੀ ਵਾਰ-ਵਾਰ ਡਿਉੂਟੀ ਲਾਈ ਜਾਵੇ। ਪਾਠੀ, ਪਾਠ ਕਰ ਰਿਹਾ ਹੁੰਦਾ ਹੈ, ਉਸ ਪਾਠ ਨੂੰ ਸੁਣਨ ਲਈ ਨਾ ਕੋਈ ਸੇਵਾਦਾਰ ਹੈ ਨਾ ਸੰਗਤ। ਫਿਰ ਉਸ ਪਾਠ ਦਾ ਫਲ ਕਿਸ ਨੂੰ ਪ੍ਰਾਪਤ ਹੋਇਆ ਜਾਂ ਕਿਸ ਆਸ਼ੇ ਲਈ ਰੱਖਿਆ ਗਿਆ। ਅਖੰਡ-ਪਾਠ ਸਾਹਿਬ ਦਾ ਭੋਗ ਪਾਇਆ ਜਾਂਦਾ ਹੈ, ਉਪਰੰਤ ਵਿਸ਼ੇਸ਼ ਦੀਵਾਨ ਵਿੱਚ ਰਾਗੀ, ਢਾਡੀ, ਪ੍ਰਚਾਰਕ ਗੁਰੂ ਜਸ ਦੁਆਰਾ ਸੰਗਤਾਂ ਨੂੰ ਨਿਹਾਲ ਕਰਦੇ ਹਨ। ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਜਾਂਦੀਆਂ ਹਨ ਤੇ ਗੁਰੂ ਕਾ ਲੰਗਰ ਅਤੁੱਟ ਵਰਤਦਾ ਹੈ। ਕਈ ਸੇਵਾ-ਭਾਵੀ ਸਭਾ-ਸੁਸਾਇਟੀਆਂ, ਸਮਾਜ ਸੇਵੀ ਸੰਸਥਾਵਾਂ, ਬੱਚੇ, ਨੌਜਵਾਨ ਗਲੀ-ਮੁਹੱਲੇ ਤੇ ਬਜ਼ਾਰਾਂ ਦੀਆਂ ਦੁਕਾਨਾਂ ਤੋਂ ਛਬੀਲ ਲਈ ਮਾਇਆ ਇਕੱਠੀ ਕਰਕੇ ਠੰਡੇ-ਮਿੱਠੇ ਜਲ ਛਕਾਉਣ ਦੀ ਸੇਵਾ ਕਰਦੇ ਹਨ। ਕਈ ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆਂ ਵੱਲੋਂ ਵੀ ਇਸ ਮੌਕੇ ਠੰਡੇ-ਮਿੱਠੇ ਜਲ ਦੀ ਛਬੀਲ ਲਗਾਈ ਜਾਂਦੀ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਬੱਚੇ, ਨੌਜਵਾਨ, ਕਰਮਚਾਰੀ, ਛਬੀਲ ਲਈ ਮਾਇਆ ਇਕੱਠੀ ਕਰਦੇ ਹਨ ਤਾਂ ਇਹ ਹੀ ਕਹਿੰਦੇ ਹਨ ਕਿ ਆਪਣੀ ਸ਼ਰਧਾ ਅਨੁਸਾਰ ਛਬੀਲ ਦੀ ਸੇਵਾ ਵਿੱਚ ਹਿੱਸਾ ਪਾਉ, ਕੋਈ ਬੰਦਸ਼ ਨਹੀਂ ਹੈ। ਜਿਤਨੀ ਯਥਾ ਸ਼ਕਤ ਸ਼ਰਧਾ ਹੋਵੇ, ਸੇਵਾ ਵਿੱਚ ਹਿੱਸਾ ਪਾ ਸਕਦੇ ਹੋ, ਪਰ ਜੇਕਰ ਕੋਈ ਵਿਅਕਤੀ 11, 21, 31 ਰੁਪਏ ਜਾਂ 1 ਕਿੱਲੋ, 2 ਕਿੱਲੋ ਖੰਡ ਜਾਂ ਅੱਧਾ ਕਿੱਲੋ, ਇੱਕ ਕਿੱਲੋ ਦੁੱਧ ਦੇਣ ਦੀ ਸੇਵਾ ਕਰਦਾ ਹੈ ਤਾਂ ਉਹ ਪ੍ਰਵਾਨ ਨਹੀਂ ਕਰਦੇ। ਛਬੀਲ ਦੀ ਸੇਵਾ ਲਈ ਮਾਇਆ ਇਕੱਠੀ ਕਰਨ ਨੂੰ ਹੀ ਪਹਿਲ ਦਿੰਦੇ ਹਨ। 100, 151, 251, 500 ਜਾਂ 1100 ਤੋਂ ਘੱਟ ਰੁਪਏ ਦੀ ਪਰਚੀ ਹੀ ਨਹੀਂ ਕੱਟਦੇ ਜਾਂ ਫਿਰ 5 ਕਿੱਲੋ, 10 ਕਿੱਲੋ ਖੰਡ ਜਾਂ 5 ਕਿੱਲੋ, 10 ਕਿੱਲੋ ਦੁੱਧ ਦੀ ਸੇਵਾ, ਜਾਂ ਫਿਰ ਰੂਹ ਅਫਜ਼ਾ ਦੀਆਂ ਬੋਤਲਾਂ ਦੀ ਸੇਵਾ ਲੈਂਦੇ ਹਨ। ਜਿੰਨੀ ਵੀ ਕਿਸੇ ਦੀ ਸ਼ਰਧਾ ਹੋਵੇ, ਉਹ ਲੈ ਲੈਣੀ ਚਾਹੀਦੀ ਹੈ, ਕਿਸੇ ਨਾਲ ਜ਼ਬਰਦਸਤੀ ਨਹੀਂ ਕਰਨੀ ਚਾਹੀਦੀ। ਛਬੀਲ, ਲੰਗਰ ਲਈ ਪਰਚੀ ਵਿਅਕਤੀ ਤੋਂ ਪੁੱਛ ਕੇ ਕੱਟਣੀ ਚਾਹੀਦੀ ਹੈ।
ਠੰਡੇ-ਮਿੱਠੇ ਜਲ ਦੀਆਂ ਛਬੀਲਾਂ ਹਰ ਇਤਿਹਾਸਕ ਗੁਰਦੁਆਰੇ ਤੇ ਸਭਾ-ਸੁਸਾਇਟੀਆਂ ਵੱਲੋਂ, ਸਿੰਘ ਸਭਾ ਗੁਰਦੁਆਰਿਆਂ, ਮੁਹੱਲਿਆਂ, ਬਜ਼ਾਰਾਂ, ਬੱਸ-ਅੱਡਿਆਂ, ਰੇਲਵੇ ਸਟੇਸ਼ਨਾਂ ਤੇ ਸਮੂਹ ਸੰਗਤਾਂ ਵੱਲੋਂ ਲਗਾਈਆਂ ਜਾਂਦੀਆਂ ਹਨ। ਇਹ ਛਬੀਲਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਤੇ ਜਾਂ ਗੁਰਪੁਰਬ ਤੋਂ ਦੋ-ਚਾਰ ਦਿਨ ਅੱਗੇ-ਪਿੱਛੇ ਹੀ ਕਿਉਂ ਲਾਈਆਂ ਜਾਂਦੀਆਂ ਹਨ ? ਕੀ ਇਸ ਦਿਨ ਗਰਮੀ ਜ਼ਿਆਦਾ ਹੁੰਦੀ ਹੈ। ਅੱਗੇ-ਪਿੱਛੇ ਛਬੀਲਾਂ ਕਿਉਂ ਨਹੀਂ ਲਗਾਈਆਂ ਜਾਂਦੀਆਂ। ਮਾਰਚ ਮਹੀਨੇ ਤੋਂ ਲੈ ਕੇ ਜੁਲਾਈ-ਅਗਸਤ ਮਹੀਨੇ ਤੱਕ ਬਹੁਤ ਗਰਮੀ ਹੁੰਦੀ ਹੈ, ਪਰ ਗੁਰਪੁਰਬ ਤੋਂ ਬਾਅਦ ਤਾਂ ਸਿਰਫ ਸਾਦੇ ਠੰਡੇ ਪਾਣੀ ਦੀ ਹੀ ਛਬੀਲ ਲਗਾਈ ਜਾਂਦੀ ਹੈ। ਸ਼ਹੀਦੀ ਗੁਰਪੁਰਬ ਤੇ ਰੂਹ ਅਫਜ਼ਾ ਦਾ ਸ਼ਰਬਤ, ਕੱਚੀ ਲੱਸੀ, ਰੂਹ ਅਫਜ਼ਾ ਦੁੱਧ ’ਚ ਮਿਲਾ ਕੇ ਪਿਲਾਇਆ ਜਾਂਦਾ ਹੈ। ਕੜੀ-ਪਕੌੜੇ-ਚਾਵਲ, ਪੂਰੀ-ਛੋਲੇ, ਪ੍ਰਸ਼ਾਦ, ਛੋਲੇ-ਕੁਲਚੇ ਤੇ ਹੋਰ ਕਈ ਤਰ੍ਹਾਂ ਦੀਆਂ ਮਠਿਆਈਆਂ ਦੇ ਲੰਗਰ ਵੀ ਲਾਏ ਜਾਂਦੇ ਹਨ।
1986 ਵਿੱਚ ਕੇਵਲ ਦਿੱਲੀ ਸ਼ਹਿਰ ਵਿੱਚ ਹੀ 1300 ਤੋਂ ਵੱਧ ਥਾਵਾਂ ਤੇ ਠੰਡੇ-ਮਿੱਠੇ ਜਲ ਦੀਆਂ ਛਬੀਲਾਂ ਲਾਈਆਂ ਗਈਆਂ ਜਿਨ੍ਹਾਂ ਵਿੱਚ ਦੁੱਧ, ਖੰਡ, ਬਰਫ਼, ਸ਼ਾਮਿਆਨੇ ਦਾ ਖ਼ਰਚ 25 ਲੱਖ ਰੁਪਏ ਤੋਂ ਵੱਧ ਹੋਇਆ ਸੀ। ਇਹ ਖ਼ਰਚ ਤਾਂ ਕੇਵਲ ਇੱਕ ਸ਼ਹਿਰ ਦਾ ਹੈ। ਹਰ ਛੋਟੇ-ਵੱਡੇ ਸ਼ਹਿਰ ਵਿੱਚ ਹਰ ਸਾਲ ਇਸ ਤਰ੍ਹਾਂ ਲੱਖਾਂ-ਕਰੋੜਾਂ ਰੁਪਏ ਖ਼ਰਚ ਹੁੰਦੇ ਹਨ।
ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਹੋਇਆਂ 420 ਸਾਲ ਹੋ ਚੁੱਕੇ ਹਨ ਪਰ ਸਾਡੇ ਵਿੱਚੋਂ ਅੱਧ ਨਾਲੋਂ ਵੱਧ ਸਿੱਖ ਅਖਵਾਉਣ ਵਾਲਿਆਂ ਨੂੰ ਗੁਰੂ ਮਹਾਰਾਜ ਜੀ ਦੇ ਉਪਕਾਰਾਂ ਅਤੇ ਸ਼ਹੀਦੀ ਦੇ ਕਾਰਨਾਂ ਦਾ ਠੀਕ ਪਤਾ ਨਹੀਂ ਜਦਕਿ ਅਸੀਂ ਹਰ ਸਾਲ ਗੁਰਪੁਰਬ ਮਨਾਉਂਦੇ, ਲੰਗਰ ਛਕਾਉਂਦੇ ਹਾਂ, ਛਬੀਲ ਲਾਉਂਦੇ ਹਾਂ। ਚਾਹੀਦਾ ਤਾਂ ਇਹ ਹੈ ਕਿ ਹਰ ਸਾਲ ਠੰਡੇ-ਮਿੱਠੇ ਜਲ ਦੀ ਛਬੀਲ ਉੱਤੇ ਖ਼ਰਚ ਕੀਤੇ ਜਾਣ ਵਾਲੇ ਲੱਖਾਂ, ਕਰੋੜਾਂ ਰੁਪਇਆਂ ਵਿੱਚੋਂ ਜੇ ਅੱਧੇ ਪੈਸਿਆਂ ਦਾ ਧਾਰਮਿਕ ਲਿਟਰੇਚਰ ਜਾਂ ਗੁਰੂ ਅਰਜਨ ਦੇਵ ਜੀ ਦੇ ਜੀਵਨ ਦਾ ਕੋਈ ਇੱਕ ਉਪਦੇਸ਼ ਜਾਂ ਉਹਨਾਂ ਦੀ ਸ਼ਹੀਦੀ ਬਾਰੇ ਵਾਰਤਾ ਪੰਜਾਬੀ, ਹਿੰਦੀ, ਅੰਗਰੇਜ਼ੀ ਆਦਿ ਬੋਲੀ ਵਿੱਚ ਛਾਪ ਕੇ ਵੰਡਿਆ ਜਾਵੇ। ਪਰ ਇਸ ਤਰ੍ਹਾਂ ਕੋਈ ਨਹੀਂ ਕਰਦਾ।
ਛਬੀਲ ਲਾਉਣ ਦਾ ਆਰੰਭ ਕਿਵੇਂ, ਕਦੋਂ ਅਤੇ ਕਿਸ ਆਸ਼ੇ ਨੂੰ ਮੁੱਖ ਰੱਖ ਕੇ ਹੋਇਆ, ਇਸ ਬਾਰੇ ਇਤਿਹਾਸ ਵਿੱਚ ਕਿਤੇ ਜ਼ਿਕਰ ਨਹੀਂ ਮਿਲਦਾ। ਡਾ: ਮਹੀਪ ਸਿੰਘ ਅਨੁਸਾਰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ’ਤੇ ਠੰਡੀ-ਮਿੱਠੀ ਲੱਸੀ ਵਰਤਾਉਣ ਦੀ ਰਵਾਇਤ ਕਦੋਂ ਸ਼ੁਰੂ ਹੋਈ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਜਿਨ੍ਹਾਂ ਨੇ ਵੀ ਇਹ ਰਵਾਇਤ ਸ਼ੁਰੂ ਕੀਤੀ, ਉਹਨਾਂ ਅੰਦਰ ‘ਤੇਰਾ ਕੀਆ ਮੀਠਾ ਲਾਗੈ॥’  ਦਾ ਭਾਵ ਜ਼ਰੂਰ ਅੰਦਰ ਤੱਕ ਵਸਿਆ ਹੋਵੇਗਾ। ਕਿੰਨੇ ਵੀ ਕਸ਼ਟ ਹੋਣ, ਕਿੰਨੇ ਵੀ ਜ਼ੁਲਮ ਹੋਣ, ਕਿੰਨੇ ਵੀ ਤਸੀਹੇ ਹੋਣ, ਸਾਰਿਆਂ ਨੂੰ ਅਕਾਲ ਪੁਰਖ ਦਾ ਭਾਣਾ ਮੰਨ ਕੇ ਖਿੜੇ ਮੱਥੇ, ਹੱਸਦੇ-ਹੱਸਦੇ ਸਵੀਕਾਰ ਕਰ ਲੈਣਾ ਸਿੱਖੀ ਦੀ ਆਪਣੀ ਪਰੰਪਰਾ ਹੈ।
  ਪੰਥ ਪ੍ਰਸਿੱਧ ਰਾਗੀ ਭਾਈ ਸਰਬਜੀਤ ਸਿੰਘ ਪਟਨਾ ਸਾਹਿਬ ਵਾਲਿਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਜੇਠ ਮਹੀਨੇ ਦੀ ਭਿਆਨਕ ਗਰਮੀ ਵਿੱਚ ਤੱਤੀ ਤਵੀ ‘ਤੇ ਬੈਠ ਕੇ ਵੱਖ-ਵੱਖ ਕਿਸਮ ਦੇ ਤਸੀਹੇ ਸਹਾਰਦੇ ਹੋਏ ਸ਼ਾਂਤੀ ਅਤੇ ਸਮਰਪਣ ਨਾਲ ਸ਼ਹਾਦਤ ਦਿੱਤੀ ਸੀ। ਇਹ ਸਿੱਖ ਇਤਿਹਾਸ ਦੀ ਪਹਿਲੀ ਮਹਾਨ ਸ਼ਹਾਦਤ ਮੰਨੀ ਜਾਂਦੀ ਹੈ, ਜਿਸ ਨੇ ਸਿੱਖ ਕੌਮ ਨੂੰ ਜ਼ੁਲਮ ਵਿਰੁੱਧ ਡਟਣ ਅਤੇ ਸੱਚ ਦੇ ਰਾਹ ‘ਤੇ ਚੱਲਣ ਦੀ ਪ੍ਰੇਰਣਾ ਦਿੱਤੀ । ਇਸੇ ਕਾਰਨ ਸ਼ਹੀਦੀ ਦਿਹਾੜੇ ਮੌਕੇ ਸੰਗਤਾਂ ਵੱਲੋਂ ਛਬੀਲਾਂ ਲਗਾ ਕੇ ਰਾਹਗੀਰਾਂ ਨੂੰ ਠੰਢਾ ਜਲ ਪਿਲਾਇਆ ਜਾਂਦਾ ਹੈ।ਇਹ ਸੇਵਾ ਕੇਵਲ ਪਾਣੀ ਵੰਡਣ ਤੱਕ ਸੀਮਿਤ ਨਹੀਂ, ਸਗੋਂ ਮਨੁੱਖਤਾ ਦੀ ਨਿਸ਼ਕਾਮ ਸੇਵਾ, ਨਿਮਰਤਾ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਮੰਨੀ ਜਾਂਦੀ ਹੈ ਪ੍ਰੰਤੂ ਸਮੇਂ ਦੇ ਨਾਲ ਇਸ ਪਰੰਪਰਾ ਦਾ ਰੂਪ ਕਾਫ਼ੀ ਬਦਲਦਾ ਨਜ਼ਰ ਆ ਰਿਹਾ ਹੈ । ਕਈ ਥਾਵਾਂ ‘ਤੇ ਸਾਦਗੀ ਅਤੇ ਸਿਮਰਨ ਦੀ ਥਾਂ ਦਿਖਾਵਾ ਅਤੇ ਆਡੰਬਰ ਵਧਦਾ ਜਾ ਰਿਹਾ ਹੈ। ਉਹਨਾਂ ਕਿਹਾ ਸ਼ਹੀਦੀ ਦਿਹਾੜੇ ਮੌਕੇ ਸਮੋਸੇ, ਫਾਸਟ ਫੂਡ, ਮੈਂਗੋ ਸ਼ੇਕ, ਕੋਲਡ ਡਰਿੰਕ, ਆਈਸਕ੍ਰੀਮ ਅਤੇ ਮਹਿੰਗੇ ਵਿਸ਼ੇਸ਼ ਪਕਵਾਨਾਂ ਦੇ ਲੰਗਰ ਲਗਾਉਣ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ, ਜਦ ਕਿ ਸ਼ਹੀਦੀ ਦਿਹਾੜਾ ਵੈਰਾਗ, ਗੁਰਬਾਣੀ ਕੀਰਤਨ, ਸਿਮਰਨ ਅਤੇ ਗੁਰੂ ਸਾਹਿਬ ਦੀ ਕੁਰਬਾਨੀ ਨੂੰ ਯਾਦ ਕਰਨ ਦਾ ਦਿਨ ਹੈ, ਨਾ ਕਿ ਖਾਣ-ਪੀਣ ਦੇ ਜਸ਼ਨ ਮਨਾਉਣ ਦਾ। ਵੱਡੇ ਪੱਧਰ ‘ਤੇ ਲੱਗਦੇ ਲੰਗਰਾਂ ਕਾਰਨ ਕਈ ਵਾਰ ਟ੍ਰੈਫਿਕ ਜਾਮ, ਗੰਦਗੀ ਅਤੇ ਪ੍ਰਬੰਧਕੀ ਸਮੱਸਿਆਵਾਂ ਵੀ ਪੈਦਾ ਹੋ ਜਾਂਦੀਆਂ ਹਨ, ਜੋ ਇਸ ਪਵਿੱਤਰ ਦਿਹਾੜੇ ਦੀ ਗੰਭੀਰਤਾ ਨਾਲ ਮੇਲ ਨਹੀਂ ਖਾਂਦੀਆਂ । ਉਹਨਾਂ ਦੱਸਿਆ ਸ਼ਹੀਦੀ ਦਿਹਾੜੇ ਵਰਗੇ ਗੰਭੀਰ ਅਤੇ ਸਤਿਕਾਰ ਵਾਲੇ ਦਿਨਾਂ ‘ਤੇ ਬਹੁਤ ਉੱਚੀ ਆਵਾਜ਼ ਵਾਲੇ ਡੀਜੇ ਲਗਾਉਣ ਦੇ ਨਾਲ ਜਿੱਥੇ ਸ਼ਹੀਦਾਂ ਦੀ ਕੁਰਬਾਨੀ ਅਤੇ ਆਦਰ ਘਟਦਾ ਹੈ ਉਥੇ ਗੁਰਬਾਣੀ, ਕੀਰਤਨ ਅਤੇ ਵਿਚਾਰ ਸੁਣਨ ਦੀ ਥਾਂ ਮਾਹੌਲ ਮੇਲੇ ਜਾਂ ਦਿਖਾਵੇ ਵਾਂਗ ਬਣ ਜਾਂਦਾ ਹੈ ।
ਅੱਜ-ਕੱਲ੍ਹ ਤਾਂ ਠੰਡੇ-ਮਿੱਠੇ ਜਲ ਦੀ ਛਬੀਲ ਨਾਲ ਸ਼ਹਿਰਾਂ ’ਚ ਕਿਧਰੇ ਚਾਹ, ਕਿਧਰੇ ਰੰਗ-ਬਰੰਗੇ ਹਲਵੇ, ਰੂਹ-ਅਫ਼ਜ਼ਾ ਦੇ ਸ਼ਰਬਤ ਅਤੇ ਕਈ ਹੋਰ ਪਦਾਰਥ ਲੱਖਾਂ ਰੁਪਏ ਖ਼ਰਚ ਕਰਕੇ ਨਗਰ-ਕੀਰਤਨ ਦੇ ਰਸਤੇ ਅਤੇ ਬਜ਼ਾਰਾਂ ਵਿੱਚ ਵੰਡੇ-ਵੰਡਾਏ ਜਾਂਦੇ ਹਨ ਅਤੇ ਖੁਆਏ-ਪਿਲਾਏ ਜਾਂਦੇ ਹਨ। ਇਸ ਤਰ੍ਹਾਂ ਅਸੀਂ ਰਾਹ ਜਾਂਦਿਆਂ ਨੂੰ ਖੁਆਉਣਾ-ਪਿਲਾਉਣਾ, ਲੱਸੀਆਂ, ਸ਼ਰਬਤ ਪਿਲਾਉਣ ਤੇ ਇਤਨਾ ਖ਼ਰਚ ਕਰਦੇ ਹਾਂ। ਸਾਨੂੰ ਦੇਖ-ਦੇਖ ਕੇ ਭੇਡ-ਚਾਲ ਦੀ ਤਰ੍ਹਾਂ ਪਿੰਡਾਂ ਵਿੱਚ ਵੀ ਇੱਕ ਸੜਕ ’ਤੇ ਕਈ-ਕਈ ਛਬੀਲਾਂ ਲੱਗੀਆਂ ਹੁੰਦੀਆਂ ਹਨ ਅਤੇ ਉਹ ਬੱਸਾਂ, ਟਰੱਕਾਂ, ਟਰਾਲੀਆਂ, ਸਕੂਟਰਾਂ, ਕਾਰਾਂ, ਸਾਈਕਲਾਂ ਵਾਲਿਆਂ ਨੂੰ ਰੋਕ-ਰੋਕ ਕੇ ਜ਼ਬਰਦਸਤੀ ਸ਼ਰਬਤ, ਲੱਸੀ ਛਕਾਉਂਦੇ ਹਨ।
ਇਹਨਾਂ ਸਤਰਾਂ ਦਾ ਲੇਖਕ ਇਹ ਨਹੀਂ ਕਹਿੰਦਾ ਕਿ ਛਬੀਲਾਂ ਨਹੀਂ ਲੱਗਣੀਆਂ ਚਾਹੀਦੀਆਂ ਜਾਂ ਕਿਉਂ ਲਗਾਈਆਂ ਜਾਂਦੀਆਂ ਹਨ। ਪਰ ਇਸ ਉੱਤੇ ਸਾਰਾ ਖ਼ਰਚ ਕਰਨ ਦੀ ਬਜਾਏ ਕੁਝ ਲਿਟਰੇਚਰ ਛਪਵਾ ਕੇ ਵੀ ਇਸ ਦਿਨ ਲੰਗਰ ਵਿੱਚ ਵੰਡਿਆ ਜਾਵੇ ਤੇ ਲੋੜਵੰਦਾਂ ਦੀ ਮਦਦ ਕੀਤੀ ਜਾਵੇ ਤਾਂ ਕਿੰਨੀ ਚੰਗੀ ਗੱਲ ਹੈ ? ਛਬੀਲ ਵਿੱਚ ਗਲਾਸਾਂ ਨੂੰ ਲਾਲ ਦਵਾਈ ਨਾਲ ਹਰ ਵਾਰ ਜ਼ਰੂਰ ਸਾਫ਼ ਕਰਕੇ ਫਿਰ ਸਾਦੇ ਪਾਣੀ ਨਾਲ ਜ਼ਰੂਰ ਧੋਣੇ ਚਾਹੀਦੇ ਹਨ। ਛਬੀਲ ਤਿਆਰ ਕਰਨ ਅਤੇ ਕਰਵਾਉਣ ਸਮੇਂ ਨੌਜਵਾਨਾਂ, ਭੈਣਾਂ-ਭਰਾਵਾਂ ਨੂੰ ਸਫ਼ਾਈ, ਸਵੱਛਤਾ ਤੇ ਸੁੱਚਮਤਾ ਦਾ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ। ਛਬੀਲ ਦੇ ਨਾਲ-ਨਾਲ ਗੁਰਮਤਿ ਲਿਟਰੇਚਰ ਦੇ ਛੋਟੇ-ਛੋਟੇ ਟ੍ਰੈਕਟ ਵੀ ਛਪਵਾ ਕੇ ਵੰਡਣੇ ਚਾਹੀਦੇ ਹਨ ਤਾਂ ਕਿ ਗੁਰੂ ਜੀ ਦੇ ਉਪਦੇਸ਼ਾਂ ਬਾਰੇ ਪਤਾ ਲੱਗ ਸਕੇ।
ਕਰਨੈਲ ਸਿੰਘ ਐੱਮ.ਏ.
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕੀ ਕੋਈ ਇੰਨਾ ਵੀ ਇਨਸਾਨੀਅਤ ਨੂੰ ਪ੍ਰਣਾਇਆ ਹੋ ਸਕਦੈ !
Next articleਬਿਜਲੀ ਦੀਆਂ ਢਿੱਲੀਆਂ ਤਾਰਾਂ ਦੇ ਰਹੀਆਂ ਹਨ ਹਾਦਸੇ ਨੂੰ ਸੱਦਾ