(ਸਮਾਜ ਵੀਕਲੀ)
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥੧੬॥

ਭਾਈ ਮਤੀ ਦਾਸ ਜੀ ਦਾ ਜਨਮ ਪਿਤਾ ਭਾਈ ਨੰਦ ਲਾਲ ਜੀ ਦੇ ਘਰ ੧੬੪੧ ਈ. ਨੂੰ ਪਿੰਡ ਕਿਰਆਲਾ (ਕਿੜਆਲਾ) ਜੇਹਲਮ ਲਹਿੰਦੇ ਪੰਜਾਬ ਅੰਦਰ ਹੋਇਆ ਸੀ। ਭਾਈ ਕਾਨ੍ਹ ਸਿੰਘ ਜੀ ਨਾਭਾ ਅਨੁਸਾਰ ਭਾਈ ਪਰਾਗਾ ਜੀ ਪਿੰਡ ਕੜਿਆਲ ਦੇ ਛਿੱਬੜ ਬ੍ਰਾਹਮਣ ਸਨ ਅਤੇ ਆਪ ਜੀ ਦੇ ਪਿਤਾ ਦਾ ਨਾਂ ਮਹਾਤਮਾ ਗੌਤਮ ਸੀ। ਭਾਈ ਪਰਾਗਾ ਜੀ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸਿੱਖ ਧਰਮ ਆਪਣਾ ਲਿਆ ਸੀ। ਭਾਈ ਪਰਾਗਾ ਜੀ ਦੇ ਚਾਰ ਸਪੁੱਤਰ ਸਨ ਜਿਨ੍ਹਾਂ ਦਾ ਨਾਮ ਭਾਈ ਮਤੀ ਦਾਸ ,ਭਾਈ ਸਤੀ ਦਾਸ ,ਭਾਈ ਜਤੀ ਦਾਸ ਤੇ ਭਾਈ ਸਖੀ ਦਾਸ ਸੀ। ਭਾਈ ਮਤੀ ਦਾਸ ਭਾਈ ਪਰਾਗੇ ਦੇ ਜੇਠੇ ਸਪੁੱਤਰ ਸੀ।
ਇਤਿਹਾਸਿਕ ਤੱਥਾਂ ਤੋਂ ਪਤਾ ਲੱਗਦਾ ਹੈ ਕਿ ਭਾਈ ਮਤੀ ਦਾਸ ਜੀ ਦੇ ਦਾਦਾ ਗੌਤਮ ਦਾਸ ਜੀ ਇਲਾਕੇ ਵਿੱਚ ਰਸੂਖਦਾਰ ਵਿਅਕਤੀ ਸਨ। ਇਲਾਕੇ ਦੀਆਂ ਸੰਗਤਾਂ ਗੌਤਮ ਦਾਸ ਜੀ ਪਾਸ ਆਪਣੀਆਂ ਨਿੱਕੀਆਂ ਵੱਡੀਆਂ ਸਮੱਸਿਆਵਾਂ ਦੇ ਹੱਲ ਲਈ ਅਕਸਰ ਆਇਆ ਜਾਇਆ ਕਰਨੀਆਂ ਸਨ। ਗੌਤਮ ਦਾਸ ਜੀ ਦਾ ਮੇਲ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਨਾਲ ਹੋਇਆ । ਸਤਿਗੁਰੂ ਸ੍ਰੀ ਅਰਜਨ ਦੇਵ ਜੀ ਮਹਾਰਾਜ ਤੋਂ ਗੌਤਮ ਦਾਸ ਜੀ ਬਹੁਤ ਪ੍ਰਭਾਵਿਤ ਹੋਏ ਤੇ ਆਪ ਨੇ ਸਿੱਖ ਧਰਮ ਗ੍ਰਹਿਣ ਕਰ ਲਿਆ।
ਸੰਨ 1978 ਵਿੱਚ ਗਿਆਨੀ ਮੋਤਾ ਸਿੰਘ ਜੀ ਦਿੱਲੀ ਨੇ ਹਰਿਦੁਆਰ ਦੇ ਪਾਂਡਿਆਂ ਦੀਆਂ ਵਹੀਆਂ ਤੋਂ ਭਾਈ ਮਤੀਦਾਸ ਤੇ ਭਾਈ ਸਤੀਦਾਸ ਬਾਰੇ ਸੰਪੂਰਨ ਜਾਣਕਾਰੀ ਹਾਸਿਲ ਕਰਕੇ ਮਿਤੀ 2 ਫਰਵਰੀ ਸੰਨ 1978 ਦੇ ਖਾਲਸਾ ਸਮਾਚਾਰ ਅੰਮ੍ਰਿਤਸਰ ਅਖ਼ਬਾਰ ਦੇ ਵਿੱਚ ਇੱਕ ਲੇਖ ਪ੍ਰਕਾਸ਼ਿਤ ਕੀਤਾ ਸੀ। ਇਸ ਲੇਖ ਨੂੰ ਬਤੌਰ ਇਤਿਹਾਸਿਕ ਦਸਤਾਵੇਜ ਖੰਗਾਲਦੇ ਹੋਏ ਇਹ ਜਾਣਕਾਰੀ ਮਿਲਦੀ ਹੈ ਕਿ ਪਾਂਡਿਆਂ ਦੀਆਂ ਵਹੀਆਂ ਵਿੱਚ ਭਾਈ ਮਤੀ ਦਾਸ ਦੇ ਦਸਤਖ਼ਤ ਗੁਰਮੁਖੀ ਵਿੱਚ ਸਨ ਅਤੇ ਪਰਿਵਾਰਿਕ ਜਾਣਕਾਰੀ ਅਨੁਸਾਰ ਇਸ ਪਰਿਵਾਰ ਦਾ ਮੁਖੀਆ ਭਾਈ ਪਰਾਗਾ ਸੀ। ਭਾਈ ਪਰਾਗਾ ਦੇ ਸਪੁੱਤਰ ਦਾ ਨਾਂ ਭਾਈ ਦਵਾਰਕਾ ਦਾਸ ਸੀ ਅਤੇ ਭਾਈ ਦਵਾਰਕਾ ਦਾਸ ਦੇ ਚਾਰ ਸਪੁੱਤਰ ਸਨ। ਇਹਨਾਂ ਚਾਰਾਂ ਵਿੱਚੋਂ ਇੱਕ ਪੁੱਤਰ ਦਾ ਨਾਂ ਭਾਈ ਕਬੂਲ ਦਾਸ ਸੀ ਅਤੇ ਕਬੂਲ ਦਾਸ ਤੇ ਤਿੰਨ ਪੁੱਤਰਾਂ ਦਾ ਨਾਂ ਭਾਈ ਮਤੀ ਦਾਸ ,ਭਾਈ ਸਤੀ ਦਾਸ ਅਤੇ ਭਾਈ ਜਤੀ ਦਾਸ ਜੀ।
ਭਾਈ ਗੌਤਮ ਦਾਸ ਦਾ ਪੁੱਤਰ ਭਾਈ ਪਰਾਗਾ ਭਰਵੇ ਜੁੱਸੇ ਦਾ ਮਾਲਕ ਸੀ ਅਤੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਫੌਜ ਦੇ ਇੱਕ ਦਸਤੇ ਦਾ ਮੁਖੀ ਸੀ। ਬਾਲ ਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾ ਜਾਣ ਮਗਰੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਲਮੇਰੀ ਤਪੱਸਿਆ ਮਗਰੋਂ ਬਾਬੇ ਬਕਾਲੇ ਵਿਖੇ ਪ੍ਰਗਟ ਹੋਏ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਜੇ ਦਰਸ਼ਨਾਂ ਨੂੰ ਸੰਗਤਾਂ ਵਹੀਰਾਂ ਘੱਤ ਕੇ ਬਾਬਾ ਬਕਾਲਾ ਆਉਣ ਲੱਗ ਗਈਆਂ। ਇਨਾ ਸੰਗਤਾਂ ਵਿੱਚ ਭਾਈ ਮਤੀ ਦਾਸ ਜੀ ਵੀ ਹਾਜ਼ਰ ਹੋਏ ਅਤੇ ਆਪ ਜੀ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਮਾਨਸਿਕ ਅਤੇ ਆਤਮਿਕ ਸ਼ਾਂਤੀ ਮਿਲੀ।
ਕਸ਼ਮੀਰੀ ਪੰਡਤਾਂ ਦੀ ਪ੍ਰਤੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮੁਗਲ ਹਕੂਮਤ ਤੇ ਬਾਦਸ਼ਾਹ ਔਰੰਗਜ਼ੇਬ ਨੂੰ ਸੁਨੇਹਾ ਘੱਲਿਆ ਕੀ ਉਹ ਨੇਕ ਰਸਤੇ ਤੇ ਚੱਲੇ ਅਤੇ ਆਮ ਲੋਕਾਂ ਤੇ ਜੁਲਮ ਨਾ ਕਰੇ। ਔਰੰਗਜ਼ੇਬ ਨੇ ਲੋਹੇ ਲਾਖੇ ਹੁੰਦਿਆਂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਪੰਜਾਂ ਸਿੰਘਾਂ ਦੇ ਨਾਲ ਗ੍ਰਿਫਤਾਰ ਕਰਵਾ ਲਿਆ ਸੀ। ਇਹਨਾਂ ਪੰਜਾਂ ਸਿੰਘਾਂ ਵਿੱਚ ਭਾਈ ਮਤੀ ਦਾਸ ਵੀ ਸ਼ਾਮਿਲ ਸਨ।
ਜਦੋਂ ਭਾਈ ਮਤੀ ਦਾਸ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇੱਕ ਛੋਟੇ ਜਿਹੇ ਪਿੰਜਰੇ ਵਿੱਚ ਕੈਦ ਵੇਖਿਆ ਤਾਂ ਆਪ ਜੀ ਨੇ ਤੜਫ ਕੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਜੇ ਗੁਰੂ ਸਾਹਿਬ ਆਗਿਆ ਦੇਣ ਤਾਂ ਉਹ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦੇਣਗੇ । ਇਸ ਦੇ ਉੱਤਰ ਵਜੋਂ ਗੁਰੂ ਸਾਹਿਬ ਨੇ ਭਾਈ ਮਤੀ ਦਾਸ ਜੀ ਨੂੰ ਤਾਕੀਦ ਕੀਤੀ ਕਿ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਨਾ ਹੈ। ਗੁਰੂ ਤੇਗ ਬਹਾਦਰ ਜੀ ਨੇ ਭਾਈ ਮਤੀ ਦਾਸ ਜੀ ਨੂੰ ਸਮਝਾਇਆ ਕਿ ਸਮੇਂ ਦੀ ਮੰਗ ਨੂੰ ਮੁੱਖ ਰੱਖਦਿਆਂ ਉਹਨਾਂ ਨੂੰ ਆਪਣੀ ਕੁਰਬਾਨੀ ਦੇਣੀ ਪੈਣੀ ਹੈ। ਇਹ ਸੁਣ ਕੇ ਭਾਈ ਮਤੀ ਦਾਸ ਜੀ ਨੂੰ ਗਿਆਨ ਹੋ ਗਿਆ ਅਤੇ ਉਹਨਾਂ ਨੇ ਝੋਲੀ ਅੱਡ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਸੋਂ ਭਾਣਾ ਮੰਨਣ ਅਤੇ ਭਾਣੇ ਅਨੁਸਾਰ ਰਹਿਣ ਲਈ ਬਲ ਬਖਸ਼ਿਸ਼ ਕਰਨ ਵੀ ਬੇਨਤੀ ਕੀਤੀ।
ਅਬ ਇਹ ਇੱਛਾ ਸੀਖਹਮਾਰੀ।।
ਨਮੋ ਕਰਹੁਕਰਤਾਰ ਅਗਾਰੀ।।
ਮਤੀਦਾਸਸੁਨ ਕੈ ਇਮ ਕਰਨਨ।।
ਕਰੀ ਬੰਦਨਾ ਸਿਤਗੁਰ ਚਰਨਨ।।
ਬਾਦਸ਼ਾਹ ਔਰੰਗਜ਼ੇਬ ਨੇ ਜਬਰ ਜੁਲਮ ਦੀ ਇੰਤਿਹਾ ਕਰਦਿਆਂ ਭਾਈ ਮਤੀ ਦਾਸ ਜੀ ਦੀ ਸ਼ਹੀਦੀ ਦੇ ਫਤਵੇ ਨੂੰ ਪ੍ਰਵਾਨ ਕਰ ਦਿੱਤਾ। ਭਾਈ ਮਤੀ ਦਾਸ ਜੀ ਨੂੰ ਕੋਤਵਾਲੀ ਤੇ ਕੈਦਖਾਨੇ ਤੋਂ ਕੱਢ ਕੇ ਖੁੱਲੀ ਥਾਂ ਲਿਆ ਕੇ ਬਿਠਾ ਦਿੱਤਾ। ਕਾਜ਼ੀਆਂ ਅਤੇ ਮੌਲਵੀਆਂ ਨੇ ਭਾਈ ਮਤੀ ਦਾਸ ਜੀ ਨੂੰ ਬਹੁਤ ਡਰਾਵੇ ਅਤੇ ਲਾਲਚ ਦਿੱਤੇ ਪਰ ਭਾਈ ਮਤੀ ਦਾਸ ਜੀ ਨੂੰ ਆਪਣੇ ਧਰਮ ਅਤੇ ਕਰਮ ਤੋਂ ਨਾ ਮੁਨਕਰ ਕਰ ਸਕੇ। ਕਾਜ਼ੀ ਨੇ ਜ਼ਲਾਦ ਬੁਲਵਾ ਕੇ ਭਾਈ ਸਾਹਿਬ ਦੇ ਸਿਰ ਤੋਂ ਆਰਾ ਚਲਵਾ ਦਿੱਤਾ। ਜਦੋਂ ਜੱਲਾਦ ਨੇ ਆਰਾ ਫੇਰਨਾ ਸ਼ੁਰੂ ਕੀਤਾ ਤਾਂ ਭਾਈ ਸਾਹਿਬ ਦੇ ਸਿਰ ਤੋਂ ਲਹੂ ਦੀਆਂ ਤਤੀਰੀਆਂ ਫੁੱਟ ਪਈਆਂ ਪਰ ਭਾਈ ਸਾਹਿਬ ਨੇ ਸ੍ਰੀ ਜਪੁਜੀ ਸਾਹਿਬ ਦਾ ਪਾਠ ਜਾਰੀ ਰੱਖਿਆ ਅਤੇ ਅਡੋਲ ਰਹੇ ।
ਇੱਕ ਪਾਸੇ ਗੁਰੂ ਸਾਹਿਬ ਦੇ ਸਿੱਖਾਂ ਦਾ ਸਿਦਕ ਦੂਸਰੇ ਪਾਸੇ ਔਰੰਗਜ਼ੇਬ ਤੇ ਜ਼ਲਾਦਾਂ ਦਾ ਜਬਰ ਜੁਲਮ ਸੰਸਾਰ ਭਰ ਦੇ ਲੋਕਾਂ ਨੂੰ ਨੂੰ ਦੰਦਾਂ ਥੱਲੇ ਉਂਗਲੀਆਂ ਦਬਾਉਣ ਲਈ ਮਜਬੂਰ ਕਰ ਰਿਹਾ ਸੀ। ਇਤਿਹਾਸਿਕ ਖੋਜੀ ਦੱਸਦੇ ਹਨ ਕਿ ਜਦੋਂ ਜ਼ਲਾਦ ਨੇ ਭਾਈ ਸਾਹਿਬ ਦੇ ਤਨ ਦੇ ਦੋ ਟੁਕੜੇ ਕਰ ਦਿੱਤੇ ਤਾਂ ਉਸੇ ਹੀ ਵਕਤ ਭਾਈ ਸਾਹਿਬ ਨੇ ਸ੍ਰੀ ਜਪੁਜੀ ਸਾਹਿਬ ਦੇ ਪਾਠ ਦੀ ਸਮਾਪਤੀ ਕੀਤੀ ਸੀ।
ਮਤੀਦਾਸ ਕੋ ਕੀਿਨਬੁਲਾਵਿਨ।।
ਦੁਇ ਤਖਤੇ ਮਿਹਂ ਕਰਯੋ ਬੰ ਧਾਵਿਨ।।
ਹੁਕਮ ਜਲਾਦਿਨ ਤਬਿਹਉਚਾਰਾ।।
ਲੈ ਆਰਾ ਸਿਰ ਪਰ ਤਿਸ ਧਾਰਾ।।
ਔਰੰਗਜ਼ੇਬ ਨੇ ਇਹ ਕਾਰਾ ਜਾਣ ਬੁਝ ਕੇ ਖੁੱਲੇ ਸਥਾਨ ਤੇ ਕਰਵਾਇਆ ਸੀ ਤਾਂ ਜੋ ਲੋਕਾਂ ਦੇ ਮਨਾਂ ਵਿੱਚ ਦਹਿਸ਼ਤ ਪਾਈ ਜਾ ਸਕੇ। ਭਾਈ ਮਤੀ ਦਾਸ ਦੀ ਸ਼ਹਾਦਤ ਉਪਰੰਤ ਭਾਈ ਸਤੀਦਾਸ ਅਤੇ ਭਾਈ ਦਿਆਲਾ ਜੀ ਨੂੰ ਵੀ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਉਪਰੋਕਤ ਸਿੱਖਾਂ ਦੀ ਸ਼ਹਾਦਤ ਤੋਂ ਬਾਅਦ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੀ ਔਰੰਗਜ਼ੇਬ ਦੇ ਹੁਕਮਾਂ ਅਨੁਸਾਰ ਸ਼ਹੀਦ ਕਰ ਦਿੱਤਾ ਗਿਆ। ਇਸ ਸਥਾਨ ਤੇ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਸੁਸ਼ੋਭਿਤ ਹੈ।
ਭੁੱਲ ਚੁੱਕ ਦੀ ਖਿਮਾ
ਦਾਸ ਸੁਰਿੰਦਰ ਪਾਲ ਸਿੰਘ
ਸ੍ਰੀ ਅੰਮ੍ਰਿਤਸਰ ਸਾਹਿਬ ਪੰਜਾਬ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



