ਸਰਕਾਰੀ ਸੇਵਾ ਤੇ ਸਮਾਜਿਕ ਕਲਮਕਾਰ-ਪਰਮਜੀਤ ਕੌਰ

ਪਰਮਜੀਤ ਕੌਰ

(ਸਮਾਜ ਵੀਕਲੀ)

ਕਹਿੰਦੇ ,”ਰੱਬ ਦੇ ਘਰ ਦੇਰ ਹੈ, ਹਨੇਰ ਨਹੀਂ “..ਇਹੋ ਜਿਹੀ ਹੀ ਜਿੰਦਗੀ ਦੀ ਕਹਾਣੀ ਹੈ ਪਰਮਜੀਤ ਕੌਰ ਦੀ । ਇਹਨਾਂ ਦਾ ਜਨਮ 6 ਫਰਵਰੀ 1984 ਨੂੰ ਨਾਨਕੇ ਘਰ ਜਗਰਾਉ ਵਿਖੇ ਹੋਇਆਂ । ਇਹਨਾਂ ਦੇ ਮਾਤਾ ਦਾ ਨਾਮ ਸ਼ਿੰਦਰਪਾਲ ਕੌਰ ਤੇ ਪਿਤਾ ਦਾ ਨਾਮ ਸਵ. ਨਿਰਮਲ ਸਿੰਘ ਹੈ । ਦਸਵੀਂ ਤੱਕ ਦੀ ਪੜ੍ਹਾਈ ਖਾਲਸਾ ਸ.ਸ.ਸਕੂਲ ਜਗਰਾਉ ਤੇ ਬਾਰ੍ਹਵੀਂ ਦੀ ਪ੍ਰੀਖਿਆ ਸ.ਸ.ਸ.ਸਕੂਲ ਕੁਠਾਲਾ (ਸੰਗਰੂਰ) ਤੋ ਕੀਤੀ । ਪਰਿਵਾਰਿਕ ਮਜਬੂਰੀਆ ਕਰਕੇ ਇਹਨਾਂ ਨੂੰ ਪੜਾਈ ਵਿਚਕਾਰ ਹੀ ਛੱਡਣੀ ਪਈ ਤੇ ਇਹਨਾਂ ਦਾ ਵਿਆਹ ਸ.ਕੁਲਦੀਪ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਸ਼ੇਖੂਪੁਰ ਕਲਾਂ ਜਿਲ੍ਹਾ ਮਲੇਰਕੋਟਲਾ ਨਾਲ ਹੋਇਆ । ਪਰ ਪਰਮਜੀਤ ਕੌਰ ਦਾ ਸੁਪਨਾ ਅੱਗੇ ਪੜ੍ਹਨ ਅਤੇ ਆਪਣੇ ਪੈਰਾਂ ਸਿਰ ਖੜ੍ਹੇ ਹੋਣ ਦਾ ਸੀ ।

ਇਸ ਲਈ ਉਸਨੇ ਵਿਆਹ ਤੋਂ ਬਾਅਦ ਪ੍ਰਾਈਵੇਟ ਤੌਰ ਤੇ ਆਪਣੀ ਪੜਾਈ ਜਾਰੀ ਰੱਖੀ ਤੇ 2004 ਵਿੱਚ ਪੰਜਾਬੀ ਯੂਨੀਵਰਸਿਟੀ ਤੋ ਬੀ. ਏ. ਦੀ ਡਿਗਰੀ ਪ੍ਰਾਪਤ ਕੀਤੀ । ਜ਼ੁਮੇਵਾਰੀਆਂ ਦਾ ਬੋਝ ਏਨਾ ਜਿਆਦਾ ਸੀ ਕਿ ਕੋਈ ਵੀ ਰੈਗੂਲਰ ਪੜਾਈ ਕਰਨਾ ਔਖਾ ਸੀ । ਪਰਮਜੀਤ ਕੌਰ ਨੇ ਆਪਣੇ ਸਹੁਰੇ ਪਰਿਵਾਰ ਉੱਪਰ ਕੋਈ ਆਰਥਿਕ ਬੋਝ ਨੀ ਪਾਇਆ ।ਆਪਣੀ ਪੜਾਈ ਦੇ ਖਰਚੇ ਲਈ ਉਸਨੇ ਪ੍ਰਾਈਵੇਟ ਅਧਿਆਪਕਾ ਦੀ ਨੌਕਰੀ ਕੀਤੀ ਤੇ ਬੱਚਿਆਂ ਨੂੰ ਟਿਊਸ਼ਨਾਂ ਪੜਾਈਆਂ । ਮਨ ਵਿੱਚ ਵਲਵਲੇ ਪੈਰਾਂ ਸਿਰ ਖੜਨ ਦੇ ਸੀ ਤੇ ਕੁਝ ਬਣਨ ਦੇ ਇਸ ਲਈ ਫਿਰ ਡਿਸਟੈਂਸ ਸਿੱਖਿਆ ਰਾਹੀਂ ਕੰਪਿਊਟਰ ਸਿੱਖਿਆ ਦੀ ਮਾਸਟਰ ਡਿਗਰੀ ਕਰੀ ਤੇ 2009 ਵਿੱਚ ਪੰਜਾਬੀ ਯੂਨੀਵਰਸਿਟੀ ਤੋ ਐਮ. ਏ. ਪੰਜਾਬੀ ਦੀ ਪ੍ਰੀਖਿਆਂ ਪਾਸ ਕੀਤੀ ।

ਇਸ ਪੜਾਈ ਦੇ ਸਮੇਂ ਵਿੱਚ ਹੀ ਪਰਮਜੀਤ ਕੌਰ ਨੇ ਦੋ ਧੀਆਂ ਨੂੰ ਜਨਮ ਦਿੱਤਾ ਤੇ ਸਾਰੀਆਂ ਪਰਿਵਾਰਿਕ ਜ਼ੁਮੇਵਾਰੀਆਂ ਨੂੰ ਖੂਬ ਨਿਭਾਇਆ ਤੇ ਚੰਗੇ ਨੰਬਰਾਂ ਨਾਲ ਪਾਸ ਵੀ ਹੋਈ । ਫਿਰ ਪਰਮਜੀਤ ਕੌਰ ਨੇ ਸਰਕਾਰੀ ਨੌਕਰੀ ਲਈ ਤਿਆਰੀ ਕਰਨੀ ਸ਼ੁਰੂ ਕੀਤੀ । ਇਸ ਲਈ ਵੱਖ ਵੱਖ ਮੁਕਾਬਲੇ ਦੀਆਂ ਪ੍ਰੀਖਿਆਵਾਂ ਦਿੱਤੀਆਂ ਤੇ 2009 ਵਿੱਚ ਪਰਮਜੀਤ ਕੌਰ ਦੀ ਨਿਯੁਕਤੀ ਸਿੱਖਿਆ ਵਿਭਾਗ ਦੇ ਦਫ਼ਤਰ ਬੀ.ਪੀ.ਈ. ਓ.ਮਾਲੇਰਕੋਟਲਾ 1 ਵਿੱਚ ਬਤੌਰ ਬਲਾਕ ਆਫਿਸ ਅਸਿਸਟੈਂਟ ਹੋਈ ।

ਪਰ ਫਿਰ ਵੀ ਅੱਗੇ ਵਧਣ ਦਾ ਸਫ਼ਰ ਜਾਰੀ ਰੱਖਿਆ ਤੇ ਸਾਲ 2012 ਵਿੱਚ ਪੰਜਾਬ ਮੰਡੀ ਬੋਰਡ ਦੀ ਮੁਕਾਬਲੇ ਦੀ ਪ੍ਰੀਖਿਆਂ ਪਾਸ ਕੀਤੀ ਤੇ ਹੁਣ ਪਰਮਜੀਤ ਕੌਰ ਇਸ ਵਿਭਾਗ ਵਿੱਚ ਮੰਡੀ ਸੁਪਰਵਾਈਜ਼ਰ ਦੇ ਅਹੁਦੇ ਤੇ ਤਾਇਨਾਤ ਨੇ । ਪਰਮਜੀਤ ਕੌਰ ਨੂੰ ਲਿਖਣ ਦਾ ਸ਼ੌਂਕ ਸੁਰੂ ਤੋ ਹੀ ਸੀ । ਆਪਣੇ ਸਕੂਲ ਟਾਈਮ ਤੋ ਉਹ ਸਟੇਜਾਂ ਤੇ ਬੋਲਣ ਲਈ ਆਪ ਰਚਨਾਵਾਂ ਤਿਆਰ ਕਰਦੀ । ਪਰ ਸੰਘਰਸ ਭਰੀ ਜਿੰਦਗੀ ਬੰਦੇ ਦੇ ਸਾਰੇ ਸ਼ੌਂਕ ਰੋਲ ਦਿੰਦੀ ਹੈ । ਹੁਣ ਜਦੋਂ ਪਰਮਾਤਮਾਂ ਨੇ ਜਿੰਦਗੀ ਵਿੱਚ ਥੋੜ੍ਹਾ ਸਕੂਨ ਦਿੱਤਾ ਤਾਂ ਲਿਖਣਾ ਸੁਰੂ ਕੀਤਾ। ਪਹਿਲਾ ਤਾਂ ਪਰਮਜੀਤ ਕੌਰ ਜਦੋਂ ਵੀ ਕੁਝ ਲਿਖਦੀ ਆਪਣੇ ਦੋਸਤਾਂ ਨਾਲ ਸਾਂਝਾ ਕਰਦੀ ਪਰ ਕਦੇ ਮੀਡੀਆ ਵਿੱਚ ਨਹੀਂ ਸੀ ਭੇਜਿਆ । ਪਰਮਜੀਤ ਕੌਰ ਸਾਹਿਤ ਦੇ ਹਰ ਰੰਗ ਨੂੰ ਸਿੱਖਣਾ ਚਾਹੁੰਦੀ ।

ਇਸ ਲਈ ਉਹ ਹਰ ਪਾਸੇ ਕਲਮ ਅਜਮਾਉਂਦੀ ਪਰ ਵਧੇਰੇ ਰੁਝਾਨ ਉਸਦਾ ਮਿੰਨੀ ਕਹਾਣੀਆਂ ਵੱਲ ਹੈ । ਪਰਮਜੀਤ ਕੌਰ ਦਾ ਕਹਿਣਾ ਹੈ ਕਿ ਕਲਮਕਾਰ ਦਾ ਮੁੱਢਲਾ ਫਰਜ਼ ਬਣਦਾ ਹੈ ਕਿ ਉਹਨਾਂ ਦੀ ਕਲਮ ਸਮਾਜ ਸੇਧੀ ਹੋਵੇ । ਇਸ ਲਈ ਪਰਮਜੀਤ ਕੌਰ ਜੋ ਵੀ ਲਿਖਣ ਦੀ ਕੋਸਿਸ ਕਰਦੀ ਉਹਨਾਂ ਦਾ ਵਿਸ਼ਾ ਸਮਾਜਿਕ ਦੁਖਾਂਤ ਹੁੰਦਾ । ਅੱਜ ਕੱਲ ਦੀ ਨਵੀਂ ਪੀੜ੍ਹੀ ਆਪਣੇ ਵਿਰਸੇ ਤੇ ਸਾਹਿਤ ਨੂੰ ਭੁੱਲ ਕੇ ਅਜੋਕੇ ਲੱਚਰ ਕਲਕਾਰਾਂ ਦਾ ਪਿੱਛਾ ਕਰਦੀ ਹੈ ਇਸ ਲਈ ਪਰਮਜੀਤ ਕੌਰ ਲਿਖਦੀ ਹੈ ਕਿ ..

ਤੂੰ ਪਾਵੇਂ ਨਿੱਤ ਬਾਤਾਂ ਪੱਛਮੀ ਸੱਭਿਆਚਾਰ ਦੀਆਂ
ਮੈ ਰਹਾ ਪਾਉਂਦੀ ਚਰਖ਼ੇ ਤੰਦਾ ਪਿਆਰ ਦੀਆਂ
ਪੱਬਾ ਕਲੱਬਾਂ ਬਾਰਾ ਡਿਸਕੋ ਦਾਂ ਤੂੰ ਹਾਣੀ ਆਂ
ਅੱਡੀ ਧਰਤ ਹਲਾਵੇ ਗਿੱਧਿਆ ਦੀ ਮੈ ਰਾਣੀ ਆਂ
ਤੇਰੀ ਸੋਚ ਨਿੱਤ ਨਵੇਂ ਸਲਾਰੂਆਂ ਪਿੱਛੇ ਭੱਜਦੀ ਹੈ
ਪਰ ਮੇਰਾ ਈਮਾਨ ਪਾਸ਼ ਦੀ ਕਵਿਤਾ ਠੱਗਦੀ ਹੈ
ਤੇਰੇ ਲਈ ਸਾਹਿਤ ਦਾ ਰੰਗ ਹੋਇਆ ਬੈਨ ਆਂ
ਮੈ ਜੁਝਾਰਵਾਦੀ ਅਵਤਾਰ ਤੇ ਪਾਸ਼ ਦੀ ਫੈਨ ਆਂ
ਤੈਨੂੰ ਬਦਲਦਾ ਹਰ ਰੰਗ ਦੁਨੀਆ ਦਾ ਭਾਉਂਦਾ ਏ
ਮੈਨੂੰ ਹਰ ਪਲ ਇੱਜਤਾਂ ਦਾ ਡਰ ਸਤਾਉਂਦਾ ਏ
ਤੂੰ ਡਰ ਕੇ ਲੁੱਕਦਾ ਮੈਨੂੰ ਤਾਂਘ ਸਦਾਂ ਇਨਕਲਾਬ ਦੀ
ਪਤਾ ਨੀ ਸਿਰਨਾਵਾਂ ਤੇਰਾ ਪਰ ਮੈ ਧੀਂ ਹਾਂ ਪੰਜਾਬ ਦੀ

ਇਸੇ ਤਰ੍ਹਾਂ ਹੀ ਅੱਜ ਕੱਲ ਚੱਲ ਰਹੀ ਨਸ਼ੇ ਦੀ ਹਨੇਰੀ ਬਾਰੇ ਲਿਖਦੀ ਹੈ –
ਆਖਿਰ ਇਕ ਦਿਨ ਰੱਬ ਜ਼ੁਲਮ ਕਮਾਇਆ
ਸੋ ਗਿਆ ਸਦੀਵੀ ਨੀਂਦਰ ਸੱਸ ਦਾ ਜਾਇਆ
ਚਾਅ ਅਧੂਰੇ ਨਾ ਕੋਈ ਸ਼ੌਕ ਪੁਗਾਇਆ
ਰੰਗਲਾ ਚੂੜਾ ਉਸ ਚੀਕ ਚੀਕ ਕੇ ਲਾਹਿਆ
ਗਰੀਬੀ ਤੇ ਫਰੇਬੀ ਕਹਿਰ ਢਾਹ ਗਿਆ
ਇਕ ਹੋਰ ਧੀਂ ਨੂੰ ਨਸ਼ੇੜੀ ਪੁੱਤ ਖਾ ਗਿਆ
ਬੱਸ ਕਰੋ ਲੋਕੋ ਨਾ ਹੋਰ ਕਹਿਰ ਕਮਾਉਣਾ
ਨਸ਼ੇੜੀ ਨਾਲ ਨਾ ਧੀਂ ਗਰੀਬ ਦੀ ਵਿਆਹੁਣਾ

ਇਸ ਤਰ੍ਹਾਂ ਹੀ ਉਸਦੀਆਂ ਕਹਾਣੀਆਂ ਦੇ ਪਾਤਰ ਸਾਡੇ ਅਜੋਕੇ ਸਮਾਜ ਨੂੰ ਬਿਆਨ ਕਰਦੇ ਹਨ ।ਆਪਣੀ ਕਹਾਣੀ ‘ਵਿਧਵਾ ‘ਵਿੱਚ ਉਸਨੇ ਅਜੋਕੀ ਔਰਤ ਦੀ ਤ੍ਰਾਸਦੀ ਨੂੰ ਖੂਬ ਬਿਆਨ ਕੀਤਾ ਤੇ ਦੱਸਿਆ ਕਿ ਕਿਵੇਂ ਅੱਜ ਦੀ ਔਰਤ ਨੂੰ ਸਾਡਾ ਸਮਾਜ ਆਪਣੇ ਮੁਨਾਫੇ ਲਈ ਵਸਤੂ ਦੀ ਤਰ੍ਹਾਂ ਵਰਤਦਾ ਤੇ ਸਾਡੇ ਸਮਾਜ ਵਿਚ ਗਰੀਬ ਤੇ ਮਜਬੂਰ ਔਰਤ ਦਾ ਕੀ ਸਥਾਨ ਹੈ ।

ਪਰਮਜੀਤ ਕੌਰ ਜਿੰਨੀ ਸਿੱਦਤ ਨਾਲ ਸਮਾਜ ਦੇ ਦਰਦ ਨੂੰ ਬਿਆਨ ਕਰਦੀ ਹੈ ਉਹਨਾਂ ਹੀ ਉਹ ਇਸ ਨੂੰ ਸਮਝਦੀ ਵੀ ਹੈ ਤੇ ਹਰ ਪੱਖੋ ਮੁਕੰਮਲ ਕੋਸਿਸ ਕੀਤੀ ਜਾਂਦੀ ਸਮਾਜ ਸੇਵਾ ਦੇ ਕੰਮਾਂ ਵਿੱਚ ਯੋਗਦਾਨ ਪਾਉਣ ਦੀ । ਇਸ ਲਈ ਪਰਮਜੀਤ ਕੌਰ ਨੇ ਆਪਣੇ ਦੋਸਤਾਂ ਦੀ ਸਹਾਇਤਾ ਨਾਲ ਸਮੇਂ ਸਮੇਂ ਤੇ ਝੁੱਗੀਆਂ ਵਿੱਚ ਬਾਲ ਮਜਦੂਰੀ ਕਰ ਰਹੇ ਬੱਚਿਆਂ ਦੇ ਮਾਂ ਬਾਪ ਨਾਲ ਮਿਲ ਕੇ ਉਹਨਾਂ ਨੂੰ ਸਕੂਲ ਜਾਣ ਲਈ ਪ੍ਰੇਰਿਤ ਕੀਤਾ ਤੇ ਬੱਚਿਆਂ ਦੀ ਭਲਾਈ ਨਾਲ ਜੁੜੀ ਸੰਸਥਾ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ।

ਪਰਮਜੀਤ ਕੌਰ ਦੁਆਰਾ ਸਾਹਿਤ ਜਗਤ ਵਿੱਚ ਕਈ ਕਹਾਣੀਆਂ,ਕਵਿਤਾਵਾਂ ਆਦਿ ਰਚੀਆਂ ਜਾ ਚੁੱਕੀਆਂ ਹਨ । ਪਰਮਜੀਤ ਕੌਰ ਦੁਆਰਾ ਆਨਲਾਈਨ ਚਲਦੇ ਵੱਖ- ਵੱਖ ਸਾਹਿਤ ਮੁਕਾਬਲਿਆਂ ਵਿੱਚ ਹਿੱਸਾ ਲਿਆ ਗਿਆ ਤੇ ਇੱਥੋ ਮਾਣ – ਸਨਮਾਨ ਵੀ ਪ੍ਰਾਪਤ ਕੀਤੇ ਗਏ।ਪਰਮਜੀਤ ਕੌਰ ਦੀ ਕਲਮ ਸਾਹਿਤ ਦਾ ਕੋਈ ਵੀ ਰੂਪ ਹੋਵੇ ਲੋਕ ਸੇਵਾ ਦੀ ਹਾਮੀ ਭਰਦੀ ਹੈ।ਸਰਕਾਰੀ ਨੌਕਰੀ ਪਰਿਵਾਰਕ ਰੁਝੇਵਿਆਂ ਵਿੱਚੋਂ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਦਾ ਮਾਣ ਬੀਬਾ ਜੀ ਦੇ ਹਿੱਸੇ ਆਉਦਾ ਹੈ ਨਵੀਂ ਕਲਮ ਤੇ ਨਵੇਂ ਵਿਚਾਰ ਇਕ ਦਿਨ ਕਲਮਕਾਰਾਂ ਦੀ ਪਹਿਲੀ ਕਤਾਰ ਵਿਚ ਉਨ੍ਹਾਂ ਦਾ ਨਾਮ ਉੱਕਰਿਆ ਜਾਵੇਗਾ।

ਰਮੇਸ਼ਵਰ ਸਿੰਘ

ਸੰਪਰਕ-9914880392

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੋਚ
Next articleProf B.W. Pandey has been appointed Dean of University of Delhi