ਚੰਗੀ ਸੋਚ ਨਾਲ ਦੂਰ ਹੁੰਦੀਆਂ ਨੇ ਔਕੜਾਂ

ਸੰਜੀਵ ਸਿੰਘ ਸੈਣੀ

(ਸਮਾਜ ਵੀਕਲੀ)

ਜ਼ਿੰਦਗੀ ਦੇ ਸਫ਼ਰ ਦੌਰਾਨ ਸਾਡੇ ਰਾਹਾਂ ਵਿੱਚ ਕਈ ਤਰ੍ਹਾਂ ਦੇ ਉਤਾਰ ਚੜ੍ਹਾਅ ਆਉਂਦੇ ਰਹਿੰਦੇ ਹਨ। ਸੰਘਰਸ਼ ਸਾਨੂੰ ਹਮੇਸ਼ਾ ਇਹੀ ਸਿਖਾਉਂਦਾ ਹੈ ਕਿ ਸਾਨੂੰ ਕਦੇ ਵੀ ਮੁਸ਼ਕਲਾਂ ਤੋਂ ਨਹੀ ਘਬਰਾਉਣਾ ਚਾਹੀਦਾ। ਚਾਹੇ ਕੋਈ ਵੀ ਇਨਸਾਨ ਹੋਵੇ ਉਸ ਨੂੰ ਸੰਘਰਸ਼ ਕੀਤੇ ਬਿਨ੍ਹਾਂ ਟੀਚਾ ਹਾਸਿਲ ਨਹੀਂ ਹੋ ਸਕਦਾ। ਕਿਸੇ ਇਨਸਾਨ ਨੂੰ ਬਹੁਤ ਘੱਟ ਸੰਘਰਸ਼ ਕਰਕੇ ਮੰਜ਼ਿਲ ਮਿਲ ਜਾਂਦੀ ਹੈ ਤੇ ਕਿਸੇ ਇਨਸਾਨ ਨੂੰ ਸੰਘਰਸ਼ ਦੀ ਭੱਠੀ ਵਿੱਚ ਤਪਣਾ ਪੈਂਦਾ ਹੈ। ਸਕਰਾਤਮਕ ਨਜ਼ਰੀਏ ਨਾਲ ਹੀ ਟੀਚਾ ਹਾਸਲ ਕੀਤਾ ਜਾ ਸਕਦਾ ਹੈ। ਨਾਂਹ ਪੱਖੀ ਸੋਚ ਰੱਖਣ ਵਾਲੇ ਕਦੇ ਵੀ ਮੰਜ਼ਿਲ ਨੂੰ ਸਰ ਨਹੀਂ ਕਰ ਸਕਦੇ ।ਉਹ ਪਹਿਲਾਂ ਹੀ ਆਪਣੇ ਹੱਥ ਖੜ੍ਹੇ ਕਰ ਜਾਂਦੇ ਹਨ। ਅਜਿਹੇ ਲੋਕ ਬਿਲਕੁਲ ਵੀ ਮਿਹਨਤ ਨਹੀਂ ਕਰਦੇ। ਕਿਉਂਕਿ ਉਹਨਾਂ ਨੂੰ ਇਹ ਹੁੰਦਾ ਹੈ ਕਿ ਉਹ ਇਹ ਮੁਕਾਮ ਹਾਸਿਲ ਨਹੀਂ ਕਰ ਸਕਦੇ।ਅੱਜ ਤੱਕ ਇਸ ਦੁਨੀਆਂ ਵਿੱਚ ਅਜਿਹਾ ਹੀ ਕੋਈ ਵਿਰਲਾ ਸ਼ਖਸ਼ ਹੋਣਾ , ਜਿਸ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਿਆ ਹੋਵੇ।ਹਾਰ ਤੋਂ ਸਿੱਖ ਕੇ ਹੀ ਬੰਦਾ ਸਫ਼ਲਤਾ ਦੀ ਪੌੜੀ ਚੜ੍ਹਦਾ ਹੈ।

ਕੋਈ ਵੀ ਮੰਜ਼ਿਲ ਨੂੰ ਸਰ ਕਰਨ ਲਈ ਜੋਸ਼, ਜਜ਼ਬਾ, ਜਨੂੰਨ ਹੋਣਾ ਚਾਹੀਦਾ ਹੈ।ਹਰ ਇੱਕ ਦਿਨ ਨਵੀਂ ਉਮੀਦ ਲੈ ਕੇ ਆਉਂਦਾ ਹੈ। ਹਰ ਇੱਕ ਦਿਨ ਨੂੰ ਵਧੀਆ ਜੀਓ । ਹਮੇਸ਼ਾ ਚੰਗੇ ਬੋਲ ਬੋਲੋ। ਜੋ ਦੂਜਿਆਂ ਦੇ ਦਿਲ ਨੂੰ ਠੰਢ ਪਹੁੰਚਾਉਣ। ਚੰਗੇ ਬੋਲਾਂ ਤੋਂ ਹੀ ਇਨਸਾਨ ਦੀ ਸਖਸ਼ੀਅਤ ਝਲਕਦੀ ਹੈ ।ਜ਼ਿੰਦਗੀ ਵਿੱਚ ਬਹੁਤ ਵਾਰ ਅਸਫਲਤਾਵਾਂ ਮਿਲਦੀਆਂ ਹਨ । ਜੋ ਅੱਜ ਦੀ ਨੌਜਵਾਨ ਪੀੜ੍ਹੀ ਹੈ ਜੇ ਉਹਨਾਂ ਨੂੰ ਇੱਕ ਜਾਂ ਦੋ ਵਾਰ ਸਫ਼ਲਤਾ ਨਹੀਂ ਮਿਲਦੀ, ਤਾਂ ਉਹ ਕਿਸਮਤ ਨੂੰ ਕੋਸਣਾ ਸ਼ੁਰੂ ਕਰ ਦਿੰਦੇ ਹਨ। ਸੋਚੋ ਕਿ ਸਫ਼ਲਤਾ ਸਾਨੂੰ ਕਿਉਂ ਨਹੀਂ ਮਿਲੀ। ਸਾਡੀ ਕਿਹੜੀ ਅਜਿਹੀ ਗਲਤੀ ਸੀ ਜਿਹੜੀ ਸਾਨੂੰ ਆਪਣੇ ਟੀਚੇ ਤੇ ਨਹੀਂ ਪਹੁੰਚਾ ਸਕੀ ।ਫਿਰ ਸੰਘਰਸ਼ ਕਰੋ। ਫ਼ਿਰ ਸਫ਼ਲਤਾ ਤੁਹਾਡੇ ਇੱਕ ਦਿਨ ਪੈਰ ਜ਼ਰੂਰ ਚੁੰਮੇਗੀ। ਮਿਹਨਤ ਕਰਦੇ ਰਹੋ, ਫ਼ਲ ਦੀ ਇੱਛਾ ਨਾ ਕਰੋ।ਜੇ ਹਰ ਇੱਕ ਕੰਮ ਵਿੱਚ ਅਸਫ਼ਲਤਾ ਮਿਲ ਰਹੀ ਹੈ ਤਾਂ ਕਦੇ ਵੀ ਨਾ ਘਬਰਾਓ । ਅਗਲੀ ਵਾਰ ਫ਼ਿਰ ਕੋਸ਼ਿਸ਼ ਜਾਰੀ ਰੱਖੋ।

ਅਸਫ਼ਲਤਾ ਮਨੁੱਖ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਦੀ ਹੈ। ਜ਼ਿੰਦਗੀ ਵਿੱਚ ਚਾਹੇ ਕੋਈ ਵੀ ਸਪਨਾ ਹੋਵੇ ਸਿਵਲ ਅਧਿਕਾਰੀ ਬਣਨਾ, ਪਾਇਲਟ ਜਾਂ ਆਰਮੀ ਚ ਜਾਣਾ, ਪਹਿਲੀ ਵਾਰ ਬਹੁਤ ਘੱਟ ਮੌਕੇ ਹੁੰਦੇ ਹਨ ਕਿ ਚੋਣ ਹੋ ਜਾਵੇ। ਜੇ ਚੋਣ ਨਹੀਂ ਹੁੰਦੀ ਤਾਂ ਘਬਰਾਓ ਨਹੀਂ। ਗਲਤੀਆਂ ਨੂੰ ਸੁਧਾਰੋ ,ਦੁਬਾਰਾ ਤਿਆਰੀ ਕਰੋ। ਜ਼ਿੰਦਗੀ ਇੱਥੇ ਹੀ ਖਤਮ ਨਹੀਂ ਹੁੰਦੀ। ਦਰੱਖਤਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਪੱਤਝੜ ਵਿੱਚ ਉਨ੍ਹਾਂ ਦੇ ਪੱਤੇ ਝੜ ਜਾਂਦੇ ਹਨ ।ਅਤੇ ਰੁੱਖ ਨਵੇਂ ਪੱਤੇ ਆਉਣ ਦੀ ਆਸ ਰੱਖਦੇ ਹਨ ।ਤਾਂ ਕਿ ਉਹ ਰਾਹਗੀਰਾਂ ਨੂੰ ਛਾਂ ਦੇ ਸਕਣ । ਕਿੰਨੀਆਂ ਹੀ ਮਿਸਾਲਾਂ ਸਾਨੂੰ ਮਿਲ ਜਾਂਦੀਆਂ ਹਨ। ਜਿਵੇਂ ਇਬ੍ਰਾਹਿਮ ਲਿੰਕਨ ,ਐਡੀਸ਼ਨ ਜਿਨ੍ਹਾਂ ਨੇ ਗ਼ਰੀਬੀ ਦਾ ਸਾਹਮਣਾ ਕਰਕੇ ਸਫਲਤਾ ਪ੍ਰਾਪਤ ਕੀਤੀ ਤੇ ਆਪਣਾ ਨਾਮ ਰੌਸ਼ਨ ਕੀਤਾ। ਪਿਛਲੇ ਵਰ੍ਹੇ ਬਾਰਾਂ ਸਾਲ ਦੀ ਕਾਮਿਆਂ ਜਿਸ ਨੇ ਦੱਖਣੀ ਅਮਰੀਕਾ ਦੀ ਚੋਟੀ ਸਰ ਕੀਤੀ ,ਦੁਨੀਆਂ ਵਿੱਚ ਉਸ ਨੇ ਆਪਣਾ ਨਾਮ ਕਮਾਇਆ।

ਕੇਰਲਾ ਦੀ ਇੱਕ ਸੌ ਪੰਜ ਸਾਲਾਂ ਦੀ ਭਾਗੀਰਥੀ ਅੰਮਾਂ ਨੇ ਦਰਜਾ ਚਾਰ ਦਾ ਪੇਪਰ ਪਾਸ ਕਰਕੇ ਨੌਕਰੀ ਹਾਸਲ ਕੀਤੀ ਸੀ।ਭਾਗੀਰਥੀ ਅੰਮਾ ਦਾ ਜੀਵਨ ਬਹੁਤ ਹੀ ਗਰੀਬੀ ਵਿੱਚ ਬੀਤਿਆ ਸੀ। ਪਿਛਲੇ ਸਾਲ ਉਸ ਦੀ ਮੌਤ ਹੋ ਚੁੱਕੀ ਹੈ।ਉਸ ਨੇ ਮੁਸੀਬਤਾਂ ਦਾ ਡੱਟ ਕੇ ਸਾਹਮਣਾ ਕੀਤਾ, ਅਜਿਹੀਆਂ ਉਦਾਹਰਨਾਂ ਹੀ ਸਾਨੂੰ ਮੰਜ਼ਿਲ ਵੱਲ ਵਧਣ ਲਈ ਪ੍ਰੇਰਿਤ ਕਰਦੀਆਂ ਹਨ। ਹਾਲ ਹੀ ਵਿੱਚ ਕੇਰਲ ਵਿੱਚ ਪੈਦਾ ਹੋਏ ਸੁਰੇਂਦਰਨ ਕੇ ਪਟੇਲ ਜਿਸ ਨੇ ਗਰੀਬੀ ਕਰਕੇ ਸਕੂਲ ਛੱਡਿਆ ਸੀ। ਬੀੜੀਆਂ ਬਣਾਈਆਂ ਸਨ, ਅੱਜ ਅਮਰੀਕਾ ਵਿੱਚ ਜੱਜ ਬਣਿਆਂ। ਸਹੁੰ ਚੁੱਕ ਸਮਾਗਮ ਤੋਂ ਬਾਅਦ ਉਸ ਨੇ ਉੱਥੇ ਆਪਣੀ ਗਰੀਬੀ ਅਤੇ ਸੰਘਰਸ਼ ਦੀ ਗਾਥਾ ਸੁਣਾਈ। ਸਲਾਮ ਅਜਿਹੇ ਜਜ਼ਬੇ ਨੂੰ। ਹਾਲਾਤਾਂ ਦਾ ਸਾਹਮਣਾ ਕਰਦੇ ਕਰਦੇ ਉਸ ਨੇ ਆਪਣੀ ਪੜ੍ਹਾਈ ਜਾਰੀ ਰੱਖੀ। ਹਾਊਸਕੀਪਰ ਵਜੋਂ ਵੀ ਇਸ ਸ਼ਖਸ਼ੀਅਤ ਨੇ ਕੰਮ ਕੀਤਾ। ਲੋਕਾਂ ਦੀ ਕਦੇ ਵੀ ਪ੍ਰਵਾਹ ਨਾ ਕਰੋ। ਲੋਕਾਂ ਨੂੰ ਆਪਣਾ ਕੰਮ ਕਰਨ ਦੋਵੇਂ ।

ਤੁਸੀਂ ਆਪਣੀ ਮਿਹਨਤ ਕਰਦੇ ਰਹੋ। ਚੰਗੀਆਂ ਕਿਤਾਬਾਂ ਦਾ ਸੰਗ ਕਰੋ। ਸਫ਼ਲ ਹੋਏ ਵਿਅਕਤੀਆਂ ਦੀ ਜੀਵਨੀ ਪੜ੍ਹੋ ।ਉਨ੍ਹਾਂ ਨੇ ਸਫਲਤਾ ਕਿਵੇਂ ਹਾਸਲ ਕੀਤੀ ।ਦੁੱਖ ਸੁੱਖ ਤਾਂ ਆਉਂਦੇ ਰਹਿੰਦੇ ਹਨ ।ਆਪਣੀ ਜ਼ਿੰਦਗੀ ਵਿੱਚ ਸੰਘਰਸ਼ ਕਰਦੇ ਰਹੋ। ਨਿਰਾਸ਼ ਲੋਕਾਂ ਦੀ ਸੰਗਤ ਨਾ ਕਰੋ ।ਮੁਕਾਬਲੇ ਦੀ ਪ੍ਰੀਖਿਆਵਾਂ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ।ਹਮੇਸ਼ਾ ਪ੍ਰਮਾਤਮਾ ਦਾ ਸ਼ੁਕਰ ਕਰੋ। ਜਿੱਥੇ ਹੋ ਸਕੇ ਜਾਂ ਮੌਕਾ ਮਿਲੇ ਆਪਣੇ ਗੁਣਾਂ ਨੂੰ ਦੂਜਿਆਂ ਸਾਹਮਣੇ ਰੱਖੋ ।ਆਪਣੀ ਕਾਬਲੀਅਤ ਨੂੰ ਪੇਸ਼ ਕਰੋ। ਜੋ ਲੋਕ ਸਮੁੰਦਰ ਵਿੱਚੋਂ ਹੀਰੇ ਮੋਤੀ ਚੁਣਦੇ ਹਨ, ਉਹ ਸਫ਼ਲਤਾ ਨੂੰ ਇੱਕ ਦਿਨ ਪ੍ਰਾਪਤ ਕਰਦੇ ਹਨ। ਜਦੋਂ ਤੁਸੀਂ ਟੀਚੇ ਤੇ ਪੁੱਜ ਜਾਂਦੇ ਹੋ ਉਹੀ ਜ਼ਿੰਦਗੀ ਦਾ ਮਹੱਤਵਪੂਰਨ ਸਮਾਂ ਜ਼ਿੰਦਗੀ ਦਾ ਉਦੇਸ਼ ਹੁੰਦਾ ਹੈ ।ਕਦੇ ਵੀ ਝੂਠ ਦਾ ਸਹਾਰਾ ਨਾ ਲਵੋ ।

ਜੇ ਝੂਠ ਬੋਲਦੇ ਰਹਾਂਗੇ ਤਾਂ ਸਾਡਾ ਟੀਚਾ ਪੂਰਨ ਨਹੀਂ ਹੋਵੇਗਾ ।ਆਪਣੇ ਮਨਚਾਹੇ ਟੀਚੇ ਤੱਕ ਮਿਹਨਤ ਨਾਲ ਪੁੱਜਣਾ ਹੀ ਤਰੱਕੀ ਹੈ ।ਕਾਰਾਂ ਕੋਠੀਆਂ ਬੰਗਲੇ ਇਹ ਕੋਈ ਤਰੱਕੀ ਨਹੀਂ ਹੈ। ਜੇ ਤੁਸੀਂ ਜ਼ਿੰਦਗੀ ਵਿੱਚ ਆਪਣਾ ਉਦੇਸ਼ ਹਾਸਿਲ ਕਰ ਲਿਆ, ਉਹੀ ਤਰੱਕੀ ਹੈ । ਜਦੋਂ ਵੀ ਮਾੜਾ ਸਮਾਂ ਆਉਂਦਾ ਡੋਲੋ ਨਾ ।ਕਈ ਵਾਰ ਕਹਿੰਦੇ ਹਨ ਕਿ ਸਮਾਂ ਸਾਡੀ ਗਵਾਹੀ ਦਿੰਦਾ ਹੈ। ਲੋਕਾਂ ਦਾ ਕੰਮ ਟਿੱਚਰਾਂ ਕਰਨਾ ਹੈ । ਆਪਣੇ ਮਨ ਦੀ ਸ਼ਕਤੀ ( ਵਿੱਲ ਪਾਵਰ)ਨੂੰ ਮਜ਼ਬੂਤ ਕਰੋ। ਉਹਨਾਂ ਦਾ ਜੋ ਕੰਮ ਉਹਨਾਂ ਨੂੰ ਕਰਨ ਦਿਓ।ਤੁਸੀਂ ਆਪਣਾ ਕੰਮ ਕਰਦੇ ਰਹੋ ।ਤਾਂ ਹੀ ਤੁਸੀਂ ਵਧੀਆ ਟੀਚਾ ਹਾਸਿਲ ਕਰ ਸਕੋਗੇ ।ਇਹੀ ਜ਼ਿੰਦਗੀ ਦਾ ਨਿਚੋੜ ਹੈ, ਤਾਂ ਹੀ ਜ਼ਿੰਦਗੀ ਖ਼ੂਬਸੂਰਤ ਬਣ ਸਕਦੀ ਹੈ ।

ਸੰਜੀਵ ਸਿੰਘ ਸੈਣੀ

ਮੋਹਾਲੀ 7888966168

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੂਜਾ ਰਾਜਿੰਦਰ ਪਰਦੇਸੀ ਯਾਦਗਾਰੀ ਸਨਮਾਨ ਦਿੱਤਾ ਗਿਆ ਨੱਕਾਸ਼ ਚਿੱਤੇਵਾਣੀ ਨੂੰ.
Next articleਪੰਜਾਬੀ ਮਾਂ ਬੋਲੀ ਦੀ ਸੱਭਿਆਚਾਰਕ ਖੇਡ ਕੱਬਡੀ ਦਾ ਬਹੁਤ ਹੀ ਹਰਮਨ ਪਿਆਰਾ ਖਿਡਾਰੀ ਮੱਖਣ ਸਿੰਘ ਮੱਖੀ