ਗੁਰੂ ਨਾਨਕ ਦੇਵ ਜੀ

ਪ੍ਰੋਫੈਸਰ ਸਾ਼ਮਲਾਲ ਕੌਸ਼ਲ
(ਸਮਾਜ ਵੀਕਲੀ)-ਸਮੇਂ ਸਮੇਂ ਤੇ ਪੀਰ, ਪੈਗੰਬਰ, ਅਵਤਾਰ ਆਦਿ ਇਸ ਧਰਤੀ ਤੇ ਆ ਕੇ ਲੋਕਾਂ ਨੂੰ ਝੂਠ, ਪਾਖੰਡ, ਅਡੰਬਰ, ਪਾਪਾਂ ਤੋਂ ਛੁਟਕਾਰਾ ਦਿਵਾਉਣ ਵਾਸਤੇ  ਪ੍ਰਗਟ ਹੁੰਦੇ ਰਹੇ ਹਨ ਅਤੇ ਲੋਕਾਂ ਨੂੰ ਸੱਚ ਦੇ ਮਾਰਗ ਤੇ ਚਲਾ ਕੇ ਪਰਲੋਕ ਸਿਧਾਰਨ ਦਾ ਕੰਮ ਕਰਦੇ ਰਹੇ ਹਨ। ਇਨ੍ਹਾਂ ਮਹਾਂਪੁਰਸ਼ਾਂ ਵਿੱਚੋਂ ਇੱਕ ਮਹਾਂ-ਪੁਰਸ਼ ਗੁਰੂ ਨਾਨਕ ਦੇਵ ਜੀ ਹੋਏ ਹਨ। ਉਹ ਸਿੱਖ ਧਰਮ ਦੇ ਸੰਸਥਾਪਕ ਸਨ ਅਤੇ ਉਹਨਾਂ ਨੇ ਅਜਿਹੇ ਵੇਲੇ ਧਰਤੀ ਤੇ ਅਵਤਾਰ ਲਿਆ ਜਦੋਂ ਕਿ ਇਨਸਾਨ ਜਾਦੂ, ਟੂਣੇ, ਅੰਧ ਵਿਸ਼ਵਾਸ, ਮੂਰਤੀ ਪੂਜਾ ਅਤੇ ਮੁਗਲਈ ਹਕੂਮਤ ਦੇ ਜ਼ੁਲਮਾਂ ਤੋਂ ਦੁਖੀ ਹੋ ਰਿਹਾ ਸੀ। ਲੋਕਾਂ ਵਿਚ ਨਿਰਾਸ਼ਾ ਅਤੇ ਹੈ ਅਨਿਸ਼ਚਿਤਤਾ ਛਾਈ ਹੋਈ ਸੀ। ਲੋਕਾਂ ਨੂੰ ਕੁਝ ਸੁਝਦਾ ਵੀ ਨਹੀਂ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ, 1469 ਵਿਚ ਪਾਕਿਸਤਾਨ ਦੇ ਤਲਵੰਡੀ ਵਿੱਚ ਮਹਿਤਾ ਕਾਲੂ ਅਤੇ ਮਾਤਾ ਤ੍ਰਿਪਤਾ ਦੇ ਘਰ ਵਿਚ ਹੋਇਆ ਸੀ ,ਉਨ੍ਹਾਂ ਦੇ ਪਿਤਾ ਕਿਸਾਨੀ ਕਰਦੇ ਸਨ। ਜਦੋਂ ਗੁਰੂ ਨਾਨਕ ਦੇਵ ਜੀ ਪੈਦਾ ਹੋਏ ਤਾਂ ਉਹਨਾਂ ਦੇ ਨਿੱਕੇ ਨਿੱਕੇ ਚਮਤਕਾਰੀ ਪੈਰ ਦੇਖ ਕੇ ਪੰਡਤ ਜੀ ਨੇ ਕਿਹਾ ਸੀ… ਤੁਹਾਡੇ ਘਰ ਤਾਂ ਰੱਬ ਨੇ ਖੁਦ ਹੀ ਅਵਤਾਰ ਲਿਆ ਹੈ। ਤੁਸੀਂ ਬਹੁਤ ਭਾਗਸ਼ਾਲੀ ਹੋ….! ਜਦੋਂ ਮਹਿਤਾ ਕਾਲੂ ਨੇ ਇਸ ਬੱਚੇ ਦੇ ਨਾਮ ਕਰਨ ਦੀ ਗਲ ਪੰਡਤ ਜੀ ਨੂੰ ਕਹੀ,ਤਾਂ ਪੰਡਤ ਜੀ ਨੇ ਕਿਹਾ ਕਿ ਉਹ 13 ਦਿਨ ਦੇ ਬਾਅਦ ਸੋਚ-ਸਮਝ ਕੇ ਦੱਸਣਗੇ ਅਤੇ 13 ਦਿਨ ਗੁਜ਼ਰਨ ਤੋਂ ਬਾਅਦ ਪੰਡਿਤ ਜੀ ਨੇ ਕਿਹਾ… ਇਸ ਹੋਣਹਾਰ ਬੱਚੇ ਦਾ ਨਾਂ ਹੋਵੇਗਾ…. ਨਾਨਕ…। ਮਹਿਤਾ ਕਾਲੂ ਨੇ ਸੁਣ ਕੇ ਕਿਹਾ… ਇਹ ਕਿਹੋ ਜਿਹਾ ਨਾਂ ਹੈ, ਨਾ ਇਹ ਹਿੰਦੂਆਂ ਵਾਲਾ ਹੈ ਅਤੇ ਨਾ ਹੀ ਮੁਸਲਮਾਨਾ ਵਾਲਾ ਹੈਂ….। ਤਾਂ ਪੰਡਤ ਜੀ ਨੇ ਕਿਹਾ… ਨਾਨਕ ਦੀ ਆਗਿਆ ਦੇਵੀ ਦੇਵਤਾ, ਹਿੰਦੂ, ਮੁਸਲਮਾਨ ਆਦਿ ਸਭ ਮੰਨਣਗੇ। ਇਹ ਤਾਂ ਜੱਗ ਨੂੰ ਤਾਰਨ ਦਾ ਕੰਮ ਕਰਨਗੇ। ਗੁਰੂ ਨਾਨਕ  ਵਿਚ ਅਲੌਕਿਕ ਵਿਸ਼ੇਸ਼ਤਾਵਾਂ ਦੇਖ ਕੇ ਪੰਡਿਤ ਜੀ ਨੇ ਬਾਲਕ ਗੁਰੂ ਨਾਨਕ ਦੇਵ ਜੀ ਦੇ ਪੈਰਾਂ ਨੂੰ ਚੁੰਮ ਲਿਆ। ਏਥੇ ਇਹ ਦੱਸਣਾ ਵਿਅਰਥ ਨਹੀਂ ਹੋਵੇਗਾ ਕਿ ਸਤਿਯੁਗਵਿੱਚ ਨਾਨਕ ਦੇਵ ਜੀ ਅੰਬਰੀਸ਼, ਤ੍ਰੇਤਾ ਯੁੱਗ ਵਿਚ ਰਾਜਾ ਜਨਕ ਅਤੇ ਕਲਯੁਗ ਵਿੱਚ ਗੁਰੂ ਨਾਨਕ ਦੇਵ ਬਣਕੇ ਏਸ ਧਰਤੀ ਤੇ ਮਾਨਵਤਾ ਦਾ ਭਲਾ ਅਤੇ ਪ੍ਰਲੋਕ ਸੁਧਾਰਨ ਵਾਸਤੇ ਆਏ। ਅਤੇ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਦੀ ਕੋਸ਼ਿਸ਼ ਕੀਤੀ। ਇਹਨਾਂ ਨੂੰ ਗੁਰੂ ਨਾਨਕ ਦੇਵ, ਨਾਨਕ ਸ਼ਾਹ, ਬਾਬਾ ਨਾਨਕ ਆਦਿ ਨਾਵਾਂ ਨਾਲ ਨਤਮਸਤਕ ਹੋ ਕੇ ਯਾਦ ਕੀਤਾ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਦਾ ਮਨ ਬਚਪਨ ਤੋਂ ਹੀ ਦੁਨਿਆਵੀ ਕੰਮਾਂ ਵਿੱਚ ਨਹੀਂ ਸੀ ਲਗਦਾ ਅਤੇ ਉਹਨਾਂ ਦਾ ਖਿਚਾਅ ਅਧਿਆਤਮ ਵੱਲ ਸੀ। ਉਹਨਾਂ ਨੇ 11 ਸਾਲ ਦੀ ਉਮਰ ਵਿਚ ਜਨੇਊ ਧਾਰਨ ਕਰਨ ਤੋਂ ਮਨਾ ਕਰ ਦਿੱਤਾ ਸੀ। ਉਹਨਾਂ ਨੇ ਅਧਿਆਤਮ ਦੀ ਰਾਹ ਚੁਣੀ। ਉਹਨਾਂ ਦਾ ਵਿਆਹ 16 ਸਾਲ ਦੀ ਉਮਰ ਵਿਚ ਬੀਬੀ ਸੁਲੱਖਣੀ ਨਾਲ ਹੋ ਗਿਆ ਅਤੇ ਬਾਅਦ ਵਿਚ ਉਨ੍ਹਾਂ ਦੇ 2 ਪੁੱਤਰ ਸ੍ਰੀ ਚੰਦ ਅਤੇ ਲਖਮੀ ਚੰਦ ਹੋਏ। ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਕੁਝ ਪੈਸੇ ਦੇ ਕੇ ਚੰਗਾ ਜੇਹਾ ਵਪਾਰ ਦਾ ਸੌਦਾ ਕਰਨ ਵਾਸਤੇ ਕਿਹਾ। ਗੁਰੂ ਨਾਨਕ ਦੇਵ ਜੀ ਜਦੋਂ ਇਹ ਪੈਸੇ ਲੈ ਕੇ ਘਰ ਤੋਂ ਬਾਹਰ ਜਾ ਰਹੇ ਸਨ ਤਾਂ ਉਹਨਾਂ ਨੇ ਕੁਝ ਭੁਖੇ ਸਾਧੂ ਸੰਤਾਂ ਨੂੰ ਦੇਖਿਆ ਅਤੇ ਸਾਰੇ ਪੈਸੇ ਉਹਨਾਂ ਦੀ ਸੇਵਾ ਵਿੱਚ ਲਗਾ ਦਿੱਤੇ ਅਤੇ ਘਰ ਆ ਕੇ ਆਪਣੇ ਪਿਤਾ ਜੀ ਨੂੰ ਸਾਰੀ ਗੱਲ ਸੁਣਾ ਕੇ ਕਿਹਾ….ਮੈਂ ਸੱਚਾ ਸੌਦਾ ਕਰ ਆਇਆ ਹਾਂ।
ਗੁਰੂ ਨਾਨਕ ਦੇਵ ਜੀ ਦੀ ਇਕ ਵੱਡੀ ਭੈਣ ਵੀ ਸੀ, ਜਿਸ ਦਾ ਨਾ ਸੀ ਨਾਨਕੀ। ਉਹ ਗੁਰੂ ਨਾਨਕ ਦੇਵ ਦੀਆਂ ਸ਼ਕਤੀਆਂ ਤੋਂ ਜਾਣੂ ਸੀ। ਉਸ ਦਾ ਵਿਆਹ ਭਾਈ ਜੈ ਰਾਮ ਨਾਲ ਹੋਇਆ ਹੋਇਆ ਸੀ। ਉਹਨਾਂ ਦੀ ਕੋਈ ਔਲਾਦ ਨਹੀਂ ਸੀ। ਇਸ ਕਰਕੇ ਉਹਨਾਂ ਦਾ ਨਾਨਕ ਦੇਵ ਨਾਲ ਬਹੁਤ ਲਗਾਅ ਸੀ। ਭਾਈ ਜੈ ਰਾਮ ਨੇ ਨਾਨਕ ਦੇਵ ਨੂੰ ਦੌਲਤ ਖਾਨ ਲੋਧੀ ਦੇ ਮੋਦੀਖਾਨੇ ਵਿੱਚ ਮੁਨਸ਼ੀ ਦੇ ਕੰਮ ਤੇ ਲਗਵਾਇਆ। ਉੱਥੇ ਨਾਨਕ ਦੇਵ ਨੇ ਲੋਕਾਂ ਨੂੰ ਬਿਨਾਂ ਹਿਸਾਬ ਕਿਤਾਬ ਦੇ ਵਸਤਾਂ ਵੰਡਣੀਆਂ ਸ਼ੁਰੂ ਕਰ ਦਿੱਤੀਆਂ। ਕੁਝ ਲੋਕਾਂ ਨੇ ਦੌਲਤ ਖ਼ਾਨ ਨੂੰ ਨਾਨਕ ਦੇਵ ਜੀ ਇਹ ਕਹਿ ਕੇ ਸ਼ਿਕਾਇਤ ਕੀਤੀ ਕਿ ਉਹ ਤਾਂ ਉਸ ਦੀ ਦੁਕਾਨ ਨੂੰ ਉਜਾੜਨ ਤੇ ਲੱਗੇ ਹੋਏ ਹਨ। ਜਦੋਂ ਦੌਲਤ-ਖ਼ਾਂ ਨੇ ਹਿਸਾਬ ਕਿਤਾਬ ਦੀ ਪੜਤਾਲ ਕਰਵਾਈ ਤਾਂ ਕੰਮ ਧੰਦੇ ਵਿਚ ਲਾਭ ਹੀ ਮਿਲਿਆ, ਨੁਕਸਾਨ ਦੀ ਕੋਈ ਗੱਲ ਦੇਖਣ ਵਿਚ ਨਹੀਂ ਮਿਲੀ। ਇਹ ਸਾਰਾ ਕੁਝ ਨਾਨਕ ਦੇਵ ਦੀਆ ਅਲੌਕਿਕ ਸ਼ਕਤੀਆਂ ਦਾ ਹੀ ਅਸਰ ਸੀ। ਇਕ ਵਾਰ ਨਾਨਕ ਦੇਵ ਜੀ ਨਦੀ ਵਿੱਚ ਇਸ਼ਨਾਨ ਕਰਨ ਵਾਸਤੇ ਗਏ ਅਤੇ ਪਾਣੀ ਵਿੱਚ ਟੁੱਭੀਮਾਰੀ  ਅਤੇ ਫੇਰ ਪਾਣੀ ਤੋਂ ਬਾਹਰ ਨਹੀਂ ਆਏ। ਜਦੋਂ ਕਾਫੀ ਦੇਰ ਤੱਕ ਨਾਨਕ ਦੇਵ ਨਦੀ ਵਿੱਚੋਂ ਬਾਹਰ ਨਹੀਂ ਨਿਕਲੇ ਤਾਂ ਇਹ ਨਤੀਜਾ ਕੱਢਿਆ ਗਿਆ ਕਿ ਨਾਨਕ ਦੇਵ ਜੀ ਪ੍ਰਲੋਕ ਸਿਧਾਰ ਗਏ ਹਨ। ਜਦੋਂ ਇਹ ਗੱਲ ਨਾਨਕੀ ਨੂੰ ਪਤਾ ਚੱਲੀ ਉਸਨੂੰ ਕੋਈ ਅਸਚਰਜ ਨਹੀਂ ਹੋਇਆ ਕਿਉਂਕਿ ਉਹ ਜਾਣਦੀ ਸੀ ਕਿ ਉਨ੍ਹਾਂ ਦੇ ਵੀਰ ਵਿਚ ਰੱਬੀ ਸ਼ਕਤੀਆਂ ਸਨ ਅਤੇ ਉਹ ਇਸ ਤਰ੍ਹਾਂ ਜੋਤੀ ਜੋਤਿ ਨਹੀਂ ਸਮਾ ਸਕਦੇ। ਅਤੇ ਕੁਝ ਦਿਨਾਂ ਬਾਅਦ ਨਾਨਕ ਦੇਵ ਜੀ ਸਹੀ ਸਲਾਮਤ ਆਪਣੇ ਘਰ ਪਰਤ ਆਏ। ਇਹ ਸਭ ਦੇਖ ਕੇ ਸਾਰੇ ਲੋਕਾਂ ਨੂੰ ਅਚਰਜ ਵਾਲੀ ਖੁਸ਼ੀ ਹੋਈ।
ਗੁਰੂ ਨਾਨਕ ਦੇਵ ਨੇ ਸਮਾਜਿਕ ਕੁਰੀਤੀਆਂ, ਅੰਧ ਵਿਸ਼ਵਾਸ, ਮੂਰਤੀ ਪੂਜਾ ਆਦਿ ਦਾ ਵਿਰੋਧ ਕੀਤਾ। ਉਹਨਾਂ ਨੇ ਦੁਨੀਆਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਘਰ ਬਾਰ ਵਸਾਕੇ ਅਤੇ ਬਿਨਾਂ ਸੰਨਿਆਸ ਲਏ ਵੀ ਅਧਿਆਤਮ ਦਾ ਰਸਤਾ ਅਪਨਾਇਆ ਜਾ ਸਕਦਾ ਹੈ। ਉਹਨਾਂ ਨੇ ਸਮਾਨਤਾ, ਭਾਈਚਾਰਾ ਅਤੇ ਆਪਸ ਵਿੱਚ ਪ੍ਰੇਮ ਦਾ ਪਾਠ ਲੋਕਾਂ ਨੂੰ ਪੜ੍ਹਾਇਆ। ਉਹ ਸਭ ਲੋਕਾਂ ਨੂੰ ਇੱਕ ਸਮਾਨ ਸਮਝਦੇ ਸਨ ਅਤੇ ਜ਼ਾਤ-ਪਾਤ ਵਿੱਚ ਵਿਸ਼ਵਾਸ਼ ਨਹੀਂ ਰੱਖਦੇ ਸਨ। ਉਹਨਾਂ ਨੇ,30 ਸਾਲ ਤੱਕ ਭਾਰਤ , ਤਿੱਬਤ ਅਤੇ ਅਰਬ ਦੇਸ਼ਾਂ ਵਿੱਚ ਧਰਮ ਪ੍ਰਚਾਰ ਵਾਸਤੇ ਯਾਤਰਾ ਕੀਤੀ ਜਿਸ ਨੂੰ…. ਉਦਾਸੀਆਂ.. ਵੀ ਕਿਹਾ ਜਾਂਦਾ ਹੈ। ਇਹਨਾਂ ਧਾਰਮਿਕ ਯਾਤਰਾਵਾਂ ਵਿਚ ਉਹਨਾਂ ਦੇ ਨਾਲ ਭਾਈ ਮਰਦਾਨਾ, ਬਾਲਾ, ਲਹਿਣਾ ਅਤੇ ਰਾਮਦਾਸ  ਸਨ। ਜਿੱਥੇ ਵੀ ਗੁਰੂ ਨਾਨਕ ਦੇਵ ਜੀ ਦਾ ਦਿਲ ਕਰਦਾ ਉਥੇ ਹੀ ਉਹ ਪਰਮਾਤਮਾ ਦਾ ਭਜਨ ਕਰਨ ਵਾਸਤੇ ਬੈਠ ਜਾਂਦੇ ਅਤੇ ਮਰਦਾਨੇ ਨੂੰ ਕਹਿੰਦੇ.. ਮਰਦਾਨਿਆਂ, ਰਬਾਬ ਵਜਾ… ਅਤੇ ਫੇਰ ਰੱਬ ਦੇ ਨਾਮ ਨੂੰ ਜਪਣਾ ਸ਼ੁਰੂ ਕਰ ਦਿੰਦੇ। ਬਹੁਤ ਵਾਰ ਆਸ ਪਾਸ ਗੁਜ਼ਰਨ ਵਾਲੇ ਲੋਕ ਗੁਰੂ ਨਾਨਕ ਦੇਵ ਜੀ ਮਿੱਠੀ ਅਤੇ ਪ੍ਰਭਾਵਸ਼ਾਲੀ ਵਾਣੀ ਨੂੰ ਸੁਣ ਕੇ ਉਥੇ ਸਤਿਸੰਗ ਵਿਚ ਬੈਠ ਜਾਂਦੇ ਅਤੇ ਆਨੰਦ ਮਾਣਦੇ। ਗੁਰੂ ਨਾਨਕ ਦੇਵ ਨੇ ਲੱਗਭੱਗ 974 ਭਜਨ ਗਾਏ। ਇਕ ਵਾਰ ਨਾਨਕ ਦੇਵ ਜੀ ਮੱਕਾ ਗਏ ਅਤੇ ਇਕ ਥਾਂ ਤੇ ਲੇਟ ਗਏ। ਇਤਨੇ ਵਿਚ ਇਕ ਮੌਲਵੀ ਭਜਦਾ ਹੋਇਆ ਆਇਆ ਅਤੇ ਨਾਰਾਜ਼ ਹੋ ਕੇ ਕਹਿਣ ਲੱਗਿਆ.. ਤੁਸੀਂ ਮੱਕੇ ਦੀ ਮਸੀਤ ਵੱਲ ਪੈਰ ਕਰਕੇ ਕਿਉਂ ਸੌਂ ਗਏ ਹੋ… ਇਹ ਕਹਿ ਕੇ ਉਸ ਮੌਲਵੀ ਨੇ ਨਾਨਕ ਦੇਵ ਜੀ ਦੀਆਂ ਲੱਤਾਂ ਚੁੱਕ ਕੇ ਦੂਜੇ ਪਾਸੇ ਕੀਤੀਆਂ ਅਤੇ ਉਸ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਸ ਨੇ ਦੇਖਿਆ ਕਿ ਮੱਕੇ ਦੀ ਮਸੀਤ ਤਾਂ ਉਧਰ ਚਲੀ ਗਈ ਹੈ ਜਿਸ ਪਾਸੇ ਗੁਰੂ ਨਾਨਕ ਦੇਵ ਜੀ ਦੀਆਂ ਲੱਤਾਂ ਸਨ। ਇਹ ਸਭ ਦੇਖ ਕੇ ਗੁਰੂ ਨਾਨਕ ਦੇਵ ਜੀ ਨੇ ਮੌਲਵੀ ਨੂੰ ਸਮਝਾਇਆ.. ਰੱਬ ਤਾਂ ਸਾਰੀਆਂ ਦਿਸ਼ਾਵਾਂ ਵੱਲ ਹੈ। ਇਹ ਸਾਡੀ ਨਜਰ ਦਾ ਫਰਕ ਹੈ ਜੋ ਅਸੀਂ ਉਸ ਨੂੰ ਇਕ ਖਾਸ ਦਿਸ਼ਾ ਵੱਲ ਹੀ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਸਭ ਕੁਝ ਦੇਖ ਅਤੇ ਸੁਣ ਕੇ ਮੌਲਵੀ ਗੁਰੂ ਨਾਨਕ ਦੇਵ ਜੀ ਅੱਗੇ ਨਤਮਸਤਕ ਹੋ ਗਿਆ।
ਕਈ ਲੋਕ ਗੁਰੂ ਨਾਨਕ ਦੇਵ ਜੀ ਤੇ ਧਰਮ ਪ੍ਰਚਾਰ ਦੇ ਖਿਲਾਫ ਸਨ। ਜਦੋਂ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਲਿਆ ਤਾਂ ਭਾਰਤ ਵਿਚ ਮੁਗਲ ਬਾਦਸ਼ਾਹ, ਬਾਬਰ ਦਾ ਰਾਜ ਸੀ ਜੋ ਇਸਲਾਮ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਦੋਂ ਬਾਬਰ ਦੇ ਸਿਪਾਹੀਆਂ ਨੇ ਗੁਰੂ ਨਾਨਕ ਦੇਵ ਜੀ ਨੂੰ ਧਰਮ ਪ੍ਰਚਾਰ ਕਰਦੇ ਹੋਏ ਦੇਖਿਆ ਤਾਂ ਉਹ ਉਨ੍ਹਾਂ ਨੂੰ ਫੜ ਕੇ ਜੇਲ ਵਿਚ ਲੈ ਗਏ। ਜਦੋਂ ਜੇਲ ਵਿਚ ਹੋਰ ਕੈਦੀਆਂ ਨੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਤਾਂ ਉਹ ਬਹੁਤ ਪ੍ਰਭਾਵਤ ਹੋਏ ਅਤੇ ਉਨ੍ਹਾਂ ਦੇ ਪੈਰਾਂ ਤੇ ਡਿੱਗ ਪਏ। ਇਹ ਗੱਲ ਬਾਬਰ ਤੱਕ ਵੀ ਪਹੁੰਚੀ। ਬਾਬਰ ਖੁਦ ਗੁਰੂ ਨਾਨਕ ਦੇਵ ਜੀ ਨੂੰ ਦੇਖਣ ਵਾਸਤੇ ਜੇਲ੍ਹ ਵਿੱਚ ਆਇਆ। ਉਹ ਵੀ ਉਹਨਾਂ ਦੇ ਅਲੋਕਿਕ ਪ੍ਰਤਾਪ ਤੋਂ ਇਤਨਾ ਪ੍ਰਭਾਵਿਤ ਹੋਈਆ ਕਿ ਉਸ ਨੇ ਤੁਰੰਤ ਮਾਫ਼ੀ ਮੰਗਦੇ ਹੋਏ ਗੁਰੂ ਨਾਨਕ ਦੇਵ ਜੀ ਨੂੰ ਬਾਇੱਜ਼ਤ ਜੇਲ੍ਹ ਤੋਂ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ।
ਗੁਰੂ ਨਾਨਕ ਦੇਵ ਜੀ ਨੇ ਆਪਣੇ ਉਪਦੇਸ਼ ਵਿੱਚ ਕਿਹਾ ਹੈ, ਇਸ਼ਵਰ ਇਕ ਹੈ, ਇਕੋ ਹੀ ਈਸ਼ਵਰ ਦੀ ਉਪਾਸਨਾ ਕਰਨੀ ਚਾਹੀਦੀ ਹੈ, ਪਰਮਾਤਮਾ ਸਭ ਜੀਆਂ ਵਿੱਚ ਵਸਦਾ ਹੈ, ਪਰਮਾਤਮਾ ਦੀ ਭਗਤੀ ਕਰਨ ਵਾਲੇ ਨੂੰ ਕਿਸੇ ਦਾ ਵੀ ਡਰ ਨਹੀਂ ਹੁੰਦਾ, ਬੁਰਾ ਕੰਮ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਕਿਸੇ ਨੂੰ ਸਤਾਉਣਾ ਚਾਹੀਦਾ ਹੈ, ਸਦਾ ਖੁਸ਼ ਰਹੋ ਅਤੇ ਦੂਜਿਆਂ ਦੀਆਂ ਗਲਤੀਆਂ ਨੂੰ ਖਿਮਾਂ ਕਰ ਦਿਉ, ਆਪਣੀਆ ਗਲਤੀਆਂ ਵਾਸਤੇ ਰੱਬ ਤੋਂ ਖਿਮਾ ਮੰਗੋ, ਦੂਜਿਆਂ ਦੀ ਜਿੱਥੋਂ ਤੱਕ ਹੋ ਸਕੇ ਸਹਾਇਤਾ ਕਰੋ, ਔਰਤਾਂ ਅਤੇ ਆਦਮੀ ਸਭ ਬਰਾਬਰ ਹਨ, ਜਾਤ ਪਾਤ ਦਾ ਭੇਦ ਭਾਵ ਗਲਤ ਹੈ, ਲਾਲਚ ਵਿਚ ਆ ਕੇ ਕੁਝ ਵੀ ਇਕੱਠਾ ਨਾ ਕਰੋ। ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਦਾ ਮੂਲ ਮੰਤ੍ਰ ਸਨ.. ਨਾਮ ਜਪੋ, ਸਿਮਰਨ ਕਰੋ, ਕਿਰਤ ਕਰੋ, ਵੰਡ ਕੇ ਛਕੋ..। ਗੁਰੂ ਨਾਨਕ ਦੇਵ ਜੀ ਨੇ ਇਨਸਾਨੀਅਤ ਦਾ ਪਾਠ ਪੜ੍ਹਾਇਆ ਅਤੇ ਸਭ ਕਿਸਮ ਦੇ ਭੇਦਭਾਵ, ਪਖੰਡ, ਮੂਰਤੀ ਪੂਜਾ, ਅਡੰਬਰ ਆਦਿ ਦਾ ਵਿਰੋਧ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਸਾਰੇ ਧਰਮ ਇੱਕੋ ਪ੍ਰਮਾਤਮਾ ਵੱਲ ਸੱਜਣ ਦੇ ਅਲਗ ਅਲਗ ਰਸਤੇ ਹਨ। ਜਦੋਂ ਗੁਰੂ ਨਾਨਕ ਦੇਵ ਨੇ ਇਸ ਧਰਤੀ ਤੇ ਉਤਾਰ ਲਿਆ ਤਾਂ ਕਿਹਾ ਗਿਆ…. ਧੁੰਦ ਮਿੱਟੀ, ਜੱਗ ਚਾਨਣ ਹੋਇਆ…..। ਉਹਨਾਂ ਦੇ ਜਨਮ ਦਿਨ ਨੂੰ ਪ੍ਰਕਾਸ਼ ਦਿਵਸ ਦੇ ਤੌਰ ਤੇ ਵੀ ਮਨਾਇਆ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਬਾਕੀ ਦੇ ਸਾਲ ਪਾਕਿਸਤਾਨ ਦੇ ਕਰਤਾਰਪੁਰ ਵਿੱਚ ਖੇਤੀਬਾੜੀ ਕਰਕੇ ਗੁਜ਼ਾਰੇ। ਇਹ ਕਿਹਾ ਜਾਂਦਾ ਹੈ ਕਿ ਇਤਨੇ ਤਾਂ ਆਕਾਸ਼ ਮੰਡਲ ਵਿਚ ਤਾਰੇ ਨਹੀਂ ਹਨ, ਜਿੰਨੇ ਬੰਦੇ ਗੁਰੂ ਨਾਨਕ ਦੇਵ ਜੀ ਨੇ ਇਸ ਭਵ-ਸਾਗਰ ਵਿਚ ਤਾਰੇ ਹਨ। ਗੁਰੂ ਨਾਨਕ ਦੇਵ ਜੀ ਸਿੱਖ ਪੰਥ ਦੇ ਸੰਸਥਾਪਕ ਸਨ ਅਤੇ ਬਾਕੀ ਦੇ ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਹੀ ਮੰਨੇ ਜਾਂਦੇ ਹਨ। ਹਿੰਦੂ ਅਤੇ ਮੁਸਲਮਾਨ ਦੋਵੇਂ ਹੀ ਗੁਰੂ ਨਾਨਕ ਦੇਵ ਜੀ ਦੇ ਚੇਲੇ ਸਨ ਅਤੇ ਉਹਨਾਂ ਦੀ ਸ਼ਰਧਾ ਨਾਲ ਪੂਜਾ ਕਰਦੇ ਹੁੰਦੇ ਸਨ। ਗੁਰੂ ਨਾਨਕ ਦੇਵ ਜੀ ਨੇ…. ਜਪਜੀ ਸਾਹਿਬ… ਦੀ ਰਚਨਾ ਕੀਤੀ ਜੋ ਕਿ ਸਿੱਖ ਮੱਤ ਦੀ ਆਧਾਰਸ਼ਿਲਾ ਹੈ। ਸਿੱਖ ਸੰਗਤਾਂ ਬੜੀ ਸ਼ਰਧਾ ਨਾਲ ਇਸ ਦਾ ਜਾਪ ਕਰਦੀਆਂ ਹਨ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਨਾਨਕ ਦੇਵ ਨੇ ਭਾਈ ਲਹਿਣਾ ਨੂੰ ਆਪਣਾ ਉੱਤਰਧਿਕਾਰੀ ਬਣਾ ਕੇ ਗੁਰੂ ਗੱਦੀ ਸੌਂਪ ਦਿੱਤੀ। ਬਾਅਦ ਵਿੱਚ ਭਾਈ ਲਹਿਣਾ ਨੂੰ ਗੁਰੂ ਅੰਗਦ ਦੇਵ ਜੀ ਕਿਹਾ ਜਾਣ ਲੱਗਿਆ।। ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਨੂੰ ਅਰਥਾਤ ਗੁਰੂ ਅੰਗਦ ਦੇਵ ਜੀ ਨੂੰ ਖਡੂਰ ਜਿਸ ਨੂੰ ਅੱਜ ਕੱਲ ਖਡੂਰ ਸਾਹਿਬ ਵੀ ਕਿਹਾ ਜਾਂਦਾ ਹੈ ਪੰਜਾਬ ਵਿਚ ਜਾ ਕੇ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਕਿਹਾ। ਭਾਈ ਲਹਿਣਾ ਨੂੰ ਗੁਰੂ ਨਾਨਕ ਦੇਵ ਜੀ ਦੀ ਗੱਦੀ ਮਿਲਣ ਤੇ ਉਨ੍ਹਾਂ ਦੇ ਦੋਵੇਂ ਪੁੱਤਰ ਸ੍ਰੀ ਚੰਦ ਅਤੇ ਲਖਮੀ ਚੰਦ ਨਾਰਾਜ਼ ਤਾਂ ਸਨ ਲੇਕਿਨ ਬਾਅਦ ਵਿਚ ਉਨ੍ਹਾਂ ਦੀ ਨਰਾਜ਼ਗੀ  ਦੂਰ ਹੋ ਗਈ। ਕਿਉਂਕਿ ਗੁਰੂ ਨਾਨਕ ਦੇਵ ਨੇ ਸਭ ਲੋਕਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਦੁਖੀ  ਹੀ ਦੇਖਿਆ, ਇਸੇ ਕਰਕੇ ਕਿਹਾ ਜਾਂਦਾ ਹੈ, ਦੁਖਿਆ ਨਾਨਕ ਸਭ ਸੰਸਾਰ, ਸੋ ਸੁਖੀਆ ਜੋ ਨਾਮ ਆਧਾਰ..,। ਜਦ ਤਕ ਇਹ ਦੁਨੀਆ ਕਾਇਮ ਹੈ ਉਦੋਂ ਤੱਕ ਗੁਰੂ ਨਾਨਕ ਦੇਵ ਜੀ ਦਾ ਨਾਂ ਅਤੇ ਉਪਦੇਸ਼ ਇਨਸਾਨਾਂ ਦਾ ਮਾਰਗ ਦਰਸ਼ਨ ਕਰਦਾ ਰਹੇਗਾ।

ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮਕਾਨ ਨੰਬਰ 975-ਬੀ/20
ਗ੍ਰੀਨ ਰੋਡ,
ਰੋਹਤਕ-124001(ਹਰਿਆਣਾ)
ਮੋਬਾਈਲ 94 16 35 9 045ਓ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੰਦਰਯਾਨ—3 ਦੀ ਲੈਡਿੰਗ ਨੇ ਪੂਰੇ ਵਿਦਿਆਰਥੀ ਵਰਗ ਨੂੰ ਪੁਲਾੜ ਪ੍ਰਤੀ ਉਤਸ਼ਾਹਿਤ ਕੀਤਾ – ਸਿੱਖਿਆ ਅਧਿਕਾਰੀ 
Next articleਸਕੂਲਾਂ ਵਿੱਚ ਛੁੱਟੀਆਂ ਕਾਰਨ 26 ਅਤੇ 27 ਅਗਸਤ ਨੂੰ ਹੋਣ ਵਾਲੀ ਵਿੱਦਿਆਰਥੀ ਚੇਤਨਾ ਪਰਖ ਪ੍ਰੀਖਿਆ ਰੱਦ