ਵਿਰੋਧੀ ਧਿਰਾਂ ਦੀ ਆਵਾਜ਼ ਦਬਾ ਰਹੀ ਹੈ ਸਰਕਾਰ: ਰਾਹੁਲ

 

  • ਵਿਰੋਧੀ ਪਾਰਟੀਆਂ ਦੇਸ਼ ਦੇ 60 ਫ਼ੀਸਦ ਵੋਟਰਾਂ ਦੀ ਆਵਾਜ਼ ਕਰਾਰw ਰਾਹੁਲ ਨੇ ਇਕਜੁੱਟ ਹੋ ਕੇ ਆਵਾਜ਼ ਉਠਾਉਣ ਦਾ ਦਿੱਤਾ ਸੱਦਾ
  • ਬਸਪਾ ਤੇ ‘ਆਪ’ ਰਹੀ ਗ਼ੈਰਹਾਜ਼ਰ
  • ਕਾਂਗਰਸ ਨੇ ਮੀਟਿੰਗ ਨੂੰ ਇਤਿਹਾਸਕ ਤੇ 2024 ਦੀਆਂ ਆਮ ਚੋਣਾਂ ਦਾ ਟਰੇਲਰ ਦੱਸਿਆ

ਨਵੀਂ ਦਿੱਲੀ (ਸਮਾਜ ਵੀਕਲੀ): ਵਿਰੋਧੀ ਪਾਰਟੀਆਂ ਨੇ ਅੱਜ ਰਾਹੁਲ ਗਾਂਧੀ ਵੱਲੋਂ ਦਿੱਤੇ ਸੱਦੇ ’ਤੇ ਪਹੁੰਚ ਕੇ ਏਕੇ ਦਾ ਪ੍ਰਗਟਾਵਾ ਕੀਤਾ ਤੇ ਕਾਂਗਰਸ ਨੇ ਇਸ ਮੀਟਿੰਗ ਨੂੰ ਇਤਿਹਾਸਕ ਤੇ 2024 ਦੀਆਂ ਲੋਕ ਸਭਾ ਚੋਣਾਂ ਲਈ ਟਰੇਲਰ ਕਰਾਰ ਦਿੱਤਾ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਸੱਦੇ ’ਤੇ ਅੱਜ ਕਾਂਗਰਸ ਤੇ 15 ਵਿਰੋਧੀ ਪਾਰਟੀਆਂ ਦੇ ਸੌ ਤੋਂ ਵੱਧ ਆਗੂ ਇੱਥੇ ਕਾਂਸਟੀਟਿਊਸ਼ਨ ਕਲੱਬ ’ਚ ਨਾਸ਼ਤੇ ’ਤੇ ਪੁੱਜੇ।

ਰਾਹੁਲ ਗਾਂਧੀ ਨੇ ਇਸ ਮੌਕੇ ਕਿਹਾ ਕਿ ਵਿਰੋਧੀ ਧਿਰਾਂ ਦੇਸ਼ ਦੇ 60 ਵੋਟਰਾਂ ਦੀ ਨੁਮਾਇੰਦਗੀ ਕਰਦੀਆਂ ਹਨ ਪਰ ਸਰਕਾਰ ਉਨ੍ਹਾਂ ਨਾਲ ਇਸ ਤਰ੍ਹਾਂ ਦਾ ਵਿਹਾਰ ਕਰ ਰਹੀ ਹੈ ਜਿਸ ਤਰ੍ਹਾਂ ਉਹ ਕਿਸੇ ਦੇ ਨੁਮਾਇੰਦੇ ਨਾ ਹੋਣ। ਉਨ੍ਹਾਂ ਕਿਹਾ, ‘ਜਦੋਂ ਸਰਕਾਰ ਸੰਸਦ ’ਚ ਸਾਨੂੰ ਚੁੱਪ ਕਰਾਉਂਦੀ ਹੈ ਤਾਂ ਉਹ ਸਿਰਫ਼ ਸੰਸਦ ਮੈਂਬਰਾਂ ਨੂੰ ਹੀ ਨਹੀਂ ਦਬਾਉਂਦੀ ਬਲਕਿ ਦੇਸ਼ ਦੇ ਲੋਕਾਂ ਤੇ ਦੇਸ਼ ਦੇ ਬਹੁਮਤ ਦੀ ਆਵਾਜ਼ ਨੂੰ ਦਬਾਉਂਦੀ ਹੈ।’ ਉਨ੍ਹਾਂ ਕਿਹਾ, ‘ਤੁਹਾਨੂੰ ਸਾਰਿਆਂ ਨੂੰ ਇੱਥੇ ਸੱਦਣ ਦਾ ਮਕਸਦ ਏਕਾ ਮਜ਼ਬੂਤ ਕਰਨ ਦਾ ਹੈ। ਜਿੰਨੀ ਸਾਡੀ ਆਵਾਜ਼ ਇੱਕ ਹੋਵੇਗੀ, ਓਨੇ ਹੀ ਅਸੀਂ ਮਜ਼ਬੂਤ ਹੋਵਾਂਗੇ ਅਤੇ ਭਾਜਪਾ ਤੇ ਆਰਐੱਸਐੱਸ ਲਈ ਆਵਾਜ਼ ਦਬਾਉਣਾ ਓਨਾ ਹੀ ਮੁਸ਼ਕਿਲ ਹੋ ਜਾਵੇਗਾ।’

ਉਨ੍ਹਾਂ ਕਿਹਾ, ‘ਸਾਨੂੰ ਏਕੇ ਦੀ ਬੁਨਿਆਦ ਤੇ ਇਸ ਦਾ ਮਹੱਤਵ ਯਾਦ ਰੱਖਣਾ ਚਾਹੀਦਾ ਹੈ ਤੇ ਹੁਣ ਸਾਨੂੰ ਇਸੇ ਸਿਧਾਂਤ ’ਤੇ ਚੱਲਣਾ ਚਾਹੀਦਾ ਹੈ।’ ਸੂਤਰਾਂ ਨੇ ਦੱਸਿਆ ਕਿ ਮੀਟਿੰਗ ’ਚ ਕਾਂਗਰਸ, ਟੀਐੱਮਸੀ, ਐੱਨਸੀਪੀ, ਸ਼ਿਵ ਸੈਨਾ, ਡੀਐੱਮਕੇ, ਸੀਪੀਆਈ (ਐੱਮ), ਸੀਪੀਆਈ, ਆਰਜੇਡੀ ਤੇ ਸਮਾਜਵਾਦੀ ਪਾਰਟੀ ਸਮੇਤ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਹਿੱਸਾ ਲਿਆ। ਮੀਟਿੰਗ ’ਚ ਜੇਐੱਮਐੱਮ, ਜੇਕੇਐੱਨਸੀ, ਆਈਯੂਐੱਮਐੱਲ, ਆਰਐਸਪੀ, ਕੇਸੀਐੱਮ, ਐੱਲਜੇਡੀ ਦੇ ਆਗੂ ਵੀ ਸ਼ਾਮਲ ਹੋਏ। ਇਸ ਮੀਟਿੰਗ ਲਈ 17 ਵਿਰੋਧੀ ਪਾਰਟੀਆਂ ਨੂੰ ਸੱਦਾ ਦਿੱਤਾ ਗਿਆ ਸੀ ਪਰ ਬਸਪਾ ਤੇ ‘ਆਪ’ ਮੀਟਿੰਗ ’ਚ ਸ਼ਾਮਲ ਨਹੀਂ ਹੋਈ। ਮੀਟਿੰਗ ਦੌਰਾਨ ਵਿਰੋਧੀ ਧਿਰ ਦੇ ਕਈ ਆਗੂਆਂ ਨੇ ਆਪਸੀ ਵਖਰੇਵੇਂ ਦੂਰ ਕਰਕੇ ਇਕਜੁੱਟ ਹੋਣ ‘ਤੇ ਜ਼ੋਰ ਦਿੱਤਾ।

ਰਾਹੁਲ ਨੇ ਕਿਹਾ ਕਿ ਮੋਦੀ ਸਰਕਾਰ ਵਿਰੋਧੀ ਧਿਰਾਂ ਨੂੰ ਚੁੱਪ ਕਰਵਾ ਕੇ ਦੇਸ਼ ਦੇ 60 ਫੀਸਦ ਵੋਟਰਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ, ‘ਅਸੀਂ ਵਿਰੋਧੀ ਧਿਰਾਂ ਇਕੱਠੀਆਂ ਹੋ ਕੇ ਕਿਸੇ ਨੂੰ ਵੀ ਆਪਣੀ ਆਵਾਜ਼ ਨਹੀਂ ਦਬਾਉਣ ਦੇਵਾਂਗੇ। ਮੈਂ ਅੱਜ ਦੀ ਮੀਟਿੰਗ ’ਚ ਹਾਜ਼ਰ ਹੋਣ ਵਾਲੇ ਸਾਰੇ ਆਗੂਆਂ ਦਾ ਸ਼ੁਕਰਗੁਜ਼ਾਰ ਹਾਂ।’ ਮੀਟਿੰਗ ’ਚ ਸੀਨੀਅਰ ਕਾਂਗਰਸ ਆਗੂ ਮਲਿਕਾਰਜੁਨ ਖੜਗੇ, ਅਧੀਰ ਰੰਜਨ ਚੌਧਰੀ, ਕੇਸੀ ਵੇਣੂਗੋਪਾਲ, ਆਨੰਦ ਸ਼ਰਮਾ ਤੇ ਪੀ ਚਿਦੰਬਰਮ ਵੀ ਹਾਜ਼ਰ ਸਨ। ਇਸ ਮੌਕੇ ਖੜਗੇ ਨੇ ਕਿਹਾ ਕਿ ਇਹ ਮੀਟਿੰਗ ਪੈਗਾਸਸ, ਕਿਸਾਨੀ ਮਸਲੇ ਤੇ ਸੰਸਦ ’ਚ ਵਿਰੋਧੀ ਧਿਰ ਦੀ ਰਣਨੀਤੀ ਵਿਚਾਰਨ ਲਈ ਰੱਖੀ ਗਈ ਸੀ।

ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਇਕਜੁੱਟ ਹਨ ਤੇ ਉਹ ਸਰਕਾਰ ਖ਼ਿਲਾਫ਼ ਆਵਾਜ਼ ਉਠਾਉਣੀ ਜਾਰੀ ਰੱਖਣਗੀਆਂ। ਉਨ੍ਹਾਂ ਕਿਹਾ ਕਿ ਨਾ ਸਰਕਾਰ ਉਨ੍ਹਾਂ ਦੀ ਗੱਲ ਮੰਨ ਰਹੀ ਹੈ ਤੇ ਨਾ ਹੀ ਉਨ੍ਹਾਂ ਦੀ ਗੱਲ ਸੁਣ ਰਹੀ ਹੈ। ਇਸ ਲਈ ਉਨ੍ਹਾਂ ਇਕਜੁੱਟ ਹੋਣ ਦਾ ਫ਼ੈਸਲਾ ਕੀਤਾ ਹੈ। ਕਾਂਗਰਸ ਦੇ ਬੁਲਾਰੇ ਅਸ਼ੋਕ ਸਿੰਘਵੀ ਨੇ ਕਿਹਾ ਕਿ ਅੱਜ ਦਾ ਦਿਨ ਇਤਿਹਾਸਕ ਹੈ ਤੇ ਇਹ 2024 ਦੀਆਂ ਲੋਕ ਸਭਾ ਚੋਣ ਦੀ ਸ਼ੁਰੂਆਤੀ ਝਲਕ ਹੈ। ਇਹ ਅਗਲੀਆਂ ਆਮ ਚੋਣਾਂ ਲਈ ਟਰੇਲਰ ਹੈ। ਉੱਧਰ ਭਾਜਪਾ ਨੇ ਅੱਜ ਕਾਂਗਰਸ ਆਗੂ ਰਾਹੁਲ ਗਾਂਧੀ ’ਤੇ ਸਸਤੀ ਮਸ਼ਹੂਰੀ ਖੱਟਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਤੇ ਕਿਹਾ ਕਿ ਵਿਰੋਧੀ ਧਿਰ ਨੇ ਸੰਸਦੀ ਕਾਰਵਾਈ ਨਾ ਚੱਲਣ ਦੇਣ ਤੇ ਸਰਕਾਰ ਨੂੰ ਬਦਨਾਮ ਕਰਨ ਲਈ ਬੇਵਜ੍ਹਾ ਹੰਗਾਮਾ ਕਰਨ ਦਾ ਢੰਗ ਅਪਣਾ ਲਿਆ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਣਜੀਤ ਸਾਗਰ ਡੈਮ ’ਚ ਫ਼ੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ
Next articleਕੌਮੀ ਰਾਜਧਾਨੀ ’ਚ ਲੜਕੀਆਂ ਦੇ ਸੁਰੱਖਿਆ ਦੇ ਮੁੱਦੇ ’ਤੇ ਕਾਂਗਰਸ ਨੇ ਕੇਜਰੀਵਾਲ ਨੂੰ ਘੇਰਿਆ