ਨਰੋਈ ਜੀਵਨ ਜਾਚ ਲਈ ਗੁਰਬਾਣੀ ਦੇ ਫ਼ਲਸਫ਼ੇ ਨੂੰ ਸਮਝਣਾ ਜ਼ਰੂਰੀ: ਰਣਜੀਤ ਸਿੰਘ ਧੂਰੀ
ਡਾ. ਮੀਤ ਖਟੜਾ ਦਾ ਕਾਵਿ-ਸੰਗ੍ਰਹਿ ‘ਅਹਿਸਾਸ ਦਾ ਸਿਰਨਾਵਾਂ’ ਹੋਇਆ ਲੋਕ ਅਰਪਣ
(ਸਮਾਜ ਵੀਕਲੀ)
ਸੰਗਰੂਰ, 27 ਨਵੰਬਰ (ਰਮੇਸ਼ਵਰ ਸਿੰਘ)- ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਸਹਿਯੋਗ ਨਾਲ ਧਰਮਸ਼ਾਲਾ ਬਾਬਾ ਹਿੰਮਤ ਸਿੰਘ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਮਾਲਵਾ ਲਿਖਾਰੀ ਸਭਾ ਸੰਗਰੂਰ ਦੇ ਸਰਪ੍ਰਸਤ ਉੱਘੇ ਸਾਹਿਤਕਾਰ ਡਾ. ਮੀਤ ਖਟੜਾ ਨੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਉਨ੍ਹਾਂ ਨਾਲ ਰਣਜੀਤ ਸਿੰਘ ਧੂਰੀ ਸੰਚਾਲਕ ਧੂਰੀ ਗ਼ਜ਼ਲ ਸਕੂਲ, ਰਜਿੰਦਰ ਸਿੰਘ ਰਾਜਨ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਅਤੇ ਕੁਲਵੰਤ ਖਨੌਰੀ ਪ੍ਰਧਾਨ ਸਾਹਿਤ ਸਿਰਜਣਾ ਮੰਚ ਭਵਾਨੀਗੜ੍ਹ ਸ਼ਾਮਲ ਹੋਏ। ਇਸ ਸਮਾਗਮ ਵਿੱਚ ਸਿਰਮੌਰ ਪੰਜਾਬੀ ਗ਼ਜ਼ਲਕਾਰ ਰਣਜੀਤ ਸਿੰਘ ਧੂਰੀ ਨੇ ‘ਅਜੋਕੇ ਸੰਦਰਭ ਵਿੱਚ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਸਾਰ’ ਵਿਸ਼ੇ ’ਤੇ ਆਪਣਾ ਖੋਜਪੂਰਨ ਪਰਚਾ ਪੜ੍ਹਿਆ, ਜਿਸ ਵਿੱਚ ਉਨ੍ਹਾਂ ਨੇ ਵਰਤਮਾਨ ਦੀਆਂ ਆਰਥਿਕ, ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਹਾਲਤਾਂ ਦਾ ਵਿਸਥਾਰ ਸਹਿਤ ਮੁੱਲਾਂਕਣ ਕਰਦਿਆਂ ਕਿਹਾ ਕਿ ਅਜੋਕੇ ਮਨੁੱਖ ਨੂੰ ਨਰੋਈ ਜੀਵਨ ਜਾਚ ਲਈ ਗੁਰਬਾਣੀ ਦੇ ਫ਼ਲਸਫ਼ੇ ਨੂੰ ਸਮਝਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਪਦਾਰਥਵਾਦ ਦੀ ਅੰਨ੍ਹੀ ਦੌੜ ਨੇ ਮਨੁੱਖ ਨੂੰ ਬੁਰੀ ਤਰ੍ਹਾਂ ਤਣਾਓ-ਗ੍ਰਸਤ ਕਰ ਦਿੱਤਾ ਹੈ, ਜਿਸ ਤੋਂ ਮੁਕਤੀ ਪ੍ਰਾਪਤ ਕਰਨ ਦਾ ਇੱਕੋ ਇੱਕ ਰਾਹ ਗੁਰੂ ਨਾਨਕ ਸਾਹਿਬ ਦਾ ਦਰਸਾਇਆ ਸਹਿਜ ਮਾਰਗ ਹੀ ਹੈ। ਪਰਚੇ ਸਬੰਧੀ ਵਿਚਾਰ-ਚਰਚਾ ਦੇ ਆਰੰਭ ਵਿੱਚ ਰਣਜੀਤ ਸਿੰਘ ਧੂਰੀ ਦੇ ਪਰਚੇ ਨਾਲ ਭਰਪੂਰ ਸਹਿਮਤੀ ਪ੍ਰਗਟ ਕਰਦਿਆਂ ਡਾ. ਮੀਤ ਖਟੜਾ ਨੇ ਕਿਹਾ ਕਿ ਗੁਰਬਾਣੀ ਮਨੁੱਖ ਨੂੰ ਦਰਪੇਸ਼ ਸਮੱਸਿਆਵਾਂ ਅਤੇ ਚੁਣੌਤੀਆਂ ਨਾਲ ਸਿੱਝਣ ਦੇ ਪੂਰੀ ਤਰ੍ਹਾਂ ਸਮਰੱਥ ਬਣਾਉਂਦੀ ਹੈ। ਵਿਚਾਰ-ਚਰਚਾ ਨੂੰ ਅੱਗੇ ਤੋਰਦਿਆਂ ਜਮਹੂਰੀ ਅਧਿਕਾਰ ਸਭਾ ਸੰਗਰੂਰ ਦੇ ਪ੍ਰਧਾਨ ਸਵਰਨਜੀਤ ਸਿੰਘ ਨੇ ਕਿਹਾ ਕਿ ਗੁਰਬਾਣੀ ਦਾ ਜੁਝਾਰੂ ਖਾਸਾ ਲੋਕ ਹਿੱਤਾਂ ਲਈ ਜੂਝਣ ਵਾਲੇ ਲੋਕਾਂ ਦੇ ਸੰਘਰਸ਼ ਦਾ ਆਧਾਰ ਬਣਦਾ ਹੈ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਐਡੀਸ਼ਨਲ ਸਕੱਤਰ ਚੀਫ਼ ਸਕੱਤਰ ਸੁਰਿੰਦਰਪਾਲ ਸਿੰਘ ਸਿਦਕੀ ਨੇ ਕਿਹਾ ਕਿ ਗੁਰਬਾਣੀ ਤੋਂ ਮਨੁੱਖ ਨੂੰ ਸੁਚੱਜਾ ਜੀਵਨ ਜਿਊਣ ਦੀ ਪ੍ਰੇਰਣਾ ਮਿਲਦੀ ਹੈ। ਸਭਾ ਦੇ ਪ੍ਰਧਾਨ ਕਰਮ ਸਿੰਘ ਜ਼ਖ਼ਮੀ ਨੇ ਕਿਹਾ ਕਿ ਗੁਰਬਾਣੀ ਦੇ ਕਲਿਆਣਕਾਰੀ ਸਿਧਾਂਤ ਨੂੰ ਪੁਜਾਰੀਵਾਦ ਦੇ ਚੁੰਗਲ ਵਿੱਚੋਂ ਕੱਢ ਕੇ ਆਮ ਆਦਮੀ ਤੱਕ ਪਹੁੰਚਾਉਣ ਦੀ ਲੋੜ ਹੈ। ਇਸ ਸਮਾਗਮ ਵਿੱਚ ਡਾ. ਮੀਤ ਖਟੜਾ ਦਾ ਕਾਵਿ-ਸੰਗ੍ਰਹਿ ‘ਅਹਿਸਾਸ ਦਾ ਸਿਰਨਾਵਾਂ’ ਲੋਕ ਅਰਪਣ ਕੀਤਾ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਦੀਆਂ ਵੱਖ-ਵੱਖ ਵਿਧਾਵਾਂ ਵਿੱਚ ਸੱਤ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਆਪਣੇ ਜੀਵਨ ਅਤੇ ਲਿਖਣ ਪ੍ਰਕਿਰਿਆ ਬਾਰੇ ਯਾਦਾਂ ਸਾਂਝੀਆਂ ਕਰਦਿਆਂ ਉਨ੍ਹਾਂ ਨੇ ਆਪਣੀਆਂ ਕੁੱਝ ਚੋਣਵੀਆਂ ਕਵਿਤਾਵਾਂ ਵੀ ਪੜ੍ਹ ਕੇ ਸੁਣਾਈਆਂ। ਹਾਜ਼ਰ ਸਾਹਿਤਕਾਰਾਂ ਨੇ ਖਟੜਾ ਸਾਹਿਬ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਲੋਕ-ਪੱਖੀ ਕਲਮਕਾਰੀ ਦੀ ਭਰਪੂਰ ਪ੍ਰਸੰਸਾ ਕੀਤੀ।
ਉਪਰੰਤ ਕੁਲਵੰਤ ਖਨੌਰੀ ਦੇ ਗਾਏ ਇਨਕਲਾਬੀ ਗੀਤ ਨਾਲ ਸ਼ੁਰੂ ਹੋਏ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਵੀ ਦਰਬਾਰ ਵਿੱਚ ਜਰਨੈਲ ਸਿੰਘ ਸੱਗੂ, ਜਸਵੰਤ ਸਿੰਘ ਅਸਮਾਨੀ, ਪਰਮਜੀਤ ਸਿੰਘ ਦਰਦੀ, ਮਹਿੰਦਰ ਸਿੰਘ, ਜੱਸੀ ਬਾਬੂ, ਰਜਿੰਦਰ ਸਿੰਘ ਰਾਜਨ, ਧਰਮਵੀਰ ਸਿੰਘ, ਜੰਟੀ ਬੇਤਾਬ, ਸੁਖਵਿੰਦਰ ਸਿੰਘ ਲੋਟੇ, ਰਣਜੀਤ ਸਿੰਧ ਧੂਰੀ, ਜਗਜੀਤ ਸਿੰਘ ਲੱਡਾ, ਚਰਨਜੀਤ ਸਿੰਘ ਮੀਮਸਾ, ਸੁਰਿੰਦਰਪਾਲ ਸਿੰਘ ਸਿਦਕੀ, ਬਲਵੰਤ ਕੌਰ ਘਨੌਰੀ ਕਲਾਂ, ਖੁਸ਼ਪ੍ਰੀਤ ਕੌਰ ਘਨੌਰੀ ਕਲਾਂ, ਪਰਮਜੀਤ ਕੌਰ ਈਸੀ, ਰਾਜਦੀਪ ਸਿੰਘ, ਖੁਸ਼ਦੀਪ ਨਾਰੰਗ, ਵਿਸ਼ਾਲ ਸ਼ਰਮਾ, ਕਾਰਤਿਕ ਅਰੋੜਾ, ਅਰਚਿਤ ਦੂਆ, ਭੁਪਿੰਦਰ ਨਾਗਪਾਲ, ਮਹਿੰਦਰਜੀਤ ਸਿੰਘ ਧੂਰੀ, ਸਤਪਾਲ ਸਿੰਘ ਲੌਂਗੋਵਾਲ, ਧਰਮੀ ਤੁੰਗਾਂ, ਪ੍ਰੇਮ ਚੰਦ ਅਤੇ ਸ਼ਿਵ ਕੁਮਾਰ ਅੰਬਾਲਵੀ ਆਦਿ ਕਵੀਆਂ ਨੇ ਹਿੱਸਾ ਲਿਆ। ਅੰਤ ਵਿੱਚ ਰਜਿੰਦਰ ਸਿੰਘ ਰਾਜਨ ਨੇ ਸਾਰੇ ਆਏ ਸਾਹਿਤਕਾਰਾਂ ਲਈ ਧੰਨਵਾਦੀ ਸ਼ਬਦ ਕਹੇ ਅਤੇ ਮੰਚ ਸੰਚਾਲਨ ਦੀ ਭੂਮਿਕਾ ਸੁਖਵਿੰਦਰ ਸਿੰਘ ਲੋਟੇ ਨੇ ਬਾਖ਼ੂਬੀ ਨਿਭਾਈ।