HOME ਗੁਰਬਾਣੀ ਅਤੇ ਵਾਤਾਵਰਨ

ਗੁਰਬਾਣੀ ਅਤੇ ਵਾਤਾਵਰਨ

SURINDERPAL SINGH

 (ਸਮਾਜ ਵੀਕਲੀ)   ਅਜੋਕੀ ਦੁਨੀਆਂ ਵਿਗਿਆਨ ਅਤੇ ਤਕਨੀਕ ਦਾ ਦਮ ਭਰਦੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੀਆਂ ਪੌੜੀਆਂ ਚੜ੍ਹ ਰਹੀ ਹੈ। ਦੁਨੀਆਂ ਦੀ ਬੇਲਗਾਮ ਤਰੱਕੀ ਦੀ ਚਾਲ ਨੇ ਬੁੱਧੀਜੀਵੀ ਵਰਗ ਨੂੰ ਚਿੰਤਨ ਵਿੱਚ ਪਾਇਆ ਹੈ। ਦੁਨੀਆਂ ਵਿੱਚ ਹਰ ਘੜੀ ਹਰ ਪਲ ਕੁਝ ਨਾ ਕੁਝ ਨਵਾਂ ਖੋਜਿਆ ਜਾਂ ਸਿਰਜਿਆ ਜਾ ਰਿਹਾ ਹੈ ਪਰੰਤੂ ਇਸ ਦੇ ਨਾਲ ਨਾਲ ਸਮਾਜ ਦੇ ਗਿਆਨਵਾਨ ਤਬਕੇ ਨੂੰ ਪਲੀਤ ਹੁੰਦੇ ਵਾਤਾਵਰਨ ਦੀ ਚਿੰਤਾ ਅੰਦਰੋਂ ਅੰਦਰੀ ਘੁਣ ਵਾਂਗੂੰ ਖਾ ਰਹੀ ਹੈ। ਦੁਨੀਆ ਦੇ ਲੋਕਾਂ ਨੂੰ ਵਾਤਾਵਰਨ ਪ੍ਰਤੀ ਸੁਹਿਰਦ ਕਰਨ ਲਈ ਕੁਝ ਖਾਸ ਦਿਨ ਮਨਾਉਣ ਦੀ ਕਵਾਇਦ ਪਿਛਲੇ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਹੈ। ਇਹਨਾਂ ਖਾਸ ਦਿਨਾਂ ਨੂੰ ਮਨਾਉਣ ਦਾ ਮੁੱਖ ਮੰਤਵ ਦੁਨੀਆਂ ਨੂੰ ਵਾਤਾਵਰਨ ਪ੍ਰਤੀ ਸੁਚੇਤ ਕਰਨਾ ਹੈ। ਤਰੱਕੀ ਅਤੇ ਉਨਤੀ ਦੇ ਪੈਂਡੇ ਨੂੰ ਤੈਅ ਕਰਨ ਵਿੱਚ ਦੁਨੀਆ ਪ੍ਰਦੂਸ਼ਣ ਦਾ ਸ਼ਿਕਾਰ ਹੋ ਗਈ ਹੈ ਜਿਸ ਵਿੱਚ ਜਲ ਪ੍ਰਦੂਸ਼ਣ ,ਪਾਣੀ ਪ੍ਰਦੂਸ਼ਣ , ਆਵਾਜ਼ ਦਾ ਪ੍ਰਦੂਸ਼ਣ ਅਤੇ ਧਰਤੀ ਪ੍ਰਦੂਸ਼ਣ ਆਦਿ ਮੁੱਖ ਰੂਪ ਵਿੱਚ ਸ਼ਾਮਿਲ ਹਨ। ਜਿਸ ਕਾਰਜ ਨੂੰ ਮਨੁੱਖੀ ਚੇਤਨਾ ਨੇ ਅੱਜ ਸਵੀਕਾਰਿਆ ਹੈ ਉਸੇ ਹੀ ਕਾਰਜ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਦੀਆਂ ਪਹਿਲਾਂ ਆਪਣੀ ਪਵਿੱਤਰ ਬਾਣੀ ਸ੍ਰੀ ਜਪੁਜੀ ਸਾਹਿਬ ਵਿੱਚ ਖਾਸ ਤਰਜ਼ੀਹ ਦਿੱਤੀ ਹੈ।

ਸ੍ਰੀ ਜਪੁ ਜੀ ਸਾਹਿਬ ਦੀ ਬਾਣੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਮੁਖਾਰ ਬਿੰਦ ਤੋਂ ਉਚਾਰਿਤ ਹੈ ਅਤੇ ਇਹ ਪਾਵਨ ਬਾਣੀ ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਤਾ ਵਿੱਚ ਦਰਜ ਹੈ।
ਸ੍ਰੀ ਜਪੁ ਜੀ ਸਾਹਿਬ ਜੀ ਦੇ ਦੋ ਸਲੋਕ ਹਨ ।
ਪਹਿਲਾ ਸਲੋਕ
ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥ ਅੰਗ 1
ਇਹ ਉਪਕਰਣ ਸਲੋਕ ਹੈ ਜਿਸ ਨੂੰ ਪਹਿਲਾ ਸਲੋਕ ਕਹਿੰਦੇ ਹਨ।
ਦੂਜਾ ਸਲੋਕ
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ ਅੰਗ 8
 ਜੋ ਆਖ਼ਰੀ ਸਲੋਕ ਹੈ ਜਿਸਨੂੰ ਉਪਸੰਘਾਰ ਸਲੋਕ ਕਹਿੰਦੇ ਹਨ।
ਸਲੋਕੁ ॥
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥
ਉਪਰੋਕਤ ਸ਼ਬਦਾਂ ਰਾਹੀਂ ਗੁਰੂ ਨਾਨਕ ਦੇਵ ਜੀ ਮਨੁੱਖੀ ਚੇਤਨਾਂ ਨੂੰ ਝੰਝੋੜਦੇ ਹੋਏ ਪਾਣੀ ਨੂੰ ਪਿਤਾ ,ਧਰਤੀ ਨੂੰ ਮਾਤਾ ਅਤੇ ਹਵਾ ਨੂੰ ਗੁਰੂ ਦਾ ਦਰਜਾ ਦਿੰਦੇ ਸਮੁੱਚੀ ਲੋਕਾਈ ਨੂੰ ਵਾਤਾਵਰਨ ਪ੍ਰਤੀ ਸੁਹਿਰਦਤਾ ਦੀ ਸੇਧ ਦਿੱਤੀ ਹੈ ਹੈ।
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਆਸਾ ਦੀ ਵਾਰ ਵਿੱਚ ਪਾਣੀ ਦੀ ਮਹਤੱਤਾ ਦਾ ਜ਼ਿਕਰ ਕਰਦਿਆਂ ਲਿਖਿਆ ਹੈ:-
ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ।।
ਉਪਰੋਕਤ ਸ਼ਬਦ ਵਿੱਚ ਗੁਰੂ ਨਾਨਕ ਦੇਵ ਜੀ ਨੇ ਮਨੁੱਖਾਂ ਨੂੰ ਪਾਣੀ ਦੀ ਮਹੱਤਤਾ ਬਾਰੇ ਬਹੁਤ ਡੂੰਘਾ ਸਮਝਾਇਆ ਹੈ।
ਅੱਜ ਦੁਨੀਆਂ ਭਰ ਦੇ ਵਿੱਦਿਅਕ ਮਾਹਰ ਅਤੇ ਸਿੱਖਿਆ ਸ਼ਾਸਤਰੀ ਕਹਿੰਦੇ ਹਨ ਕਿ ਪਾਣੀ ਕੁਦਰਤ ਦਾ ਅਨਮੋਲ ਦਾਤ ਹੈ ਤੇ ਧਰਤੀ ਉੱਤੇ ਸਮੁੱਚੇ ਜੀਵਨ ਦਾ ਮੂਲ ਅਧਾਰ ਪਾਣੀ ਹੀ ਹੈ। ਪਾਣੀ ਇਸ ਕਾਇਨਾਤ ਦੀ ਜੀਵਨ ਰੇਖਾ ਹੈ। ਪਾਣੀ ਤੋਂ ਬਿਨਾਂ ਧਰਤੀ ’ਤੇ ਜੀਵਨ ਅਸੰਭਵ ਹੈ। ਮਨੁੱਖੀ ਸਰੀਰ ਦਾ ਦੋ ਤਿਹਾਈ ਹਿੱਸਾ ਪਾਣੀ ਹੈ ਸਰੀਰ ਦੇ ਅੱਸੀ ਫੀਸਦੀ ਭਾਗ ਵਿੱਚ ਪਾਣੀ ਹੈ। ਉਪਰੋਕਤ ਤੋਂ ਇਹ ਸਿੱਧ ਹੁੰਦਾ ਹੈ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੋਚ ਕਿੰਨੀ ਦੂਰ ਅੰਦੇਸ਼ੀ ਸੀ ਜੋ ਉਹਨਾਂ ਨੇ ਸਦੀਆਂ ਪਹਿਲਾਂ ਮਨੁੱਖਾਂ ਨੂੰ ਵਾਤਾਵਰਨ ਦੀ ਸਾਂਭ ਸੰਭਾਲ ਲਈ ਤਾਕੀਦ ਕੀਤਾ ਸੀ।
 ਇਸ ਧਰਤੀ ਉੱਤੇ ਜੀਵਾਂ ਨੂੰ ਹਵਾ ਦੀ ਲੋੜ ਹੈ ਅਤੇ ਪਾਵਨ ਗੁਰਬਾਣੀ ਅਨੁਸਾਰ ਹਵਾ ਨੂੰ ਬਹੁਤ ਪਵਿੱਤਰ ਦਰਜਾ ਦਿੱਤਾ ਗਿਆ ਹੈ ਅਤੇ “ਪਵਣ ਗੁਰੂ” ਅਤੇ “ ਗੁਰਮੁਖਿ“ ਵਰਗੇ ਉਤਮ ਸ਼ਬਦਾਂ ਨਾਲ ਸੰਬੋਧਿਤ ਕੀਤਾ ਗਿਆ ਹੈ:
ਗੁਰਮੁਖਿ ਧਰਤੀ ਗੁਰਮੁਖਿ ਪਾਣੀ।।
ਗੁਰਮੁਖਿ ਪਵਣੁ ਬੈਸੰਤਰੁ ਖੇਲੈ ਵਿਡਾਣੀ।। ਮਾਝ ਮਹਲਾ ੩ ਅੰਗ 117
ਸੰਸਾਰਿਕ ਗਿਆਨ ਅਨੁਸਾਰ ਜੀਵਨ ਦੀ ਰੇਖਾ ਹਵਾ ਰਾਹੀਂ ਹੀ ਚੱਲਦੀ ਹੈ ਅਤੇ ਇਹ ਵਿਗਿਆਨਿਕ ਤੌਰ ਦੇ ਉੱਤੇ ਸਿੱਧ ਕੀਤਾ ਗਿਆ ਹੈ ਕਿ ਸਾਫ ਹਵਾ ਫੇਫੜਿਆਂ ਵਿੱਚ ਜਾਂਦੀ ਤੇ ਗੰਦੀ ਹਵਾ ਬਾਹਰ ਨਿਕਲਦੀ ਹੈ।ਇਸੇ ਸਾਹ ਪ੍ਰਕਿਰਿਆ ਰਾਹੀਂ ਜੀਵਾਂ ਵਿੱਚ ਆਕਸੀਜ਼ਨ ਰੂਪੀ ਗੈਸ ਅੰਦਰ ਜਾਂਦੀ ਹੈ ਅਤੇ ਕਾਰਬਨ ਡਾਈਆਕਸਾਈਡ ਰੂਪੀ ਗੈਸ ਬਾਹਰ ਆਉਂਦੀ ਹੈ। ਉਸ ਕਾਦਰ ਦੀ ਅਜ਼ਬ ਕੁਦਰਤ ਵਿੱਚ ਬਨਸਪਤੀ ਰੂਪੀ ਰੁੱਖ ਅਤੇ ਪੌਦੇ ਦਿਨ ਵੇਲੇ ਆਕਸੀਜ਼ਨ ਪੈਦਾ ਕਰਦੇ ਹਨ ਅਤੇ ਕਾਰਬਨ ਡਾਈਆਕਸਾਈਡ ਧਰਤੀ ਦੇ ਵਾਤਾਵਰਨ ਵਿੱਚੋਂ ਸੋਖਦੇ ਹਨ। ਬਨਸਪਤੀ ਦੀ ਇਹ ਕਿਰਿਆ ਕਰਕੇ ਹੀ ਕਰਕੇ ਧਰਤੀ ਦੇ ਸਮੁੱਚੇ ਜੀਵਾਂ ਦੇ ਸਾਹ ਚਲਦੇ ਹਨ ਅਤੇ ਜਿਸ ਨਾਲ ਜੀਵਨ ਚਲਦਾ ਹੈ। ਗੁਰਬਾਣੀ ਮਨੁੱਖਾਂ ਨੂੰ ਸਪਸ਼ਟ ਸੇਧ ਦੇ ਰਹੀ ਹੈ ਕਿ ਧਰਤੀ ਬਚਾਉਣ ਲਈ ਸਿਆਣੇ ਖੋਜਕਾਰਾਂ, ਵਾਤਾਵਰਣ ਮਾਹਰਾਂ ਨਾਲ ਮਿਲ ਕੇ ਬੈਠੋ, ਵਿਚਾਰਾਂ ਕਰੋ ਅਤੇ ਪ੍ਰਦੂਸ਼ਨ ਖਤਮ ਕਰਨ ਲਈ ਠੋਸ ਕਦਮ ਚੁੱਕੋ। ਉਸ ਪਵਿੱਤਰ ਕੁਦਰਤ ਦੀ ਸਾਂਭ ਸੰਭਾਲ ਕਰਕੇ ਹੀ ਧਰਤੀ ਦੇ ਜੀਵ ਆਪਣਾ ਅਤੇ ਸਮੁੱਚੇ ਜੀਵਾਂ ਦਾ ਜੀਵਨ ਸੰਵਾਰ ਸਕਦੇ ਹਨ।
 ਸਮੁੱਚੀ ਮਨੁੱਖਤਾ ਨੂੰ ਵਾਤਾਵਰਨ ਦੀ ਸਾਫ ਸਫ਼ਾਈ ਪ੍ਰਤੀ ਸੁਚੇਤ ਕਰਦੇ ਹੋਏ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਫਰਮਾਉਂਦੇ ਹਨ
ਪਉਣ ਪਾਣੀ ਧਰਤੀ ਆਕਾਸੁ ਘਰ ਮੰਦਰ ਹਰਿ ਬਨੀ।। ਪੰਨਾ ੭੨੩
‘ਹਵਾ, ਜਲ, ਧਰਤੀ ਤੇ ਅਕਾਸ਼ ਉਸ ਪਰਮ ਪਿਤਾ ਅਕਾਲ ਪੁਰਖ ਦਾ ਘਰ ਰੂਪੀ ਪਵਿੱਤਰ ਮੰਦਰ ਹੈ ਜਿਸ ਵਿੱਚ ਸਰਬ ਸ਼ਕਤੀਮਾਨ ਅਕਾਲ ਪੁਰਖ ਵਾਸ ਕਰਦੇ ਹਨ`।ਗੁਰੂ ਸਾਹਿਬ ਉਪਰੋਕਤ ਸ਼ਬਦਾਂ ਰਾਹੀਂ ਸਮੁੱਚੀ ਲੁਕਾਈ ਨੂੰ ਵਾਤਾਵਰਨ ਦੂਸ਼ਿਤ ਕਰਨ ਤੋਂ ਗੁਰੇਜ਼ ਕਰਨ ਲਈ ਸੇਧ ਪ੍ਰਦਾਨ ਕਰਦੇ ਹਨ।
ਪਵਿੱਤਰ ਗੁਰਬਾਣੀ ਮਨੁੱਖਾਂ ਨੂੰ ਸਿਖਾਉਂਦੀ ਹੈ ਕਿ ਮਨੁੱਖ ਕੁਦਰਤ ਤੋਂ ਬਹੁਤ ਕੁਝ ਸਿੱਖ ਸਕਦਾ ਹੈ। ਉਸ ਕਾਦਰ ਦੀ ਕੁਦਰਤ ਸਮੁੱਚੇ ਜੀਵਾਂ ਨੂੰ ਤਿਆਗ, ਕੁਰਬਾਨੀ, ਸਬਰ, ਪਿਆਰ, ਹੌਸਲਾ, ਸਫਾਈ ਤੇ ਨਿਰਪਖ ਸੇਵਾ ਦੀ ਭਾਵਨਾ ਦਾ ਸਬਕ ਸਿਖਾਉਂਦੀ ਹੈ।
ਜੀਵਾਂ ਦਾ ਪ੍ਰਕਿਰਤੀ ਨਾਲ ਰਿਸ਼ਤਾ ਕੇਵਲ ਸਰੀਰਕ ਹੀ ਨਹੀਂ ਆਤਮਕ ਵੀ ਹੈ। ਗੁਰੂ ਸਾਹਿਬਾਨ ਦੀ ਬਾਣੀ ਵਿੱਚ ਮਨੁੱਖ ਨੂੰ ਸਦਾ ਪ੍ਰਕਿਰਤੀ ਦੀ ਇੱਜ਼ਤ ਕਰਨ ਅਤੇ ਇਸ ਦੀ ਸੰਭਾਲ ਕਰਨ ਦੀ ਸਿੱਖਿਆ ਮਿਲਦੀ ਹੈ। ਆਧੁਨਿਕ ਦੁਨੀਆ ਵਿੱਚ ਜਿੱਥੇ ਵਾਤਾਵਰਨ ਪ੍ਰਦੂਸ਼ਣ, ਜੰਗਲਾਂ ਦੀ ਕਟਾਈ, ਪਾਣੀ ਦੀ ਕਮੀ ਅਤੇ ਗਲੋਬਲ ਵਾਰਮਿੰਗ ਵਧ ਰਹੀ ਹੈ, ਉੱਥੇ ਗੁਰਬਾਣੀ ਦੀ ਸਿੱਖਿਆ ਅਜੋਕੇ ਸਮਾਜ ਤੇ ਉਧਾਰ ਲਈ ਬਹੁਤ ਮਹੱਤਵਪੂਰਨ ਹੋ ਜਾਂਦੀ ਹੈ।
ਵਾਤਾਵਰਨ ਸੰਭਾਲ ਦੀ ਲੋੜ
ਅੱਜਕਲ ਪੈਸਾ ਕਮਾਉਣ ਦੀ ਅੰਨ੍ਹੀ ਦੌੜ ਵਿੱਚ ਮਨੁੱਖ ਨੇ ਪ੍ਰਕਿਰਤੀ ਨਾਲ ਖਿਲਵਾੜ ਕੀਤੀ ਹੈ। ਦਰੱਖਤਾਂ ਦੀ ਬੇਲਗਾਮ ਕਟਾਈ, ਨਦੀਆਂ ਦੇ ਗੰਦੇ ਹੋਣ, ਹਵਾ ਵਿੱਚ ਜ਼ਹਿਰੀਲੇ ਧੂੰਏ ਕਾਰਨ ਜੀਵਨ ਖਤਰੇ ਵਿੱਚ ਪੈ ਗਿਆ ਹੈ। ਗੁਰਬਾਣੀ ਸਾਨੂੰ ਸਧਾਰਨ ਜੀਵਨ, ਸੰਤੁਲਿਤ ਭੋਗ ਅਤੇ ਪ੍ਰਕਿਰਤੀ ਨਾਲ ਪਵਿੱਤਰ ਬਣਾਈ ਰੱਖਣ ਦੀ ਪ੍ਰੇਰਣਾ ਦਿੰਦੀ ਹੈ।
ਗੁਰਬਾਣੀ ਦੇ ਅਮਲ ਨਾਲ ਵਾਤਾਵਰਨ ਦੀ ਰੱਖਿਆ
ਸਿਮਰਨ ਅਤੇ ਸ਼ੁਕਰਾਣਾ:
ਗੁਰਬਾਣੀ ਸਾਨੂੰ ਸਿਖਾਉਂਦੀ ਹੈ ਕਿ ਧਰਤੀ ਤੇ ਜੋ ਕੁਝ ਹੈ, ਉਹ ਵਾਹਿਗੁਰੂ ਦੀ ਨੇਮਤ ਹੈ। ਇਸ ਲਈ ਹਰ ਚੀਜ਼ ਦੀ ਕਦਰ ਕਰਨੀ ਚਾਹੀਦੀ ਹੈ।
ਦਰੱਖਤ ਲਗਾਉਣਾ:
ਬਲਿਹਾਰੀ ਕੁਦਰਤਿ ਵਸਿਆ ॥
ਤੇਰਾ ਅੰਤੁ ਨ ਜਾਈ ਲਖਿਆ ॥੧॥
 ਗੁਰਬਾਣੀ ਨੇ ਮਨੁੱਖ ਨੂੰ ਧਰਤੀ ਦੀ ਸੰਭਾਲ ਲਈ ਪ੍ਰੇਰਿਤ ਕੀਤਾ ਹੈ ਅਤੇ ਗੁਰਬਾਣੀ ਮਨੁੱਖ ਨੂੰ ਕੁਦਰਤ ਤੋਂ ਬਲਿਹਾਰੇ ਜਾਣ ਦੀ ਪ੍ਰੇਰਨਾ ਦਿੰਦੀ ਹੈ।
ਜੀਵ ਜੰਤੂਆਂ ਨਾਲ ਦਇਆ ਭਾਵਨਾ: ਗੁਰਬਾਣੀ ਦੱਸਦੀ ਹੈ ਕਿ ਹਰ ਜੀਵ ਵਿਚ ਵਾਹਿਗੁਰੂ ਦੀ ਜੋਤ ਵਿਅਪਕ ਹੈ। ਇਸ ਲਈ ਜੀਵ ਜੰਤੂਆਂ ਦੀ ਰੱਖਿਆ ਕਰਨੀ ਚਾਹੀਦੀ ਹੈ।
ਸੁਰਿੰਦਰਪਾਲ ਸਿੰਘ 
ਵਿਗਿਆਨ ਅਧਿਆਪਕ  ਸ੍ਰੀ ਅੰਮ੍ਰਿਤਸਰ ਸਾਹਿਬ 
ਪੰਜਾਬ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਆਪਣੇ ਆਪ ਨੂੰ ਜਾਣੋ
Next articleਇੱਕ ਨਿਆਣਾ ਸੌ ਸਿਆਣਾ