ਸਮਾਜ ਵੀਕਲੀ ਯੂ ਕੇ
ਮਿਰਗੀ ਦਾ ਹਰ ਮਰੀਜ਼ ਸਨਮਾਨ ਅਤੇ ਬਿਹਤਰ ਇਲਾਜ ਦਾ ਹੱਕਦਾਰ : ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ
– ਡੀ.ਐੱਮ.ਸੀ., ਲੁਧਿਆਣਾ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਚਲਾਏ ਜਾ ਰਹੇ ‘ਸਟਾਪ ਐਪੀਲੈਪਸੀ ਪ੍ਰੋਜੈਕਟ’ ‘ਤੇ ਡੂੰਘਾਈ ਨਾਲ ਵਿਚਾਰ-ਚਰਚਾ
ਨਵਾਂਸ਼ਹਿਰ, 9 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ )– ਮਿਰਗੀ ਦੀ ਬਿਮਾਰੀ ਬਾਰੇ ਸਮਾਜ ਵਿੱਚ ਫੈਲੇ ਭਰਮਾਂ ਅਤੇ ਅੰਧ-ਵਿਸ਼ਵਾਸਾਂ ਨੂੰ ਦੂਰ ਕਰਕੇ ਡਾਕਟਰੀ ਇਲਾਜ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਵੀਰਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸ਼ਹੀਦ ਭਗਤ ਸਿੰਘ ਨਗਰ ਵਿਖੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ ਵੱਲੋਂ ਜ਼ਿਲ੍ਹਾ ਸਿਹਤ ਵਿਭਾਗ ਦੇ ਸਹਿਯੋਗ ਨਾਲ ਜ਼ਿਲ੍ਹੇ ਅੰਦਰ ਸਫਲਤਾਪੂਰਵਕ ਚਲਾਏ ਜਾ ਰਹੇ ‘ਸਟਾਪ ਐਪੀਲੈਪਸੀ ਪ੍ਰੋਜੈਕਟ’ ‘ਤੇ ਡੂੰਘਾਈ ਨਾਲ ਵਿਚਾਰ-ਚਰਚਾ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਜ਼ੋਰ ਦੇ ਕੇ ਕਿਹਾ ਕਿ ਮਿਰਗੀ ਦਾ ਹਰ ਮਰੀਜ਼ ਸਨਮਾਨ ਅਤੇ ਬਿਹਤਰ ਇਲਾਜ ਦਾ ਹੱਕਦਾਰ ਹੈ। ਇਸ ਲਈ ਮਿਰਗੀ ਦੇ ਮਰੀਜ਼ਾਂ ਦੀ ਭਲਾਈ ਲਈ ਜ਼ਿਲ੍ਹੇ ਵਿੱਚ ਜਾਗਰੂਕਤਾ, ਸਮੇਂ ਸਿਰ ਪਛਾਣ, ਰੈਫਰਲ, ਮੁਫ਼ਤ ਇਲਾਜ ਅਤੇ ਨਿਰੰਤਰ ਫਾਲੋ-ਅੱਪ ਨੂੰ ਹੋਰ ਮਜ਼ਬੂਤ ਕੀਤਾ ਜਾਵੇ, ਤਾਂ ਜੋ ਹਰ ਯੋਗ ਮਰੀਜ਼ ਨੂੰ ਗੁਣਵੱਤਾ ਭਰੀ ਸਿਹਤ ਸੇਵਾਵਾਂ ਦਾ ਲਾਭ ਮਿਲ ਸਕੇ।
ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਅਤੇ ਡੀ.ਐੱਮ.ਸੀ. ਲੁਧਿਆਣਾ ਦੇ ਨਿਊਰੋਲੋਜੀ ਵਿਭਾਗ ਦੇ ਮੁਖੀ ਪ੍ਰੋਫੈਸਰ ਡਾ. ਗਗਨਦੀਪ ਸਿੰਘ ਨੇ ਜਾਣਕਾਰੀ ਦਿੱਤੀ ਕਿ ਇਸ ਪ੍ਰੋਜੈਕਟ ਤਹਿਤ ਮਿਰਗੀ ਦੇ ਮਰੀਜ਼ਾਂ ਦੀ ਸਮੇਂ ਸਿਰ ਪਛਾਣ, ਸਕ੍ਰੀਨਿੰਗ, ਮਾਹਿਰ ਡਾਕਟਰੀ ਸਲਾਹ ਅਤੇ ਮੁਫ਼ਤ ਇਲਾਜ ਦੀਆਂ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ।.ਉਨ੍ਹਾਂ ਇਹ ਵੀ ਦੱਸਿਆ ਕਿ ਇਹ ਪ੍ਰੋਜੈਕਟ ਜ਼ਿਲ੍ਹੇ ਅੰਦਰ ਮਿਰਗੀ ਦੀ ਬਿਮਾਰੀ ਤੋਂ ਪੀੜਤ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ, ਕਿਉਂਕਿ ਮਿਰਗੀ ਦੀ ਬਿਮਾਰੀ ਤੋਂ ਪੀੜਤ ਮਰੀਜ਼ਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਬਿਹਤਰ ਤੇ ਮੁਫ਼ਤ ਇਲਾਜ ਮਿਲ ਰਿਹਾ ਹੈ।
ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ‘ਸਟਾਪ ਐਪੀਲੈਪਸੀ ਪ੍ਰੋਜੈਕਟ’ ਦੀ ਸਫਲ ਕਾਰਗੁਜ਼ਾਰੀ ਲਈ ਜ਼ਿਲ੍ਹਾ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਅਤੇ ਡੀ.ਐੱਮ.ਸੀ. ਲੁਧਿਆਣਾ ਦੀ ਸਮੁੱਚੀ ਟੀਮ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਮਿਰਗੀ ਦੇ ਮਰੀਜ਼ਾਂ ਦੀ ਭਲਾਈ ਲਈ ਇਹ ਲੋਕ-ਪੱਖੀ ਸੇਵਾਵਾਂ ਨਿਰੰਤਰ ਅਤੇ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਜਾਰੀ ਰੱਖੀਆਂ ਜਾਣ, ਤਾਂ ਜੋ ਹਰ ਲੋੜਵੰਦ ਮਰੀਜ਼ ਨੂੰ ਸਮੇਂ ਸਿਰ ਗੁਣਵੱਤਾ ਭਰੀਆਂ ਸਿਹਤ ਸੇਵਾਵਾਂ ਦਾ ਲਾਭ ਮਿਲ ਸਕੇ। ਉਨ੍ਹਾਂ ਭਰੋਸਾ ਦਿਵਾਇਆ ਕਿ ਇਸ ਪ੍ਰੋਜੈਕਟ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਜਦੋਂ ਵੀ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਦੀ ਲੋੜ ਪਵੇਗੀ, ਹਰ ਸੰਭਵ ਸਹਿਯੋਗ ਯਕੀਨੀ ਬਣਾਇਆ ਜਾਵੇਗਾ।
ਅੰਤ ਵਿੱਚ ਉਨ੍ਹਾਂ ਜ਼ਿਲ੍ਹਾ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ “ਭਰਮ ਤੇ ਮਿੱਥ ਛੱਡਣ ਤੇ ਡਾਕਟਰੀ ਇਲਾਜ ਅਪਣਾਉਣ ਅਤੇ ਮਿਰਗੀ ਦੇ ਮਰੀਜ਼ਾਂ ਨਾਲ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਾ ਕੀਤਾ ਜਾਵੇ।
ਇਸ ਉਪਰੰਤ ਡਿਪਟੀ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡੀ.ਐੱਮ.ਸੀ. ਲੁਧਿਆਣਾ ਦੀ ਟੀਮ ਨੇ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਕਰਕੇ ਮਿਰਗੀ ਦੇ ਮਰੀਜ਼ਾਂ ਦੀ ਪਛਾਣ, ਜਾਗਰੂਕਤਾ, ਰੈਫਰਲ ਅਤੇ ਇਲਾਜ ਲਈ ਆਪਸੀ ਤਾਲਮੇਲ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕੀਤੀ ਤਾਂ ਜੋ ਹਰ ਲੋੜਵੰਦ ਮਰੀਜ਼ ਨੂੰ ਸਮੇਂ ਸਿਰ ਗੁਣਵੱਤਾ ਭਰੀਆਂ ਸਿਹਤ ਸੇਵਾਵਾਂ ਦਾ ਲਾਭ ਮਿਲ ਸਕੇ।
ਪ੍ਰੋਫੈਸਰ ਡਾ. ਗਗਨਦੀਪ ਸਿੰਘ ਨੇ ਦੱਸਿਆ ਕਿ
ਮਿਰਗੀ ਦਿਮਾਗ ਨਾਲ ਸਬੰਧਿਤ ਤੰਤੂ ਪ੍ਰਣਾਲੀ ਦਾ ਇੱਕ ਵਿਗਾੜ ਹੈ, ਜਿਸ ਦਾ ਪ੍ਰਭਾਵਸ਼ਾਲੀ ਇਲਾਜ ਸੰਭਵ ਹੈ। ਉਨ੍ਹਾਂ ਕਿਹਾ ਕਿ ਇਲਾਜ ਨੂੰ ਅੱਧ ਵਿਚਕਾਰ ਛੱਡਣਾ ਜਾਂ ਦਵਾਈ ਦੀ ਇੱਕ ਵੀ ਖੁਰਾਕ ਮਿਸ ਕਰਨਾ ਦੌਰੇ ਦਾ ਖਤਰਾ ਵਧਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਮੇਂ ਸਿਰ ਸਹੀ ਇਲਾਜ ਨਾਲ ਕਰੀਬ 70 ਫੀਸਦੀ ਮਰੀਜ਼ ਪੂਰੀ ਤਰ੍ਹਾਂ ਆਮ ਜੀਵਨ ਬਤੀਤ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਸਿਰ ਦੀ ਸੱਟ, ਦਿਮਾਗੀ ਇੰਫੈਕਸ਼ਨ, ਦਿਮਾਗੀ ਟਿਊਮਰ, ਦਿਮਾਗੀ ਸੋਜ, ਦਿਮਾਗ ਦੀਆਂ ਖੂਨ ਦੀਆਂ ਨਾੜੀਆਂ ਦੇ ਵਿਗਾੜ, ਸ਼ਰਾਬ ਅਤੇ ਕੁਝ ਨਸ਼ੀਲੇ ਪਦਾਰਥਾਂ ਦੀ ਵਰਤੋਂ ਮਿਰਗੀ ਦੇ ਕਾਰਨਾਂ ਵਿੱਚ ਸ਼ਾਮਲ ਹੋ ਸਕਦੇ ਹਨ। ਅਚਾਨਕ ਬੇਹੋਸ਼ ਹੋਣਾ, ਸਰੀਰ ਦਾ ਆਕੜ ਜਾਣਾ, ਝਟਕੇ ਆਉਣਾ, ਮੂੰਹ ਵਿੱਚੋਂ ਝੱਗ ਨਿਕਲਣਾ, ਜੀਭ ਟੁੱਕ ਜਾਣਾ ਅਤੇ ਕੱਪੜਿਆਂ ਵਿੱਚ ਪਿਸ਼ਾਬ ਨਿਕਲ ਜਾਣਾ ਇਸ ਦੇ ਪ੍ਰਮੁੱਖ ਲੱਛਣ ਹਨ। ਅਜਿਹੀ ਸਥਿਤੀ ਵਿੱਚ ਮਰੀਜ਼ ਨੂੰ ਤੁਰੰਤ ਮੁੱਢਲੀ ਡਾਕਟਰੀ ਸਹਾਇਤਾ ਅਤੇ ਨਜ਼ਦੀਕੀ ਸਿਹਤ ਸੰਸਥਾ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਹੈ।
ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਹਰੀਸ਼ ਕਿਰਪਾਲ, ‘ਸਟਾਪ ਐਪੀਲੈਪਸੀ ਪ੍ਰੋਜੈਕਟ’ ਦੇ ਰਿਸਰਚ ਐਸੋਸੀਏਟ ਨਿਸ਼ੂ ਸ਼ਰਮਾ, ਕਲੀਨੀਕਲ ਰਿਸਰਚ ਟ੍ਰੇਨਿੰਗ ਫੈਲੋ ਉਤਪਲ, ਬੱਬਲਜੀਤ ਸਿੰਘ ਅਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਹਾਜ਼ਰ ਸਨ।






