HOME ਕੀ ਕੋਈ ਇੰਨਾ ਵੀ ਇਨਸਾਨੀਅਤ ਨੂੰ ਪ੍ਰਣਾਇਆ ਹੋ ਸਕਦੈ !

ਕੀ ਕੋਈ ਇੰਨਾ ਵੀ ਇਨਸਾਨੀਅਤ ਨੂੰ ਪ੍ਰਣਾਇਆ ਹੋ ਸਕਦੈ !

11

( ਸਵਰਨ ਸਿੰਘ ਭੰਗੂ ਨੂੰ ਯਾਦ ਕਰਦਿਆਂ )

    (ਸਮਾਜ ਵੀਕਲੀ)   ਪਿਛਲੇ ਦਿਨੀਂ ਸਮਾਜ ਚੋਂ ਗੰਧਲਾਪਨ ਦੂਰ ਕਰਨ  ਦੇ ਕਾਰਜ ਚ ਲੱਗੇ ਹੋਏ  ਸਵਰਨ ਸਿੰਘ ਭੰਗੂ ,ਇਸ ਸਿਸਟਮ ਦੇ ਗੰਧਲੇਪਣ ਦਾ ਸ਼ਿਕਾਰ ਹੋ  ਸਾਡੇ ਤੋਂ ਵਿੱਛੜ ਗਏ ਹਨ।  ਜਦੋਂ ਹੀ ਉਹਨਾਂ ਬਾਰੇ ਖਬਰ ਸੋਸਲ ਮੀਡੀਆ ਤੇ ਪੜ੍ਹੀ-ਸੁਣੀ ਤਾਂ ਉਸੇ ਦਿਨ ਤੋਂ ਹੀ ਉਹਨਾਂ ਬਾਰੇ ਕੁਝ ਲਿਖਣ ਲਈ ਦਿਮਾਗ ਵਿੱਚ ਖਲਲ ਪੈ ਰਿਹਾ ਸੀ ਪਰ ਸੋਚਦਾ ਸਾਂ ਕਿ ਮੇਰੇ ਵਰਗੇ ਸਧਾਰਨ ਬੰਦੇ ਦੇ ਸ਼ਬਦ ਉਹਨਾਂ ਦੀ ਸਖਸ਼ੀਅਤ ਲਈ ਢੁਕਵੇਂ ਵੀ ਹੋ ਸਕਦੇ ਹਨ? ਫਿਰ ਕੁਝ ਦਿਨ ਹੋਰ ਉਹਨਾਂ ਬਾਰੇ ਪੜ੍ਹਨ ਤੇ ਸੁਣਨ ਤੋਂ ਬਾਅਦ ਕੁਝ ਸ਼ਬਦ ਲਿਖਣ ਦੀ ਹਿੰਮਤ ਆਈ ਕਿ ਨਹੀਂ,  ਚੰਗੇ ਬੰਦਿਆਂ ਲਈ ਕੁਝ ਨਾ ਕੁਝ ਤਾਂ ਜਰੂਰ ਲਿਖਣਾ ਚਾਹੀਦਾ ਹੈ।  ਜਿੱਥੋਂ ਤੱਕ ਉਹਨਾਂ ਦੀ ਸਖਸ਼ੀਅਤ ਬਾਰੇ ਸਮਝਣ ਦਾ ਮੌਕਾ ਮਿਲਿਆ ਕਿ ਉਹ ਸਿਰਫ ਇਕ ਵਿਅਕਤੀ ਹੀ ਨਹੀਂ ਸਨ, ਉਹ ਤਾਂ ਇੱਕ ਸੰਸਥਾ ਸਨ, ਜੋ  ਪੂਰੀ ਦੀ ਪੂਰੀ ਇਨਸਾਨੀਅਤ ਨੂੰ ਪ੍ਰਣਾਈ ਹੋਈ ਸੀ। ਉਹਨਾਂ ਦੇ ਵਿਚਾਰ ਸਨ ਕਿ ਅਸੀਂ ਇਨਸਾਨ ਰੂਪ ਵਿੱਚ ਕੁਦਰਤ ਦੇ ਕਰੋੜਾਂ ਵਰ੍ਹਿਆਂ ਦੇ ਸਹਿਜ ਵਿਕਾਸ ਦਾ ਫਲ਼ ਹਾਂ। ਇਸ ਲਈ ਇਨਸਾਨ ਨੂੰ ਆਪਣੇ ਜੀਵਨ ਨੂੰ ਵਿਅਰਥ ਨਹੀਂ ਗਵਾਉਣਾ ਚਾਹੀਦਾ। ਉਸ ਕੁਦਰਤ ਦੇ ਕਰੋੜਾਂ ਵਰ੍ਹਿਆਂ ਦੀ ਘਾਲਣਾ ਦਾ ਮੁੱਲ ਮੋੜਦੇ ਹੋਏ ਇਨਸਾਨ ਨੂੰ ਕੁਝ ਨਾਂ ਕੁਝ ਸਮਾਜ ਚ ਚੰਗਾ ਕਰਦੇ ਰਹਿਣਾ ਚਾਹੀਦਾ ਹੈ। ਇਸ ਲਈ ਜਦੋਂ ਵੀ ਕੋਈ ਇਨਸਾਨ ਅਣਿਆਈ ਮੌਤੇ ਜਾਂਦਾ ਜਾਂ ਕਿਸੇ ਨਾਲ ਕੋਈ ਅਣਮਨੁੱਖੀ ਵਿਵਹਾਰ ਹੁੰਦਾ ਤਾਂ ਉਹਨਾਂ ਦਾ ਕਾਲਜਾ ਵਲੂੰਧਰਿਆਂ ਜਾਂਦਾ ਸੀ। ਪੰਜਾਬ ਦੇ ਕਾਲੇ ਦੌਰ ਨੂੰ ਉਹਨਾਂ ਨੇੜਿਉਂ ਹੋ ਕੇ ਦੇਖਿਆ ਤੇ 26 ਦਸੰਬਰ 1991 ਨੂੰ ਉਹਨਾਂ ਆਪਣੇ ਲੇਖ ” ਬਹੁਤ ਬੁਰਾ ਸਮਾਂ ਸੀ ਉਹ ” ਵਿੱਚ ਇਸ ਬਿਰਤਾਂਤ ਦਾ ਵਰਨਣ ਕੀਤਾ, ਜਿਸ ਨੂੰ ਪੜ੍ਹ ਕੇ ਪਤਾ ਲੱਗਦੈ ਕਿ ਉਹ ਇਨਸਾਨੀਅਤ ਦੇ ਹੁੰਦੇ ਘਾਣ ਨੂੰ ਦੇਖ ਕੇ ਕਿੰਨਾ ਦੁਖੀ ਹੁੰਦੇ ਤੇ ਕਿਸੇ ਨਾ ਕਿਸੇ ਰੂਪ ਵਿਚ ਇਸ ਦੇ ਖਿਲਾਫ ਅਵਾਜ ਉਠਾਉਂਦੇ ਰਹਿੰਦੇ। ਆਪਣੀ  ਲਿਖਤ ” ਜਿਉਂਦੇ ਅਵਤਾਰ ” ਵਿੱਚ ਉਹ ਨੰਗਲ ਦੀ ਜਿੰਦਾ ਜੀਵ-ਸੰਭਾਲ ਸੇਵਾ ਸੁਸਾਇਟੀ ਨੂੰ  ਸਜਦਾ ਕਰਦੇ ਹੋਏ ਪ੍ਰਤੀਤ ਹੁੰਦੇ ਹਨ, ਜਿਸ ਨੇ ਉਹਨਾਂ ਦੁਆਰਾ ਸੁਸਾਇਟੀ ਨੂੰ  ਸਪੁਰਦ ਕੀਤੇ ਸਰਹੰਦ ਨਹਿਰ ਦੇ ਪੁਲ ਨੇੜੇ ਬੁਰੀ ਹਾਲਤ ਵਿੱਚ ਰਹਿ ਰਹੇ ਬਜੁਰਗ ਨੂੰ ਇਨਸਾਨੀ ਜੂਨ ਹੰਢਾਉਣ ਦੇ ਕਾਬਲ ਬਣਾਇਆ ਸੀ। ਸ਼ੁਰੂ ਤੋਂ ਹੀ ਮੁਨਾਫਾਖੋਰ ਰਹੇ ਇਸ ਸਿਸਟਮ ਖਿਲਾਫ ਅਵਾਜ ਬੁਲੰਦ ਕਰਦੇ ਹੋਏ ਉਹ ਆਪਣੇ ਲੇਖ ” ਕਦੇ ਵੀ ਕਿਧਰੇ ਬੰਬ ਨਾਂ ਚੱਲਣ, ਘਾਣ ਮਨੁੱਖੀ ਹੋਵੇ ਨਾਂ” ਚ ਹੀਰੋਸੀਮਾ ਤੇ ਨਾਗਾਸਾਕੀ ਹਾਦਸੇ ਦਾ ਜਿਕਰ ਕਰਦੇ ਹੋਏ, ਉਸ ਹਾਦਸੇ ਚ ਮਾਰੇ ਗਏ ਸੈਂਕੜੇ ਬੇਦੋਸ਼ੇ ਲੋਕਾਂ ਤੇ ਬਾਅਦ ਵਿੱਚ ਪੈਦਾ ਹੋ ਰਹੇ ਅਪੰਗ ਬੱਚਿਆਂ ਦੀ ਚੀਸ ਆਪਣੇ ਪਿੰਡੇ ਤੇ ਹੰਢਾਉਂਦੇ ਹੋਏ ਪ੍ਰਤੀਤ ਹੁੰਦੇ ਤੇ ਸਿਸਟਮ ਨੂੰ ਵੰਗਾਰਦੇ ਹਨ। ਕਠੂਆ ਤੇ ਉਨਾਓ ਚ ਨਿੱਕੀਆਂ ਬੱਚੀਆਂ ਨਾਲ ਹੋਏ ਅਣਮਨੁੱਖੀ ਵਰਤਾਰੇ ਨੇ ਤਾਂ ਉਹਨਾਂ ਦਾ ਹਿਰਦਾ ਜਿਵੇਂ ਵਲੂੰਧਰ ਕੇ ਰੱਖ ਦਿੱਤਾ ਹੋਵੇ, ਜਿਸ ਨੂੰ ਉਹਨਾਂ ਦੀ ਲਿਖਤ ” ਪਤਾ ਨਹੀਂ ਅਸੀਂ ਅਜੇ ਕਿੰਨਾ ਕੁ ਚਿਰ ਸ਼ਰਮਸਾਰ ਹੁੰਦੇ ਰਹਾਂਗੇ ” ਚ ਪੜ੍ਹ ਕੇ ਅੱਖਾਂ ਨਮ ਹੁੰਦੀਆਂ ਹਨ ਤੇ ਪਤਾ ਲੱਗਦਾ ਹੈ ਕਿ ਇਨਸਾਨੀ ਕਦਰਾਂ-ਕੀਮਤਾਂ ਦੇ ਰਾਖੇ ਲੋਕ ਅਜੇ ਵੀ ਸਾਡੇ ਸਮਾਜ ਵਿੱਚ ਹਨ, ਜਿਨ੍ਹਾਂ ਦੇ ਸਿਰ ਤੇ ਇਨਸਾਨੀਅਤ ਕੁਝ ਹਰਫਾਂ ਤਾਈਂ ਬਚੀ ਹੋਈ ਹੈ। 25 ਜਨਵਰੀ 2025 ਦੇ ਉਹਨਾਂ ਦੇ ਆਰਟੀਕਲ ” ਰੱਜੀਆਂ ਰੂਹਾਂ ” ਜਿੱਥੇ ਇਨਸਾਨੀਅਤ ਦੀ ਜਿਉਂਦੀ ਜਾਗਦੀ ਤਸਵੀਰ ਪੇਸ਼ ਕਰਦਾ ਹੈ, ਉੱਥੇ ਆਮ ਲੋਕਾਈ ਨਾਲ ਉਹਨਾਂ ਦਾ ਪਿਆਰ ਡੁੱਲ-ਡੁੱਲ ਪੈਂਦਾ ਜਾਪਦਾ ਹੈ । ਅਜੋਕੇ ਸਮੇਂ ਜਦੋਂ ਇਨਸਾਨ, ਇਨਸਾਨ ਤੋਂ ਖੋਹ ਕੇ ਖਾਣ ਲਈ ਉਸ ਨੂੰ ਮੌਤ ਦੇ ਘਾਟ ਵੀ ਉਤਾਰ ਰਿਹਾ ਹੈ ਤਾਂ ਉੱਥੇ ਆਮ ਸਧਾਰਨ ਮਿਹਨਤ ਮਜਦੂਰੀ ਕਰਦੇ ਲੋਕਾਂ ਵਿੱਚ ਕਿਸ ਤਰ੍ਹਾਂ ਇਮਾਨਦਾਰੀ ਜਿੰਦਾ ਹੈ ਤੇ ਕਿਸ ਤਰ੍ਹਾਂ ਆਪਣੀ ਕਮਾਈ ਚੋਂ ਦਸਵੰਧ ਕੱਢ ਉਹ ਲੋੜਵੰਦ ਲੋਕਾਂ ਦੇ ਕੰਮ ਆਉਂਦੇ ਹਨ। ਅਹਿਮਦਾਬਾਦ ਦੇ ਜਹਾਜ ਹਾਦਸੇ ਚ ਮਾਰੇ ਗਏ ਸਧਾਰਨ ਲੋਕਾਂ ਲਈ ਹਾਅ ਦਾ ਨਾਅਰਾ ਮਾਰਦੇ ਹੋਏ ਉਹ ਆਪਣੇ ਲੇਖ ” ਹਾਦਸਾ, ਸਵਾਲ ਤੇ ਕਾਮਨਾ ” ਰਾਹੀਂ ਜਿੱਥੇ ਅਜੋਕੇ ਸਿਸਟਮ ਤੇ ਸਵਾਲ ਚੁੱਕਦੇ ਹਨ ਤਾਂ ਉੱਥੇ ਇਨਸਾਨੀ ਰੂਪ ਵਿੱਚ ਇਹੋ ਜਿਹੇ ਹਾਦਸੇ ਹੋਰ ਨਾਂ ਵਾਪਰਨ, ਇਸ ਦੀ ਕਾਮਨਾ ਕਰਦੇ ਹੋਏ ਵੀ ਮਹਿਸੂਸ ਹੁੰਦੇ ਹਨ। ਚੇਤਨਾ ਕਲਾ ਮੰਚ ਚਮਕੌਰ ਸਾਹਿਬ ਦੇ ਕਲਾਕਾਰ ਰਾਣਾ ਰਣਦੀਪ ਦੀ ਹੋਈ ਅਣਹੋਈ ਮੌਤ ਬਾਰੇ ਬੇਹੱਦ ਦੁਖੀ ਸ਼ਬਦਾਂ ਚ ਉਸ ਦਾ ਜਿਕਰ ” ਜੁਗ-ਜੁਗ ਜੀਉ ” ਲੇਖ ਚ ਕਰਦੇ ਹੋਏ ਆਪਣੇ ਯਤਨਾਂ ਦੁਆਰਾ ਨਹਿਰੀ ਬੇਲਦਾਰਾਂ ਦੀ ਮੱਦਦ ਨਾਲ,  ਨਹਿਰ ਚ ਡਿੱਗੇ ਨੌਜਵਾਨ ਨੂੰ ਬਚਾ,  ਉਹ ਮੱਦਦ ਕਰਨ ਵਾਲੇ ਦੂਜੇ ਨੌਜਵਾਨ ਨੂੰ ਜੁਗ ਜੁਗ ਜੀਣ ਦਾ ਆਸ਼ੀਰਵਾਦ ਦਿੰਦੇ ਹੋਏ ਵੱਡੇ ਬਜੁਰਗ ਵਾਂਗ ਲੱਗਦੇ ਹਨ।
ਇਸ ਤਰ੍ਹਾਂ ਜਿੰਨਾਂ ਕੁ ਉਹਨਾਂ ਬਾਰੇ ਸਮਝਣ ਦਾ ਯਤਨ ਕੀਤਾ ਤਾਂ ਉਹਨਾਂ ਬਾਰੇ ਦੋ ਸ਼ਬਦ ਲਿਖਣ ਦਾ ਹੌਸਲਾ ਹੋਇਆ। ਉਹਨਾਂ ਦੇ ਪੱਤਰਕਾਰੀ ਦੇ ਦਿਨਾਂ ਦੌਰਾਨ ਹੀ ਸਾਨੂੰ ਲੋਕ ਚੇਤਨਾ ਸੁਸਾਇਟੀ ਬਾਸੀਆਂ ਬੇਟ ( ਲੁਧਿ) ਦੇ ਬੈਨਰ ਹੇਠ  ਸਸਸਸ ਪੁੜੈਣ ਚ ਬੇਟ ਦੇ ਇਲਾਕੇ ਭਰ ਦੇ ਸਕੂਲਾਂ ਦੇ ਬੱਚਿਆਂ ਨੂੰ ਸੇਧ ਦੇਣ ਲਈ ਕਰਵਾਏ ਪ੍ਰੋਗਰਾਮ ਵਿਚ ਉਹਨਾਂ ਦੁਆਰਾ ਅੱਧ ਬੋਲ ਤੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਸਾਡੇ ਚੇਤਿਆਂ ਚ ਅਜੇ ਵੀ ਵਸੀ ਹੋਈ ਹੈ। ਅੱਜ ਸੋਚ ਕੇ ਹੈਰਾਨ ਹੁੰਦੇ ਹਾਂ ਕਿ ਕਿਸ ਤਰ੍ਹਾਂ ਏਨਾ ਵੱਡਾ ਇਨਸਾਨ ਆਪਣੇ ਵਿੱਢੇ ਕਾਰਜਾਂ ਲਈ ਸਾਡੇ ਵਰਗੇ ਜਵਾਕਾਂ ਜਿਹਿਆਂ ਦੇ ਸੱਦੇ ਤੇ ਏਡੀ ਦੂਰ ਖੁਦ ਚੱਲ ਕੇ ਆਇਆ।ਇਹੀ ਗੁਣ ਉਹਨਾਂ ਨੂੰ ਦਿਲੀ ਸਲਿਊਟ ਕਰਵਾਉਂਦਾ ਹੈ ਕਿ ਉਹ ਲੋਕ ਜਿਹਨਾਂ ਨੇ ਇਨਸਾਨੀਅਤ ਨੂੰ ਆਪਣਾ ਧਰਮ ਬਣਾ ਲਿਆ ਹੋਵੇ ਤਾਂ ਉਹ ਸਦਾ ਆਪਣੇ ਕਾਰਜਾਂ ਲਈ ਸਫਰਾਂ ਤੇ ਰਹਿੰਦੇ ਹਨ। ਉਹਨਾਂ ਦੇ ਸ਼ਰਧਾਂਜਲੀ ਸਮਾਗਮ ਦੌਰਾਨ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਗੁਰਪ੍ਰੀਤ ਭੰਗੂ ਦੇ ਬੋਲ ਕਿ ਬੇਸ਼ੱਕ ਉਹਨਾਂ ਆਪਣੇ ਜੀਵਨ ਦੌਰਾਨ ਰੱਬ ਦੀ ਹੋਂਦ ਨੂੰ ਨਹੀਂ ਮੰਨਿਆ ਪਰ ਸਾਨੂੰ ਜਰੂਰ ਲੱਗਦਾ ਹੈ ਕਿ ਸਾਡੇ ਕੋਲੋਂ ਇਕ ਰੱਬ ਵਰਗਾ ਇਨਸਾਨ ਚਲਾ ਗਿਆ ਹੈ, ਹਮੇਸ਼ਾ ਆਮ ਲੋਕਾਈ ਦੇ ਕੰਨਾਂ ਚ ਗੂੰਜਦੇ ਰਹਿਣਗੇ ।  ਉਹਨਾਂ ਦੇ ਪੁੱਤਰ ਬਾਗੀ ਭੰਗੂ ਦੁਆਰਾ ਆਪਣੇ ਬਾਪ ਨੂੰ ਦਿੱਤੀ ਨਿੱਘੀ ਸ਼ਰਧਾਂਜਲੀ ਦੇ ਬੋਲਾਂ ਚ ਗੂੰਜਦੇ ਸੰਤ ਰਾਮ ਉਦਾਸੀ ਦੇ ਗੀਤ
 ” ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ
ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ “
ਸੁਣ ਕੇ ਲੱਗਦਾ ਹੈ ਕਿ ਸਵਰਨ ਸਿੰਘ ਭੰਗੂ ਕਿਧਰੇ ਨਹੀਂ ਗਏ, ਉਹਨਾਂ ਦੀ ਸੋਚ ਤੇ  ਆਮ ਲੋਕਾਈ ਲਈ ਵਿੱਢੇ ਸਿੱਖਿਆ ਰੂਪੀ ਕਾਰਜ ਹਮੇਸ਼ਾਂ ਕੰਮੀਆਂ ਦੇ ਵਿਹੜੇ ਦਾ ਸੂਰਜ ਬਣ ਹਾਸ਼ੀਏ ਤੇ ਧੱਕੇ ਚੁੱਨ੍ਹੀਆਂ ਅੱਖਾਂ ਵਾਲਿਆਂ ਦੇ ਰਾਹਾਂ ਨੂੰ ਰੁਸ਼ਨਾਉਂਦੇ ਰਹਿਣਗੇ। ਭੁੱਲ ਚੁੱਕ ਲੈਣੀ ਦੇਣੀ।
ਸਵਰਨ ਸਿੰਘ ਭੰਗੂ ਜਿੰਦਾਬਾਦ ।
ਬਲਵੀਰ ਸਿੰਘ ਬਾਸੀਆਂ 
ਪਿੰਡ ਤੇ ਡਾਕ ਬਾਸੀਆਂ ਬੇਟ ( ਲੁਧਿ:) 
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article*ਜ਼ਿਲ੍ਹੇ ‘ਚ ਹਥਿਆਰਾਂ ਦੇ ਜਨਤਕ ਅਤੇ ਸੋਸ਼ਲ ਮੀਡੀਆ ’ਤੇ ਪ੍ਰਦਰਸ਼ਨ ’ਤੇ ਪਾਬੰਦੀ*
Next articleਸ਼ਹੀਦੀ ਪੁਰਬ ’ਤੇ ਗੁਰੂ ਸਾਹਿਬ ਸੰਬੰਧੀ ਸਾਹਿਤ ਵੰਡਣਾ ਵੀ ਜ਼ਰੂਰੀ ਜਾਂ ਛਬੀਲ ਅਤੇ ਲੰਗਰ ਲਗਾਓ, ਪਰ ਗੁਰੂ ਸਾਹਿਬ ਦਾ ਇਤਿਹਾਸ ਵੀ ਵੰਡੋ