*ਯੂਨਾਈਟਿਡ ਸਿੱਖਜ਼ ਨੂੰ ਸੌਂਪਿਆ ਰਾਹਤ ਸਮੱਗਰੀ ਨਾਲ ਭਰਿਆ ਟਰੱਕ* *ਯੂਨਾਈਟਿਡ ਸਿੱਖਜ਼ ਵੱਲੋਂ ਮੁਸਲਿਮ ਭਰਾਵਾਂ ਨੂੰ ਕੀਤਾ ਗਿਆ ਸਨਮਾਨਿਤ*
ਲੁਧਿਆਣਾ (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.) ਇਨਸਾਨੀ ਕਦਰਾਂ ਕੀਮਤਾਂ ਤੇ ਪਹਿਰਾ ਦੇਣਾ ਤੇ ਆਪਣੀ ਉਸਾਰੂ ਸੋਚ ਨੂੰ ਮਨੁੱਖੀ ਭਲਾਈ ਕਾਰਜਾਂ ਵਿੱਚ ਲਗਾਉਣ ਵਾਲੇ ਵਿਅਕਤੀ ਤੇ ਸੰਸਥਾਵਾਂ ਸਮੁੱਚੇ ਸਮਾਜ ਦੇ ਲਈ ਪ੍ਰੇਰਣਾ ਸਰੋਤ ਹੁੰਦੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਨਾਈਟਿਡ ਸਿੱਖਜ਼ ਸੰਸਥਾ ਦੇ ਡਾਇਰੈਕਟਰ ਪੰਜਾਬ ਸ੍ਰ: ਅੰਮ੍ਰਿਤਪਾਲ ਸਿੰਘ ਨੇ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਗ੍ਰਾਮ ਵਿਖੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਕੀਤਾ। ਆਪਣੀ ਗੱਲਬਾਤ ਦੌਰਾਨ ਉਨ੍ਹਾਂ ਨੇ ਜਾਣਕਾਰੀ ਦੇਦਿਆਂ ਹੋਇਆਂ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅੰਦਰ ਆਏ ਹੜ੍ਹਾਂ ਤੋਂ ਪ੍ਰਭਾਵਿਤ ਹੜ੍ਹ ਪੀੜਤ ਲੋਕਾਂ ਦੀ ਸਹਾਇਤਾ ਲਈ ਯੂਨਾਈਟਿਡ ਸਿੱਖਜ਼ ਵੱਲੋਂ ਆਰੰਭੀ ਗਈ ਰਾਹਤ ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ਅੱਜ ਉੱਤਰ ਪ੍ਰਦੇਸ਼ ਦੇ ਜਿਲ੍ਹਾਂ ਸੰਭਲ ਤੋਂ ਮੁਸਲਿਮ ਭਾਇਚਾਰੇ ਨਾਲ ਸੰਬੰਧਿਤ ਪ੍ਰਮੁੱਖ ਆਗੂ ਹਕੀਮ ਮਹੁੰਮਦ ਸੁਭਾਨ, ਮੌਲਾਨਾ ਮਹੁੰਮਦ ਰਿਹਾਨ ਫਲਾਹੀ ਤੇ ਡਾ: ਇਫਤਖਾਰ ਦੀ ਅਗਵਾਈ ਹੇਠ ਮੁਸਲਿਮ ਪਰਿਵਾਰਾਂ ਵੱਲੋਂ ਪੰਜਾਬ ਦੇ ਹੜ੍ਹ ਪੀੜਤਾਂ ਦੀ ਸੱਚੇ ਦਿਲੋਂ ਸਾਰ ਲੈਣ ਅਤੇ ਆਪਣੀ ਦਿਲੀ ਹਮਦਰਦੀ ਦਾ ਇਜ਼ਹਾਰ ਕਰਦਿਆਂ ਹੋਇਆਂ ਜਰੂਰੀ ਵਸਤਾਂ ਨਾਲ ਭਰਿਆ ਇੱਕ ਟਰੱਕ ਅਤੇ ਇੱਕ ਲੱਖ ਰੁਪਏ ਨਕਦ ਰਾਸ਼ੀ ਰਾਹਤ ਸੇਵਾ ਕਾਰਜਾਂ ਲਈ ਯੂਨਾਈਟਿਡ ਸਿੱਖਜ਼ ਨੂੰ ਭੇਟ ਕੀਤੀ ਹੈ। ਜੋ ਕਿ ਆਪਣੇ ਆਪ ਵਿੱਚ ਆਪਸੀ ਭਾਈਚਾਰਕ ਸਾਂਝ ਦੀ ਵੱਡੀ ਮਿਸਾਲ ਹੈ। ਇਸ ਮੌਕੇ ਸੰਭਲ ਸ਼ਹਿਰ ਦੇ ਪ੍ਰਮੁੱਖ ਮੁਸਲਿਮ ਆਗੂ ਹਕੀਮ ਮੁਹੰਮਦ ਸੁਭਾਨ ਨੇ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਹੜ੍ਹਾਂ ਨਾਲ ਹੋਈ ਤਬਾਹੀ ਦਾ ਦਰਦ ਉਹ ਬੜੀ ਸ਼ਿੱਦਤ ਨਾਲ ਮਹਿਸੂਸ ਕਰਦੇ ਹਨ,ਖਾਸ ਕਰਕ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਸੰਭਲ
ਵਿੱਚ ਵੱਸਣ ਵਾਲਾ ਮੁਸਲਿਮ ਭਾਇਚਾਰਾ ਇਸ ਸੰਕਟਮਈ ਘੜੀ ਵਿੱਚ ਪੰਜਾਬ ਦੇ ਭਰਾਵਾਂ ਨਾਲ ਪੂਰੀ ਤਰ੍ਹਾਂ ਦੇ ਨਾਲ ਖੜ੍ਹਾ ਹੈ ਅਤੇ ਹਰ ਸੰਭਵ ਮੱਦਦ ਕਰਨ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। ਇਸੇ ਮਨੋਰਥ ਦੀ ਪੂਰਤੀ ਲਈ ਸੰਭਲ ਸ਼ਹਿਰ ਦੇ ਮੁਸਲਿਮ ਭਰਾਵਾਂ ਵੱਲੋਂ ਸ੍ਰ: ਗੁਰਬਚਨ ਸਿੰਘ ਗੰਭੀਰ ਤੇ ਉਨ੍ਹਾਂ ਦੇ ਸਹਿਯੋਗੀ ਸੱਜਣਾਂ ਦੇ ਮਾਰਗ ਦਰਸ਼ਨਾਂ ਦੇ ਸਦਕਾ ਅੱਜ ਰਾਹਤ ਸਮੱਗਰੀ ਦਾ ਟਰੱਕ ਪੰਜਾਬ ਦੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਕੀਤਾ ਹੈ ਅਤੇ ਇਹ ਸਾਰਾ ਸਮਾਨ ਅਸੀ ਯੂਨਾਈਟਿਡ ਸਿੱਖਜ਼ ਦੇ ਪੰਜਾਬ ਡਾਇਰੈਕਟਰ ਸ੍ਰ: ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੀ ਟੀਮ ਮੈਂਬਰਾਂ ਨੂੰ ਸੌਂਪਿਆ ਹੈ ਤਾਂ ਜੋ ਗੁਰਦਾਸਪੁਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਹੜ੍ਹ ਪੀੜਤਾਂ ਨੂੰ ਤਕਸੀਮ ਕੀਤਾ ਜਾ ਸਕੇ। ਇਸ ਦੇ ਨਾਲ ਹੀ ਮੁਸਲਿਮ ਆਗੂਆਂ ਨੇ ਯੂਨਾਈਟਿਡ ਸਿੱਖਜ਼ ਦੇ ਵੱਲੋਂ ਇਨਸਾਨੀਅਤ ਦੇ ਭਲੇ ਲਈ ਕੀਤੇ ਜਾ ਰਹੇ ਵੱਡੇ ਰਾਹਤ ਕਾਰਜਾਂ ਦੀ ਸ਼ਲਾਘਾ ਕੀਤੀ।ਇਸ ਦੌਰਾਨ ਯੂਨਾਈਟਿਡ ਸਿੱਖਜ਼ ਦੇ ਡਾਇਰੈਕਟਰ ਪੰਜਾਬ ਸ੍ਰ: ਅੰਮ੍ਰਿਤਪਾਲ ਸਿੰਘ, ਗੁਰਬਚਨ ਸਿੰਘ ਗੰਭੀਰ, ਬਲਬੀਰ ਸਿੰਘ ਛਤਵਾਲ, ਅਮਰਜੋਤ ਸਿੰਘ ਬਿੰਦਰਾ, ਭੁਪਿੰਦਰ ਸਿੰਘ ਮੱਕੜ, ਜਸਬੀਰ ਸਿੰਘ ਮੱਕੜ ਵੱਲੋਂ ਸਾਂਝੇ ਤੌਰ ਤੇ ਜਨਾਬ ਹਕੀਮ ਮੁਹੰਮਦ ਸੁਭਾਨ,ਮੌਲਾਨਾ ਮੁਹੰਮਦ ਰਿਹਾਨ ਫਲਾਹੀ, ਡਾ: ਇਫਤਖਾਰ, ਮੁਹੰਮਦ ਉਵੈਸ਼, ਅਹਿਮਦ ਨਕਵੀ, ਡਾ: ਸਿਰਤਾਜ ਤੇ ਉਨ੍ਹਾਂ ਦੇ ਸਾਥੀਆਂ ਦਾ ਧੰਨਵਾਦ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਸਿਰੋਪਾਉ ਭੇਟ ਕਰਕੇ ਸਨਮਾਨਿਤ ਵੀ ਕੀਤਾ ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



