ਸ਼ੁਭ ਸਵੇਰ ਦੋਸਤੋ,

(ਸਮਾਜ ਵੀਕਲੀ)-  ਸੋਚਵਾਨ ਸੱਜਣਾਂ ਦੀਆਂ ਮਹਿਫ਼ਲਾਂ ਵਿੱਚ ਇਸ ਤਰ੍ਹਾਂ ਦੇ ਚਰਚੇ ਚਲਦੇ ਹਨ, ਮਾਨੋਂ ਕਿਸੇ ਰੀਡੀਓ ਸਟੇਸ਼ਨ ਤੋਂ ਚਲੰਤ ਮਾਮਲਿਆਂ ਵਾਰੇ ਤਫ਼ਸੀਲ ਚੱਲ ਰਹੀ ਹੋਵੇ। ਇਨ੍ਹਾਂ ਵਿਚ ਵਧੀਆ ਸਰੋਤਾ ਬਣਕੇ ਵੀ ਬੰਦਾ ਬਹੁਤ ਕੁਝ ਹਾਸਿਲ ਕਰ ਜਾਂਦਾ ਹੈ।

*ਮਹਿਫ਼ਲ ਹੈ ਕਹੀ ਜਾਂਦੀ  ‘ਜਿੱਥੇ ਸੱਜਣ ਜੁੜ ਚਾਰ ਮਿਲਦੇ ਨੇ’,*
*ਮਹਿਫ਼ਲ-ਏ-ਖ਼ਾਸ ਬਣ ਜਾਂਦੀ ਜਿੱਥੇ ਸਾਡੇ ਵਿਚਾਰ ਮਿਲਦੇ ਨੇ।*
ਗਿਣਤੀ ਦੇ ਸੱਚੇ ਦਿਲਦਾਰ ਸੱਜਣ ਹੀ ਹੁੰਦੇ ਨੇ, ਜੋ ਕਿਸੇ ਦੀ ਮਾਰੂਥਲ ਵਰਗੀ ਖੁਸ਼ਕ ਜ਼ਿੰਦਗੀ ਨੂੰ ਆਬਾਦ ਕਰ ਕੇ ਵਿਚ ਖੁਸ਼ੀਆਂ-ਹਾਸਿਆਂ ਦੇ ਫੁਲ ਖਿੜਾਉਂਦੇ ਹਨ। ਇੱਕ ਸੱਚਾ ਮਿੱਤਰ ਇੰਨਾ ਹੁਨਰਮੰਦ ਚੋਰ ਹੁੰਦਾ ਹੈ, ਜੋ ਅੱਖਾਂ ‘ਚੋਂ ਹੰਝੂ, ਚਿਹਰੇ ਤੋਂ ਪ੍ਰੇਸ਼ਾਨੀ, ਦਿਲ ‘ਚੋਂ ਉਦਾਸੀ, ਜ਼ਿੰਦਗੀ ਵਿਚੋਂ ਦਰਦ ਅਤੇ ਜੇਕਰ ਵੱਸ ਚੱਲੇ ਤਾਂ ਤਕਦੀਰ ‘ਚੋਂ ਮੌਤ ਤੱਕ ਚੁਰਾ ਲੈਂਦਾ ਹੈ।
ਕੋਮਲ ਹਿਰਦਿਆਂ ਸੰਗ ਮਿਲਣ ਬਹੁਤ ਖੂਬਸੂਰਤ ਤੇ ਖ਼ਾਸ ਰਿਹਾ, ਮੁਲਾਕਾਤ ਦਾ ਸਮਾਂ ਭਾਵੇਂ ਸੀਮਤ ਸੀ, ਪਰ ਹੈ ਬਹੁਤ ਨਿੱਘਾ, ਪਿਆਰਾ, ਗੂੜ੍ਹ ਤੇ ਜਜ਼ਬਾਤੀ ਸੀ! ਇੱਥੋਂ ਸਿੱਖਿਆ ਕਿ ਸਾਡੀ ਸੋਚ ਦੀ ਅਗਵਾਈ ਕਰਨਾ ਕਾਫ਼ੀ ਹੱਦ ਤੱਕ ਸਾਡੇ ਆਪਣੇ ਆਪ ਤੇ ਨਿਰਭਰ ਕਰਦਾ ਹੈ। ਉਸਾਰੂ ਤੇ ਸਾਰਥਿਕ ਸੋਚ ਸਿਰਫ਼ ਜੀਵਨ ਦਾ ਸਮਾਂ ਹੀ ਨਹੀਂ ਵਧਾਉਂਦੀ, ਬਲਕਿ ਸਾਨੂੰ ਤੰਦਰੁਸਤ ਰੱਖਣ ਦੇ ਨਾਲ-ਨਾਲ ਕੁਝ ਨਵਾਂ ਕਰਨ ਲਈ ਵੀ ਉਤਸ਼ਾਹਿਤ ਕਰਦੀ ਹੈ ਕਿ…
*ਸਾਡੀ ਪਾਣੀ ਵਰਗੀ ਜ਼ਿੰਦਗੀ ‘ਤੇ ਪਾਣੀ ਜਿਹਾ ਸੁਭਾਅ,*
*ਡਿੱਗੀਏ ਤਾਂ ਝਰਨਾ ਬਣਦੈ, ਤੁਰ ਪਏ ਤਾਂ ਫ਼ਿਰ ਦਰਿਆ!*
ਅਜਿਹੇ ਸਤਿਕਾਰਤ ਸੱਜਣਾਂ ਦੀ ਸੰਗਤ ‘ਚ ਬੈਠ ਕੇ ਸਮਾਜ ਦੇ ਭਲੇ ਦੀਆਂ ਗੱਲਾਂ, ਬੱਚਿਆਂ ਦੇ ਭਵਿੱਖ ਦਾ ਫ਼ਿਕਰ, ਮਾਂ-ਬੋਲੀ ਦੀ ਚਿੰਤਾਂ, ਸਰਕਾਰਾਂ ਦੀ ਨੈਤਿਕਤਾ ਬਾਰੇ ਕਲਪਣਾ ਨਾ ਹੋਵੇ, ਇਹ ਹੋ ਹੀ ਨਹੀਂ ਸਕਦਾ! ਪੰਜਾਬ ਪ੍ਰਤੀ ਚਿੰਤਾਵਾਂ ਨੂੰ ਲੈ ਕੇ ਮੈਂ ਵੇਖੇ ਨੇ… ਇਨ੍ਹਾਂ ਸੱਜਣਾਂ ਦੇ ਮੱਥੇ ਦੀਆਂ ਤਿਉੜੀਆਂ ‘ਤੇ ਉੱਭਰੇ ਹੋਏ ਭੈਅ!
ਪਰ ਫਿਰ ਵੀ ਆਸ਼ਾਵਾਦੀ ਤੇ ਸਮੇਂ ਦੇ ਘੋੜੇ ਦੇ ਸ਼ਾਹ ਅਸਵਾਰਾਂ ਦਾ ਕਹਿਣਾ ਇਹੀ ਸੀ ਕਿ.. *ਬੰਦੇ ਕਦੇ ਨਵੇਂ ਪੁਰਾਣੇ ਜ਼ਮਾਨੇ ਦੇ ਨੀ ਹੁੰਦੇ, ਇਹ ਸੋਚ ਹੁੰਦੀ ਹੈ, ਜਿੱਥੇ ਰੋਕੋਗੇਂ ਉੱਥੇ ਹੀ ਰੁਕ ਜਾਵੇਗੀ।*
ਮੈਂ ਤਾਂ ਬਸ ਜ਼ਿੰਦਗੀ ਵਰਗੇ ਇਨ੍ਹਾਂ ਸੱਜਣਾਂ ਨੂੰ ਸੁਣਦਾ ਨਾ ਥੱਕਿਆ! ਥੱਕਾ ਵੀ ਕਿਉਂ… ‘ਇਹ ਸੱਜਣ ਚੂਰੀ ਹਨ, ਪੰਜੀਰੀ ਹਨ, ਅਮੀਰੀ ਹਨ, ਫ਼ਕੀਰੀ ਹਨ’ ਬਲਿਹਾਰੈ ਜਾਵਾਂ!

ਹਰਫੂਲ ਸਿੰਘ ਭੁੱਲਰ
ਮੰਡੀ ਕਲਾਂ 9876870157 

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous article ਫੇਸਬੁੱਕ ਦਾ ਫੰਡਾ
Next articleचलो अयोध्या . . . अयोध्या चलो